Latest News
ਬੈਂਕਾਂ ਵਿੱਚ ਘੁਟਾਲੇ-ਦਰ-ਘੁਟਾਲੇ

Published on 02 Jul, 2018 11:52 AM.

ਪਿਛਲੀਆਂ ਲੋਕ ਸਭਾ ਚੋਣਾਂ ਦੀ ਚੋਣ ਮੁਹਿੰਮ ਦੌਰਾਨ ਭਾਜਪਾ ਦੀ ਚੋਣ ਪ੍ਰਚਾਰ ਤੰਤਰ ਦੀ ਟੀਮ ਵੱਲੋਂ ਦੇਸ਼ ਵਾਸੀਆਂ ਸਾਹਮਣੇ ਦਰਪੇਸ਼ ਸਮੱਸਿਆਵਾਂ ਸੰਬੰਧੀ ਬਹੁਤ ਸਾਰੇ ਨਾਅਰੇ ਘੜੇ ਗਏ ਸਨ। ਇਹਨਾਂ ਨਾਅਰਿਆਂ ਰਾਹੀਂ ਵੋਟਰਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਜੇਕਰ ਉਹ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਵੋਟਾਂ ਪਾ ਕੇ ਉਸ ਨੂੰ ਸੱਤਾ ਸੰਭਾਲ ਦੇਣ ਤਾਂ ਉਨ੍ਹਾਂ ਦੀਆਂ ਸਭ ਤਕਲੀਫ਼ਾਂ ਨੂੰ ਦੂਰ ਕਰ ਦਿੱਤਾ ਜਾਵੇਗਾ।
ਇਨ੍ਹਾਂ ਨਾਅਰਿਆਂ ਵਿੱਚੋਂ ਕੁਝ ਅਸੀਂ ਇੱਥੇ ਦੇ ਰਹੇ ਹਾਂ। ''ਬਹੁਤ ਹੋਈ ਮਹਿੰਗਾਈ ਦੀ ਮਾਰ, ਅਬ ਕੀ ਬਾਰ ਮੋਦੀ ਸਰਕਾਰ'', ''ਬਹੁਤ ਹੋਈ ਜਨਤਾ ਪਰ ਪੈਟਰੋਲ, ਡੀਜ਼ਲ ਦੀ ਮਾਰ, ਅਬ ਕੀ ਬਾਰ ਮੋਦੀ ਸਰਕਾਰ'', ਬਹੁਤ ਹੂਆ ਨਾਰੀ ਪਰ ਵਾਰ, ਅਬ ਕੀ ਬਾਰ ਮੋਦੀ ਸਰਕਾਰ'', ''ਬਹੁਤ ਖਾਈ ਰੁਪਏ ਨੇ ਡਾਲਰ ਸੇ ਮਾਰ, ਅਬ ਕੀ ਬਾਰ ਮੋਦੀ ਸਰਕਾਰ'', ''ਬਹੁਤ ਹੂਆ ਭ੍ਰਿਸ਼ਟਾਚਾਰ, ਅਬ ਕੀ ਬਾਰ ਮੋਦੀ ਸਰਕਾਰ''।
ਪਰ ਅੱਜ ਮੋਦੀ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਇਹਨਾਂ ਨਾਅਰਿਆਂ ਦਾ ਹਸ਼ਰ ਵੀ ਉਹੋ ਹੋਇਆ ਹੈ, ਜਿਹੜਾ ਬਦੇਸ਼ਾਂ ਵਿੱਚ ਜਮ੍ਹਾਂ ਭਾਰਤੀਆਂ ਦੇ ਕਾਲੇ ਧਨ ਨੂੰ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰ ਦਿੱਤੇ ਜਾਣ ਵਾਲੇ ਵਾਅਦੇ ਦਾ ਹੋ ਚੁੱਕਾ ਹੈ, ਭਾਵ ਭਾਜਪਾ ਦਾ ਹਰ ਚੋਣ ਵਾਅਦਾ ਚੋਣ ਜੁਮਲਾ ਬਣ ਗਿਆ ਹੈ। ਨੋਟਬੰਦੀ ਤੇ ਜੀ ਐੱਸ ਟੀ ਦੀ ਮਾਰ ਨੇ ਅਰਥ-ਵਿਵਸਥਾ ਨੂੰ ਅਜਿਹਾ ਲੀਹੋਂ ਲਾਹਿਆ ਕਿ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਕਦੋਂ ਪੈਰਾਂ ਸਿਰ ਹੋਵੇਗੀ। ਇਸ ਦੇ ਸਿੱਟੇ ਵਜੋਂ ਮਹਿੰਗਾਈ ਹਰ ਖੇਤਰ ਵਿੱਚ ਅਸਮਾਨ ਛੂਹ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ ਅਤੇ ਇਹ ਹੁਣ ਤੱਕ ਦੇ ਰਿਕਾਰਡ ਪੱਧਰ ਉੱਤੇ ਪੁੱਜ ਚੁੱਕੀਆਂ ਹਨ। ਔਰਤਾਂ ਵਿਰੁੱਧ ਅਪਰਾਧ ਰੁਕਣ ਦਾ ਨਾਂਅ ਨਹੀਂ ਲੈ ਰਹੇ। ਨਰਿੰਦਰ ਮੋਦੀ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਕਿਹਾ ਕਰਦੇ ਸਨ ਕਿ ਜਦੋਂ ਵੋਟ ਪਾਉਣ ਜਾਓ ਤਾਂ ਨਿਰਭੈਆ ਕਾਂਡ ਨੂੰ ਜ਼ਰੂਰ ਯਾਦ ਰੱਖਣਾ, ਪਰ ਅੱਜ ਦੂਜੇ-ਚੌਥੇ ਦਿਨ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕੋÂਂੀ ਨਾ ਕੋਈ ਨਵਾਂ ਨਿਰਭੈਆ ਕਾਂਡ ਹੋ ਰਿਹਾ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਬਹੁਤੇ ਸੂਬਿਆਂ ਵਿੱਚ ਉਸ ਦੀ ਆਪਣੇ ਸਿਰ ਜਾਂ ਫਿਰ ਭਾਈਵਾਲੀ ਵਾਲੀ ਸਰਕਾਰ ਹੈ। ਜੰਮੂ ਦੇ ਕਠੂਆ ਵਿੱਚ ਵਾਪਰੇ ਆਸਿਫ਼ਾ ਬਲਾਤਕਾਰ ਤੇ ਕਤਲ ਕਾਂਡ ਨੇ ਤਾਂ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਮੰਦਸੌਰ ਵਿੱਚ ਇੱਕ ਸੱਤ ਸਾਲਾ ਬਾਲੜੀ ਦੇ ਬਲਾਤਕਾਰ ਤੇ ਕਤਲ ਵਿਰੁੱਧ ਸਾਰਾ ਦੇਸ਼ ਉੱਬਲ ਰਿਹਾ ਹੈ। ਆਰਥਿਕ ਖੇਤਰ ਵਿੱਚ ਵੀ ਮੋਦੀ ਸਰਕਾਰ ਦਾ ਰਿਕਾਰਡ ਫਿਸੜੀ ਹੀ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ ਨਿਵਾਣਾਂ ਛੋਹ ਰਹੀ ਹੈ।
ਨਰਿੰਦਰ ਮੋਦੀ ਦਾ ਆਪਣੀ ਚੋਣ ਮੁਹਿੰਮ ਦੌਰਾਨ ਕਾਂਗਰਸ 'ਤੇ ਸਭ ਤੋਂ ਵੱਡਾ ਹਮਲਾ ਉਸ ਦੇ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਣ ਦਾ ਹੁੰਦਾ ਸੀ। ਉਹ ਯੂ ਪੀ ਏ ਸਰਕਾਰ ਨੂੰ ਘੁਟਾਲਿਆਂ ਦੀ ਸਰਕਾਰ ਕਿਹਾ ਕਰਦੇ ਸਨ, ਪਰ ਹੁਣ ਜਿਹੜੇ ਤੱਥ ਸਾਹਮਣੇ ਆ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਇਸ ਮਾਮਲੇ ਵਿੱਚ ਮੋਦੀ ਸਰਕਾਰ ਪਿਛਲੀ ਸਰਕਾਰ ਨੂੰ ਮਾਤ ਦੇਣ ਵੱਲ ਵਧ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਵਿੱਤੀ ਸਾਲ 2017-18 ਵਿੱਚ ਬੈਂਕਿੰਗ ਖੇਤਰ ਵਿੱਚ 6500 ਘੁਟਾਲੇ ਹੋਏ ਹਨ। ਇਹਨਾਂ ਘੁਟਾਲਿਆਂ ਰਾਹੀਂ ਬੈਂਕਾਂ ਨੂੰ 30 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗ ਚੁੱਕਾ ਹੈ। ਇਹਨਾਂ ਬੈਂਕ ਘੁਟਾਲਿਆ ਵਿੱਚ 85 ਫ਼ੀਸਦੀ ਘੁਟਾਲੇ ਸਰਕਾਰੀ ਬੈਂਕਾਂ ਵਿੱਚ ਹੋਏ ਹਨ। ਸਰਕਾਰੀ ਬੈਂਕਾਂ ਵਿੱਚ ਹੁੰਦੇ ਘੁਟਾਲਿਆਂ ਲਈ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਘੁਟਾਲਿਆ ਕਾਰਨ ਬੈਂਕਾਂ ਦਾ ਐੱਨ ਪੀ ਏ ਲਗਾਤਾਰ ਵਧੀ ਜਾ ਰਹੀ ਹੈ। ਐੱਨ ਪੀ ਏ ਦਾ ਮਤਲਬ ਉਹ ਕਰਜ਼ਾ ਹੁੰਦਾ ਹੈ, ਜਿਸ ਦੇ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਰਹਿੰਦੀ। ਐੱਨ ਪੀ ਏ ਵਿੱਚ ਉਹ ਕਰਜ਼ਾ ਧਾਰਕ ਵਿਅਕਤੀ ਜਾਂ ਉਦਯੋਗ ਹੁੰਦੇ ਹਨ, ਜਿਹੜੇ ਜਾਂ ਤਾਂ ਨੀਰਵ ਮੋਦੀ ਵਰਗਿਆਂ ਵਾਂਗ ਫਰਾਡ ਕਰਕੇ ਬਦੇਸ਼ਾਂ ਨੂੰ ਭੱਜ ਜਾਂਦੇ ਹਨ ਜਾਂ ਫਿਰ ਆਪਣੇ ਅਦਾਰੇ ਨੂੰ ਦੀਵਾਲੀਆ ਐਲਾਨ ਦਿੰਦੇ ਹਨ। ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਬੈਂਕਾਂ ਦੇ ਐੱਨ ਪੀ ਏ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਵਿੱਤੀ ਵਰ੍ਹੇ 2013-14 ਵਿੱਚ ਬੈਕਾਂ ਦਾ ਐਨ ਪੀ ਏ 2 ਲੱਖ 40 ਹਜ਼ਾਰ ਕਰੋੜ ਸੀ। ਸੰਨ 2017 ਦੇ ਅਖੀਰ ਵਿੱਚ ਇਹ ਵਧ ਕੇ 9 ਲੱਖ 50 ਕਰੋੜ ਦੀ ਰਿਕਾਰਡ ਉਚਾਈ ਉਤੇ ਪੁੱਜ ਗਿਆ ਹੈ। ਸਪੱਸ਼ਟ ਹੈ ਕਿ ਮੋਦੀ ਸਰਕਾਰ ਦੇ ਸ਼ਾਸਨ ਦੌਰਾਨ ਘੁਟਾਲੇਬਾਜ਼ ਖੁੱਲ੍ਹ ਕੇ ਖੇਡੇ ਹਨ।
ਮੋਦੀ ਸਰਕਾਰ ਦੀ ਵੱਡੇ ਉਦਯੋਗਪਤੀਆਂ ਤੇ ਘਪਲੇਬਾਜ਼ਾਂ ਉੱਤੇ ਹਮੇਸ਼ਾ ਮਿਹਰਬਾਨੀ ਰਹੀ ਹੈ। ਕੇਂਦਰ ਸਰਕਾਰ ਇਹਨਾਂ ਧਨਕੁਬੇਰਾਂ ਤੋਂ ਕਰਜ਼ਾ ਵਸੂਲਣ ਦੀ ਥਾਂ ਜਨਤਾ ਦੇ ਪੈਸੇ ਨਾਲ ਇਸ ਕਰਜ਼ੇ ਨੂੰ ਚੁਕਾਉਣ ਦੇ ਰਾਹ ਪੈ ਚੁੱਕੀ ਹੈ। ਐੱਨ ਪੀ ਏ ਦੇ ਬੋਝ ਨਾਲ ਬਰਬਾਦ ਹੋ ਰਹੀ ਆਈ ਡੀ ਬੀ ਆਈ ਬੈਂਕ ਵਿੱਚ ਸਰਕਾਰ ਆਪਣੀ ਹਿੱਸੇਦਾਰੀ ਜੀਵਨ ਬੀਮਾ ਨਿਗਮ ਨੂੰ ਵੇਚਣ ਜਾ ਰਹੀ ਹੈ। ਇਸ ਬੈਂਕ ਦਾ ਐੱਨ ਪੀ ਏ 55,600 ਕਰੋੜ ਤੱਕ ਪੁੱਜ ਚੁੱਕਾ ਹੈ। ਵਿਜੇ ਮਾਲਿਆ ਉੱਤੇ ਇਸ ਬੈਂਕ ਦਾ 9000 ਕਰੋੜ ਰੁਪਏ ਕਰਜ਼ਾ ਹੈ। ਐੱਲ ਆਈ ਸੀ ਵਿੱਚ ਜਨਤਾ ਆਪਣੀ ਬੱਚਤ ਜਮ੍ਹਾਂ ਕਰਦੀ ਹੈ। ਇਸ ਦੇ 25 ਕਰੋੜ ਗਾਹਕਾਂ ਦੀਆਂ 30 ਕਰੋੜ ਪਾਲਸੀਆਂ ਹਨ। ਇਸੇ ਪੈਸੇ ਵਿੱਚੋਂ 13 ਹਜ਼ਾਰ ਕਰੋੜ ਰੁਪਿਆ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਲਾਇਆ ਜਾਵੇਗਾ। ਇਹ ਸਿੱਧੇ ਤੌਰ 'ਤੇ ਜੀਵਨ ਬੀਮਾ ਨਿਗਮ ਦਾ ਆਪਣੇ ਗਾਹਕਾਂ ਨਾਲ ਧੋਖਾ ਹੋਵੇਗਾ।
ਉਪਰੋਕਤ ਤੋਂ ਸਿੱਧ ਹੁੰਦਾ ਹੈ ਕਿ ਮੌਜੂਦਾ ਸਰਕਾਰ ਨਾ ਆਪਣਾ ਕੋਈ ਵਾਅਦਾ ਪੂਰਾ ਕਰ ਸਕੀ ਹੈ ਤੇ ਨਾ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾ ਸਕੀ ਹੈ। ਇਸ ਦੇ ਸਾਰੇ ਵਾਅਦੇ ਆਮ ਭਾਰਤੀਆਂ ਨਾਲ ਕੀਤਾ ਗਿਆ ਧੋਖਾ ਸਾਬਤ ਹੋਏ ਹਨ।

1261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper