Latest News
ਮੁੱਦਾ ਮੌਨਸੂਨ ਦੀਆਂ ਪੇਸ਼ਬੰਦੀਆਂ ਦਾ

Published on 25 Jun, 2018 11:15 AM.


ਇਹ ਜੂਨ ਦਾ ਆਖਰੀ ਹਫਤਾ ਹੈ। ਜੁਲਾਈ ਨੂੰ ਆਮ ਕਰ ਕੇ ਮੌਨਸੂਨ ਦਾ ਮਹੀਨਾ ਗਿਣਿਆ ਜਾਂਦਾ ਹੈ। ਕਈ ਵਾਰੀ ਕੁਝ ਦੇਰੀ ਨਾਲ ਆ ਜਾਂਦੀ ਤੇ ਅਗਸਤ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰੀ ਜੁਲਾਈ ਦੇ ਪਹਿਲੇ ਹਫਤੇ ਪੰਜਾਬ ਪਹੁੰਚ ਜਾਣ ਨਾਲ ਸਾਡੇ ਲੋਕ ਕਿਸੇ ਤਿਆਰੀ ਤੋਂ ਬਿਨਾਂ ਅਵਸੇਲੇ ਫਸ ਜਾਇਆ ਕਰਦੇ ਹਨ। ਪਿਛਲੇਰੇ ਸਾਲ ਦਾ ਤਜਰਬਾ ਇਸ ਮਾਮਲੇ ਵਿੱਚ ਸਾਰਿਆਂ ਤੋਂ ਵੱਖਰਾ ਸੀ। ਓਦੋਂ ਮੀਂਹ ਪੈਣ ਲੱਗ ਪਏ ਤਾਂ ਲੋਕ ਕਸੂਤੇ ਫਸ ਗਏ। ਚਾਰ ਦਿਨਾਂ ਮਗਰੋਂ ਮੌਸਮ ਦੇ ਨਾਲ ਸੰਬੰਧਤ ਵਿਭਾਗ ਨੇ ਕਿਹਾ ਕਿ ਮੌਨਸੂਨ ਪੰਜਾਬ ਵਿੱਚ ਆ ਗਈ ਹੈ ਤੇ ਕੁਝ ਦਿਨ ਮੀਂਹ ਪੈਂਦੇ ਰਹਿਣਗੇ। ਰਾਤ ਪੈਣ ਤੀਕਰ ਮੀਂਹ ਬੰਦ ਹੋ ਗਿਆ ਤੇ ਜਦੋਂ ਕਈ ਦਿਨ ਸੁੱਕੇ ਲੰਘ ਗਏ ਤਾਂ ਦਿੱਲੀ ਤੋਂ ਮੌਸਮ ਵਿਭਾਗ ਨੇ ਕਿਹਾ ਕਿ ਅੰਦਾਜ਼ੇ ਦੀ ਗਲਤੀ ਲੱਗ ਗਈ ਹੈ, ਇਹ ਮੌਨਸੂਨ ਨਹੀਂ ਸੀ, ਮੌਨਸੂਨ ਦੇ ਅਗੇਤੇ ਛਰ੍ਹਾਟੇ ਸਨ, ਜਿਨ੍ਹਾਂ ਨੂੰ ਪ੍ਰੀ-ਮੌਨਸੂਨ ਕਹਿੰਦੇ ਹਨ। ਕੁਝ ਦਿਨ ਪਿੱਛੋਂ ਜਦੋਂ ਫਿਰ ਮੀਂਹ ਪੈਣ ਲੱਗਾ ਤਾਂ ਮੌਸਮ ਵਿਭਾਗ ਕਈ ਦਿਨ ਅਗਲਾ ਬਿਆਨ ਦੇਣ ਤੋਂ ਝਿਜਕਦਾ ਰਿਹਾ ਸੀ।
ਸਿਰਫ ਪੰਜਾਬ ਨਾਲ ਏਦਾਂ ਨਹੀਂ ਹੁੰਦੀ, ਹੋਰਨਾਂ ਥਾਂਵਾਂ ਉੱਤੇ ਵੀ ਏਦਾਂ ਵਾਪਰ ਜਾਂਦਾ ਹੈ। ਇਸ ਵਾਰੀ ਮੁੰਬਈ ਵਿੱਚ ਜਿਹੜਾ ਕਹਿਰ ਵਰਤਿਆ ਪਿਆ ਹੈ, ਓਥੇ ਵੀ ਇਹੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਬਾਰੇ ਭਵਿੱਖਬਾਣੀ ਅਸਲ ਵਿੱਚ ਹੋਰ ਸੀ ਵਾਪਰਿਆ ਹੋਰ ਹੈ। ਪਿਛਲੇ ਹਫਤੇ ਕਿਹਾ ਗਿਆ ਸੀ ਕਿ ਮੌਨਸੂਨ ਅਗੇਤੀ ਆ ਗਈ ਹੈ। ਫਿਰ ਕਿਹਾ ਜਾਣ ਲੱਗ ਪਿਆ ਕਿ ਮੌਨਸੂਨ ਰਸਤਾ ਬਦਲ ਗਈ ਹੈ। ਜਦੋਂ ਮੁੰਬਈ ਵਿੱਚ ਮੀਂਹ ਪੈਣ ਲੱਗ ਪਏ ਤਾਂ ਇਹ ਕਿਹਾ ਜਾਣ ਲੱਗਾ ਕਿ ਮੌਨਸੂਨ ਇੱਕ ਦਮ ਦੋਬਾਰਾ ਸਰਗਰਮ ਹੋ ਗਈ ਹੈ। ਇਹ ਕੁਦਰਤੀ ਵਰਤਾਰਾ ਹੈ। ਕਦੇ ਵੀ ਕੋਈ ਮੋੜਾ ਕੱਟਣ ਲਈ ਉਸ ਨੇ ਕਿਸੇ ਸਰਕਾਰ ਜਾਂ ਮੌਸਮ ਵਿਭਾਗ ਤੋਂ ਇਸ ਦੀ ਪ੍ਰਵਾਨਗੀ ਲੈਣ ਲਈ ਅਰਜ਼ੀ ਨਹੀਂ ਦੇਣ ਜਾਣ ਹੁੰਦਾ। ਮੁੰਬਈ ਦਾ ਹਾਲ ਇਸ ਵੇਲੇ ਏਨਾ ਮੰਦਾ ਹੋਇਆ ਪਿਆ ਹੈ ਕਿ ਲੋਕ ਬੁਰੀ ਤਰ੍ਹਾਂ ਫਸੇ ਹੋਏ ਮਹਿਸੂਸ ਕਰਦੇ ਹਨ, ਜ਼ਰੂਰੀ ਸੇਵਾਵਾਂ ਠੱਪ ਹੋਣ ਦੀ ਦੁਹਾਈ ਮੀਡੀਆ ਦੇ ਸਾਰੇ ਚੈਨਲ ਪਾ ਰਹੇ ਹਨ ਤੇ ਸਰਕਾਰ ਸਫਾਈਆਂ ਦੇ ਰਹੀ ਹੈ।
ਜੋ ਕੁਝ ਇਸ ਵਕਤ ਮੁੰਬਈ ਵਿੱਚ ਵਾਪਰ ਰਿਹਾ ਹੈ, ਇਹ ਕੱਲ੍ਹ-ਕਲੋਤਰ ਨੂੰ ਪੰਜਾਬ ਵਿੱਚ ਵੀ ਵਰਤ ਸਕਦਾ ਹੈ ਤੇ ਇਸ ਤੋਂ ਵੀ ਮਾੜੀ ਹਾਲਤ ਸਾਹਮਣੇ ਆ ਸਕਦੀ ਹੈ। ਸਾਡੇ ਪੰਜਾਬ ਵਿੱਚ ਅਸੀਂ ਲੋਕ ਉਂਜ ਵੀ 'ਬੂਹੇ ਖਲੋਤੀ ਜੰਞ'’ ਵੇਖ ਕੇ ਕੁੜੀ ਦੇ ਕੰਨ ਵਿੰਨ੍ਹਣ ਦੇ ਆਦੀ ਹਾਂ। ਹਰ ਕੰਮ ਐਨ ਖੜੇ ਪੈਰ ਕਰਨ ਦੀ ਪੁਰਾਣੀ ਮਰਜ਼ ਹੀ ਖਹਿੜਾ ਨਹੀਂ ਛੱਡਦੀ ਤਾਂ ਬਾਕੀ ਕੰਮ ਇਸ ਲਈ ਨਹੀਂ ਕੀਤੇ ਜਾਂਦੇ ਕਿ ਅਜੇ ਕੁਝ ਨਹੀਂ ਹੋਣ ਵਾਲਾ। ਕਈ ਵਾਰੀ ਪੰਜਾਬ ਦੇ ਲੋਕ ਸਰਕਾਰੀ ਵਿਭਾਗਾਂ ਦੀ ਇਸ ਆਦਤ ਦਾ ਖਮਿਆਜ਼ਾ ਭੁਗਤ ਚੁੱਕੇ ਹਨ। ਇਸ ਵਾਰੀ ਫਿਰ ਲੋਕਾਂ ਵਿੱਚੋਂ ਜੋ ਕੁਝ ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਇਹ ਅੰਦਾਜ਼ੇ ਅਗੇਤੇ ਲਾਏ ਜਾਣ ਲੱਗ ਪਏ ਹਨ ਕਿ ਜਦੋਂ ਬਰਸਾਤ ਦੀ ਛਹਿਬਰ ਸ਼ੁਰੂ ਹੋਵੇਗੀ, ਸਾਡੇ ਗੰਦੇ ਨਾਲੇ ਉਸ ਦਾ ਪਾਣੀ ਝੱਲ ਸਕਣ ਦੀ ਸਥਿਤੀ ਵਿੱਚ ਸ਼ਾਇਦ ਪੂਰੇ ਨਹੀਂ ਉੱਤਰ ਸਕਣਗੇ।
ਵੱਖ-ਵੱਖ ਸ਼ਹਿਰਾਂ ਦੇ ਨਾਲ ਹੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚੋਂ ਵੀ ਇਹੋ ਰਿਪੋਰਟਾਂ ਆ ਰਹੀਆਂ ਹਨ ਕਿ ਜਿੱਥੇ ਕਿਤੇ ਸਰਕਾਰੀ ਵਿਭਾਗਾਂ ਨੂੰ ਬਰਸਾਤ ਤੋਂ ਪਹਿਲਾਂ ਦੀਆਂ ਪੇਸ਼ਬੰਦੀਆਂ ਕਰਨ ਦੇ ਲਈ ਭੇਜਿਆ ਗਿਆ ਹੈ, ਬਹੁਤਾ ਕਰ ਕੇ ਲੀਪਾਪੋਚੀ ਕਰ ਕੇ ਡੰਗ ਟਪਾਇਆ ਗਿਆ ਹੈ। ਜਿਹੜੀਆਂ ਵੇਈਂਆਂ, ਚੋਆਂ ਤੇ ਰੋਹੀਆਂ ਵਿੱਚ ਨਾਜਾਇਜ਼ ਕਬਜ਼ੇ ਕਰਨ ਦੇ ਬਾਅਦ ਕੁਦਰਤੀ ਵਹਿਣ ਦੇ ਲਈ ਰਾਹ ਹੀ ਨਹੀਂ ਛੱਡਿਆ ਗਿਆ, ਉਨ੍ਹਾਂ ਵਿੱਚੋਂ ਪਾਣੀ ਨਹੀਂ ਲੰਘ ਸਕਣਾ। ਇਸ ਤੋਂ ਬਿਨਾਂ ਜਿਹੜੇ ਹੋਰ ਨਦੀ-ਨਾਲੇ ਗੰਦੀ ਗਾਰ ਨਾਲ ਅੱਟੇ ਪਏ ਹਨ, ਉਨ੍ਹਾਂ ਦੀ ਸਫਾਈ ਦਾ ਕੰਮ ਵੀ ਵਿਉਂਤ ਦੇ ਮੁਤਾਬਕ ਮੁਕੰਮਲ ਕਰਨ ਦੀ ਬਹੁਤੀ ਰੁਚੀ ਨਹੀਂ ਵਿਖਾਈ ਜਾ ਰਹੀ। ਇਨ੍ਹਾਂ ਨਾਲਿਆਂ, ਵੇਈਂਆਂ ਅਤੇ ਚੋਆਂ ਦੇ ਕੰਢਿਆਂ ਉੱਤੇ ਵੱਸਦੇ ਲੋਕਾਂ ਨੂੰ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਹਨ ਕਿ ਅਸੀਂ ਸਰਕਾਰੀ ਵਿਭਾਗਾਂ ਦੀ ਆਸ ਰੱਖਣੀ ਛੱਡ ਦਿੱਤੀ ਹੈ ਤੇ ਹਰ ਸਾਲ ਬਾਰਸ਼ ਦੇ ਦਿਨਾਂ ਵਿੱਚ ਆਪਣੇ ਪਿੰਡਾਂ ਵਿੱਚ ਅਗੇਤੇ ਪ੍ਰਬੰਧ ਇਸ ਲਈ ਆਪਣੇ ਆਪ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਸਰਕਾਰ ਦੇ ਅਫਸਰ ਤਾਂ ਹਰ ਕੰਮ ਵਿੱਚੋਂ ਕੁੰਡੀ ਲਾਉਣ ਦੀ ਸੋਚ ਵਿੱਚੋਂ ਹੀ ਬਾਹਰ ਨਹੀਂ ਨਿਕਲਦੇ। ਜਿਹੜੀਆਂ ਗੱਲਾਂ ਮੀਡੀਆ ਵਿੱਚ ਆ ਰਹੀਆਂ ਹਨ, ਇਹ ਪੰਜਾਬ ਸਰਕਾਰ ਦੇ ਸਕੱਤਰੇਤ ਤੱਕ ਵੀ ਪਹੁੰਚਦੀਆਂ ਹੋਣਗੀਆਂ।
ਆਪਣੇ ਵਿਹੜੇ ਤੱਕ ਮੁਸੀਬਤ ਆਈ ਵੇਖ ਕੇ ਹੀ ਨਹੀਂ ਜਾਗਣਾ ਚਾਹੀਦਾ, ਕਿਸੇ ਹੋਰ ਥਾਂ ਦੇ ਲੋਕਾਂ ਨੂੰ ਭੁਗਤ ਰਹੇ ਵੇਖ ਕੇ ਵੀ ਇਹ ਸੋਚਿਆ ਜਾ ਸਕਦਾ ਹੈ ਕਿ ਅਗਲੀ ਵਾਰੀ ਸਾਡੀ ਨਾ ਲੱਗ ਜਾਵੇ, ਇਸ ਲਈ ਵੇਲੇ ਸਿਰ ਕੁਝ ਕਰਨ ਦੀ ਲੋੜ ਹੈ। ਮੁੰਬਈ ਦੇ ਹਾਲਾਤ ਨੇ ਨੀਂਦ ਖੋਲ੍ਹਣ ਦੇ ਲਈ ਮੌਕਾ ਪੈਦਾ ਕਰ ਦਿੱਤਾ ਹੈ। ਸਰਕਾਰ ਦੇ ਸਾਰੇ ਵਿਭਾਗਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਸਮਝਣੀ ਅਤੇ ਅਗਲੇ ਦਿਨਾਂ ਵਿੱਚ ਇਸ ਕੰਮ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਵਕਤ ਸਾਡੇ ਕੋਲ ਬਹੁਤਾ ਨਹੀਂ ਰਿਹਾ। ਜੂਨ ਮੁੱਕ ਚੱਲਿਆ ਹੈ ਤੇ ਜੁਲਾਈ ਦੇ ਕਿਸੇ ਵੇਲੇ ਵੀ ਮੁਸ਼ਕਲ ਆ ਸਕਦੀ ਹੈ। ਇਸ ਲਈ ਸਰਕਾਰ ਨੂੰ ਅਤੇ ਸਰਕਾਰ ਦੇ ਮੁਖੀ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
-ਜਤਿੰਦਰ ਪਨੂੰ

714 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper