Latest News
ਨਸ਼ਿਆਂ ਨਾਲ ਨਾ ਮਰੋ, ਰੁਜ਼ਗਾਰ ਪ੍ਰਾਪਤੀ ਲਈ ਲੜੋ!

Published on 11 Jul, 2018 11:57 AM.


ਪੰਜਾਬ ਅੰਦਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਤਾਜ਼ਾ ਖ਼ਬਰਾਂ ਅਨੁਸਾਰ ਕੱਲ੍ਹ ਫਿਰ ਨਸ਼ੇ ਦੀ ਮਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ ਮੌਤ ਨੂੰ ਗਲੇ ਲਗਾ ਲਿਆ। ਪਹਿਲੀ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੀ ਹੈ, ਜਿੱਥੇ ਦੋ ਨੌਜਵਾਨ 27 ਸਾਲਾ ਸੁਖਦੀਪ ਸਿੰਘ ਅਤੇ 24 ਸਾਲਾ ਜਸਵਿੰਦਰ ਸਿੰਘ ਮਹਿਲ ਕਲਾਂ ਕਸਬੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਮ੍ਰਿਤਕ ਪਾਏ ਗਏ। ਨੌਜਵਾਨਾਂ ਪਾਸੋਂ ਨਸ਼ੇ ਲਈ ਵਰਤੀ ਜਾਣ ਵਾਲੀ ਸਰਿੰਜ ਮਿਲੀ, ਜਿਸ ਤੋਂ ਯਕੀਨ ਹੋ ਗਿਆ ਕਿ ਉਹਨਾਂ ਦੀ ਮੌਤ ਨਸ਼ੇ ਦੀ ਵਾਧੂ ਮਿਕਦਾਰ ਕਾਰਨ ਹੋਈ ਹੈ। ਦੋਵੇਂ ਨੌਜਵਾਨ ਆਪਣੇ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਦੂਜੀ ਘਟਨਾ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੀ ਹੈ, ਜਿੱਥੇ ਭਰਤ ਨਾਂਅ ਦੇ ਨੌਜਵਾਨ ਨੇ ਸਰਿੰਜ ਨਾਲ ਆਪਣੀ ਲੱਤ 'ਤੇ ਨਸ਼ੇ ਦਾ ਟੀਕਾ ਲਾ ਲਿਆ, ਪਰ ਟੀਕਾ ਗ਼ਲਤ ਲੱਗਣ ਕਾਰਨ ਲੱਤ ਵਿੱਚ ਜ਼ਹਿਰ ਫੈਲ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੇ ਇੱਕ ਭਰਾ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।
ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਕੋਈ ਨਵਾਂ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਦੋਹਾਂ ਹੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਵਧਣ ਲਈ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹਨਾਂ ਦੋਹਾਂ ਪਾਰਟੀਆਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਰਾਜ ਦੇ ਸ਼ਾਸਨ ਦੀ ਵਾਗਡੋਰ ਉਹਨਾਂ ਦੇ ਹੱਥ ਆ ਗਈ ਤਾਂ ਉਹ ਦਿਨਾਂ ਵਿੱਚ ਹੀ ਨਸ਼ਿਆਂ ਦਾ ਖ਼ਾਤਮਾ ਕਰ ਦੇਣਗੇ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਣਗੇ। ਇਸ ਦੇ ਨਤੀਜੇ ਵਜੋਂ ਲੋਕਾਂ ਨੇ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਦੀ ਸੱਤਾ ਸੌਂਪ ਦਿੱਤੀ ਤੇ ਨਵੀਂ ਉੱਠੀ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਦੀ ਕੁਰਸੀ ਉੱਤੇ ਬਿਰਾਜਮਾਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਥਾਂ ਉੱਤੇ ਧੱਕ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਪਹਿਲੇ ਕੁਝ ਮਹੀਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਕੁਝ ਕਾਰਵਾਈ ਵੀ ਹੋਈ। ਕੁਝ ਵੱਡੇ ਸਮੱਗਲਰ ਫੜੇ ਵੀ ਗਏ, ਪਰ ਇਹ ਕਾਰਵਾਈ ਨਾਕਾਫ਼ੀ ਸਾਬਤ ਹੋਈ। ਨਸ਼ਿਆਂ ਦੀ ਇਸ ਗੰਭੀਰ ਬੀਮਾਰੀ ਲਈ ਓਹੜ-ਪੋਹੜ ਨਹੀਂ, ਵੱਡੇ ਅਪਰੇਸ਼ਨ ਦੀ ਲੋੜ ਸੀ, ਪਰ ਸਰਕਾਰ ਨੇ ਇਸ ਪਾਸੇ ਅਵੇਸਲੇਪਣ ਵਾਲੀ ਪਹੁੰਚ ਅਪਣਾਈ ਰੱਖੀ। ਸਗੋਂ ਹੋਇਆ ਇਹ ਕਿ ਪ੍ਰਚੱਲਤ ਨਸ਼ਿਆਂ ਦੀ ਅਣਹੋਂਦ ਕਾਰਨ ਸਮੱਗਲਰਾਂ ਨੇ ਕੈਮੀਕਲ ਨਸ਼ਿਆਂ ਵੱਲ ਮੂੰਹ ਕਰ ਲਿਆ। ਇਸ ਦੇ ਸਿੱਟੇ ਵਜੋਂ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਹੜ੍ਹ ਜਿਹਾ ਆ ਗਿਆ। ਕੋਈ ਦਿਨ ਨਹੀਂ ਸੀ ਲੰਘਦਾ, ਜਦੋਂ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਨਾ ਬਣਦੀਆਂ ਰਹੀਆਂ ਹੋਣ।
ਆਖ਼ਰ ਲੋਕਾਂ ਦੇ ਸਬਰ ਦਾ ਪੈਮਾਨਾ ਭਰ ਗਿਆ ਤੇ ਉਹ ਖ਼ੁਦ ਮੈਦਾਨ ਵਿੱਚ ਨਿੱਤਰ ਆਏ। 1 ਜੁਲਾਈ ਤੋਂ 7 ਜੁਲਾਈ ਤੱਕ ਆਪ-ਮੁਹਾਰੇ ਸ਼ੁਰੂ ਹੋਈ ਨਸ਼ਿਆਂ ਵਿਰੁੱਧ ਮੁਹਿੰਮ ਨੇ ਸਮਾਜ ਦੇ ਹਰ ਤਬਕੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇੱਕ ਲੋਕ ਲਹਿਰ ਖੜੀ ਕਰ ਦਿੱਤੀ। ਸਭ ਸਿਆਸੀ ਧਿਰਾਂ ਤੇ ਜਨਤਕ ਜਥੇਬੰਦੀਆਂ ਨੇ ਇਸ ਮੁਹਿੰਮ ਵਿੱਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਇਆ। ਇਹ ਮੁਹਿੰਮ ਹਾਲੇ ਵੀ ਜਾਰੀ ਹੈ।
ਨਸ਼ਿਆਂ ਵਿਰੁੱਧ ਇਸ ਮੁਹਿੰਮ ਨੇ ਸਰਕਾਰ ਨੂੰ ਵੀ ਜਾਗਣ ਲਈ ਮਜਬੂਰ ਕਰ ਦਿੱਤਾ। ਸਰਕਾਰ ਵੱਲੋਂ ਕੁਝ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਨਿਟ ਵੱਲੋਂ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਮਤਾ ਪਾਸ ਕਰ ਕੇ ਕੇਂਦਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ। ਆਪਣੇ ਸਭ ਕਰਮਚਾਰੀਆਂ ਦੇ ਡੋਪ ਟੈੱਸਟ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਕੁਝ ਪੁਲਸ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ, ਜਿਨ੍ਹਾਂ ਉੱਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਸਨ, ਨੂੰ ਨੌਕਰੀਆਂ ਤੋਂ ਬਰਖ਼ਾਸਤ ਜਾਂ ਮੁਅੱਤਲ ਕਰਨ ਦੇ ਕਦਮ ਪੁੱਟੇ ਗਏ। ਪੁਲਸ ਮਹਿਕਮੇ ਵੱਲੋਂ ਵੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ ਤੇ ਜਾਰੀ ਹਨ। ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਵਲੰਟੀਅਰ ਭਰਤੀ ਕਰ ਕੇ ਸਮਝਾਊ ਮੁਹਿੰਮ ਦੇ ਵੀ ਕੁਝ ਚੰਗੇ ਨਤੀਜੇ ਨਿਕਲ ਰਹੇ ਹਨ।
ਇਹਨਾਂ ਸਭ ਸਾਰਥਕ ਕਦਮਾਂ ਦੇ ਬਾਵਜੂਦ ਮਸਲਾ ਬਹੁਤ ਗੰਭੀਰ ਬਣ ਚੁੱਕਾ ਹੈ। ਸਭ ਤੋਂ ਵੱਡਾ ਮੁੱਦਾ ਰਾਜ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੈ। ਅੰਧੇਰੇ ਭਵਿੱਖ ਦੀ ਚਿੰਤਾ ਹੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਵੱਡਾ ਕਾਰਨ ਬਣਦੀ ਹੈ। ਇਸ ਲਈ ਸਰਕਾਰ ਨੂੰ ਇਸ ਸਮੱਸਿਆ ਦੇ ਸਥਾਈ ਹੱਲ ਲਈ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਜਿੰਨਾ ਚਿਰ ਅਸੀਂ ਜਵਾਨੀ ਨੂੰ ਕੰਮ ਨਹੀਂ ਦੇਵਾਂਗੇ, ਉਹਨਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਕਦੇ ਵੀ ਰੋਕ ਨਹੀਂ ਸਕਾਂਗੇ। ਇਸ ਦੇ ਨਾਲ ਹੀ ਹੁਣ ਤੱਕ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਇੱਕ ਲੋਕ ਲਹਿਰ ਬਣਾਉਣੀ ਪਵੇਗੀ। ਪੰਜਾਬ ਦੇ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਇਸ ਜੰਗ ਵਿੱਚ ਨਿਭਾਈ ਜਾ ਰਹੀ ਭੂਮਿਕਾ ਲਈ ਉਹ ਵਧਾਈ ਦੇ ਹੱਕਦਾਰ ਹਨ, ਪਰ ਸਮਾਂ ਹੱਥ ਉੱਤੇ ਹੱਥ ਧਰ ਕੇ ਬੈਠਣ ਦਾ ਨਹੀਂ। ਇਹ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੰਮ ਦਾ ਅਧਿਕਾਰ ਇਸ ਦਾ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ। ਰੁਜ਼ਗਾਰ ਪ੍ਰਾਪਤੀ ਹੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੰਜਾਮ ਤੱਕ ਪੁਚਾ ਸਕਦੀ ਹੈ। ਇਸ ਲਈ ਹੁਣ ਇਸ ਮੁਹਿੰਮ ਦਾ ਨਾਹਰਾ ਹੋਣਾ ਚਾਹੀਦਾ ਹੈ; 'ਨਸ਼ਿਆਂ ਨਾਲ ਨਾ ਮਰੋ, ਰੁਜ਼ਗਾਰ ਪ੍ਰਾਪਤੀ ਲਈ ਲੜੋ'!

1839 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper