Latest News
ਅਵੇਸਲੇਪਣ ਦਾ ਸਮਾਂ ਪਿੱਛੇ ਰਹਿ ਗਿਆ

Published on 04 Jul, 2018 11:28 AM.


ਸੋਮਵਾਰ ਦੇ ਦਿਨ ਹੋਈ ਪੰਜਾਬ ਸਰਕਾਰ ਦੀ ਮੀਟਿੰਗ ਬਾਰੇ ਕਿਸੇ ਕਾਹਲੇ ਪ੍ਰਤੀਕਰਮ ਦੀ ਬਜਾਏ ਅਸੀਂ ਇਸ ਦਾ ਅਗਲਾ ਅਮਲ ਉਡੀਕਣ ਲਈ ਇੱਕ ਹੋਰ ਦਿਨ ਲਾਇਆ ਹੈ। ਇਹ ਮੀਟਿੰਗ ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਇੱਕ ਦਮ ਵਧ ਜਾਣ ਨਾਲ ਚੁਫੇਰੇ ਮੱਚੀ ਹਾਹਾਕਾਰ ਦੇ ਮਾਹੌਲ ਵਿੱਚ ਕੀਤੀ ਨਹੀਂ ਗਈ, ਕਰਨੀ ਪਈ ਸੀ ਤੇ ਇਸ ਮੀਟਿੰਗ ਵਿੱਚ ਜੋ ਕੁਝ ਹੋਇਆ, ਉਹ ਸਾਰਾ ਇਸ ਲਈ ਹੋਇਆ ਕਿ ਹਾਲਾਤ ਹੀ ਏਹੋ ਜਿਹੇ ਹੋ ਗਏ ਸਨ। ਸਰਕਾਰ ਦੇ ਮੁਖੀ ਨੂੰ ਪਿਛਲੀ ਵਾਰ ਦੇ ਪੰਜ ਸਾਲਾਂ ਦੌਰਾਨ ਵੀ ਇਹ ਕੁਝ ਸੁਣਨਾ ਨਹੀਂ ਪਿਆ ਹੋਵੇਗਾ ਤੇ ਇਸ ਵਾਰੀ ਦੇ ਪੰਦਰਾਂ ਕੁ ਮਹੀਨਿਆਂ ਤੋਂ ਵੱਧ ਦੇ ਸਮੇਂ ਵਿੱਚ ਵੀ ਨਹੀਂ ਸੁਣਨਾ ਪਿਆ ਹੋਣਾ, ਜਿਹੜਾ ਕੁਝ ਇਸ ਮੀਟਿੰਗ ਵਿੱਚ ਸੁਣਿਆ ਹੈ। ਖਬਰਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਮੀਟਿੰਗ ਵਿੱਚ ਕੁਝ ਮੰਤਰੀ ਵਾਹਵਾ ਗਰਮੀ ਛਾਂਟਣ ਤੱਕ ਗਏ ਤੇ ਜਦੋਂ ਪੰਜਾਬ ਪੁਲਸ ਦੇ ਮੁਖੀ ਨੂੰ ਸੱਦਿਆ ਗਿਆ ਤਾਂ ਉਸ ਨਾਲ ਵੀ ਗਰਮਾ-ਗਰਮੀ ਹੋਣ ਦੀ ਖਬਰ ਮੀਡੀਏ ਵਿੱਚ ਆਈ ਹੈ।
ਇੱਕ ਦਿਨ ਇਹ ਕੁਝ ਹੋਣਾ ਹੀ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਬਠਿੰਡੇ ਵਿੱਚ ਹੋਈ ਰੈਲੀ ਮੌਕੇ ਸਟੇਜ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਗੁਟਕਾ ਮੱਥੇ ਨੂੰ ਲਾ ਕੇ ਸਹੁੰ ਚੁੱਕੀ ਸੀ ਕਿ ਮੁੱਖ ਮੰਤਰੀ ਬਣ ਕੇ ਉਹ ਸਭ ਤੋਂ ਪਹਿਲਾਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦਾ ਧੰਦਾ ਬੰਦ ਕਰਾਉਣਗੇ। ਫਿਲਮ 'ਉੜਤਾ ਪੰਜਾਬ' ਰਿਲੀਜ਼ ਕਰਨ ਲਈ ਰਾਹੁਲ ਗਾਂਧੀ ਨੂੰ ਜਦੋਂ ਉਨ੍ਹਾ ਨੇ ਲਿਆਂਦਾ ਸੀ ਤਾਂ ਉਸ ਵਕਤ ਵੀ ਇਹੋ ਗੱਲ ਉਭਾਰ ਕੇ ਸਾਰੇ ਦੇਸ਼ ਵਿੱਚ ਪੇਸ਼ ਕੀਤੀ ਗਈ ਸੀ ਕਿ ਅਕਾਲੀ-ਭਾਜਪਾ ਰਾਜ ਵਿੱਚ ਨਸ਼ੀਲੇ ਪਦਾਰਥਾਂ ਦਾ ਧੰਦਾ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ ਕਰਨ ਦੀ ਹੱਦ ਤੱਕ ਪਹੁੰਚ ਗਿਆ ਹੈ ਤੇ ਅਸੀਂ ਆ ਕੇ ਰੋਕ ਲਾਵਾਂਗੇ। ਫਿਰ ਇਹ ਕੰੰਮ ਕੀਤਾ ਜਾਣਾ ਚਾਹੀਦਾ ਸੀ। ਸਰਕਾਰ ਇਸ ਪਾਸੇ ਬਣਦੀ ਗੰਭੀਰਤਾ ਨਹੀਂ ਸੀ ਵਿਖਾ ਸਕੀ। ਧਾਰਮਿਕ ਸਹੁੰ ਦੇ ਮੁੱਦੇ ਤੋਂ ਵੱਧ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਸਰਕਾਰ ਨੇ ਵਾਅਦੇ ਉੱਤੇ ਅਮਲ ਨਹੀਂ ਕੀਤਾ। ਇਹੋ ਜਿਹੀ ਚਰਚਾ ਲਗਾਤਾਰ ਵਧਦੀ ਗਈ ਸੀ। ਪਿਛਲੇ ਦਿਨੀਂ ਇਸ ਰਾਜ ਵਿੱਚ ਅੱਗੜ-ਪਿੱਛੜ ਮੌਤਾਂ ਹੋਣ ਨਾਲ ਇਹ ਮੁੱਦਾ ਹੋਰ ਵੀ ਗੰਭੀਰ ਰੁਖ ਧਾਰਨ ਕਰ ਗਿਆ। ਸਰਕਾਰ ਨੇ ਪਹਿਲਾਂ ਹਲਕੇ ਰੰਗ ਵਿੱਚ ਹੀ ਲਿਆ, ਪਰ ਜਦੋਂ ਪਾਣੀ ਸਿਰੋਂ ਲੰਘਦਾ ਵੇਖਿਆ ਤਾਂ ਵਿਸ਼ੇਸ਼ ਮੀਟਿੰਗ ਵੀ ਸੱਦਣੀ ਪੈ ਗਈ ਸੀ।
ਪਿੰਡਾਂ ਵਿੱਚੋਂ ਆਈਆਂ ਖਬਰਾਂ ਦੱਸਦੀਆਂ ਹਨ ਕਿ ਪਿਛਲੇ ਸਾਲ ਵਾਲੇ ਨਸ਼ੇ ਇਸ ਵੇਲੇ ਘੱਟ ਅਤੇ ਨਵੀਂ ਕਿਸਮ ਦਾ ਮਾਲ ਵੱਧ ਵਿਕਣ ਲੱਗ ਪਿਆ ਹੈ। ਇਸ ਧੰਦੇ ਨੂੰ ਚਲਾਉਣ ਵਾਲੇ ਕਾਰੋਬਾਰੀ ਉਹੀ ਹਨ। ਖਰੀਦਣ ਵਾਲੇ ਵੀ ਉਹੀ ਹਨ ਤੇ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਹਫਤਾ, ਮਹੀਨਾ ਜਾਂ ਫਿਰ ਪੁੜੀਆਂ ਦੇ ਹਿਸਾਬ ਨਾਲ ਆਪਣਾ ਹਿੱਸਾ ਵਸੂਲ ਰਹੇ ਪੁਲਸ ਕਰਮਚਾਰੀ ਅਤੇ ਅਧਿਕਾਰੀ ਵੀ ਪਹਿਲਾਂ ਵਾਲੇ ਹੀ ਹਨ। ਹੋਰ ਤਾਂ ਹੋਰ, ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਸਿਆਸੀ ਸ਼ਹਿ ਵੀ ਓਦਾਂ ਹੀ ਮਿਲ ਰਹੀ ਹੈ। ਫਰਕ ਸਿਰਫ ਸ਼ਹਿ ਦੇਣ ਵਾਲਿਆਂ ਦੀ ਪੱਗ ਦੇ ਰੰਗ ਦਾ ਹੈ। ਪਹਿਲਾਂ ਇਹ ਸ਼ਹਿ ਅਕਾਲੀ ਆਗੂਆਂ ਤੋਂ ਮਿਲਿਆ ਕਰਦੀ ਸੀ ਤੇ ਪਿਛਲੇ ਸਾਲ ਤੋਂ ਅਕਾਲੀ ਆਗੂਆਂ ਦਾ ਹਿੱਸਾ ਘਟ ਕੇ ਕਾਂਗਰਸ ਨਾਲ ਜੁੜੇ ਹੋਏ ਕੁਝ ਲੋਕਾਂ ਦੀ ਹਿੱਸੇਦਾਰੀ ਇਸ ਧੰਦੇ ਵਿੱਚ ਵੱਧ ਹੋਣ ਦੀ ਚਰਚਾ ਚੱਲ ਪਈ ਸੀ।
ਸੋਮਵਾਰ ਦੀ ਮੀਟਿੰਗ ਵਿੱਚ ਸਰਕਾਰ ਨੇ ਕੁਝ ਸਖਤ ਫੈਸਲੇ ਲਏ ਹਨ। ਪੁਲਸ ਦੇ ਕੁਝ ਅਫਸਰਾਂ ਦੇ ਖਿਲਾਫ ਜਿਵੇਂ ਕਾਰਵਾਈ ਕੀਤੀ ਗਈ ਹੈ, ਉਸ ਨਾਲ ਜਿਹੜਾ ਪ੍ਰਭਾਵ ਪੈਣਾ ਚਾਹੀਦਾ ਸੀ, ਹਾਲੇ ਓਦਾਂ ਦਾ ਨਹੀਂ ਪੈ ਸਕਿਆ। ਲੋਕ ਇਹ ਕਹਿ ਰਹੇ ਹਨ ਕਿ ਕੋਈ ਵੀ ਪੁਲਸ ਅਧਿਕਾਰੀ ਇਹੋ ਜਿਹਾ ਧੰਦਾ ਓਨੀ ਦੇਰ ਨਹੀਂ ਕਰ ਸਕਦਾ, ਜਦੋਂ ਤੱਕ ਕੋਈ ਸਿਆਸੀ ਧੜਵੈਲ ਉਨ੍ਹਾਂ ਨੂੰ ਫੜੇ ਗਏ ਤੋਂ ਛੁਡਾ ਲੈਣ ਦਾ ਭਰੋਸਾ ਨਾ ਦੇਂਦਾ ਹੋਵੇ। ਇਹੋ ਜਿਹੇ ਸਿਆਸੀ ਆਗੂਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਤਾਂ ਉਹ ਖੁਦ ਇਹ ਗੱਲ ਦੱਸ ਦੇਣਗੇ ਕਿ ਉਨ੍ਹਾਂ ਨੇ ਪਿਛਲੇ ਸਾਲ ਜਦੋਂ ਕਮਾਨ ਸਾਂਭੀ ਸੀ, ਉਸ ਤੋਂ ਪਹਿਲਾਂ ਇਨ੍ਹਾਂ ਬੰਦਿਆਂ ਦੀ ਪਿੱਠ ਠੋਕਣ ਦੇ ਲਈ ਪਿਛਲੀ ਸਰਕਾਰ ਦੇ ਫਲਾਣੇ ਆਗੂ ਦਾ ਹੱਥ ਹੁੰਦਾ ਸੀ। ਇਸ ਤਰ੍ਹਾਂ ਇਸ ਲੜੀ ਦੇ ਕੁੰਡੇ ਖੁੱਲ੍ਹ ਜਾਣਗੇ। ਜਿੰਨਾ ਚਿਰ ਇਹ ਲੜੀ ਪੂਰੀ ਨਹੀਂ ਖੋਲ੍ਹੀ ਜਾਂਦੀ, ਇਕੱਲੇ ਪੁਲਸ ਵਾਲੇ ਚਾਰ ਅਫਸਰਾਂ ਜਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦਾ ਕੋਈ ਅਸਰ ਨਹੀਂ ਪੈ ਸਕਣਾ। ਜਿਹੜੇ ਵੀ ਦੇਸ਼ ਵਿੱਚ ਜਾਂ ਜਿਹੜੇ ਵੀ ਰਾਜ ਵਿੱਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਹੈ, ਜਦੋਂ ਹਕੂਮਤ ਦੇ ਕਿਸੇ ਮੁਖੀ ਨੇ ਕਾਰਵਾਈ ਕੀਤੀ ਹੈ, ਉਸ ਨੂੰ ਸਿਆਸੀ ਆਗੂਆਂ ਦੇ ਖਿਲਾਫ ਵੀ ਨਾਲ ਹੀ ਕਰਨੀ ਪਈ ਹੈ।
ਮੀਡੀਆ ਵਿੱਚ ਆਈਆਂ ਖਬਰਾਂ ਦੱਸਦੀਆਂ ਹਨ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪਿਛਲੀ ਸਰਕਾਰ ਦੇ ਇੱਕ ਵੱਡੇ ਪ੍ਰਭਾਵ ਵਾਲੇ ਮੰਤਰੀ ਬਾਰੇ ਵੀ ਚਰਚਾ ਹੋਈ ਕਿ ਸਾਰੇ ਸਬੂਤਾਂ ਦੇ ਬਾਵਜੂਦ ਉਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁੱਖ ਮੰਤਰੀ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਵੀ ਹੈ ਤੇ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਚੱਕਰ ਵਿੱਚ ਵੀ, ਪਰ ਉਹ ਮੁੱਦਾ ਇੱਕੋ ਤਾਂ ਨਹੀਂ, ਹੋਰ ਵੀ ਕਈ ਮੁੱਦੇ ਇਹੋ ਜਿਹੇ ਹਨ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਮੁੱਖ ਮੰਤਰੀ ਸਾਹਿਬ ਕੁਝ ਕਰ ਕੇ ਵਿਖਾਉਣ। ਅਵੇਸਲੇਪਣ ਦਾ ਸਮਾਂ ਪਿੱਛੇ ਰਹਿ ਗਿਆ ਹੈ। ਜੋ ਕੁਝ ਬੀਤੇ ਦਿਨਾਂ ਵਿੱਚ ਪੰਜਾਬ ਅੰਦਰ ਵਾਪਰਦਾ ਵੇਖ ਲਿਆ ਹੈ, ਉਸ ਦੇ ਬਾਅਦ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਹੀ ਪਵੇਗਾ।
- ਜਤਿੰਦਰ ਪਨੂੰ

1262 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper