Latest News
ਏਦਾਂ ਦੇ ਚਰਚੇ ਤਾਂ ਚੱਲਣਗੇ ਹੀ

Published on 20 Jun, 2018 10:55 AM.


ਇਹ ਗੱਲ ਦੋ ਦਿਨ ਪਹਿਲਾਂ ਹੀ ਚਰਚਾ ਵਿੱਚ ਆ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਅਗਲੇ ਦਿਨਾਂ ਵਿੱਚ ਕਿਸੇ ਵੇਲੇ ਵੀ ਜੰਮੂ-ਕਸ਼ਮੀਰ ਦੀ ਸਰਕਾਰ ਵਿੱਚੋਂ ਨਿਕਲ ਕੇ ਇਸ ਦੇ ਭੋਗ ਪੈਣ ਦਾ ਪ੍ਰਬੰਧ ਕਰ ਸਕਦੀ ਹੈ। ਮੰਗਲਵਾਰ ਸਵੇਰੇ ਜਦੋਂ ਜੰਮੂ-ਕਸ਼ਮੀਰ ਦੀ ਸਰਕਾਰ ਵਿਚਲੇ ਭਾਜਪਾ ਮੰਤਰੀਆਂ ਅਤੇ ਹੋਰ ਆਗੂਆਂ ਨੂੰ ਮੀਟਿੰਗ ਕਰਨ ਲਈ ਦਿੱਲੀ ਸੱਦਿਆ ਗਿਆ ਤਾਂ ਓਦੋਂ ਹੀ ਮੀਡੀਏ ਵਾਲਿਆਂ ਦੇ ਕੰਨ ਅਤੇ ਅੱਖਾਂ ਉਸ ਪਾਸੇ ਲੱਗ ਗਏ ਸਨ ਕਿ ਕਿਸੇ ਵੀ ਵਕਤ ਓਥੋਂ ਖਬਰ ਆ ਸਕਦੀ ਹੈ ਕਿ ਭਾਜਪਾ ਨੇ ਪੀ ਡੀ ਪੀ ਨਾਲੋਂ ਗੱਠਜੋੜ ਤੋੜ ਲਿਆ ਹੈ। ਗੱਠਜੋੜ ਤੋੜਨ ਦਾ ਇਹ ਮਤਲਬ ਵੀ ਸੀ ਕਿ ਉਸ ਸਰਕਾਰ ਦੀ ਬਾਹਰੋਂ ਵੀ ਹਮਾਇਤ ਨਹੀਂ ਕੀਤੀ ਜਾਣੀ ਅਤੇ ਉਸ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਅਸਤੀਫਾ ਦੇਣ ਲਈ ਗਵਰਨਰ ਦੀ ਕੋਠੀ ਵਾਲੇ ਰਾਹ ਉੱਤੇ ਤੁਰਨ ਲਈ ਮਜਬੂਰ ਕਰ ਦੇਣਾ ਹੈ। ਦਿੱਲੀ ਵਾਲੀ ਮੀਟਿੰਗ ਦੇ ਬਾਅਦ ਭਾਜਪਾ ਦੇ ਕੇਂਦਰੀ ਜਨਰਲ ਸਕੱਤਰ ਰਾਮ ਮਾਧਵ ਨੇ ਇਸ ਬਾਰੇ ਪਾਰਟੀ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਅਤੇ ਇਸ ਨਾਲ ਉਸ ਸਰਕਾਰ ਦਾ ਭੋਗ ਪੈ ਗਿਆ, ਜਿਹੜੀ ਜੰਮੂ-ਕਸ਼ਮੀਰ ਦਾ ਭਾਜਪਾ ਇੰਚਾਰਜ ਹੁੰਦਿਆਂ ਰਾਮ ਮਾਧਵ ਖੁਦ ਹੀ ਓਥੇ ਬਣਵਾ ਕੇ ਆਇਆ ਸੀ। ਥੋੜ੍ਹੇ ਚਿਰ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਸਤੀਫਾ ਸੌਂਪ ਦਿੱਤਾ।
ਇਸ ਰਾਜ ਦਾ ਗਵਰਨਰ ਐੱਨ ਐੱਨ ਵੋਹਰਾ ਇਹੋ ਜਿਹੇ ਮੌਕਿਆਂ ਨੂੰ ਸੰਭਾਲਣ ਅਤੇ ਰਾਸ਼ਟਰਪਤੀ ਰਾਜ ਚਲਾਉਣ ਦਾ ਪਹਿਲਾਂ ਵੀ ਕਈ ਵਾਰੀਆਂ ਦਾ ਤਜਰਬਾ ਰੱਖਦਾ ਹੈ। ਚੁਣੀ ਹੋਈ ਸਰਕਾਰ ਟੁੱਟਣ ਦਾ ਮਤਲਬ ਇਹ ਹੈ ਕਿ ਦਿੱਲੀ ਤੋਂ ਭਾਜਪਾ ਆਗੂ ਆਪਣੀ ਪਸੰਦ ਦੇ ਲਾਏ ਹੋਏ ਗਵਰਨਰ ਦੇ ਰਾਹੀਂ ਉਸ ਨਾਜ਼ਕ ਰਾਜ ਵਿੱਚ ਆਪਣੀ ਮਰਜ਼ੀ ਦੇ ਮੁਤਾਬਕ ਪ੍ਰਸ਼ਾਸਨ ਚਲਾਉਣਗੇ। ਪਹਿਲਾਂ ਵੀ ਜਨਰਲ ਪ੍ਰਸ਼ਾਸਨ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਦਖਲ ਭਾਵੇਂ ਸੀ, ਅਮਨ-ਕਾਨੂੰਨ ਦੀ ਮਸ਼ੀਨਰੀ ਸਾਰੀ ਓਦੋਂ ਵੀ ਕੇਂਦਰ ਸਰਕਾਰ ਦੇ ਕੰਟਰੋਲ ਮੁਤਾਬਕ ਚੱਲਦੀ ਸੀ ਤੇ ਜਿਹੜੀ ਮਸ਼ੀਨਰੀ ਉਸ ਵੇਲੇ ਕੋਈ ਬਹੁਤੇ ਸਿੱਟੇ ਨਹੀਂ ਸੀ ਕੱਢ ਸਕੀ, ਸਰਕਾਰ ਟੁੱਟਣ ਤੋਂ ਬਾਅਦ ਵੀ ਸ਼ਾਇਦ ਨਹੀਂ ਕੱਢ ਸਕੇਗੀ। ਗਵਰਨਰ ਪਹਿਲਾਂ ਕੁਝ ਮੌਕਿਆਂ ਉੱਤੇ ਆਪਣੇ ਹੱਥ ਆਈ ਕਮਾਨ ਤੋਂ ਕੁਝ ਖਾਸ ਕੰਮ ਨਹੀਂ ਸੀ ਕਰ ਸਕਿਆ ਤਾਂ ਇਸ ਵਾਰੀ ਵੀ ਉਸ ਨੇ ਨਹੀਂ, ਭਾਜਪਾ ਵਾਲਿਆਂ ਨੇ ਸਰਕਾਰ ਚਲਾਉਣੀ ਹੈ, ਜਿਨ੍ਹਾਂ ਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਆਪਣਾ ਕੰਮ ਕਰਨਾ ਹੈ।
ਜਿੱਥੋਂ ਤੱਕ ਇਸ ਰਾਜ ਦੀ ਸਰਕਾਰ ਦੇ ਟੁੱਟਣ ਦੀ ਖੁਸ਼ੀ-ਗਮੀ ਦਾ ਸੰਬੰਧ ਹੈ, ਭਾਜਪਾ ਆਗੂਆਂ ਤੋਂ ਸਿਵਾ ਦੂਸਰਾ ਕੋਈ ਦਿੱਸਦਾ ਨਹੀਂ, ਜਿਸ ਨੂੰ ਇਸ ਤੋਂ ਖੁਸ਼ੀ ਹੋਈ ਹੋ ਸਕਦੀ ਹੈ ਅਤੇ ਗਮੀ ਵੀ ਮਹਿਬੂਬਾ ਮੁਫਤੀ ਅਤੇ ਉਸ ਦੀ ਪਾਰਟੀ ਦੇ ਆਗੂਆਂ ਤੋਂ ਸਿਵਾ ਕਿਸੇ ਨੂੰ ਬਹੁਤੀ ਨਹੀਂ ਹੋਣੀ। ਜਿੰਨੀ ਦੇਰ ਤੱਕ ਇਹ ਸਰਕਾਰ ਚੱਲਦੀ ਰਹੀ, ਭਾਜਪਾ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਲੀਡਰਾਂ ਦਾ ਕਿਸੇ ਨਾ ਕਿਸੇ ਗੱਲੋਂ ਆਢਾ ਲੱਗਾ ਰਿਹਾ ਤੇ ਸਰਕਾਰ ਟੁੱਟਣ ਪਿੱਛੋਂ ਵੀ ਦੋਵਾਂ ਧਿਰਾਂ ਨੇ ਇੱਕ ਦੂਸਰੇ ਉੱਤੇ ਸਾਢੇ ਤਿੰਨ ਸਾਲਾਂ ਦੀ ਸਾਂਝ ਦੇ ਬਾਵਜੂਦ ਰੱਜਵੀਂ ਚਾਂਦਮਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਕਹਿੰਦੀ ਹੈ ਕਿ ਉਸ ਨੇ ਇਸ ਸਮੇਂ ਦੌਰਾਨ ਇਸ ਰਾਜ ਦੀ ਵਿਸ਼ੇਸ਼ ਵਿਰਾਸਤ ਸਮਝੀ ਜਾਂਦੀ ਵਿਸ਼ੇਸ਼ ਧਾਰਾ ਤਿੰਨ ਸੌ ਸੱਤਰ ਨੂੰ ਬਚਾਉਣ ਲਈ ਸਾਰਾ ਜ਼ੋਰ ਲਾਈ ਰੱਖਿਆ ਹੈ। ਇਹ ਗੱਲ ਉਹ ਅੱਜ ਕਹਿੰਦੀ ਹੈ, ਰਾਜ ਸਰਕਾਰ ਚਲਾਉਣ ਵੇਲੇ ਉਸ ਨੇ ਕਦੀ ਇਹ ਭੇਦ ਨਹੀਂ ਸੀ ਖੋਲ੍ਹਿਆ ਕਿ ਉਸ ਨੂੰ ਧਾਰਾ ਤਿੰਨ ਸੌ ਸੱਤਰ ਭਾਜਪਾ ਦੇ ਕੁਹਾੜੇ ਹੇਠਾਂ ਮਹਿਸੂਸ ਹੋ ਰਹੀ ਹੈ। ਭਾਜਪਾ ਵਾਲੇ ਕਹਿੰਦੇ ਹਨ ਕਿ ਇਸ ਸਰਕਾਰ ਵਿਚਲੇ ਲੋਕਾਂ ਦੇ ਵੱਖਵਾਦੀਆਂ ਨਾਲ ਸੰਬੰਧ ਸਨ, ਪਰ ਜਿਹੋ ਜਿਹੇ ਜਿਨ੍ਹਾਂ ਸੰਬੰਧਾਂ ਦੀ ਗੱਲ ਉਹ ਕਹਿ ਰਹੇ ਹਨ, ਉਹ ਰਾਤੋ-ਰਾਤ ਨਹੀਂ ਬਣ ਜਾਂਦੇ। ਜਦੋਂ ਸਾਢੇ ਤਿੰਨ ਸਾਲ ਪਹਿਲਾਂ ਮਹਿਬੂਬਾ ਮੁਫਤੀ ਦੇ ਬਾਪ ਮੁਫਤੀ ਮੁਹੰਮਦ ਸਈਦ ਨਾਲ ਸਾਂਝੀ ਸਰਕਾਰ ਬਣਾਈ ਸੀ, ਉਸ ਨੇ ਓਦੋਂ ਸਹੁੰ ਚੁੱਕਦੇ ਸਾਰ ਹੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਚੋਣ ਕਮਿਸ਼ਨ, ਸੁਰੱਖਿਆ ਦਸਤਿਆਂ ਅਤੇ ਨਰਿੰਦਰ ਮੋਦੀ ਸਰਕਾਰ ਦੇ ਨਾਲ ਅੱਤਵਾਦੀਆਂ ਦਾ ਵੀ ਧੰਨਵਾਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਚੋਣ ਪ੍ਰਕਿਰਿਆ ਸਿਰੇ ਚੜ੍ਹਨ ਵਿੱਚ ਸਹਿਯੋਗ ਦਿੱਤਾ ਹੈ। ਓਦੋਂ ਇਹ ਗੱਲ ਭਾਜਪਾ ਆਗੂਆਂ ਨੂੰ ਬੁਰੀ ਨਹੀਂ ਲੱਗਦੀ ਸੀ ਤੇ ਅੱਜ ਉਹ ਅੱਤਵਾਦੀਆਂ ਨਾਲ ਸੰਬੰਧਾਂ ਦੀ ਗੱਲ ਕਹਿ ਰਹੇ ਹਨ।
ਅਸਲੀਅਤ ਇਹ ਹੈ ਕਿ ਇਹ ਸਰਕਾਰ ਦੇਸ਼-ਹਿੱਤ ਬਾਰੇ ਸੋਚ ਕੇ ਨਹੀਂ ਸੀ ਬਣਾਈ ਗਈ ਅਤੇ ਦੇਸ਼-ਹਿੱਤ ਬਾਰੇ ਸੋਚ ਕੇ ਨਹੀਂ ਸੀ ਚਲਾਈ ਜਾ ਰਹੀ, ਸਗੋਂ ਭਾਜਪਾ ਅਤੇ ਪੀ ਡੀ ਪੀ ਵਾਲਿਆਂ ਦੀ ਆਪੋ-ਆਪਣੀ ਲੋੜ ਸੀ ਕਿ ਜਿੱਦਾਂ ਹੋਵੇ, ਸੱਤਾ ਸੁਖ ਮਾਣਦੇ ਰਹੀਏ। ਸਾਢੇ ਤਿੰਨ ਸਾਲ ਰਾਜ ਕਰ ਲੈਣ ਦੇ ਬਾਅਦ ਇਸ ਸਰਕਾਰ ਵੱਲੋਂ ਕੀਤੀ ਪ੍ਰਾਪਤੀ ਪੁੱਛੀ ਜਾਵੇ ਤਾਂ ਨਾ ਭਾਜਪਾ ਵਾਲਿਆਂ ਵੱਲੋਂ ਕੋਈ ਦੱਸਣ ਦੀ ਆਸ ਹੈ ਤੇ ਨਾ ਪੀ ਡੀ ਪੀ ਦੀ ਆਗੂ ਮਹਿਬੂਬਾ ਮੁਫਤੀ ਹੀ ਕੋਈ ਨੁਕਤਾ ਇਹੋ ਜਿਹਾ ਗਿਣਾਉਣ ਜੋਗੀ ਹੈ। ਡਾਕਟਰ ਮਨਮੋਹਨ ਸਿੰਘ ਦੀ ਪਿਛਲੀ ਕੇਂਦਰ ਸਰਕਾਰ ਵੇਲੇ ਜਿੰਨਾ ਕੁ ਅਮਨ ਕਾਇਮ ਕੀਤਾ ਮੰਨਿਆ ਜਾਂਦਾ ਸੀ, ਇਸ ਸਾਂਝਾ ਮੋਰਚਾ ਸਰਕਾਰ ਦੇ ਵਕਤ ਉਸ ਦੀਆਂ ਵੀ ਜੜ੍ਹ੍ਹਾਂ ਉੱਖੜੀਆਂ ਜਾਪਣ ਲੱਗ ਪਈਆਂ ਸਨ। ਅੱਤਵਾਦੀਆਂ ਦੇ ਹਮਲੇ ਵਧਦੇ ਜਾਂਦੇ ਸਨ ਤੇ ਸੁਰੱਖਿਆ ਦਸਤਿਆਂ ਹੀ ਨਹੀਂ, ਆਮ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਸੀ। ਹਾਂ-ਪੱਖੀ ਅਸਰ ਕਿਸੇ ਤਰ੍ਹਾਂ ਦਾ ਦਿਖਾਈ ਨਹੀਂ ਸੀ ਦੇ ਸਕਿਆ।
ਇਸ ਮੰਗਲਵਾਰ ਦੇ ਦਿਨ ਜਦੋਂ ਭਾਜਪਾ ਦੇ ਹਮਾਇਤ ਵਾਪਸ ਲੈਣ ਨਾਲ ਸਰਕਾਰ ਡਿੱਗ ਪਈ ਹੈ ਤਾਂ ਬੁੱਧਵਾਰ ਦੇ ਅਖਬਾਰਾਂ ਵਿੱਚ ਇਹ ਖਬਰਾਂ ਆ ਗਈਆਂ ਕਿ ਇਸ ਫੈਸਲੇ ਨੂੰ ਦਿੱਲੀ ਵਿੱਚ ਸਿਰਫ ਪ੍ਰਵਾਨਗੀ ਦਿੱਤੀ ਗਈ ਹੈ, ਇਸ ਦੀ ਸਕਰਿਪਟ ਸੰਘ ਪਰਵਾਰ ਨੇ ਕਈ ਦਿਨਾਂ ਦੇ ਵਿਚਾਰ ਮੰਥਨ ਪਿੱਛੋਂ ਖੁਦ ਤਿਆਰ ਕਰ ਕੇ ਭੇਜੀ ਸੀ। ਕਾਰਨ ਇਹ ਦੱਸਿਆ ਜਾਂਦਾ ਹੈ ਕਿ ਸਿਰਫ ਅੱਠ ਮਹੀਨੇ ਬਾਅਦ ਪਾਰਲੀਮੈਂਟ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਆਖਰ ਕੋਈ ਨਾ ਕੋਈ ਪ੍ਰਾਪਤੀ ਲੋਕਾਂ ਵਿੱਚ ਜਾ ਕੇ ਪੇਸ਼ ਕਰਨਾ ਹੀ ਚਾਹੁੰਦੀ ਹੈ। ਮੀਡੀਆ ਕਹਿ ਰਿਹਾ ਹੈ ਕਿ ਇਸ ਸੋਚ ਨੇ ਸਰਕਾਰ ਤੋੜਨ ਲਈ ਭਾਜਪਾ ਲੀਡਰਸ਼ਿਪ ਨੂੰ ਉਕਸਾਇਆ ਹੈ। ਇਹ ਵੀ ਚਰਚਾ ਸੁਣੀਂਦੀ ਹੈ ਕਿ ਇੱਕ ਹੋਰ ਸਰਕਾਰ ਵੀ ਟੁੱਟਣ ਵਾਲੀ ਹੈ। ਬਹੁਤੇ ਭੇਦਾਂ ਦੇ ਜਾਣਕਾਰ ਕਹਿੰਦੇ ਹਨ ਕਿ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਅਗਲੀ ਸਰਕਾਰ ਜੇ ਤੋੜੀ ਗਈ ਤਾਂ ਉਹ ਬਿਹਾਰ ਦੀ ਹੋਵੇਗੀ, ਤਾਂ ਕਿ ਉਸ ਵੱਡੇ ਰਾਜ ਵਿੱਚ ਵੀ ਚੋਣਾਂ ਵੇਲੇ ਗਵਰਨਰੀ ਰਾਜ ਹੋਣ ਦੀ ਸਥਿਤੀ ਪੈਦਾ ਹੋ ਸਕੇ। ਇਹ ਚਰਚੇ ਸੱਚ ਹਨ ਜਾਂ ਨਹੀਂ, ਪਰ ਮੀਡੀਆ ਵਿੱਚ ਚੱਲ ਰਹੇ ਹਨ। ਇਸ ਦਾ ਤੋੜ ਵੀ ਕੋਈ ਨਹੀਂ। ਆਖਰ ਕੇਂਦਰ ਸਰਕਾਰ ਤੇ ਭਾਜਪਾ ਨੇ ਜਿਹੜਾ ਕਦਮ ਜੰਮੂ-ਕਸ਼ਮੀਰ ਦੇ ਮਾਮਲੇ ਵਿੱਚ ਚੁੱਕਿਆ ਹੈ, ਉਸ ਦੇ ਨਾਲ ਏਦਾਂ ਦੇ ਚਰਚੇ ਤਾਂ ਚੱਲਣਗੇ ਹੀ।
- ਜਤਿੰਦਰ ਪਨੂੰ

1210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper