Latest News
ਜੀ ਓ ਇੰਸਟੀਚਿਊਟ ਖੁੱਲ੍ਹਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ 'ਚ

Published on 10 Jul, 2018 09:42 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐੱਚ ਆਰ ਡੀ) ਵੱਲੋਂ ਛੇ ਇੰਸਟੀਚਿਊਟਸ ਨੂੰ ਦੇਸ਼ ਦੀਆਂ ਉੱਤਮ ਸੰਸਥਾਵਾਂ (ਇੰਸਟੀਚਿਊਟ ਆਫ ਐਮੀਨੈਂਸ) ਦਾ ਦਰਜਾ ਦਿੱਤੇ ਜਾਣ ਮਗਰੋਂ ਵੱਡਾ ਵਿਵਾਦ ਛਿੜ ਗਿਆ ਹੈ। ਇਸ ਲਿਸਟ ਵਿੱਚ ਜੀ ਓ ਇੰਸਟੀਚਿਊਟ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ, ਜੋ ਹਾਲੇ ਤੱਕ ਬਣਿਆ ਨਹੀਂ। ਸਰਕਾਰ ਦੇ ਇਸ ਕਦਮ 'ਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਰੋਬਾਰੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਧਰ ਐੱਚ ਆਰ ਡੀ ਮੰਤਰਾਲੇ ਨੇ ਪੂਰੇ ਮਾਮਲੇ 'ਤੇ ਸਫਾਈ ਦਿੰਦਿਆਂ ਕਿਹਾ ਕਿ ਯੂ ਜੀ ਸੀ ਰੈਗੂਲੇਸ਼ਨ 2017, ਦੇ ਕਲਾਜ਼ 6.1 ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਲਕੁਲ ਨਵੀਂਆਂ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਐੱਚ ਆਰ ਡੀ ਮੰਤਰਾਲੇ ਨੇ ਆਈ ਆਈ ਟੀ ਦਿੱਲੀ, ਆਈ ਆਈ ਟੀ ਬੰਬਈ, ਆਈ ਆਈ ਟੀ ਬੰਗਲੌਰ, ਮਨੀਪਾ ਅਕੈਡਮੀ ਆਫ ਹਾਇਰ ਐਜੂਕੇਸ਼ਨ, ਬਿਟਸ ਪਿਲਾਨੀ ਤੇ ਜੀ ਓ ਇੰਸਟੀਚਿਊਟ ਨੂੰ ਉੱਤਮ ਸੰਸਥਾਵਾਂ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ।
ਕਾਂਗਰਸ ਨੂੰ ਰਿਲਾਇੰਸ ਫਾਊਂਡੇਸ਼ਨ ਦੇ ਜੀ ਓ ਇੰਸਟੀਚਿਊਟ 'ਤੇ ਇਤਰਾਜ਼ ਹੈ। ਪਾਰਟੀ ਨੇ ਪੁੱਛਿਆ ਹੈ ਕਿ ਜੀ ਓ ਇੰਸਟੀਚਿਊਟ ਹਾਲੇ ਬਣਿਆ ਨਹੀਂ ਤਾਂ ਸਰਕਾਰ ਉਸ ਨੂੰ ਉੱਤਮ ਸੰਸਥਾ ਦਾ ਦਰਜਾ ਕਿਵੇਂ ਦੇ ਸਕਦੀ ਹੈ। ਇਸ ਸੰਬੰਧੀ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਤਰੁਣ ਗੋਗੋਈ ਨੇ ਟਵੀਟ ਕਰਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾ ਸਰਕਾਰ ਦੇ ਇਸ ਕਦਮ ਨੂੰ ਹਾਸੋਹੀਣਾ ਕਰਾਰ ਦਿੱਤਾ ਤੇ ਕਿਹਾ ਕਿ ਸਰਕਾਰ ਕਾਰੋਬਾਰੀਆਂ ਦਾ ਫਾਇਦਾ ਕਰ ਰਹੀ ਹੈ।
ਐੱਚ ਆਰ ਡੀ ਮੰਤਰਾਲੇ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਯੂ ਜੀ ਸੀ ਰੈਗੂਲੇਸ਼ਨ 2017 ਦੇ ਕਲਾਜ਼ 6.1 ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਲਕੁਲ ਨਵੀਂਆਂ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਉਦੇਸ਼ ਨਿੱਜੀ ਸੰਸਥਾਵਾਂ ਨੂੰ ਕੌਮਾਂਤਰੀ ਪੱਧਰ ਦੀ ਵਿੱਦਿਅਕ ਵਿਵਸਥਾ ਤਿਆਰ ਕਰਨ ਲਈ ਹੁਲਾਰਾ ਦੇਣਾ ਹੈ। ਮੰਤਰਾਲੇ ਨੇ ਕਿਹਾ ਕਿ ਜੀ ਓ ਇੰਸਟੀਚਿਊਟ ਨੂੰ ਗਰੀਨ ਫੀਲਡ ਕੈਟਾਗਰੀ ਦੇ ਤਹਿਤ ਚੁਣਿਆ ਗਿਆ ਹੈ, ਜੋ ਨਵੀਂਆਂ ਸੰਸਥਾਵਾਂ ਲਈ ਹੁੰਦੀ ਹੈ।

343 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper