Latest News
ਕੇਂਦਰੀ ਮੰਤਰੀਆਂ ਦਾ ਨਿੰਦਣ ਯੋਗ ਵਿਹਾਰ

Published on 10 Jul, 2018 09:30 AM.


ਅੱਜ ਅਮਨ-ਕਨੂੰਨ ਤੇ ਆਮ ਨਾਗਰਿਕਾਂ ਦੇ ਜਾਨ-ਮਾਲ ਦੀ ਰਾਖੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਹਾਲਤ ਏਨੀ ਨਿੱਘਰ ਗਈ ਹੈ ਕਿ ਭੜਕੀਆਂ ਭੀੜਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਫੈਲੀਆਂ ਅਫ਼ਵਾਹਾਂ ਤੋਂ ਪ੍ਰਭਾਵਤ ਹੋ ਕੇ ਨਿਰਦੋਸ਼ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦੇਣਾ ਆਮ ਵਰਤਾਰਾ ਬਣ ਗਿਆ ਹੈ। ਇਸ ਤੋਂ ਪਹਿਲਾਂ ਗਊ ਰੱਖਿਆ ਦੇ ਨਾਂਅ 'ਤੇ ਹਿੰਦੂਤੱਵੀ ਸੰਗਠਨਾਂ ਦੇ ਕਾਰਕੁਨਾਂ ਵੱਲੋਂ ਨਿਰਦੋਸ਼ ਲੋਕਾਂ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਪਾਰ ਬੁਲਾ ਦੇਣ ਦੀਆਂ ਘਟਨਾਵਾਂ ਏਨੀਆਂ ਵਧ ਗਈਆਂ ਸਨ ਕਿ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੂੰ ਕੇਂਦਰ ਤੇ ਰਾਜ ਸਰਕਾਰਾਂ ਦੇ ਕਰਤੇ-ਧਰਤਿਆਂ ਨੂੰ ਇਹ ਆਦੇਸ਼ ਦੇਣਾ ਪਿਆ ਸੀ ਕਿ ਦਿਨ-ਦਿਹਾੜੇ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਫੌਰੀ ਕਦਮ ਪੁੱਟਣ।
ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੇ ਉਸ ਨਾਲ ਸੰਬੰਧਤ ਰਾਜ ਸਰਕਾਰਾਂ ਦੇ ਜ਼ਿੰਮੇਵਾਰ ਸੰਵਿਧਾਨਕ ਅਹੁਦਿਆਂ ਉੱਤੇ ਬਿਰਾਜਮਾਨ ਮੰਤਰੀਆਂ-ਮੁਸ਼ੱਦੀਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਦੋਸ਼ੀਆਂ ਨੂੰ ਸਨਮਾਨਤ ਕਰਨ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ। ਕਠੂਆ ਵਿੱਚ ਇੱਕ ਬਾਲੜੀ ਨਾਲ ਸਮੂਹਿਕ ਬਲਾਤਕਾਰ ਪਿੱਛੋਂ ਉਸ ਦੇ ਕਤਲ ਦੇ ਦੋਸ਼ੀਆਂ ਨੂੰ ਜਦੋਂ ਰਾਜ ਦੀ ਪੁਲਸ ਨੇ ਹਿਰਾਸਤ ਵਿੱਚ ਲਿਆ ਤਾਂ ਭਾਜਪਾ-ਪੀ ਡੀ ਪੀ ਵਜ਼ਾਰਤ ਵਿੱਚ ਸ਼ਾਮਲ ਭਾਜਪਾ ਦੇ ਦੋ ਮੰਤਰੀਆਂ ਨੇ ਪੀੜਤ ਪਰਵਾਰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਦੀ ਥਾਂ ਦੋਸ਼ੀਆਂ ਦੇ ਹੱਕ ਵਿੱਚ ਰੈਲੀ ਕੱਢ ਕੇ ਰਾਜ ਸਰਕਾਰ ਨੂੰ ਹੀ ਕਟਹਿਰੇ ਵਿੱਚ ਲਿਆ ਖੜਿਆਂ ਕੀਤਾ ਸੀ। ਜਦੋਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਤਾਂ ਮਜਬੂਰੀ ਵੱਸ ਭਾਜਪਾ ਨੂੰ ਇਹਨਾਂ ਮੰਤਰੀਆਂ ਕੋਲੋਂ ਅਸਤੀਫ਼ੇ ਲੈਣੇ ਪਏ ਸਨ। ਉਸ ਸਮੇਂ ਤਾਂ ਹੱਦ ਹੀ ਹੋ ਗਈ, ਜਦੋਂ ਗਊ ਰੱਖਿਆ ਦੇ ਨਾਂਅ 'ਤੇ ਘੱਟ-ਗਿਣਤੀ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਸਰੇਆਮ ਦਿਨ-ਦਿਹਾੜੇ ਕੁੱਟ-ਕੁੱਟ ਕੇ ਮਾਰ ਦੇਣ ਵਾਲੇ ਫ਼ਾਸਟ ਟਰੈਕ ਕੋਰਟ ਵੱਲੋਂ ਨਾਮਜ਼ਦ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਹਾਈ ਕੋਰਟ ਵੱਲੋਂ ਜ਼ਮਾਨਤ 'ਤੇ ਰਿਹਾਅ ਕੀਤੇ ਜਾਣ 'ਤੇ ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਉਨ੍ਹਾ ਦਾ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ। ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਕਿਸੇ ਆਗੂ ਨੇ ਇਸ ਘਟਨਾ ਬਾਰੇ ਕੋਈ ਟਿੱਪਣੀ ਤੱਕ ਨਾ ਕੀਤੀ, ਪਰ ਜੈਅੰਤ ਸਿਨਹਾ ਦੇ ਪਿਤਾ ਯਸ਼ਵੰਤ ਸਿਨਹਾ, ਜਿਹੜੇ ਵਾਜਪਾਈ ਸਰਕਾਰ ਵਿੱਚ ਕੇਂਦਰੀ ਮੰਤਰੀ ਰਹਿ ਚੁੱਕੇ ਹਨ, ਨੇ ਕਿਹਾ ਕਿ ਇਹ ਲਾਇਕ ਪਿਤਾ ਦਾ ਇੱਕ ਨਾਲਾਇਕ ਪੁੱਤਰ ਹੈ ਤੇ ਮੈਨੂੰ ਇਸ ਦੇ ਕੀਤੇ 'ਤੇ ਦੁੱਖ ਦਾ ਅਹਿਸਾਸ ਹੋ ਰਿਹਾ ਹੈ।
ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਦਾ ਪੱਖ ਪੂਰਨ ਦਾ ਮਾਮਲਾ ਓਦੋਂ ਹੋਰ ਤੂਲ ਫੜ ਗਿਆ, ਜਦੋਂ ਇੱਕ ਹੋਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਦਾ ਤੇ ਔਰੰਗਾਬਾਦ ਵਿੱਚ ਹੋਈ ਫ਼ਿਰਕੂ ਹਿੰਸਾ ਲਈ ਜ਼ਿੰਮੇਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨਾਲ ਜੇਲ੍ਹ ਵਿੱਚ ਜਾ ਕੇ ਮੁਲਾਕਾਤ ਕੀਤੀ ਤੇ ਉਸ ਮਗਰੋਂ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਦਮ-ਦਿਲਾਸਾ ਦੇਣ ਲਈ ਮਿਲੇ। ਇਸ ਮਗਰੋਂ ਮੀਡੀਆ ਵਾਲਿਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾ ਨੇ ਕਿਹਾ ਕਿ ਇਹਨਾਂ ਨੂੰ ਕੇਵਲ ਹਿੰਦੂਤੱਵੀ ਤਾਕਤਾਂ ਨੂੰ ਦਬਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਇਹਨਾਂ ਨੇ ਆਪਣੇ ਧਰਮ ਦੀ ਰਾਖੀ ਲਈ ਮੈਦਾਨ ਮੱਲਿਆ ਸੀ। ਗਿਰੀਰਾਜ ਸਿੰਘ ਨੇ ਇਸ ਲਈ ਬਿਹਾਰ ਦੇ ਰਾਜ ਪ੍ਰਸ਼ਾਸਨ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਹਕੀਕਤ ਇਹ ਹੈ ਕਿ ਇਸ ਸਮੇਂ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਭਾਜਪਾ ਭਾਈਵਾਲ ਹੈ ਤੇ ਉਸ ਦੇ ਅੱਧੇ ਤੋਂ ਵੱਧ ਕੈਬਨਿਟ ਮੰਤਰੀ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹਨ।
ਇਸ ਘਟਨਾ ਨੂੰ ਲੈ ਕੇ ਬਿਹਾਰ ਸਰਕਾਰ ਦੀ ਏਨੀ ਕਿਰਕਿਰੀ ਹੋਈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਰਾਜ ਦੇ ਭਾਜਪਾਈ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਹਾਜ਼ਰੀ ਵਿੱਚ ਇਹ ਕਹਿਣਾ ਪਿਆ ਕਿ ਕਿਸੇ ਨੂੰ ਵੀ ਰਾਜ ਦੇ ਲੋਕਾਂ ਵਿਚਲੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾ ਦੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਹਰ ਹਾਲਤ ਵਿੱਚ ਫ਼ਿਰਕੂ ਸਦਭਾਵਨਾ ਕਾਇਮ ਰੱਖੀ ਜਾਵੇ। ਜਿਹੜਾ ਵੀ ਵਿਅਕਤੀ ਜਾਂ ਸਮੂਹ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਸਖ਼ਤੀ ਨਾਲ ਦਬਾਅ ਦਿੱਤਾ ਜਾਵੇਗਾ। ਇਹ ਸਾਂਝ ਦੀ ਮਜਬੂਰੀ ਸੀ ਜਾਂ ਕੋਈ ਹੋਰ ਵਜ੍ਹਾ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗਿਰੀਰਾਜ ਸਿੰਘ ਦੇ ਕਥਨਾਂ ਤੇ ਅਮਲਾਂ ਬਾਰੇ ਕੁਝ ਕਹਿਣ ਤੋਂ ਪਾਸਾ ਵੱਟੀ ਰੱਖਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨਾਹਰਾ ਭਾਵੇਂ 'ਸਭ ਕਾ ਸਾਥ, ਸਭ ਕਾ ਵਿਕਾਸ' ਦਾ ਲਾਉਂਦੀ ਹੈ, ਪਰ ਜਦੋਂ ਤੱਕ ਉਹ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਕ ਕਾਰਵਾਈਆਂ ਕਰਨ ਵਾਲੇ ਸਮੂਹਾਂ ਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਬਣਦੀ ਕਾਰਵਾਈ ਕਰਨ ਵੱਲ ਮੂੰਹ ਨਹੀਂ ਕਰਦੀ, ਓਨੀ ਦੇਰ ਲੋਕਾਂ ਵਿੱਚ ਇਸ ਪ੍ਰਭਾਵ ਦਾ ਬਣਿਆ ਰਹਿਣਾ ਲਾਜ਼ਮੀ ਹੈ ਕਿ ਇਸ ਸਰਕਾਰ ਨੂੰ ਆਪਣਾ ਸੰਵਿਧਾਨਕ ਫ਼ਰਜ਼ ਨਿਭਾਉਣ ਵਿੱਚ ਕੋਈ ਦਿਲਚਸਪੀ ਨਹੀਂ। ਵੇਖਣਾ ਇਹ ਹੈ ਕਿ ਪ੍ਰਧਾਨ ਮੰਤਰੀ ਆਪਣੇ ਦੋ ਮੰਤਰੀਆਂ ਜੈਅੰਤ ਸਿਨਹਾ ਤੇ ਗਿਰੀਰਾਜ ਸਿੰਘ ਵਿਰੁੱਧ ਕੋਈ ਐਕਸ਼ਨ ਲੈਂਦੇ ਹਨ ਜਾਂ ਨਹੀਂ?

1260 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper