Latest News
ਭੀੜ ਤੰਤਰ ਨੂੰ ਨੱਥ ਪਾਓ

Published on 03 Jul, 2018 11:34 AM.


ਪਿਛਲੇ ਕੁਝ ਦਿਨਾਂ ਤੋਂ ਦੇਸ ਦੇ ਵੱਖ-ਵੱਖ ਰਾਜਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਬਾਰੇ ਅਫ਼ਵਾਹਾਂ ਦੇ ਫੈਲਣ ਕਾਰਨ ਇਕੱਠੀਆਂ ਹੋਈਆਂ ਭੀੜਾਂ ਵੱਲੋਂ ਨਿਰਦੋਸ਼ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਨੇ ਅੱਤ ਦੀ ਚਿੰਤਾ ਜਨਕ ਹਾਲਤ ਪੈਦਾ ਕਰ ਰੱਖੀ ਹੈ, ਪਰ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਪੱਟੀਦਰਜ ਕਬੀਲਿਆਂ ਦੇ ਲੋਕਾਂ ਵੱਲੋਂ ਜਿਵੇਂ ਪੰਜ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦਿੱਤਾ ਗਿਆ, ਉਸ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਹਰਕਤ ਵਿੱਚ ਆਉਣ ਲਈ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਹੁਣ ਵੀ ਸੱਤਾ ਦੇ ਸੁਆਮੀਆਂ ਨੇ ਇਸ ਖ਼ਤਰਨਾਕ ਰੁਝਾਨ ਨੂੰ ਰੋਕਣ ਲਈ ਫੌਰੀ ਕਦਮ ਨਾ ਪੁੱਟੇ ਤਾਂ ਸਧਾਰਨ ਲੋਕਾਂ ਦਾ ਅਮਨ-ਕਨੂੰਨ ਦੀ ਮਸ਼ੀਨਰੀ 'ਤੇ ਰਿਹਾ-ਸਿਹਾ ਵਿਸ਼ਵਾਸ ਵੀ ਖ਼ਤਮ ਹੋ ਜਾਵੇਗਾ।
ਭੀੜਾਂ ਵੱਲੋਂ ਸਮੂਹਿਕ ਤੌਰ ਉੱਤੇ ਬੇਗੁਨਾਹ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦੇਣ ਲਈ ਕਦੇ ਬੱਚਿਆਂ ਨੂੰ ਅਗਵਾ ਕਰਨ, ਕਦੇ ਪਸ਼ੂਆਂ ਦੀ ਚੋਰੀ ਕਰਨ ਆਦਿ ਦਾ ਬਹਾਨਾ ਪੇਸ਼ ਕੀਤਾ ਜਾਂਦਾ ਹੈ। ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਤਾਂ ਓਦੋਂ ਹੱਦ ਹੀ ਹੋ ਗਈ, ਜਦੋਂ ਆਪਣੀ ਗੋਦ ਵਿੱਚ ਬੱਚਾ ਲਈ ਜਾ ਰਹੀ ਇੱਕ ਮਹਿਲਾ ਨੂੰ ਬੱਚਾ ਅਗਵਾ ਕਰਨ ਦੇ ਦੋਸ਼ ਦੇ ਤਹਿਤ ਭੀੜ ਵੱਲੋਂ ਕੁੱਟ-ਕੁੱਟ ਕੇ ਅੱਧ-ਮੋਇਆ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਫ਼ੋਰਸ ਦੇ ਜਵਾਨਾਂ ਨੇ ਜਦੋਂ ਉਸ ਔਰਤ ਤੇ ਬੱਚੇ ਨੂੰ ਬਚਾਉਣ ਲਈ ਦਖ਼ਲ ਦਿੱਤਾ ਤਾਂ ਉਨ੍ਹਾਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਬਾਅਦ ਵਿੱਚ ਪੁਲਸ ਤੇ ਮੀਡੀਆ ਵਾਲਿਆਂ ਦੀ ਜਾਂਚ ਮਗਰੋਂ ਇਹ ਤੱਥ ਸਾਹਮਣੇ ਆਇਆ ਕਿ ਸੰਬੰਧਤ ਔਰਤ ਆਪਣੀ ਮਾਸੂਮ ਧੀ ਨੂੰ ਲੈ ਕੇ ਖ਼ਰੀਦੋ-ਫਰੋਖਤ ਕਰਨ ਲਈ ਬਾਜ਼ਾਰ ਵਿੱਚ ਜਾ ਰਹੀ ਸੀ। ਉਸ ਦੇ ਪਤੀ ਨੇ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਵਾਲਿਆਂ ਨੂੰ ਇਹ ਗੱਲ ਦੱਸੀ ਕਿ ਉਸ ਦੇ ਵੀਹ ਸਾਲਾਂ ਦੇ ਵਿਆਹੁਤਾ ਜੀਵਨ ਮਗਰੋਂ ਧੀ ਦਾ ਜਨਮ ਹੋਇਆ ਸੀ, ਪਰ ਹੁਣ ਇਸ ਘਟਨਾ ਮਗਰੋਂ ਤਾਂ ਇਹ ਡਰ ਪੈਦਾ ਹੋ ਗਿਆ ਹੈ ਕਿ ਅਸੀਂ ਆਪਣੀ ਮਾਸੂਮ ਧੀ ਨੂੰ ਨਾਲ ਲੈ ਕੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਜੇ ਲੰਘੇ ਸਮੇਂ 'ਤੇ ਝਾਤ ਮਾਰੀ ਜਾਏ ਤਾਂ ਕਤਲਾਂ ਦੀ ਸ਼ੁਰੂਆਤ ਗਊ ਰੱਖਿਆ ਦੇ ਨਾਂਅ 'ਤੇ ਫ਼ਿਰਕੂ ਜਨੂੰਨੀਆਂ ਦੀਆਂ ਭੀੜਾਂ ਵੱਲੋਂ ਕੀਤੀ ਗਈ ਸੀ। ਗਊ ਰਾਖਿਆਂ ਦੀ ਇਸ ਮੁਹਿੰਮ ਦਾ ਸ਼ਿਕਾਰ ਕਿਉਂਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਬਣਾਇਆ ਜਾਂਦਾ ਸੀ, ਇਸ ਲਈ ਨਾ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਬੁਰਾਈ ਨੂੰ ਰੋਕਣ 'ਚ ਕੋਈ ਦਿਲਚਸਪੀ ਵਿਖਾਈ, ਨਾ ਭਾਜਪਾ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੇ। ਉੱਤਰ ਪ੍ਰਦੇਸ਼ ਦੇ ਦਾਦਰੀ ਵਿੱਚ ਮੁਹੰਮਦ ਅਖਲਾਕ ਦਾ ਕਤਲ ਗਊ ਰਾਖਿਆਂ ਵੱਲੋਂ ਕੀਤਾ ਗਿਆ ਸੀ। ਇਸ ਮਗਰੋਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਗਊ ਰਾਖਿਆਂ ਦੀਆਂ ਭੀੜਾਂ ਵੱਲੋਂ ਪੁਲਸ ਦੀ ਮੌਜੂਦਗੀ ਵਿੱਚ ਪਹਿਲੂ ਖ਼ਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾਇਆ ਗਿਆ ਤੇ ਉਸ ਦੇ ਨਾਲ ਗਾਂਵਾਂ ਦੀ ਖ਼ਰੀਦ ਕਰਨ ਲਈ ਆਏ ਉਸ ਦੇ ਭਤੀਜਿਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਪਰ ਰਾਜਸਥਾਨ ਦੀ ਵਸੁੰਧਰਾ ਸਰਕਾਰ ਦੇ ਅਹਿਲਕਾਰਾਂ ਨੇ ਦੋਸ਼ੀਆਂ ਵਿਰੁੱਧ ਫ਼ੌਰੀ ਕਾਰਵਾਈ ਆਰੰਭਣ ਦੀ ਥਾਂ ਪਹਿਲੂ ਖ਼ਾਨ ਨੂੰ ਹੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਤੇ ਉਸ ਦੇ ਹਸਪਤਾਲ ਵਿੱਚ ਜ਼ੇਰੇ-ਇਲਾਜ ਭਤੀਜਿਆਂ ਨੂੰ ਗਊ ਤਸਕਰੀ ਦੇ ਦੋਸ਼ ਦੇ ਤਹਿਤ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਰਕਾਰ ਦੇ ਇਸ ਅਮਲ ਨੇ ਜਨੂੰਨੀ ਭੀੜਾਂ ਨੂੰ ਗਊ ਰੱਖਿਆ ਦੇ ਨਾਂਅ 'ਤੇ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਜਿਹੜੀ ਖੁੱਲ੍ਹ ਦਿੱਤੀ ਸੀ, ਉਸ ਨੇ ਕਈ ਦੂਜੇ ਰਾਜਾਂ ਵਿੱਚ ਵੀ ਭੀੜਾਂ ਵੱਲੋਂ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਬੇਗੁਨਾਹ ਲੋਕਾਂ ਨੂੰ ਕੁੱਟ-ਕੁੱਟ ਕੇ ਪਾਰ ਬੁਲਾ ਦੇਣ ਦੇ ਰੁਝਾਨ ਨੂੰ ਬਲ ਬਖਸ਼ਿਆ।
ਅਫ਼ਸੋਸ ਵਾਲੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਦੋਂ ਹੀ ਜ਼ਬਾਨ ਖੋਲ੍ਹੀ, ਜਦੋਂ ਉਨ੍ਹਾ ਦੇ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਊਨਾ ਕਾਂਡ ਸਾਹਮਣੇ ਆਇਆ ਤੇ ਉਸ ਨੂੰ ਲੈ ਕੇ ਦੇਸ ਵਿੱਚ ਹੀ ਨਹੀਂ, ਬਦੇਸ਼ਾਂ ਵਿੱਚ ਵੀ ਖ਼ੂਬ ਚਰਚਾ ਹੋਈ। ਇਸ ਕਾਰਨ ਕੇਂਦਰ ਸਰਕਾਰ ਤੇ ਖ਼ਾਸ ਕਰ ਕੇ ਭਾਜਪਾ ਆਗੂਆਂ ਲਈ ਮੂੰਹ ਛੁਪਾਉਣਾ ਮੁਸ਼ਕਲ ਹੋ ਗਿਆ। ਹਰ ਛੋਟੇ-ਵੱਡੇ ਮੁੱਦੇ 'ਤੇ ਟਵੀਟ ਕਰਨ ਤੇ ਮਨ ਕੀ ਬਾਤ ਕਹਿਣ ਵਾਲੇ ਨਰਿੰਦਰ ਮੋਦੀ ਨੇ ਵੀ ਭੀੜਾਂ ਵੱਲੋਂ ਬੇਗੁਨਾਹ ਲੋਕਾਂ ਨੂੰ ਦਿਨ-ਦਿਹਾੜੇ ਕੋਹ-ਕੋਹ ਕੇ ਮਾਰ ਦੇਣ ਦੀਆਂ ਘਟਨਾਵਾਂ ਬਾਰੇ ਜ਼ਬਾਨ ਤੱਕ ਨਹੀਂ ਖੋਲ੍ਹੀ।
ਹਰ ਸੱਭਿਆ ਰਾਜ-ਸਮਾਜ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰੇ, ਪਰ ਜਦੋਂ ਸੱਤਾ ਦੇ ਸੁਆਮੀਆਂ ਵੱਲੋਂ ਹੀ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਦੀ ਪੁਸ਼ਤ-ਪਨਾਹੀ ਕੀਤੀ ਜਾਣ ਲੱਗੇ ਤਾਂ ਲਾਜ਼ਮੀ ਹੀ ਕਨੂੰਨ ਦਾ ਡਰ ਜਾਂਦਾ ਰਹਿੰਦਾ ਹੈ। ਜੇ ਸਮਾਂ ਰਹਿੰਦੇ ਇਸ ਮਾਰੂ ਰੁਝਾਨ ਨੂੰ ਰੋਕਣ ਦਾ ਜਤਨ ਨਾ ਕੀਤਾ ਗਿਆ ਤਾਂ ਰਾਜ ਤੇ ਸਮਾਜ ਨੂੰ ਇਸ ਦੀ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ। ਵੇਲਾ ਸੰਭਲਣ ਦਾ ਹੈ।

898 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper