ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਰਥਕ ਤੌਰ 'ਤੇ ਕਮਜ਼ੋਰ ਨਸ਼ੇ ਦੇ ਆਦੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਹੀ ਉਨ੍ਹਾਂ ਪੁਲਸ ਨੂੰ ਹੁਕਮ ਦਿੱਤੇ ਕਿ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਲੋਕਾਂ ਜਾਂ ਉਨ੍ਹਾਂ ਦੇ ਪਰਵਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।
ਅੱਜ ਦੁਪਹਿਰ ਪੰਜਾਬ ਭਵਨ ਵਿਖੇ ਸਿਵਲ ਸਰਜਨਾਂ, ਮੈਡੀਕਲ ਸੁਪਰਡੈਂਟਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਨਸ਼ਾ ਛਡਾਉਣ ਦੇ ਮੁਫ਼ਤ ਇਲਾਜ ਵਾਸਤੇ ਜ਼ਰੂਰੀ ਫੰਡ ਯਕੀਨੀ ਬਣਾਉਣ ਲਈ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਫੰਡ ਤੁਰੰਤ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਅਖ਼ਤਿਆਰ 'ਤੇ ਰੱਖ ਦਿੱਤੇ ਜਾਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਸਬੰਧ ਵਿੱਚ ਹੋਰ ਫੰਡਾਂ ਦੀ ਜ਼ਰੂਰਤ ਹੋਈ ਤਾਂ ਉਹ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਸ ਵਾਸਤੇ ਪ੍ਰਵਾਨਗੀ ਦੇਣਗੇ। ਉਨ੍ਹਾ ਉੱਘੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਿਹਤ ਸੰਸਥਾਵਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਸ ਵਾਸਤੇ ਨਸ਼ਿਆਂ ਦੇ ਨਾਲ ਪਹਿਲਾਂ ਹੀ ਨਿਪਟ ਰਹੀਆਂ ਗੈਰ-ਸਰਕਾਰੀ ਸੰਸਥਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਘੋਖਣ ਲਈ ਵੀ ਆਖਿਆ ਹੈ।
ਨਸ਼ਿਆਂ ਦੀ ਤਸਕਰੀ ਨੂੰ ਇਕ ਕੌਮਾਂਤਰੀ ਸਮੱਸਿਆ ਮੰਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮੁੱਦਾ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਕੋਲ ਉਠਾਉਣਗੇ ਅਤੇ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਰਗੇ ਨਾਲ ਲੱਗਦੇ ਸੂਬਿਆਂ ਤੋਂ ਪੰਜਾਬ ਵਿੱਚ ਨਸ਼ਿਆਂ ਅਤੇ ਨਸ਼ੀਲੀਆਂ ਦਵਾਈਆਂ ਨੂੰ ਰੋਕਣ ਵਾਸਤੇ ਠੋਸ ਕਦਮ ਚੁੱਕਣ ਲਈ ਕੇਂਦਰ ਵੱਲੋਂ ਕੋਸ਼ਿਸ਼ਾਂ ਤੇਜ਼ ਕੀਤੇ ਜਾਣ ਦੀ ਅਪੀਲ ਕਰਨਗੇ, ਕਿਉਂਕਿ ਨਸ਼ਿਆਂ ਦੀ ਤਸਕਰੀ ਨਾਲ ਪੰਜਾਬ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਆਈ ਜੀ (ਐੱਸ ਟੀ ਐੱਫ) ਨੇ ਮੀਟਿੰਗ ਦੌਰਾਨ ਦੱਸਿਆ ਕਿ ਐੱਨ ਡੀ ਪੀ ਐੱਸ ਐਕਟ ਦੇ ਹੇਠ ਇਹ ਵਿਵਸਥਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਵਾਸਤੇ ਕੇਂਦਰ ਤੋਂ ਫੰਡਾਂ ਦੀ ਮੰਗ ਕੀਤੀ ਜਾ ਸਕਦੀ ਹੈ।
ਇਸ ਸੰਬੰਧ ਵਿੱਚ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਉਹ ਇਹ ਮੁੱਦਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਕੇਂਦਰੀ ਮੰਤਰਾਲੇ ਕੋਲ ਉਠਾਵੇ।
ਮੀਟਿੰਗ ਦੌਰਾਨ ਉਠਾਈ ਗਈ ਇੱਕ ਹੋਰ ਮੰਗ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੈਂਸਰ ਦੇ ਮਰੀਜ਼ਾਂ ਦੀ ਤਰਜ਼ 'ਤੇ ਨੇੜੇ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਣ ਵਾਲੇ ਗ਼ਰੀਬ ਲੋਕਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਇੱਕ ਵਿਅਕਤੀ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਨ ਦੀ ਸੁਵਿਧਾ ਮੁਹੱਈਆ ਕਰਾਉਣ ਲਈ ਸਿਹਤ ਵਿਭਾਗ ਨੂੰ ਟਰਾਂਸਪੋਰਟ ਵਿਭਾਗ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਰੂਪ-ਰੇਖਾ ਤਿਆਰ ਕਰਨ ਲਈ ਆਖਿਆ ਹੈ, ਤਾਂ ਜੋ ਇਨ੍ਹਾਂ ਨੂੰ ਇਹ ਸਹੂਲਤ ਦਿੱਤੀ ਜਾ ਸਕੇ।
ਨਸ਼ਾ ਛੁਡਾਊ ਕੇਂਦਰਾਂ ਵਿੱਚ ਆਉਣ ਵਾਲੇ ਨਸ਼ੇ ਦੇ ਆਦੀਆਂ ਦੇ ਸਬੰਧ ਵਿੱਚ ਪੁਲਿਸ ਵੱਲੋਂ ਇਕਦਮ ਜਾਂਚ ਸ਼ੁਰੂ ਕਰਨ ਸਬੰਧੀ ਆ ਰਹੀਆਂ ਰਿਪੋਰਟਾਂ ਦਾ ਮੁੱਖ ਮੰਤਰੀ ਨੇ ਗੰਭੀਰ ਨੋਟਿਸ ਲਿਆ। ਉਨ੍ਹਾ ਇਨ੍ਹਾਂ ਕੇਂਦਰਾਂ ਵਿੱਚ ਕਿਸੇ ਵੀ ਪੁਲਸ ਮੁਲਾਜ਼ਮ ਦੇ ਦਾਖ਼ਲੇ ਵਿਰੁੱਧ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਸਖ਼ਤ ਹੁਕਮ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਪਾਬੰਦੀਸ਼ੁਦਾ ਦਵਾਈਆਂ ਖੁੱਲ੍ਹੇਆਮ ਵੇਚਣ ਵਾਲੇ ਕਸੂਰਵਾਰ ਕੈਮਿਸਟਾਂ ਖਿਲਾਫ਼ ਕਾਰਵਾਈ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾ ਸਿਹਤ ਮੰਤਰੀ ਨੂੰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਢੁਕਵਾਂ ਰਾਹ ਲੱਭਣ ਵਾਸਤੇ ਕੈਮਿਸਟ ਐਸੋਸੀਏਸ਼ਨਾਂ ਦੀ ਮੀਟਿੰਗ ਸੱਦਣ ਲਈ ਆਖਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਖ਼ਤੀ ਦੀ ਆੜ ਵਿੱਚ ਯੋਗ ਖਰੀਦਦਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ, ਮੈਡੀਕਲ ਅਤੇ ਸਿੱਖਿਆ ਸੰਸਥਾਵਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਵਿਧੀ ਵਿਧਾਨ ਤਿਆਰ ਕਰਨ ਦੇ ਹੁਕਮ ਦਿੱਤੇ, ਜੋ ਤੈਅ ਸਰਕਾਰੀ ਦਰਾਂ ਮੁਤਾਬਕ ਇਲਾਜ ਮੁਹੱਈਆ ਕਰਵਾਉਣ। ਉਨ੍ਹਾ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੈਡੀਕਲ, ਸਿਹਤ ਅਤੇ ਜਾਂਚ ਸੇਵਾਵਾਂ ਲਈ ਘੱਟੋ-ਘੱਟ ਪ੍ਰੋਟੋਕੋਲ ਵਿਉਂਤਣ ਲਈ ਆਖਿਆ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਨੂੰ ਹਮਦਰਦੀ ਦੀ ਭਾਵਨਾ ਨਾਲ ਇਲਾਜ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਮਾਪਿਆਂ ਨੂੰ ਸਮਾਜਿਕ ਬਦਨਾਮੀ ਦਾ ਭੈਅ ਮਨ ਵਿੱਚੋਂ ਕੱਢ ਕੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਵੱਲੋਂ ਮਾਨਸਕ ਰੋਗਾਂ ਦੇ ਮਾਹਰਾਂ ਦੀ ਘਾਟ ਪੂਰੀ ਕਰਨ ਲਈ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਉਨ੍ਹਾ ਦੇ ਵਿਭਾਗ ਵੱਲੋਂ ਮਾਨਸਿਕ ਰੋਗੀਆਂ ਦੇ ਮਾਹਰਾਂ ਦੀ ਕਮੀ ਦੂਰ ਲਈ ਛੇਤੀ ਹੀ ਇਨ੍ਹਾਂ ਮਾਹਰਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਕਿ ਨਸ਼ੇ ਦੇ ਆਦੀਆਂ ਨੂੰ ਪ੍ਰਭਾਵੀ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਓਟ (ਓ ਓ ਏ ਟੀ) 'ਤੇ ਅਧਾਰਤ ਕਲੀਨਿਕ ਖੋਲ੍ਹਣ ਲਈ ਪ੍ਰਾਈਵੇਟ ਸੰਸਥਾਵਾਂ ਦੀਆਂ ਸੇਵਾਵਾਂ ਹਾਸਲ ਕਰਨ ਦਾ ਵੀ ਸੁਝਾਅ ਦਿੱਤਾ।
ਸਿਵਲ ਹਸਪਤਾਲ ਤਰਨ ਤਾਰਨ ਦੇ ਮਾਨਸਕ ਰੋਗਾਂ ਦੇ ਮਾਹਰ ਡਾ. ਰਾਣਾ ਰਣਬੀਰ ਸਿੰਘ ਨੇ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਓ.ਈ.ਐਨ.ਡੀ. (ਓਵਰਡੋਜ਼ ਐਜੂਕੇਸ਼ਨ ਐਂਡ ਨਾਲੋਜ਼ੋਨ ਡਿਸਟ੍ਰੀਬਿਊਸ਼ਨ) ਪ੍ਰੋਗਰਾਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ। ਇਹ ਪ੍ਰੋਗਰਾਮ ਅਮਰੀਕਾ ਵਿੱਚ ਚਲਾਇਆ ਜਾ ਰਿਹਾ ਹੈ।
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਬੀ ਐੱਸ ਸਿੱਧੂ ਨੇ ਕਿਹਾ ਕਿ ਕੁਦਰਤੀ ਨਸ਼ਿਆਂ ਨਾਲੋਂ ਸਿੰਥੈਟਿਕ ਨਸ਼ਾ ਕਿਤੇ ਵੱਧ ਖਤਰਨਾਕ ਤੇ ਨੁਕਸਾਨਦੇਹ ਹੈ, ਜਿਸ ਕਰਕੇ ਨਕਲੀ ਨਸ਼ੇ ਤਿਆਰ ਕਰਨ ਵਾਲੀ ਸਪਲਾਈ ਲਾਈਨ ਨੂੰ ਤੋੜਨਾ ਚਾਹੀਦਾ ਹੈ।
ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਨਸ਼ਿਆਂ ਦੀ ਲਾਹਨਤ ਅਤੇ ਇਸ ਦੀ ਰੋਕਥਾਮ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਯੂਨੀਵਰਸਿਟੀ ਵਿੱਚ ਵਿਸ਼ੇਸ਼ ਗੈਲਰੀ ਸਥਾਪਤ ਕਰਨ ਵਾਸਤੇ ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ। ਸਿਹਤ ਮੰਤਰੀ ਨੇ ਉਸ ਵੇਲੇ ਇਸ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐੱਨ ਐੱਸ ਕਲਸੀ, ਵਧੀਕ ਮੁੱਖ ਸਕੱਤਰ ਸਿਹਤ ਸਤੀਸ਼ ਚੰਦਰਾ, ਆਈ ਜੀ ਐੱਸ ਟੀ ਐਫ. ਆਰ ਕੇ ਜੈਸਵਾਲ, ਏ ਡੀ ਜੀ ਪੀ ਅਮਨ ਤੇ ਕਾਨੂੰਨ ਈਸ਼ਵਰ ਸਿੰਘ, ਪੰਜਾਬ ਰਾਜ ਸਿਹਤ ਨਿਗਮ ਦੇ ਡਾਇਰੈਕਟਰ ਵਰੁਣ ਰੂਜ਼ਮ, ਵਧੀਕ ਸਕੱਤਰ ਸਿਹਤ ਬੀ ਸ੍ਰੀਨਿਵਾਸਨ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਜਸਪਾਲ ਕੌਰ ਵੀ ਹਾਜ਼ਰ ਸਨ।