ਭਾਰਤੀ ਜਨਤਾ ਪਾਰਟੀ ਨੇ ਨੋਟਬੰਦੀ ਨੂੰ ਕਾਲੇ ਧਨ ਵਿਰੁੱਧ ਸਭ ਤੋਂ ਵੱਡਾ ਕਦਮ ਕਿਹਾ ਸੀ। ਪਰ ਇੱਕ ਤੋਂ ਬਾਅਦ ਇੱਕ ਹੋ ਰਹੇ ਖੁਲਾਸਿਆਂ ਨੇ ਸਿੱਧ ਕੀਤਾ ਹੈ ਕਿ ਨੋਟਬੰਦੀ ਮੋਦੀ ਸਰਕਾਰ ਦੇ ਕਰੀਬੀਆਂ ਵੱਲੋਂ ਕਾਲੇ ਧਨ ਨੂੰ ਸਫੈਦ ਕਰਨ ਦਾ ਜ਼ਰੀਆ ਸਾਬਤ ਹੋਇਆ ਹੈ। ਨੋਟਬੰਦੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਇਹ ਇੱਕ ਵੱਡਾ ਘੋਟਾਲਾ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਉਦੋਂ ਕਹੇ ਹੋਏ ਸ਼ਬਦ ਹੁਣ ਸੱਚ ਸਾਬਤ ਹੋ ਰਹੇ ਪ੍ਰਤੀਤ ਹੁੰਦੇ ਹਨ।
ਮੁੰਬਈ ਦੇ ਇੱਕ ਆਰ ਟੀ ਆਈ ਕਾਰਜਕਰਤਾ ਮਨੋਰੰਜਨ ਐੱਸ ਰਾਏ ਦੀ ਆਰ ਟੀ ਆਈ ਦੇ ਜਵਾਬ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਆਰ ਟੀ ਆਈ ਦੇ ਜਵਾਬ ਵਿੱਚ ਇਹ ਜਾਣਕਾਰੀ ਸਹਿਕਾਰੀ ਬੈਂਕਾਂ ਦੀ ਸਰਵ ਉੱਚ ਸੰਸਥਾ ਨਾਬਾਰਡ ਦੇ ਜਨਰਲ ਮੈਨੇਜਰ ਵੱਲੋਂ ਦਿੱਤੀ ਗਈ ਹੈ।
ਇਸ ਜਾਣਕਾਰੀ ਮੁਤਾਬਕ ਨੋਟਬੰਦੀ ਦੇ ਪਹਿਲੇ ਪੰਜ ਦਿਨਾਂ ਵਿੱਚ ਗੁਜਰਾਤ ਦੇ ਉਹ ਸਹਿਕਾਰੀ ਬੈਂਕ, ਜਿਨ੍ਹਾਂ ਨਾਲ ਭਾਜਪਾ ਆਗੂ ਜੁੜੇ ਹੋਏ ਹਨ, ਵਿੱਚ 3118 ਕਰੋੜ ਰੁਪਏ ਮੁੱਲ ਦੇ 500 ਤੇ 1000 ਰੁਪਏ ਦੇ ਬੰਦ ਕੀਤੇ ਨੋਟ ਜਮ੍ਹਾਂ ਹੋਏ। ਇਹਨਾਂ ਵਿੱਚ ਸਭ ਤੋਂ ਵੱਡੀ ਰਕਮ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਵਿੱਚ 745 ਕਰੋੜ 59 ਲੱਖ ਰੁਪਏ ਜਮ੍ਹਾਂ ਹੋਈ। ਇਸ ਬੈਂਕ ਦੇ ਡਾਇਰੈਕਟਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਨ। ਇਸ ਬੈਂਕ ਦੇ ਚੇਅਰਮੈਨ ਅਜੈ ਪਟੇਲ ਤੇ ਇੱਕ ਹੋਰ ਡਾਇਰੈਕਟਰ ਯਸ਼ਪਾਲ ਚੁੜਾਸਮਾ ਵੀ ਅਮਿਤ ਸ਼ਾਹ ਦੇ ਕਰੀਬੀ ਹਨ।
ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਤੋਂ ਬਾਅਦ ਦੂਜਾ ਨੰਬਰ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਦਾ ਆਉਂਦਾ ਹੈ, ਜਿਸ ਵਿੱਚ ਪਹਿਲੇ ਪੰਜ ਦਿਨਾਂ ਦੌਰਾਨ 693 ਕਰੋੜ 19 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ ਚੇਅਰਮੈਨ ਜਯੇਸ਼ਭਾਈ ਵਿਠੁਲਭਾਈ ਰਦਾੜੀਆ ਹਨ, ਜੋ ਗੁਜਰਾਤ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਸੂਰਤ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 385 ਕਰੋੜ 85 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ ਡਾਇਰੈਕਟਰ ਭਾਜਪਾ ਸਾਂਸਦ ਪ੍ਰਭੂਲਾਲ ਨਗਰ ਭਾਈ ਵਾਸਵਾ ਹਨ। ਸਬਰਕਾਂਤਾ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 328 ਕਰੋੜ 50 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ ਡਾਇਰੈਕਟਰ ਭਾਜਪਾ ਦੇ ਹਿੰਮਤ ਨਗਰ ਤੋਂ ਵਿਧਾਇਕ ਰਾਜੇਂਦਰ ਸਿੰਘ ਰਣਜੀਤ ਸਿੰਘ ਚਾਵੜਾ ਹਨ। ਬਨਾਸਕਾਂਥਾ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 215 ਕਰੋੜ 44 ਲੱਖ ਰੁਪਏ ਜਮ੍ਹਾਂ ਹੋਏ। ਇਹ ਬੈਂਕ ਗੁਜਰਾਤ ਦੇ ਉਪ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਹੈ। ਅਮਰੇਲੀ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਵਿੱਚ 205 ਕਰੋੜ 31 ਲੱਖ ਰੁਪਏ ਜਮ੍ਹਾਂ ਹੋਏ। ਇਸ ਬੈਂਕ ਦੇ ਚੇਅਰਮੈਨ ਭਾਜਪਾ ਦੇ ਸਾਬਕਾ ਸਾਂਸਦ ਦਲੀਪ ਭਾਈ ਸੰਘਾਨੀ ਹਨ। ਇਸ ਤੋਂ ਇਲਾਵਾ 6 ਹੋਰ ਬੈਂਕ ਹਨ। ਜਿਨ੍ਹਾਂ ਨਾਲ ਭਾਜਪਾ ਆਗੂਆਂ ਦੇ ਸੰਬੰਧ ਹਨ, ਇਹਨਾਂ ਬੈਂਕਾਂ ਵਿੱਚ ਵੀ ਵੱਡੀ ਮਾਤਰਾ ਵਿੱਚ ਬੰਦ ਕੀਤੇ ਨੋਟ ਜਮ੍ਹਾਂ ਕੀਤੇ ਗਏ। ਯਾਦ ਰਹੇ ਕਿ ਸਹਿਕਾਰੀ ਬੈਂਕਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਖਾਤੇ ਹੁੰਦੇ ਹਨ। ਕਿਸਾਨੀ ਆਮਦਨ ਉੱਤੇ ਕਿਉਂਕਿ ਆਮਦਨ ਟੈਕਸ ਨਹੀਂ ਲੱਗਦਾ, ਇਸ ਕਰਕੇ ਇਹ ਖਾਤੇ ਕਾਲੇ ਧਨ ਨੂੰ ਸਫੈਦ ਕਰਨ ਦਾ ਸੌਖਾ ਵਸੀਲਾ ਬਣ ਜਾਂਦੇ ਹਨ।
ਨੋਟਬੰਦੀ ਤੋਂ ਤੀਜੇ ਦਿਨ ਹੀ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਵੱਡੇ ਧਨ ਕੁਬੇਰ ਸਹਿਕਾਰੀ ਬੈਂਕਾਂ ਨੂੰ ਕਾਲੇ ਧਨ ਨੂੰ ਸਫੈਦ ਕਰਨ ਲਈ ਵਰਤ ਰਹੇ ਹਨ। ਇਸ ਕਾਰਨ ਮੋਦੀ ਸਰਕਾਰ ਨੇ 5 ਦਿਨਾਂ ਬਾਅਦ ਸਹਿਕਾਰੀ ਬੈਂਕਾਂ ਦੇ ਪੁਰਾਣੇ ਨੋਟ ਜਮ੍ਹਾਂ ਕੀਤੇ ਜਾਣ ਉੱਤੇ ਪਾਬੰਦੀ ਲਾ ਦਿੱਤੀ ਸੀ, ਪਰ ਇਹਨਾਂ ਪੰਜ ਦਿਨਾਂ ਵਿੱਚ ਹੀ ਖੇਡ ਤਾਂ ਖੇਡੀ ਜਾ ਚੁੱਕੀ ਸੀ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇੰਨੇ ਨੋਟ ਗਿਣੇ ਕਿਸ ਤਰ੍ਹਾਂ ਗਏ? ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੀ ਹੀ ਗੱਲ ਲਓ, 5 ਦਿਨਾਂ ਵਿੱਚ ਜਮ੍ਹਾਂ ਹੋਏ 745 ਕਰੋੜ 59 ਲੱਖ ਰੁਪਏ। ਮੰਨ ਲਓ ਕਿ ਇਹ ਸਾਰੇ ਨੋਟ 1000 ਰੁਪਏ ਵਾਲੇ ਸਨ, ਤਦ 100-100 ਨੋਟਾਂ ਦੀਆਂ ਕੁੱਲ 75559 ਗੱਠੀਆਂ ਬਣਦੀਆਂ ਹਨ। ਜੇਕਰ ਨੋਟ ਗਿਣਨ ਵਾਲੀ ਮਸ਼ੀਨ (ਗੱਠੀ ਦੇ ਪੁਰਾਣੇ ਨੋਟਾਂ ਨੂੰ ਸਿੱਧੇ ਕਰਨ, ਪਿੰਨ ਕੱਢਣ, ਰੱਖਣ-ਚੁੱਕਣ ਦੇ ਸਮੇਂ ਸਮੇਤ) ਇੱਕ ਮਿੰਟ ਵਿੱਚ ਦੋ ਗੱਠੀਆਂ ਦੀ ਗਿਣਤੀ ਕਰੇ ਤਾਂ 37230 ਮਿੰਟ ਲੱਗਣਗੇ। ਇਸ ਦਾ ਭਾਵ ਹੈ 604 ਘੰਟੇ ਜਾਂ (7 ਘੰਟੇ ਦਾ ਕੰਮ ਦਿਨ ਗਿਣ ਕੇ) 86 ਦਿਨ। ਕਿਉਂਕਿ ਸਾਰੀ ਖੇਡ ਸਿਰਫ਼ 5 ਦਿਨਾਂ ਵਿੱਚ ਖੇਡੀ ਗਈ, ਇਸ ਲਈ ਇੰਨੇ ਨੋਟ ਗਿਣਨ ਲਈ ਬਿਨਾਂ ਰੁਕੇ ਚੱਲਣ ਵਾਲੀਆਂ 17 ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਲੋੜ ਪਵੇਗੀ। ਇਹ ਤਦ ਸੰਭਵ ਹੈ ਜੇਕਰ ਇਹ ਸਾਰੇ ਨੋਟ ਇੱਕੋ ਬੰਦੇ ਦੇ ਹੋਣ। ਬਹੁਤ ਸਾਰੇ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਵਿੱਚ ਤਾਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਨਹੀਂ ਹਨ, ਕੀ ਅਹਿਮਦਾਬਾਦ ਵਾਲੀ ਸਹਿਕਾਰੀ ਬੈਂਕ ਵਿੱਚ ਏਨੀਆਂ ਮਸ਼ੀਨਾਂ ਹਨ?
ਇਸ ਮਾਮਲੇ ਸੰਬੰਧੀ ਨਾਬਾਰਡ ਦਾ ਬਿਆਨ ਬੜਾ ਹੀ ਹਾਸੋਹੀਣਾ ਹੈ। ਉਸ ਨੇ ਕਿਹਾ ਹੈ ਕਿ ਇਸ ਜ਼ਿਲ੍ਹਾ ਸਹਿਕਾਰੀ ਬੈਂਕ ਦੇ 1 ਲੱਖ 60 ਹਜ਼ਾਰ ਖਾਤਾਧਾਰਕ ਹਨ ਤੇ ਇਸ ਹਿਸਾਬ ਨਾਲ ਇੱਕ ਖਾਤੇ ਦੇ ਹਿੱਸੇ 46000 ਰੁਪਏ ਆਉਂਦੇ ਹਨ। ਨਾਬਾਰਡ ਦੇ ਅਧਿਕਾਰੀਆਂ ਨੂੰ ਪੁੱਛਣਾ ਬਣਦਾ ਹੈ ਕਿ ਕੀ ਉਹ ਲੋਕਾਂ ਨੂੰ ਬੁੱਧੂ ਸਮਝਦੇ ਹਨ। ਜੇਕਰ ਇੱਕ ਵਿਅਕਤੀ 50 ਖਾਤਿਆਂ ਵਿੱਚ 50 ਕਰੋੜ ਜਮ੍ਹਾਂ ਕਰਵਾ ਦਿੰਦਾ ਹੈ ਤਾਂ ਕੀ ਇਸ ਦਾ ਹਿਸਾਬ ਨਾਬਾਰਡ ਅਧਿਕਾਰੀ 1 ਲੱਖ 60 ਹਜ਼ਾਰ ਖਾਤਿਆਂ ਦੀ ਔਸਤ ਨਾਲ ਦੇਣਗੇ ਜਾਂ ਫਿਰ ਉਨ੍ਹਾਂ 50 ਖਾਤਿਆਂ ਦੀ ਜਾਂਚ ਬਾਅਦ ਦੇਣਗੇ। ਨਾਬਾਰਡ ਅਧਿਕਾਰੀਆਂ ਮੁਤਾਬਕ ਤਾਂ ਇਸ ਬੈਂਕ ਦੇ 1 ਲੱਖ 60 ਹਜ਼ਾਰ ਖਾਤਾਧਾਰਕਾਂ ਨੇ 5 ਦਿਨਾਂ ਵਿੱਚ ਹੀ ਆਪਣੇ ਸੌ ਫ਼ੀਸਦੀ ਬੰਦ ਕੀਤੇ ਗਏ ਨੋਟ ਜਮ੍ਹਾਂ ਕਰਵਾ ਦਿੱਤੇ ਸਨ। ਇਸ ਤਰ੍ਹਾਂ ਇਹ ਬੈਂਕ ਅਜਿਹਾ ਕਾਰਨਾਮਾ ਕਰਨ ਵਾਲਾ ਸਾਰੇ ਦੇਸ਼ ਦੇ ਬੈਂਕਾਂ ਵਿੱਚੋਂ ਇਕਲੌਤਾ ਬੈਂਕ ਹੋਵੇਗਾ। ਸਾਰਾ ਦੇਸ਼ ਜਾਣਦਾ ਹੈ ਕਿ ਆਮ ਲੋਕਾਂ ਨੂੰ ਆਪਣੇ ਖਾਤਿਆਂ ਵਿੱਚ 50 ਦਿਨਾਂ ਦੀ ਮਿਆਦ ਦੌਰਾਨ ਪੁਰਾਣੇ ਨੋਟ ਜਮ੍ਹਾਂ ਕਰਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਦੇ 100 ਤੋਂ ਵੱਧ ਵਿਅਕਤੀਆਂ ਨੂੰ ਬੈਂਕਾਂ ਅੱਗੇ ਲਾਈਨਾਂ ਵਿੱਚ ਲੱਗਿਆਂ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਇਸ ਲਈ ਨਾਬਾਰਡ ਅਧਿਕਾਰੀ ਦੀਆਂ ਦਲੀਲਾਂ ਕਿਸੇ ਦੀ ਤਸੱਲੀ ਨਹੀਂ ਕਰਵਾਉਂਦੀਆਂ।
ਇਸ ਮਹਾਂ ਘੁਟਾਲੇ ਦਾ ਪਰਦਾਫ਼ਾਸ਼ ਕਰਨ ਲਈ ਜ਼ਰੂਰੀ ਹੈ ਕਿ ਹਰ ਖਾਤੇ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਪੰਜ ਦਿਨਾਂ ਦੀਆਂ ਸੀ ਸੀ ਟੀ ਵੀ ਫੁਟੇਜ ਨੂੰ ਖੰਘਾਲਿਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਅਸਰ -ਰਸੂਖ ਵਾਲੇ ਵਿਅਕਤੀ ਇਸ ਅਰਸੇ ਦੌਰਾਨ ਬੈਂਕ ਵਿੱਚ ਆਏ। ਇਸੇ ਤਰ੍ਹਾਂ ਰਾਜ ਦੇ ਬਾਕੀ ਸਹਿਕਾਰੀ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਦੀ ਵੀ ਪੜਤਾਲ ਕੀਤੀ ਜਾਵੇ। ਪਰ ਜਦੋਂ ਰਾਜ ਸੱਤਾ ਦੇ ਸੁਆਮੀ ਉੱਤੇ ਹੀ ਸ਼ੱਕ ਦੀ ਉਂਗਲੀ ਉਠਦੀ ਹੈ ਤਾਂ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਕਰਦਾ, ਮੀਡੀਆ ਅਜਿਹੀਆਂ ਖ਼ਬਰਾਂ ਤੋਂ ਪਾਸਾ ਵੱਟ ਜਾਂਦਾ ਹੈ। ਦੇਸ਼ ਦੀ ਮੌਜੂਦਾ ਹਾਲਤ ਤਕੜੇ ਦਾ ਸੱਤੀਂ ਵੀਹੀਂ ਸੌ ਵਾਲੀ ਬਣ ਚੁੱਕੀ ਹੈ।