Latest News
ਔਰਤਾਂ ਵਿਰੁੱਧ ਅਪਰਾਧ : ਇੱਕ ਬਦਨੁਮਾ ਧੱਬਾ

Published on 27 Jun, 2018 11:15 AM.

ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਖ਼ਬਰ ਦੀ ਕਾਫ਼ੀ ਚਰਚਾ ਹੋਈ। ਇਸ ਖ਼ਬਰ ਮੁਤਾਬਕ ਵਿਸ਼ਵ ਭਰ ਦੇ ਸਭ ਤੋਂ ਘੱਟ ਤੇ ਸਭ ਤੋਂ ਜ਼ਿਆਦਾ ਭੁੱਖਮਰੀ ਵਾਲੇ ਦੇਸ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਵਿੱਚ ਸਭ ਤੋਂ ਘੱਟ ਭੁੱਖਮਰੀ ਵਾਲੇ ਦੇਸ਼ ਨੂੰ ਇੱਕ ਨੰਬਰ ਉੱਤੇ ਰੱਖਿਆ ਗਿਆ। ਇਸ ਸੂਚੀ ਮੁਤਾਬਕ ਭਾਰਤ ਦਾ ਦਰਜਾ 100ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਇਸ ਸਰਵੇ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ 2014 ਵਿੱਚ ਭਾਰਤ 55ਵੇਂ, 2015 ਵਿੱਚ 80ਵੇਂ, 2016 ਵਿੱਚ 97ਵੇਂ ਤੇ 2017 ਵਿੱਚ 100ਵੇਂ ਸਥਾਨ ਉੱਤੇ ਪੁੱਜ ਗਿਆ। ਇਸ ਰਿਪੋਰਟ ਨੂੰ ਅੱਗੇ ਤੋਂ ਅੱਗੇ ਤੋਰਨ ਵਾਲਿਆਂ ਨੇ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਲਿਖਿਆ ਕਿ ਮੋਦੀ ਨੇ ਸੱਚ ਹੀ ਕਿਹਾ ਸੀ, 'ਨਾ ਖਾਵਾਂਗਾ ਨਾ ਖਾਣ ਦੇਵਾਂਗਾ।' ਇਸ ਰਿਪੋਰਟ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਸਰਵੇ ਕਿਸ ਏਜੰਸੀ ਨੇ ਜਾਂ ਯੂ ਐੱਨ ਦੀ ਕਿਸ ਇਕਾਈ ਨੇ ਕੀਤਾ ਸੀ, ਬਾਰੇ ਨਹੀਂ ਦੱਸਿਆ ਗਿਆ। ਇਸ ਲਈ ਅਸੀਂ ਇਸ ਸਰਵੇ ਰਿਪੋਰਟ ਬਾਰੇ ਅੱਗੇ ਵਧਣ ਦੀ ਥਾਂ ਇੱਕ ਨਵੀਂ ਸਰਵੇ ਰਿਪੋਰਟ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ। ਇਹ ਸਰਵੇ ਇੱਕ ਨਾਮੀ ਸੰਸਥਾ ਥਾਮਸਨ ਰਾਈਟਰਜ਼ ਫਾਊਂਡੇਸ਼ਨ ਨੇ ਕੀਤਾ ਹੈ। ਇਹ ਸਰਵੇ ਸੰਯੁਕਤ ਰਾਸ਼ਟਰ ਨਾਲ ਸੰਬੰਧਤ 193 ਦੇਸ਼ਾਂ ਵਿੱਚ 500 ਮਾਹਰਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਸਰਵੇ ਦਾ ਮਕਸਦ ਉਨ੍ਹਾਂ ਦੇਸਾਂ ਦੀ ਸੂਚੀ ਤਿਆਰ ਕਰਨਾ ਸੀ, ਜਿੱਥੇ ਔਰਤਾਂ ਵਿਰੁੱਧ ਜਿਨਸੀ ਅਪਰਾਧ, ਉਨ੍ਹਾਂ ਦੀ ਤਸਕਰੀ ਤੇ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਸੰਬੰਧੀ ਹਾਲਾਤ ਸਭ ਤੋਂ ਬਦਤਰ ਹੋਣ। 'ਦੀ ਵਾਇਰ' ਦੀ ਰਿਪੋਰਟ ਮੁਤਾਬਕ 26 ਅਗਸਤ ਤੋਂ 4 ਮਈ ਤੱਕ ਕੀਤੇ ਗਏ ਇਸ ਸਰਵੇ ਦੌਰਾਨ ਆਨਲਾਈਨ, ਟੈਲੀਫ਼ੋਨ ਰਾਹੀਂ ਤੇ ਮਿਲਜੁਲ ਕੇ ਗੱਲਬਾਤ ਰਾਹੀਂ ਇਸ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਕੰਮ ਵਿੱਚ ਲੱਗੇ ਮਾਹਰਾਂ ਵਿੱਚ ਯੂਰਪ, ਅਫ਼ਰੀਕਾ, ਅਮਰੀਕਾ ਤੇ ਦੱਖਣ-ਪੂਰਬੀ ਏਸ਼ੀਆ ਦੇ ਪੇਸ਼ਾਵਰ, ਸਿੱਖਿਆ ਸ਼ਾਸਤਰੀ, ਸਿਹਤ ਕਰਮਚਾਰੀ, ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਜੁੜੇ ਲੋਕ, ਨੀਤੀ ਘਾੜੇ, ਵਿਕਾਸ ਮਾਹਰ ਤੇ ਸਮਾਜਿਕ ਟਿੱਪਣੀਕਾਰ ਸ਼ਾਮਲ ਸਨ। ਇਸ ਸਰਵੇ ਮੁਤਾਬਕ ਭਾਰਤ ਪੂਰੀ ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਤੇ ਅਸੁਰੱਖਿਅਤ ਦੇਸ਼ ਹੈ। ਸਰਵੇ ਦੌਰਾਨ ਲੋਕਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਸਿਹਤ, ਆਰਥਿਕ ਹਾਲਤ, ਪੁਰਾਤਨ ਪ੍ਰੰਪਰਾਵਾਂ, ਯੌਨ ਉਤਪੀੜਨ, ਹਿੰਸਾ, ਮਾਨਵ ਤਸਕਰੀ ਦੇ ਮਾਮਲੇ ਵਿੱਚ ਕਿਹੜਾ ਦੇਸ ਸਭ ਤੋਂ ਖ਼ਰਾਬ ਹੈ। ਸਰਵੇ ਵਿੱਚ ਸ਼ਾਮਲ ਲੋਕਾਂ ਨੇ ਭਾਰਤ ਨੂੰ ਮਨੁੱਖੀ ਤਸਕਰੀ, ਯੌਨ ਹਿੰਸਾ, ਸੈਕਸ ਗੁਲਾਮੀ, ਘਰੇਲੂ ਗੁਲਾਮੀ, ਜ਼ਬਰਦਸਤੀ ਵਿਆਹ ਅਤੇ ਭਰੂਣ ਹੱਤਿਆ ਦੇ ਅਧਾਰ ਉੱਤੇ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਦੱਸਿਆ। ਇਸ ਸੂਚੀ ਵਿੱਚ ਭਾਰਤ ਨੂੰ ਇੱਕ ਨੰਬਰ ਉੱਤੇ ਰੱਖਿਆ ਗਿਆ ਹੈ। ਅਫ਼ਗਾਨਿਸਤਾਨ ਆਰਥਿਕ ਹਾਲਤਾਂ, ਸਿਹਤ ਸੁਵਿਧਾਵਾਂ ਦੀ ਕਮੀ ਅਤੇ ਯੌਨ ਹਿੰਸਾ ਕਾਰਨ ਦੂਜੇ ਸਥਾਨ ਉੱਤੇ ਹੈ। ਸੀਰੀਆ ਅਤੇ ਸੋਮਾਲੀਆ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਯੁੱਧ ਕਾਰਨ ਔਰਤਾਂ ਦੀ ਸਥਿਤੀ ਕਾਫ਼ੀ ਖ਼ਰਾਬ ਹੈ। ਇਹ ਦੋਵੇਂ ਦੇਸ਼ ਤੀਜੇ ਤੋਂ ਚੌਥੇ ਸਥਾਨ ਉੱਤੇ ਆਉਂਦੇ ਹਨ। ਇਸ ਸੂਚੀ ਵਿੱਚ ਸਾਊਦੀ ਅਰਬ ਪੰਜਵੇਂ ਸਥਾਨ ਉੱਤੇ ਹੈ। ਇੱਥੇ ਕੰਮ ਵਾਲੀਆਂ ਥਾਵਾਂ ਉੱਤੇ ਔਰਤਾਂ ਨਾਲ ਭੇਦਭਾਵ ਅਤੇ ਮੁਸਲਿਮ ਧਾਰਮਿਕ ਪ੍ਰੰਪਰਾਵਾਂ ਕਾਰਨ ਉਹ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਹੈ। ਪਾਕਿਸਤਾਨ ਵਿੱਚ ਘਰੇਲੂ ਹਿੰਸਾ ਤੇ ਇੱਜ਼ਤ ਦੇ ਨਾਂਅ ਉੱਤੇ ਔਰਤਾਂ ਦੀਆਂ ਹੱਤਿਆਵਾਂ ਦੇ ਮਾਮਲੇ ਲਗਾਤਾਰ ਜਾਰੀ ਹਨ। ਸੰਨ 2011 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਚੱਲਦੀ ਬੱਸ ਵਿੱਚ ਵਾਪਰੇ ਨਿਰਭੈ ਕਾਂਡ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੀ ਯੌਨ ਹਿੰਸਾ ਪੂਰੇ ਦੇਸ਼ ਲਈ ਇੱਕ ਮਹੱਤਵਪੂਰਨ ਮੁੱਦਾ ਬਣ ਗਿਆ ਸੀ। ਸਮੁੱਚੇ ਦੇਸ਼ ਅੰਦਰ ਹਰ ਛੋਟੇ-ਵੱਡੇ ਸ਼ਹਿਰ ਵਿੱਚ ਲੋਕਾਂ ਨੇ ਇਸ ਵਹਿਸ਼ੀ ਕਾਂਡ ਵਿਰੁੱਧ ਸੜਕਾਂ ਉੱਤੇ ਨਿਕਲ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਦੇਸ਼ਵਾਸੀਆਂ ਦੇ ਇਸੇ ਰੋਹ ਕਾਰਨ ਕੇਂਦਰ ਦੀ ਸਰਕਾਰ ਨੂੰ ਸੰਸਦ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੀ ਵਿਵਸਥਾ ਵਾਲਾ ਇੱਕ ਕਾਨੂੰਨ ਪਾਸ ਕਰਨਾ ਪਿਆ। ਪਰ ਕੀ ਇਸ ਕਾਨੂੰਨ ਦੇ ਪਾਸ ਹੋਣ ਬਾਅਦ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ ਕੋਈ ਕਮੀ ਆਈ? ਜਵਾਬ ਹੈ ਬਿਲਕੁੱਲ ਨਹੀਂ। ਸੰਨ 2011 ਵਿੱਚ ਅਜਿਹੇ ਹੀ ਸਰਵੇ ਵਿੱਚ ਅਫ਼ਗਾਨਿਸਤਾਨ, ਕਾਂਗੋ ਤੇ ਪਾਕਿਸਤਾਨ ਤੋਂ ਬਾਅਦ ਅਸੀਂ ਚੌਥੇ ਉੱਤੇ ਸਾਂ ਤੇ ਹੁਣ ਛਾਲ ਮਾਰ ਕੇ ਪਹਿਲੇ ਸਥਾਨ ਉੱਤੇ ਪੁੱਜ ਗਏ ਹਾਂ ਤੇ ਪਾਕਿਸਤਾਨ ਤੀਜੇ ਤੋਂ ਛੇਵੇਂ ਸਥਾਨ ਉੱਤੇ ਪੁੱਜ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਵੀ 2007 ਤੋਂ 2016 ਵਿਚਕਾਰ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਵਿੱਚ 83 ਫ਼ੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਵਿੱਚ ਹਰ ਘੰਟੇ ਅੰਦਰ ਰੇਪ ਦੇ ਚਾਰ ਕੇਸ ਦਰਜ ਹੁੰਦੇ ਹਨ, ਜਦੋਂ ਕਿ ਉਨ੍ਹਾਂ ਕੇਸਾਂ ਦੀ ਕੋਈ ਗਿਣਤੀ ਨਹੀਂ, ਜਿਹੜੇ ਕਿਸੇ ਨਾ ਕਿਸੇ ਕਾਰਨ ਦਰਜ ਹੀ ਨਹੀਂ ਹੁੰਦੇ। ਭਾਰਤ ਦੇਵੀਆਂ ਦੀ ਪੂਜਾ ਕਰਨ ਵਾਲਾ ਦੇਸ਼ ਹੈ। ਇੱਥੇ ਕੰਜਕਾਂ ਨੂੰ ਸਤਿਕਾਰ ਦੇਣ ਦੀ ਪ੍ਰਥਾ ਹੈ। ਇਸ ਦੇ ਬਾਵਜੂਦ ਸਾਡੇ ਦੇਸ਼ ਦਾ ਔਰਤਾਂ ਦੀ ਸੁਰੱਖਿਆ ਪੱਖੋਂ ਦੁਨੀਆ ਭਰ ਵਿੱਚੋਂ ਬਦਤਰ ਦੇਸ਼ ਵਜੋਂ ਜਾਣਿਆ ਜਾਣਾ ਸਾਡੇ ਲਈ ਵੱਡੀ ਨਮੋਸ਼ੀ ਦੀ ਗੱਲ ਹੈ। ਇਹ ਸਾਡੇ ਹੁਕਮਰਾਨਾਂ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਲਾਏ ਜਾ ਰਹੇ ਨਾਅਰੇ ਦੀ ਸਾਰਥਕਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਸੰਬੰਧੀ ਸਾਨੂੰ ਰਾਜਨੀਤਕ, ਸਮਾਜਿਕ ਤੇ ਵਿਚਾਰਧਾਰਕ ਤੌਰ ਉੱਤੇ ਸਮੂਹਿਕ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਔਰਤਾਂ ਦੀ ਸੁਰੱਖਿਆ ਪੱਖੋਂ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕੀਏ।

1262 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
We learn a...

e-Paper