Latest News
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਛੇਵਾਂ ਅਰਥਚਾਰਾ ਬਣਿਆ

Published on 11 Jul, 2018 12:26 PM.


ਪੈਰਿਸ (ਨਵਾਂ ਜ਼ਮਾਨਾ ਸਰਵਿਸ)
ਵਿਕਾਸ ਦੇ ਦਮ 'ਤੇ ਭਾਰਤੀ ਅਰਥਵਿਵਸਥਾ ਨੇ ਉੱਚੀ ਉਡਾਨ ਭਰੀ ਹੈ। ਫਰਾਂਸ ਨੂੰ ਸੱਤਵੇਂ ਸਥਾਨ 'ਤੇ ਪਿੱਛੇ ਛੱਡਦੇ ਹੋਏ ਭਾਰਤ ਹੁਣ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਵਿਸ਼ਵ ਬੈਂਕ ਦੇ 2017 ਦੇ ਅਪਡੇਟਿਡ ਅੰਕੜਿਆਂ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੁਤਾਬਿਕ ਭਾਰਤ ਦੀ ਜੀ ਡੀ ਪੀ (ਸਕਲ ਘਰੇਲੂ ਉਤਪਾਦ) ਪਿਛਲੇ ਸਾਲ ਦੇ ਆਖਿਰ 'ਚ 2.597 ਟ੍ਰਿਲੀਅਨ ਡਾਲਰ ਸੀ, ਜਦਕਿ ਫਰਾਂਸ ਦੀ 2.582 ਟ੍ਰਿਲੀਅਨ ਡਾਲਰ ਸੀ। ਕਈ ਤਿਮਾਹੀਆਂ ਦੀ ਮੰਦੀ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਜੁਲਾਈ 2017 ਤੋਂ ਫਿਰ ਤੋਂ ਮਜ਼ਬੂਤ ਹੋਣ ਲੱਗੀ ਹੈ। ਜਾਣਕਾਰੀ ਹੈ ਕਿ ਭਾਰਤ ਦੀ ਆਬਾਦੀ ਇਸ ਸਮੇਂ 1.34 ਅਰਬ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਆਬਾਦੀ ਵਾਲਾ ਦੇਸ਼ ਬਣਨ ਦੀ ਦਿਸ਼ਾ 'ਚ ਜਾ ਰਿਹਾ ਹੈ। ਉਧਰ ਫਰਾਂਸ ਦੀ ਆਬਾਦੀ 6.7 ਕਰੋੜ ਹੈ। ਅੰਕੜਿਆਂ ਅਨੁਸਾਰ ਫਰਾਂਸ ਦੀ ਪ੍ਰਤੀ ਵਿਅਕਤੀ ਜੀ ਡੀ ਪੀ ਤੋਂ 20 ਗੁਣਾ ਜ਼ਿਆਦਾ ਹੈ।
ਨੋਟਬੰਦੀ ਅਤੇ ਜੀ ਐੱਸ ਟੀ (ਮਾਲ ਅਤੇ ਸੇਵਾ ਕਰ) ਦੇ ਕਾਰਨ ਦਿਖੇ ਠਹਿਰਾਅ ਤੋਂ ਬਾਅਦ ਪਿਛਲੇ ਸਾਲ ਮੈਨੂਫੈਕਚਰਿੰਗ ਅਤੇ ਉਪਭੋਗਤਾ ਖਰਚ ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਦੋਵੇਂ ਪ੍ਰਮੁੱਖ ਕਾਰਨ ਰਹੇ। ਇੱਕ ਦਹਾਕੇ 'ਚ ਭਾਰਤ ਨੇ ਆਪਣੀ ਜੀ ਡੀ ਪੀ ਨੂੰ ਦੋ ਗੁਣਾ ਕਰ ਦਿੱਤਾ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੀਨ ਦੀ ਰਫ਼ਤਾਰ ਹੌਲੀ ਪੈ ਸਕਦੀ ਹੈ ਅਤੇ ਏਸ਼ੀਆ 'ਚ ਭਾਰਤ ਪ੍ਰਮੁੱਖ ਅਰਥਿਕ ਤਾਕਤ ਦੇ ਤੌਰ 'ਤੇ ਉੱਭਰ ਸਕਦਾ ਹੈ।
ਅੰਤਰਰਾਸ਼ਟਰੀ ਆਈ ਐੱਮ ਐੱਫ ਅਨੁਸਾਰ ਇਸ ਸਾਲ ਭਾਰਤ ਦੀ ਵਿਕਾਸ ਦਰ 7.4 ਫੀਸਦੀ ਰਹਿ ਸਕਦੀ ਹੈ ਅਤੇ ਕਰ ਸੁਧਾਰ ਅਤੇ ਘਰੇਲੂ ਖਰਚਿਆਂ ਦੇ ਚੱਲਦੇ 2019 'ਚ ਭਾਰਤ ਦੀ ਵਿਕਾਸ ਦਰ 7.8 ਫੀਸਦੀ ਤੱਕ ਪਹੁੰਚ ਸਕਦੀ ਹੈ। ਉਥੇ ਹੀ ਦੁਨੀਆ ਦੀ ਔਸਤ ਵਿਕਾਸ ਦਰ ਦੇ 3.9 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਲੰਡਨ ਸਥਿਤ ਕੰਸਲਟੈਂਸੀ ਸੈਂਟਰ ਫਾਰ ਇਕਨਾਮਿਕਸ ਐਂਡ ਬਿਜ਼ਨੈੱਸ ਰਿਸਰਚ ਨੇ ਪਿਛਲੇ ਸਾਲ ਦੇ ਆਖਰ 'ਚ ਕਿਹਾ ਕਿ ਸੀ ਜੀ ਡੀ ਪੀ ਦੇ ਲਿਹਾਜ ਨਾਲ ਭਾਰਤ ਬ੍ਰਿਟੇਨ ਅਤੇ ਫਰਾਂਸ ਦੋਵਾਂ ਨੂੰ ਪਿੱਛੇ ਛੱਡ ਦੇਵੇਗਾ। ਇਹੀ ਨਹੀਂ, 2032 ਤੱਕ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸੰਭਾਵਨਾ ਜਤਾਈ ਗਈ ਹੈ। 2017 ਦੇ ਆਖਿਰ 'ਚ ਬ੍ਰਿਟੇਨ 2.622 ਟ੍ਰਿਲੀਅਨ ਜੀ ਡੀ ਪੀ ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ।
ਇਸ ਸਮੇਂ ਅਰਥਵਿਵਸਥਾ ਦੇ ਮਾਮਲੇ 'ਚ ਅਮਰੀਕਾ ਪਹਿਲੇ ਸਥਾਨ 'ਤੇ ਹੈ, ਉਸ ਤੋਂ ਬਾਅਦ ਚੀਨ, ਜਾਪਾਨ ਅਤੇ ਜਰਮਨੀ ਦਾ ਨੰਬਰ ਆਉਂਦਾ ਹੈ।

321 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper