Latest News
ਵਿਧਾਇਕ ਉੱਤੇ ਹਮਲੇ ਪਿੱਛੋਂ ਸਾਰੀਆਂ ਧਿਰਾਂ ਮੂਹਰੇ ਖੜਾ ਸਵਾਲ

Published on 22 Jun, 2018 11:28 AM.


ਰੋਪੜ ਜ਼ਿਲੇ ਵਿੱਚ ਨੂਰਪੁਰ ਬੇਦੀ ਨੇੜੇ ਖੱਡਾਂ ਵਿੱਚੋਂ ਨਾਜਾਇਜ਼ ਮਾਈਨਿੰਗ ਵੇਖਣ ਅਤੇ ਮੀਡੀਏ ਨੂੰ ਵਿਖਾਉਣ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਹਮਲਾ ਕੀਤਾ ਗਿਆ ਹੈ। ਹਮਲੇ ਦੀ ਮਾਰ ਮੀਡੀਆ ਵਾਲਿਆਂ ਨੂੰ ਵੀ ਝੱਲਣੀ ਪਈ ਹੈ। ਪੁਲਸ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਰਿਕਾਰਡਿੰਗ ਡਿਲੀਟ ਕਰਨ ਲਈ ਦਬਾਅ ਪਾਇਆ ਜਾਂਦਾ ਰਿਹਾ ਹੈ। ਵਿਧਾਇਕ ਨਾਲ ਉਸ ਦੇ ਸੁਰੱਖਿਆ ਗਾਰਡ ਅਤੇ ਰਾਜਸੀ ਸਹਾਇਕ ਨੂੰ ਕੁੱਟਿਆ ਗਿਆ ਹੈ। ਇਸ ਘਟਨਾ ਦੇ ਬਾਅਦ ਰਾਜਨੀਤੀ ਤੇਜ਼ ਹੋ ਗਈ ਤੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ, ਜਿਹੜੀਆਂ ਸਾਰੀਆਂ ਬਾਰੇ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਹਨ ਅਤੇ ਇਹ ਸ਼ੰਕੇ ਨਵਿਰਤ ਕਰਨ ਦੀ ਸਾਰੀਆਂ ਧਿਰਾਂ ਨੂੰ ਲੋੜ ਹੈ।
ਪਹਿਲੀ ਗੱਲ ਇਹ ਕਿ ਉਹ ਲੋਕ ਆਪਣੇ ਆਪ ਨੂੰ ਏਨੇ ਫੰਨੇ ਖ਼ਾਂ ਐਵੇਂ ਨਹੀਂ ਸਮਝ ਸਕਦੇ ਕਿ ਕਿਸੇ ਵਿਧਾਇਕ ਦੇ ਗਲ ਪੈ ਜਾਣ, ਉਨ੍ਹਾਂ ਦੀ ਪਿੱਠ ਉੱਤੇ ਕੋਈ ਵੱਡੀ ਸਿਆਸੀ ਹਸਤੀ ਹੋ ਸਕਦੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਉਸ ਪਾਸੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿੱਚ ਕਈ ਪਾਰਟੀਆਂ ਦੇ ਵੱਡੇ ਆਗੂਆਂ ਦੇ ਪਰਵਾਰਕ ਲੋਕ ਸ਼ਾਮਲ ਹਨ ਤੇ ਆਪੋ ਵਿੱਚ ਖਹਿਬਾਜ਼ੀ ਕਾਰੋਬਾਰ ਦੇ ਪੱਖ ਤੋਂ ਵੀ ਚੱਲਦੀ ਹੈ, ਜਿਸ ਦੌਰਾਨ ਹਰ ਕੋਈ ਆਪਣੇ ਆਪ ਨੂੰ ਦੁੱਧ-ਧੋਤਾ ਤੇ ਬਾਕੀਆਂ ਨੂੰ ਦਾਗ਼ੀ ਦੱਸੀ ਜਾ ਰਿਹਾ ਹੈ। ਵਿਧਾਇਕ ਅਮਰਜੀਤ ਸਿੰਘ ਸੰਦੋਆ ਬੜੇ ਚਿਰ ਤੋਂ ਇਹ ਰੌਲਾ ਪਾਉਂਦਾ ਰਿਹਾ ਸੀ ਕਿ ਉਸ ਦੇ ਵਿਧਾਨ ਸਭਾ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤੇ ਪੁਲਸ ਰੋਕਦੀ ਨਹੀਂ। ਫਿਰ ਵੀ ਲੁਧਿਆਣੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਰਗਾ ਕਦਮ ਹੀ ਉਸ ਨੇ ਉਠਾਇਆ ਤੇ ਆਪਣੇ ਆਪ ਇਹੋ ਜਿਹੀ ਜਗ੍ਹਾ ਪਹੁੰਚ ਗਿਆ, ਜਿੱਥੇ ਜੰਗਲ ਰਾਜ ਚੱਲਦਾ ਹੈ। ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ ਤੇ ਉਹ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖ਼ਲ ਹੈ।
ਦੂਸਰਾ ਪੱਖ ਇਹ ਹੈ ਕਿ ਕੀ ਇਸ ਤਰ੍ਹਾਂ ਦਾ ਕੋਈ ਐਕਸ਼ਨ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਪਾਰਟੀ ਦੇ ਨਾਲ ਕੋਈ ਸਲਾਹ ਕੀਤੀ ਸੀ ਤੇ ਜੇ ਕੀਤੀ ਸੀ ਤਾਂ ਕੀ ਪਾਰਟੀ ਨੇ ਉਸ ਨੂੰ ਇੰਜ ਇਕੱਲੇ ਜਾਣ ਨੂੰ ਕਿਹਾ ਸੀ? ਏਹੋ ਜਿਹੇ ਕੰਮ ਵਿੱਚ ਖ਼ਤਰਾ ਵੀ ਹੋ ਸਕਦਾ ਹੈ। ਇਹ ਗੱਲ ਪਾਰਟੀ ਲੀਡਰਸ਼ਿਪ ਨੂੰ ਸੋਚਣੀ ਚਾਹੀਦੀ ਸੀ। ਜੇ ਉਸ ਨੇ ਲੀਡਰਸ਼ਿਪ ਦੇ ਨਾਲ ਸਲਾਹ ਨਹੀਂ ਕੀਤੀ ਤਾਂ ਕੀ ਪਾਰਟੀ ਇਸ ਗੱਲ ਬਾਰੇ ਉਸ ਤੋਂ ਜਵਾਬ ਮੰਗਣ ਬਾਰੇ ਸੋਚੇਗੀ? ਸ਼ਾਇਦ ਨਹੀਂ।
ਤੀਸਰਾ ਪੱਖ ਇਹ ਹੈ ਕਿ ਉਸ ਇਲਾਕੇ ਵਿੱਚ ਇਹ ਚਰਚਾ ਹੈ ਕਿ ਜਿਹੜੇ ਅਜਵਿੰਦਰ ਸਿੰਘ ਦਾ ਨਾਂਅ ਕੱਲ੍ਹ ਵਾਲੀ ਇਸ ਘਟਨਾ ਵਿੱਚ ਦੋਸ਼ੀ ਵਜੋਂ ਲਿਆ ਜਾ ਰਿਹਾ ਹੈ, ਉਹ ਪਿਛਲੇ ਸਾਲ ਅਸੈਂਬਲੀ ਚੋਣਾਂ ਦੌਰਾਨ ਅਮਰਜੀਤ ਸਿੰਘ ਸੰਦੋਆ ਦੇ ਨਾਲ ਰਾਤ-ਦਿਨ ਪਿੰਡ-ਪਿੰਡ ਘੁੰਮਦਾ ਵੇਖਿਆ ਗਿਆ ਸੀ। ਇਸ ਗੱਲ ਦੀ ਗਵਾਹੀ ਦੇਂਦੀਆਂ ਬਹੁਤ ਸਾਰੀਆਂ ਫੋਟੋ ਵੀ ਹੱਥੋ-ਹੱਥੀ ਘੁੰਮਦੀਆਂ ਸੁਣੀਆਂ ਜਾਂਦੀਆਂ ਹਨ। ਅਮਰਜੀਤ ਸਿੰਘ ਸੰਦੋਆ ਨੂੰ ਇਸ ਬਾਰੇ ਸਥਿਤੀ ਸਾਫ਼ ਕਰਨੀ ਬਣਦੀ ਹੈ ਕਿ ਇਹ ਬੰਦਾ ਚੋਣਾਂ ਵਿੱਚ ਉਸ ਦੇ ਨਾਲ ਸੀ ਕਿ ਨਹੀਂ ਤੇ ਇਹ ਵੀ ਕਿ ਸਾਰੇ ਲੋਕ ਜਾਣਦੇ ਹਨ ਕਿ ਇਹ ਧੰਦਾ ਉਹ ਉਸ ਤੋਂ ਪਹਿਲਾਂ ਦਾ ਕਰਦਾ ਸੀ, ਇਸ ਧੰਦੇ ਦੇ ਬਾਵਜੂਦ ਅਮਰਜੀਤ ਸਿੰਘ ਸੰਦੋਆ ਨਾਲ ਉਸ ਦੀ ਏਨੀ ਨੇੜਤਾ ਕਿਉਂ ਸੀ ਕਿ ਉਹ ਚੋਣ ਮੁਹਿੰਮ ਦੀ ਧੁਰੀ ਵਾਂਗ ਘੁੰਮ ਰਿਹਾ ਸੀ? ਗੱਲ ਸਿਰਫ਼ ਇਸ ਧੰਦੇ ਦੀ ਨਹੀਂ, ਉਸ ਦੇ ਖ਼ਿਲਾਫ਼ ਕਈ ਕੇਸ ਵੀ ਬਣੇ ਹੋਣ ਦੇ ਬਾਵਜੂਦ ਉਹ ਅਮਰਜੀਤ ਸਿੰਘ ਸੰਦੋਆ ਦੇ ਨਾਲ ਘੁੰਮਦਾ ਰਿਹਾ ਸੀ।
ਚੌਥਾ ਪੱਖ ਪੁਲਸ ਅਤੇ ਪ੍ਰਸ਼ਾਸਨ ਦਾ ਹੈ। ਕੀ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਏਦਾਂ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ? ਜਦੋਂ ਸਾਰਾ ਇਲਾਕਾ ਜਾਣਦਾ ਹੈ ਤਾਂ ਉਨ੍ਹਾਂ ਨੂੰ ਪਤਾ ਕਾਹਤੋਂ ਨਹੀਂ ਸੀ? ਇਸ ਘਟਨਾ ਦੇ ਬਾਅਦ ਵੀ ਪੁਲਸ ਦੀ ਢਿੱਲ-ਮੱਠ ਦਿਖਾਈ ਦੇਂਦੀ ਰਹੀ ਤੇ ਇਸ ਵਿੱਚੋਂ ਦੋਸ਼ੀਆਂ ਨਾਲ ਕਿਸੇ ਲੁਕਵੀਂ ਸਾਂਝ ਦੇ ਬਾਰੇ ਚਰਚੇ ਚੱਲਣੇ ਵੀ ਸੁਭਾਵਕ ਹਨ। ਪੁਲਸ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਉਹੀ ਨਹੀਂ, ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਇਸ ਰਾਜ ਦੇ ਲੋਕਾਂ ਦੀ ਤਸੱਲੀ ਕਰਾਉਣੀ ਚਾਹੀਦੀ ਹੈ ਕਿ ਜਦੋਂ ਚੋਣਾਂ ਜਿੱਤਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਨਾਜਾਇਜ਼ ਮਾਈਨਿੰਗ ਬੰਦ ਕਰਵਾ ਦੇਵਾਂਗੇ ਤਾਂ ਸਵਾ ਸਾਲ ਲੰਘਣ ਦੇ ਬਾਵਜੂਦ ਇਹ ਚੱਲੀ ਕਿਵੇਂ ਜਾਂਦੀ ਹੈ? ਉਸ ਦਾ ਅਕਸ ਖ਼ਰਾਬ ਹੋਣ ਦੀ ਪ੍ਰਵਾਹ ਹੋਰ ਕਿਸੇ ਨੂੰ ਹੋਵੇ ਜਾਂ ਨਾ, ਮੁੱਖ ਮੰਤਰੀ ਨੂੰ ਤਾਂ ਹੋਣੀ ਚਾਹੀਦੀ ਹੈ।
ਪੰਜਵਾਂ ਸਵਾਲ ਇਸ ਘਟਨਾ ਬਾਰੇ ਅਕਾਲੀ ਦਲ ਦੇ ਰੁਖ਼ ਤੋਂ ਉੱਠਦਾ ਹੈ। ਉਨ੍ਹਾਂ ਨੇ ਇਸ ਘਟਨਾ ਪਿੱਛੋਂ ਵਿਧਾਇਕ ਦੇ ਖ਼ਿਲਾਫ਼ ਇਹ ਨਿਸ਼ਾਨਾ ਸੇਧਿਆ ਹੈ ਕਿ ਉਹ ਮਾਈਨਿੰਗ ਕਰਨ ਵਾਲਿਆਂ ਤੋਂ ਮਹੀਨਾ ਲੈਣ ਜਾਂਦਾ ਸੀ, ਪਰ ਕੀ ਉਨ੍ਹਾਂ ਦੇ ਆਪਣੇ ਰਾਜ ਵਿੱਚ ਇਹੋ ਕੁਝ ਨਹੀਂ ਸੀ ਹੁੰਦਾ? ਪਠਾਨਕੋਟ ਦੇ ਨੇੜੇ ਨਾਜਾਇਜ਼ ਮਾਈਨਿੰਗ ਦੀ ਰਿਪੋਰਟ ਲੈਣ ਲਈ ਉਸ ਪਾਸੇ ਜਾਂਦਾ ਹੋਇਆ ਇੱਕ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਜਿਸ ਟਰਾਲੇ ਦੀ ਫੇਟ ਨਾਲ ਮਾਰਿਆ ਗਿਆ ਸੀ ਤੇ ਜ਼ਿਲੇ ਦਾ ਪੁਲਸ ਮੁਖੀ ਮਰਨ ਤੋਂ ਮਸਾਂ ਬਚਿਆ ਸੀ, ਉਸ ਘਟਨਾ ਬਾਰੇ ਅਕਾਲੀ ਦਲ ਦੇ ਆਗੂਆਂ ਦਾ ਕੀ ਰੁਖ਼ ਸੀ? ਇਹ ਗੱਲ ਸਾਰੇ ਲੋਕ ਜਾਣਦੇ ਹਨ ਕਿ ਉਸ ਵਕਤ ਦੋਸ਼ੀਆਂ ਨੂੰ ਬਚਾਉਣ ਲਈ ਉੱਘੇ ਅਕਾਲੀ ਆਗੂ ਸਾਰਾ ਜ਼ੋਰ ਲਾਈ ਗਏ ਸਨ।
ਸਰਕਾਰ ਬਦਲਣ ਦੇ ਬਾਅਦ ਅੱਜ ਲੋਕ ਮੂੰਹੋਂ-ਮੂੰਹ ਕਹਿੰਦੇ ਪਏ ਹਨ ਕਿ ਜਿਹੜੇ ਮਾਈਨਿੰਗ ਦੇ ਧੰਦਾ ਕਰਨ ਵਾਲੇ ਧਾੜਵੀ ਕੱਲ੍ਹ ਤੱਕ ਅਕਾਲੀ ਆਗੂਆਂ ਦੇ ਨਾਲ ਘੁੰਮਦੇ ਸਨ, ਅੱਜ ਕਾਂਗਰਸੀ ਆਗੂਆਂ ਦੇ ਨਾਲ ਘੁੰਮਦੇ ਦਿਖਾਈ ਦੇਣ ਲੱਗ ਪਏ ਹਨ। ਇਹ ਗੱਲ ਸਰਕਾਰ-ਦਰਬਾਰ ਤੱਕ ਵੀ ਪੁੱਜਦੀ ਹੋਵੇਗੀ ਤੇ ਅਕਾਲੀ ਆਗੂਆਂ ਤੱਕ ਵੀ। ਹੈਰਾਨੀ ਦੀ ਗੱਲ ਇਹ ਹੈ ਕਿ ਬੀਤੇ ਸਮੇਂ ਵਿੱਚ ਇਸ ਧੰਦੇ ਨਾਲ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦਾ ਨਾਂਅ ਵੀ ਜੁੜਦਾ ਸੁਣਨ ਲੱਗ ਪਿਆ ਹੈ। ਜਿਹੜੇ ਵਿਧਾਇਕ ਨਾਲ ਇਹ ਘਟਨਾ ਵਾਪਰੀ ਹੈ, ਉਸ ਦਾ ਨਾਂਅ ਵੀ ਇਸ ਚਰਚਾ ਵਿੱਚ ਸੀ। ਨਵੀਂ ਉੱਠੀ ਪਾਰਟੀ ਦੀ ਦਿੱਲੀ ਵਾਲੀ ਜਾਂ ਪੰਜਾਬ ਵਾਲੀ ਲੀਡਰਸ਼ਿਪ ਤੱਕ ਵੀ ਇਹ ਗੱਲ ਪਹੁੰਚਦੀ ਹੋਵੇਗੀ। ਉਨ੍ਹਾਂ ਨੂੰ ਆਪਣੇ ਬੰਦੇ ਦਾ ਨਾਂਅ ਇਸ ਕੰਮ ਵਿੱਚ ਆਉਣ ਦੇ ਬਾਅਦ ਇਸ ਦੀ ਕੋਈ ਜਾਂਚ ਕਰਾਉਣੀ ਚਾਹੀਦੀ ਸੀ, ਕੋਈ ਸ਼ੰਕਾ ਨਵਿਰਤੀ ਵਾਸਤੇ ਯਤਨ ਕਰਨਾ ਚਾਹੀਦਾ ਸੀ, ਪਰ ਕੁਝ ਵੀ ਨਹੀਂ ਸੀ ਕੀਤਾ ਗਿਆ। ਨਤੀਜਾ ਕੱਲ੍ਹ ਸਾਹਮਣੇ ਆ ਗਿਆ ਹੈ।
ਅਸੀਂ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਕਹਿੰਦੇ ਤੇ ਕਿਸੇ ਨੂੰ ਬੇਗੁਨਾਹ ਨਹੀਂ ਕਹਿਣਾ ਚਾਹੁੰਦੇ, ਸਗੋਂ ਅਸਲੀ ਸਵਾਲ ਇਹ ਹੈ ਕਿ ਇਸ ਕੁਚੱਕਰ ਨੂੰ ਕਦੋਂ ਤੱਕ ਬਰਦਾਸ਼ਤ ਕੀਤਾ ਜਾਣਾ ਹੈ? ਕਾਂਗਰਸ ਹੋਵੇ ਜਾਂ ਵਿਰੋਧੀ ਧਿਰ ਵਿੱਚ ਸਭਨਾਂ ਦੀ ਮੋਹਰੀ ਬਣਨ ਦਾ ਸਬੱਬ ਨਾਲ ਮਿਲਿਆ ਮੌਕਾ ਹੰਢਾਉਣ ਵਾਲੀ ਆਮ ਆਦਮੀ ਪਾਰਟੀ, ਜਾਂ ਫਿਰ ਅਕਾਲੀ ਦਲ ਦੇ ਲੀਡਰ ਹੋਣ, ਸਾਰਿਆਂ ਨੂੰ ਆਪੋ-ਆਪਣੀ ਪਾਕ-ਦਾਮਨੀ ਇਸ ਰਾਜ ਦੇ ਲੋਕਾਂ ਸਾਹਮਣੇ ਸਾਬਤ ਕਰਨ ਦੀ ਲੋੜ ਹੈ।
-ਜਤਿੰਦਰ ਪਨੂੰ

857 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper