Latest News
ਅਰਥ-ਵਿਵਸਥਾ ਬੁਰੇ ਦੌਰ ਵਿੱਚ

Published on 29 Jun, 2018 11:18 AM.


ਬੀਤੇ ਵੀਰਵਾਰ ਨੂੰ ਅੰਤਰ ਬੈਂਕਿੰਗ ਕਰੰਸੀ ਬਜ਼ਾਰ ਵਿੱਚ ਰੁਪਿਆ 69.10 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਡਿਗ ਗਿਆ ਸੀ, ਭਾਵੇਂ ਬਾਅਦ ਵਿੱਚ ਇਸ ਵਿੱਚ ਕੁਝ ਤੇਜ਼ੀ ਵੀ ਆਈ। ਰੁਪਏ ਦੀ ਕੀਮਤ 'ਚ ਇਹ ਗਿਰਾਵਟ ਕਈ ਦਿਨਾਂ ਤੋਂ ਜਾਰੀ ਹੈ। ਪਿਛਲੇ ਦਿਨਾਂ ਦੌਰਾਨ ਭਾਰਤੀ ਰੁਪਏ ਵਿੱਚ 37 ਪੈਸੇ ਦੀ ਗਿਰਾਵਟ ਨਾਲ ਇਹ 19 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 68 ਰੁਪਏ 62 ਪੈਸੇ ਪ੍ਰਤੀ ਡਾਲਰ 'ਤੇ ਆ ਗਿਆ ਸੀ। ਬੀਤੇ ਪੰਜ ਦਿਨਾ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਰੁਪਿਆ ਡਾਲਰ ਮੁਕਾਬਲੇ 95 ਪੈਸੇ ਕਮਜ਼ੋਰ ਹੋ ਗਿਆ ਸੀ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਸ੍ਰੀ ਰਵੀਸ਼ੰਕਰ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਇਹ ਜਾਣ ਕੇ ਮਨ ਨੂੰ ਤਾਜ਼ਗੀ ਆ ਜਾਂਦੀ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਤੋਂ ਬਾਅਦ ਇੱਕ ਡਾਲਰ ਦੀ ਕੀਮਤ 40 ਰੁਪਏ ਹੋ ਜਾਵੇਗੀ। ਹੁਣ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਚਾਰ ਸਾਲ ਹੋ ਗਏ ਹਨ, ਪਰ ਰੁਪਿਆ ਪ੍ਰਤੀ ਡਾਲਰ 40 ਰੁਪਏ ਦੇ ਆਸ-ਪਾਸ ਪੁੱਜਣ ਦੀ ਥਾਂ 70 ਰੁਪਏ ਦੇ ਨੇੜੇ ਪੁੱਜ ਚੁੱਕਾ ਹੈ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਸਮੇਂ ਨਰਿੰਦਰ ਮੋਦੀ ਮਜ਼ਾਕ ਕਰਿਆ ਕਰਦੇ ਸਨ ਕਿ ਲੱਗਦਾ ਹੈ ਰੁਪਏ ਦੀ ਵਟਾਂਦਰਾ ਦਰ ਡਾਲਰ ਦੇ ਮੁਕਾਬਲੇ ਮਨਮੋਹਨ ਸਿੰਘ ਦੀ ਉਮਰ ਵਾਂਗ ਹੀ ਵਧ ਰਹੀ ਹੈ। ਮੋਦੀ ਦੇ ਉਸ ਬਿਆਨ ਦਾ ਮਜ਼ਾਕ ਉਡਾਉਂਦਿਆਂ ਕਾਂਗਰਸ ਬੁਲਾਰੇ ਨੇ ਕਿਹਾ ਹੈ ਕਿ ਹੁਣ ਤਾਂ ਰੁਪਏ ਦੀ ਵਟਾਂਦਰਾ ਦਰ ਮੋਦੀ ਦੀ ਉਮਰ ਨੂੰ ਵੀ ਪਾਰ ਕਰ ਚੁੱਕੀ ਹੈ, ਇਹ ਮੋਦੀ ਦੇ ਦਾਅਵੇ ਮੁਤਾਬਕ 45 ਰੁਪਏ ਉਤੇ ਕਦੋਂ ਆਵੇਗੀ?
ਅਸਲ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਆਰਥਿਕ ਕਦਮਾਂ ਨੇ ਹੀ ਦੇਸ ਨੂੰ ਇਸ ਸਥਿਤੀ ਵਿੱਚ ਪੁਚਾਇਆ ਹੈ। ਨੋਟਬੰਦੀ ਤੇ ਜੀ ਐੱਸ ਟੀ ਕਾਰਨ ਅਰਥ ਵਿਵਸਥਾ ਵਿੱਚ ਆਈ ਗਿਰਾਵਟ ਹਾਲੇ ਵੀ ਪੈਰਾਂ ਸਿਰ ਨਹੀਂ ਹੋ ਸਕੀ। ਹਾਲੇ ਤੱਕ ਮੰਗ ਨੋਟਬੰਦੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਨਹੀਂ ਪਹੁੰਚ ਸਕੀ। ਮੰਗ ਨਾ ਹੋਣ ਦਾ ਮਤਲਬ ਹੈ ਲੋਕਾਂ ਪਾਸ ਪੈਸਾ ਨਹੀਂ ਹੈ। ਮੰਗ ਨਾ ਹੋਣ ਉੱਤੇ ਉਦਯੋਗਾਂ ਦੀ ਵੀ ਰਫ਼ਤਾਰ ਮੱਠੀ ਹੋ ਗਈ, ਜਿਸ ਕਾਰਨ ਲੋਕਾਂ ਦੇ ਰੁਜ਼ਗਾਰ ਉਤੇ ਵੀ ਅਸਰ ਪਿਆ।
ਇਸੇ ਕਾਰਨ ਹੀ ਦੇਸ ਵਿੱਚ ਨਿਵੇਸ਼ ਘਟਦਾ ਗਿਆ। ਐੱਫ਼ ਡੀ ਆਈ ਵਿੱਚ ਢਿੱਲ ਦੇਣ ਦੇ ਬਾਵਜੂਦ ਵਧਿਆ ਨਹੀਂ। ਕਿਸੇ ਵੀ ਅਰਥ ਵਿਵਸਥਾ ਲਈ ਸਭ ਤੋਂ ਜ਼ਰੂਰੀ ਨਿਵੇਸ਼ ਹੁੰਦਾ ਹੈ, ਪ੍ਰੰਤੂ ਭਾਰਤ ਵਿੱਚ ਘਰੇਲੂ ਦੇ ਨਾਲ-ਨਾਲ ਵਿਦੇਸ਼ੀ ਨਿਵੇਸ਼ ਦੀ ਹਾਲਤ ਵੀ ਪਤਲੀ ਹੈ। ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਮੁਤਾਬਕ ਭਾਰਤ ਵਿੱਚ 2007 ਦੇ ਮੁਕਾਬਲੇ 2018 ਵਿੱਚ ਵਿਦੇਸ਼ੀ ਨਿਵੇਸ਼ ਵਿੱਚ 9 ਫ਼ੀਸਦੀ ਦੀ ਕਮੀ ਆਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੜਾਧੜ ਵਿਦੇਸ਼ੀ ਦੌਰਿਆਂ ਦੇ ਬਾਵਜੂਦ ਉਹ ਵਿਦੇਸ਼ੀ ਨਿਵੇਸ਼ਕਾਂ ਨੂੰ ਪ੍ਰਭਾਵਤ ਕਰਨ ਵਿੱਚ ਅਸਫ਼ਲ ਰਹੇ ਹਨ। ਨਵੇਂ ਨਿਵੇਸ਼ਕ ਆਉਣ ਦੀ ਥਾਂ ਪੁਰਾਣੇ ਨਿਵੇਸ਼ਕ ਵੀ ਆਪਣਾ ਪੈਸਾ ਭਾਰਤੀ ਬਜ਼ਾਰ ਵਿੱਚੋਂ ਕੱਢ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੀ ਅਰਥ ਵਿਵਸਥਾ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਨੇੜ-ਭਵਿੱਖ ਵਿੱਚ ਇਸ ਦੇ ਸੁਧਰਨ ਦੀ ਕੋਈ ਆਸ ਨਹੀਂ ਹੈ। ਸੰਨ 2018 ਵਿੱਚ ਵਿਦੇਸ਼ੀ ਕਾਰੋਬਾਰੀ ਭਾਰਤੀ ਬਜ਼ਾਰ ਵਿੱਚੋਂ 78 ਹਜ਼ਾਰ ਕਰੋੜ ਰੁਪਏ ਕੱਢ ਚੁੱਕੇ ਹਨ। ਜੇਕਰ ਇਹੋ ਰੁਝਾਨ ਰਿਹਾ ਤਾਂ ਜਲਦੀ ਹੀ ਇਹ ਅੰਕੜਾ 1 ਲੱਖ ਕਰੋੜ ਤੋਂ ਟੱਪ ਜਾਵੇਗਾ। ਦੇਸ ਦੀ ਇਸ ਹਾਲਤ ਲਈ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਜ਼ਿੰਮੇਵਾਰ ਹਨ। ਜਿੰਨਾ ਚਿਰ ਅਸੀਂ ਨਿਵੇਸ਼ਕਾਂ ਅੰਦਰ ਭਰੋਸਾ ਪੈਦਾ ਨਹੀਂ ਕਰਾਂਗੇ, ਸਾਡੀ ਆਰਥਿਕਤਾ ਦਾ ਬੁਰਾ ਦੌਰ ਖ਼ਤਮ ਨਹੀਂ ਹੋਵੇਗਾ। ਜੇਕਰ ਨਿਵੇਸ਼ ਨਹੀਂ ਵਧੇਗਾ, ਤਦ ਨਾ ਨਵੇਂ ਕਾਰੋਬਾਰ ਸ਼ੁਰੂ ਹੋਣਗੇ, ਨਾ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਨਾ ਹੀ ਰੁਪਏ ਦੀ ਕਦਰ ਘਟਾਈ ਰੁਕੇਗੀ।

1404 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper