Latest News
ਸੁਨੀਲ ਰਾਠੀ ਨੇ ਕਬੂਲਿਆ; ਮੁੰਨਾ ਬਜਰੰਗੀ ਦੀ ਪਿਸਤੌਲ ਨਾਲ ਹੀ ਕੀਤਾ ਉਸ ਦਾ ਕਤਲ

Published on 10 Jul, 2018 09:36 AM.


ਬਾਗਪਤ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਖ਼ਤਰਨਾਕ ਗੈਂਗਸਟਰ ਮੁੰਨਾ ਬਜਰੰਗੀ ਦੀ ਬਾਗਪਤ ਜੇਲ੍ਹ 'ਚ ਹੋਈ ਹੱਤਿਆ 'ਚ ਸੁਨੀਲ ਰਾਠੀ ਦਾ ਨਾਂਅ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਪੁੱਛਗਿੱਛ 'ਚ ਸੁਨੀਲ ਰਾਠੀ ਨੇ ਦੱਸਿਆ ਕਿ ਮੁੰਨਾ ਨੇ ਉਸ ਦੀ ਸਰੀਰਕ ਬਣਤਰ 'ਤੇ ਵਿਅੰਗ ਕੱਸਿਆ ਸੀ, ਜਿਸ ਨਾਲ ਉਹ ਭੜਕ ਗਿਆ। ਸੁਨੀਲ ਨੇ ਪੁਲਸ ਨੂੰ ਦੱਸਿਆ ਕਿ ਜੇਲ੍ਹ 'ਚ ਸੈਰ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ। ਸੁਨੀਲ ਰਾਠੀ ਪਹਿਲਾਂ ਤੋਂ ਹੀ ਬਾਗਪਤ ਜੇਲ੍ਹ 'ਚ ਬੰਦ ਹੈ, ਇਸ ਲਈ ਇਸ ਮਾਮਲੇ 'ਚ ਉਸ ਦੀ ਗ੍ਰਿਫ਼ਤਾਰੀ ਪੁਲਸ ਨੇ ਦਿਖਾ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਖ਼ਤਰਨਾਕ ਬਦਮਾਸ਼ ਸੁਨੀਲ ਰਾਠੀ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਸੁਨੀਲ ਰਾਠੀ ਨੇ ਪੁਲਸ ਨੂੰ ਦੱਸਿਆ, 'ਉਸ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਮੋਟਾ ਹਾਂ।' ਮੈਨੂੰ ਇਹ ਪਸੰਦ ਨਹੀਂ ਆਇਆ। ਮੈਂ ਬਜਰੰਗੀ ਨੂੰ ਕਿਹਾ, 'ਪਹਿਲਾਂ ਆਪਣੀ ਸਥਿਤੀ ਸੁਧਾਰੋ। ਇਸ ਨਾਲ ਸਾਡੇ ਦੋਵਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਉਸ ਨੇ ਮੇਰੇ 'ਤੇ ਮਾਊਜਰ ਤਾਣ ਦਿੱਤੀ। ਮੈਂ ਬੰਦੂਕ ਖੋਹ ਲਈ ਅਤੇ ਉਸ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਜਿਉਂ ਹੀ ਉਹ ਡਿੱਗਿਆ, ਮੈਂ ਬੰਦੂਕ ਦੀਆਂ ਪੂਰੀਆਂ ਗੋਲੀਆਂ ਉਸ 'ਤੇ ਖਾਲੀ ਕਰ ਦਿੱਤੀਆਂ।'
ਹਾਲਾਂਕਿ ਮੁੰਨਾ ਬਜਰੰਗੀ ਦੀ ਹੱਤਿਆ ਦੇ ਪਿੱਛੇ ਇਹ ਮਾਮੂਲੀ ਕਾਰਨ ਪੁਲਸ ਅਧਿਕਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਘਟਨਾ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ, 'ਬਾਗਪਤ ਜੇਲ੍ਹ 'ਚ ਮੁੰਨਾ ਤੋਂ ਜ਼ਿਆਦਾ ਸੁਨੀਲ ਰਾਠੀ ਲਈ ਪਰੇਸ਼ਾਨੀ ਸੀ। ਦੂਸਰੇ ਗਵਾਹਾਂ ਨੇ ਦੱਸਿਆ ਕਿ ਸੁਨੀਲ ਨੇ ਇਕਾਂਤ ਸੈੱਲ (ਆਈਸੋਲੇਸ਼ਨ ਸੈੱਲ) ਦੇ ਬਾਹਰ ਬਣੇ ਗਾਰਡਨ 'ਚ ਸੈਰ ਕਰਦੇ ਹੋਏ ਬਿਨਾਂ ਵਜ੍ਹਾ ਖੁੱਲ੍ਹੇਆਮ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ।'
ਇੱਕ ਅਧਿਕਾਰੀ ਨੇ ਦੱਸਿਆ ਕਿ ਬਜਰੰਗੀ ਦੀ ਹੱਤਿਆ ਪਹਿਲਾਂ ਹੀ ਪਲਾਨ ਸੀ। ਉਨ੍ਹਾਂ ਦੱਸਿਆ, 'ਉਹ ਪਹਿਲਾਂ ਤੋਂ ਹੀ ਹੱਤਿਆ ਦਾ ਦੋਸ਼ੀ ਸੀ। ਰਾਠੀ ਨੇ ਉਸ ਦੀ ਖੋਪੜੀ 'ਤੇ ਸਾਰੀਆਂ ਗੋਲੀਆਂ ਮਾਰੀਆਂ। ਇਹ ਪੱਕਾ ਕਰਨ ਲਈ ਕਿ ਉਹ ਕਿਸੇ ਵੀ ਤਰ੍ਹਾਂ ਜਿਊਂਦਾ ਨਾ ਬਚੇ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੁੰਨਾ ਬਜਰੰਗੀ ਦੇ ਜੇਲ੍ਹ 'ਚ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।'
ਉਧਰ ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਪੋਸਟਮਾਰਟਮ ਰਿਪੋਰਟ 'ਚ ਇਹ ਸਾਹਮਣੇ ਆਇਆ ਕਿ ਮੁੰਨਾ ਦੇ ਸਰੀਰ 'ਚ ਕੋਈ ਵੀ ਗੋਲੀ ਨਹੀਂ ਮਿਲੀ। ਸਾਰੀਆਂ ਗੋਲੀਆਂ ਉਸ ਦੇ ਸਰੀਰ ਨੂੰ ਵਿੰਨ੍ਹ ਕੇ ਬਾਹਰ ਨਿਕਲ ਗਈਆਂ। ਇਸ ਤੋਂ ਇਹ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕੁੱਲ ਕਿੰਨੀਆਂ ਗੋਲੀਆਂ ਲੱਗੀਆਂ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper