Latest News
ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕੀ ਅਕਾਲੀ-ਭਾਜਪਾ ਦੀ ਮਲੋਟ ਰੈਲੀ

Published on 12 Jul, 2018 11:15 AM.


ਪਾਰਲੀਮੈਂਟ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਬਣਦੀਆਂ ਹਨ। ਹੋਣਗੀਆਂ ਓਦੋਂ ਜਾਂ ਪਹਿਲਾਂ, ਇਸ ਬਾਰੇ ਸਿਰਫ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਪਤਾ ਹੋਵੇਗਾ। ਬਹੁਤੀ ਸੰਭਾਵਨਾ ਅਗੇਤੇ ਹੋਣ ਦੀ ਹੈ। ਪਿਛਲੇ ਦਿਨਾਂ ਵਿੱਚ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਜਿਵੇਂ ਇੱਕ ਦਮ ਤਿੱਖੀ ਤੋਰ ਵਗਣ ਲੱਗ ਪਈ ਹੈ, ਉਸ ਤੋਂ ਇਹ ਜਾਪਦਾ ਹੈ ਕਿ ਚੋਣਾਂ ਚਲੰਤ ਸਾਲ ਮੁੱਕਣ ਤੋਂ ਪਹਿਲਾਂ ਵੀ ਹੋ ਸਕਦੀਆਂ ਹਨ। ਇਸੇ ਸਰਗਰਮੀ ਨਾਲ ਜੋੜ ਕੇ ਭਾਜਪਾ ਨੇ ਮਲੋਟ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਨੂੰ ਅਕਾਲੀ ਆਗੂਆਂ ਨੇ ਆਪਣੇ ਸਿਰ ਲੈ ਲਿਆ। ਫੈਸਲਾ ਭਾਵੇਂ ਪੰਜਾਬ, ਰਾਜਸਥਾਨ ਤੇ ਹਰਿਆਣੇ ਦੇ ਤਿੰਨਾਂ ਰਾਜਾਂ ਵਿੱਚੋਂ ਲੋਕ ਲਿਆ ਕੇ ਭਰਵਾਂ ਇਕੱਠ ਕਰ ਕੇ ਪ੍ਰਧਾਨ ਮੰਤਰੀ ਕੋਲ ਵਜ੍ਹਕਾ ਬਣਾਉਣ ਦਾ ਕੀਤਾ ਗਿਆ ਸੀ, ਪਰ ਜਦੋਂ ਵੇਖਿਆ ਕਿ ਚੌਧਰ ਅਕਾਲੀਆਂ ਨੇ ਸੰਭਾਲ ਲਈ ਹੈ, ਹਰਿਆਣੇ ਅਤੇ ਰਾਜਸਥਾਨ ਵਾਲੇ ਕੀ, ਪੰਜਾਬ ਦੇ ਭਾਜਪਾ ਆਗੂ ਵੀ ਪੈਰ ਪਿਛਾਂਹ ਖਿੱਚਣ ਲੱਗ ਪਏ ਤੇ ਇਸ ਦਾ ਅਸਰ ਰੈਲੀ ਵਿੱਚ ਦਿੱਸ ਪਿਆ।
ਇਹ ਤਜਵੀਜ਼ ਅਕਾਲੀ ਆਗੂਆਂ ਦੀ ਸੀ ਕਿ ਝੋਨੇ ਅਤੇ ਕੁਝ ਹੋਰ ਫਸਲਾਂ ਦੇ ਖਰੀਦ ਮੁੱਲ ਵਿੱਚ ਤਾਜ਼ਾ ਵਾਧਾ ਹੋਣ ਦਾ ਲਾਭ ਲੈਣ ਵਾਸਤੇ ਇਸ ਰੈਲੀ ਨੂੰ 'ਕਿਸਾਨ ਕਲਿਆਣ ਰੈਲੀ'’ਦਾ ਨਾਂਅ ਦੇ ਦਿੱਤਾ ਜਾਵੇ, ਜਦੋਂ ਇਹੋ ਭਾਜਪਾ ਆਗੂਆਂ ਨੇ ਵੀ ਮੰਨ ਲਿਆ ਤਾਂ ਸਾਰਾ ਧਿਆਨ ਏਸੇ ਉੱਤੇ ਕੇਂਦਰਤ ਕਰ ਕੇ ਜ਼ੋਰ ਲਾਇਆ ਗਿਆ। ਪ੍ਰਧਾਨ ਮੰਤਰੀ ਨੇ ਇਹ ਜਾਣਦੇ ਹੋਏ ਕਿ ਹਾਜ਼ਰੀ ਆਸ ਮੁਤਾਬਕ ਨਹੀਂ, ਫਿਰ ਵੀ ਇਹ ਕਹਿ ਕੇ ਵਡਿਆਇਆ ਕਿ ਇਹ ਇਕੱਠ 'ਕਿਸਾਨ ਕੁੰਭ'’ ਜਾਪਦਾ ਹੈ, ਪਰ ਭਾਸ਼ਣਾਂ ਤੋਂ ਹਟ ਕੇ ਬਾਕੀ ਵਿਹਾਰ ਵਿੱਚ ਉਹ ਆਪਣੀ ਖਿਝ ਲੁਕਾਉਣ ਤੋਂ ਖੁੰਝ ਗਏ। ਇਹ ਖਿਝ ਚੜ੍ਹੀ ਹੋਣ ਦਾ ਹੀ ਪ੍ਰਗਟਾਵਾ ਸੀ ਕਿ ਅਕਾਲੀ ਆਗੂਆਂ ਵੱਲੋਂ ਬੜੇ ਮਾਣ ਨਾਲ ਪਹਿਨਾਈ ਗਈ ਦਸਤਾਰ ਪ੍ਰਧਾਨ ਮੰਤਰੀ ਨੇ ਕੁਝ ਪਲਾਂ ਦੇ ਬਾਅਦ ਹੀ ਲਾਹ ਕੇ ਰੱਖ ਦਿੱਤੀ ਤੇ ਫਿਰ ਉਸ ਦਾ ਧਿਆਨ ਹੀ ਨਹੀਂ ਸੀ ਕੀਤਾ, ਜਦ ਕਿ ਪਹਿਲੇ ਗੇੜਿਆਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਵੀ ਇਹੋ ਜਿਹੀ ਭੇਟ ਕੀਤੀ ਦਸਤਾਰ ਸਮੇਤ ਕਰਦੇ ਹੁੰਦੇ ਸਨ।
ਸ਼ਾਇਦ ਨਰਿੰਦਰ ਮੋਦੀ ਦੀ ਖਿਝ ਦਾ ਇੱਕ ਕਾਰਨ ਇਹ ਵੀ ਹੋਵੇ ਕਿ ਜਦੋਂ ਰੈਲੀ ਤਿੰਨਾਂ ਰਾਜਾਂ ਦੀ ਸਾਂਝੀ ਸੀ, ਉਸ ਮੌਕੇ ਰਾਜਸਥਾਨ ਦੀ ਮੁੱਖ ਮੰਤਰੀ ਨੇ ਆਪ ਕੀ ਆਉਣਾ ਸੀ, ਉਸ ਦੇ ਲੋਕ ਵੀ ਨਹੀਂ ਆਏ। ਸਿਰਫ ਇੱਕ ਮੰਤਰੀ ਭੇਜ ਕੇ ਹਾਜ਼ਰੀ ਪਵਾ ਦਿੱਤੀ ਸੀ। ਹਰਿਆਣੇ ਵਾਲੇ ਆਏ ਤਾਂ ਸਨ, ਪਰ ਲੋਕ ਨਹੀਂ ਸਨ ਲਿਆਂਦੇ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨਾਲ ਚਾਰ ਸਾਲ ਪਹਿਲਾਂ ਦੀ ਕੁੜੱਤਣ ਹਾਲੇ ਤੱਕ ਨਹੀਂ ਗਈ, ਜਦੋਂ ਅਕਾਲੀਆਂ ਨੇ ਓਥੇ ਭਾਜਪਾ ਨੂੰ ਹਰਾਉਣ ਵਾਸਤੇ ਓਮ ਪ੍ਰਕਾਸ਼ ਚੌਟਾਲੇ ਦੀ ਇਨੈਲੋ ਪਾਰਟੀ ਲਈ ਆਪਣੀ ਪੰਜਾਬ ਵਾਲੀ ਸਾਰੀ ਸਰਕਾਰ ਝੋਕ ਰੱਖੀ ਸੀ। ਇਸ ਸੋਚ ਅਧੀਨ ਹਰਿਆਣੇ ਦੇ ਭਾਜਪਾ ਵਾਲਿਆਂ ਨੇ ਵੀ ਖ਼ੁਦ ਨੂੰ ਸਿਰਫ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦੀ ਹਾਜ਼ਰੀ ਤੱਕ ਸੀਮਤ ਕਰ ਲਿਆ।
ਜਿਹੜੀ ਗੱਲ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਸੀ, ਉਹ ਇਹ ਕਿ ਅਕਾਲੀ ਆਗੂ ਜਿਹੜੀਆਂ ਮੰਗਾਂ ਇਸ ਰਾਜ ਲਈ ਬੜੀਆਂ ਅਹਿਮ ਆਖਿਆ ਕਰਦੇ ਸਨ, ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਗੱਲ ਨਹੀਂ ਛੇੜ ਸਕੇ। ਨਾ ਓਥੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਗੱਲ ਕੀਤੀ, ਨਾ ਚੰਡੀਗੜ੍ਹ ਸ਼ਹਿਰ ਦੀ ਤੇ ਨਾ ਨਿਤੀਸ਼ ਕੁਮਾਰ ਵਾਂਗ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਉਠਾਈ। ਇੱਕੋ ਮੰਗ ਸੁਖਬੀਰ ਸਿੰਘ ਬਾਦਲ ਨੇ ਕੀਤੀ ਤੇ ਉਹ ਅਣਸੁਣੀ ਹੋ ਗਈ। ਉਸ ਨੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ, ਅਗਲੇ ਸਾਲ ਗੁਰੂ ਨਾਨਕ ਸਾਹਿਬ ਦਾ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਆ ਰਿਹਾ ਹੈ ਤੇ ਸਾਡੀ ਬੇਨਤੀ ਹੈ ਕਿ ਇਹ ਪ੍ਰਕਾਸ਼ ਦਿਹਾੜਾ ਸਾਰੇ ਭਾਰਤ ਵਿੱਚ ਮਨਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਸਿਰਫ ਏਨਾ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਆ ਰਿਹਾ ਹੈ, ਪਰ ਇਸ ਤੋਂ ਬਾਅਦ ਇਸ ਵਿੱਚ ਸ਼ਾਮਲ ਹੋਣ ਜਾਂ ਦੇਸ਼ ਵਿੱਚ ਇਸ ਮੌਕੇ ਗੁਰੂ ਸਾਹਿਬ ਦਾ ਸੰਦੇਸ਼ ਪੁਚਾਉਣ ਜਾਂ ਕੋਈ ਵੀ ਹੋਰ ਉੱਦਮ ਕਰਨ ਦਾ ਕੋਈ ਕਸ਼ਟ ਹੀ ਨਹੀਂ ਕੀਤਾ। ਇਸ ਨਾਲ ਅਕਾਲੀ ਆਗੂ ਇਸ ਲਈ ਕਾਫੀ ਮਾਯੂਸ ਹਨ ਕਿ ਇਸ ਰਾਜ ਦੇ ਲੋਕਾਂ ਕੋਲ ਜਾਣ ਲਈ ਇਹ ਬਹੁਤ ਵੱਡਾ ਮੁੱਦਾ ਹੋ ਸਕਦਾ ਸੀ, ਇਹ ਵੀ ਗੱਲ ਨਹੀਂ ਬਣ ਸਕੀ।
ਪ੍ਰਧਾਨ ਮੰਤਰੀ ਸਾਹਿਬ ਮਲੋਟ ਆਏ, ਜਲਸਾ ਕੀਤਾ ਤੇ ਵਾਪਸ ਚਲੇ ਗਏ, ਪਰ ਇਸ ਫੇਰੀ ਨਾਲ ਜਿੱਦਾਂ ਦਾ ਅਸਰ ਪੈਣਾ ਚਾਹੀਦਾ ਸੀ, ਉਸ ਤਰ੍ਹਾਂ ਦਾ ਨਹੀਂ ਪੈ ਸਕਿਆ। ਸਿਰਫ ਇੱਕੋ ਗੱਲ ਮੁੜ-ਮੁੜ ਹੁੰਦੀ ਰਹੀ ਕਿ ਝੋਨੇ ਤੇ ਨਰਮੇ ਦੀਆਂ ਦੋ ਫਸਲਾਂ ਦਾ ਭਾਅ ਵਧਾ ਦਿੱਤਾ ਗਿਆ ਹੈ, ਪਰ ਇਨ੍ਹਾਂ ਬਾਰੇ ਜਿਵੇਂ ਕਿਸਾਨ ਆਗੂ ਰਾਜੇਵਾਲ ਨੇ ਸਾਰੀ ਤਸਵੀਰ ਸਾਹਮਣੇ ਲੈ ਆਂਦੀ ਸੀ, ਉਸ ਦੀ ਕਾਟ ਕਰਨ ਵਾਲੀ ਕੋਈ ਗੱਲ ਓਥੇ ਨਹੀਂ ਕਹੀ ਗਈ। ਰਾਜੇਵਾਲ ਨੇ ਕਿਹਾ ਕਿ ਸਿਰਫ ਇਹ ਸੁਣਾਈ ਜਾ ਰਹੀ ਹੈ ਕਿ ਭਾਅ ਵਧਾਇਆ ਗਿਆ ਹੈ, ਇਹ ਗੱਲ ਅਣਗੌਲੀ ਕੀਤੀ ਜਾ ਰਹੀ ਹੈ ਕਿ ਜੀ ਐੱਸ ਟੀ ਵਧਾਉਣ ਦੇ ਨਾਲ ਖੇਤੀ ਮਸ਼ੀਨਰੀ ਵੀ ਮਹਿੰਗੀ ਹੋ ਗਈ ਹੈ, ਖਾਦਾਂ ਵੀ ਪਿਛਲੇ ਸਾਲ ਨਾਲੋਂ ਮਹਿੰਗੀਆਂ ਹੋ ਗਈਆਂ ਹਨ ਤੇ ਕੀਟ ਨਾਸ਼ਕ ਵੀ ਮਹਿੰਗੇ ਹੋ ਗਏ ਹਨ। ਜਿਹੜੀ ਤਸਵੀਰ ਰਾਜੇਵਾਲ ਨੇ ਪੇਸ਼ ਕੀਤੀ ਹੈ, ਉਸ ਦੇ ਮੁਤਾਬਕ ਤਾਂ ਜਿੰਨਾ ਫਸਲ ਦਾ ਭਾਅ ਵੱਧ ਕੀਤਾ ਗਿਆ ਹੈ, ਉਸ ਨਾਲੋਂ ਫਸਲ ਦੀ ਲਾਗਤ ਪਿਛਲੇ ਨਾਲੋਂ ਕਿਤੇ ਵੱਧ ਹੋਈ ਪਈ ਹੈ।
ਅਕਾਲੀ ਆਗੂ ਪਿਛਲੇ ਸਾਲ ਦੀ ਚੋਣਾਂ ਦੀ ਸੱਟ ਤੋਂ ਬਾਅਦ ਅਜੇ ਤੱਕ ਪਿੰਡਾਂ ਵਿੱਚ ਜਾਣ ਲੱਗੇ ਨਹੀਂ ਜਾਪਦੇ, ਨਹੀਂ ਤਾਂ ਉਨ੍ਹਾਂ ਨੂੰ ਇਹ ਗੱਲਾਂ ਰਾਜੇਵਾਲ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਸਨ। ਉਨ੍ਹਾਂ ਨੂੰ ਇਹ ਗੱਲ ਵੀ ਖਾਸ ਨਹੀਂ ਜਾਪਦੀ ਕਿ ਜਦੋਂ ਸਾਰੇ ਦੇਸ਼ ਵਿੱਚ ਕਿਸਾਨ ਖੁਦਕੁਸ਼ੀਆਂ ਦੀ ਚਰਚਾ ਹਰ ਪਾਸੇ ਹੁੰਦੀ ਪਈ ਹੈ, ਕਿਸਾਨਾਂ ਦੇ ਭਲੇ ਦੀ ਕੋਈ ਸਕੀਮ ਪ੍ਰਧਾਨ ਮੰਤਰੀ ਸਾਹਿਬ ਐਲਾਨ ਕਰ ਕੇ ਹੀ ਨਹੀਂ ਗਏ। ਸਿਰਫ ਇੱਕ ਰੈਲੀ ਹੀ ਕਰਨ ਦੇ ਨਾਲ ਤਾਂ ਅਗਲੀ ਚੋਣ ਦਾ ਚੱਕਾ ਨਹੀਂ ਬੱਝ ਜਾਣਾ। ਇਸ ਦੇ ਲਈ ਲੋਕਾਂ ਦੇ ਦੁੱਖਾਂ ਦੀ ਗੱਲ ਵੀ ਕਰਨੀ ਪੈਣੀ ਸੀ, ਜਿਹੜੀ ਨਾ ਹੋਣ ਕਾਰਨ ਰੈਲੀ ਵਿੱਚ ਗਏ ਲੋਕ ਵੀ ਬਹੁਤੇ ਖੁਸ਼ ਨਹੀਂ ਹੋ ਸਕੇ। ਇਸ ਨੂੰ ਕਈ ਅਖਬਾਰਾਂ ਨੇ ਨੋਟ ਕੀਤਾ ਹੈ।
ਮਲੋਟ ਦੀ ਰੈਲੀ ਦੇ ਇਨ੍ਹਾਂ ਪ੍ਰਭਾਵਾਂ ਤੋਂ ਕਾਂਗਰਸ ਪਾਰਟੀ ਦੇ ਆਗੂ ਖੁਸ਼ ਹੋਏ ਪਏ ਹਨ ਕਿ ਉਨ੍ਹਾਂ ਦੇ ਖਿਲਾਫ ਜਿਸ ਮੋਰਚਾਬੰਦੀ ਦਾ ਖਤਰਾ ਸੀ, ਉਸ ਦਾ ਪੜੁੱਲ ਨਹੀਂ ਬੱਝ ਸਕਿਆ, ਪਰ ਉਨ੍ਹਾਂ ਨੂੰ ਆਪਣੇ ਬਾਰੇ ਵੀ ਸੋਚਣਾ ਪਵੇਗਾ। ਸਮੁੱਚੇ ਪੰਜਾਬ ਵਿੱਚ ਇਸ ਵਕਤ ਮਾਯੂਸੀ ਦੀ ਹਾਲਤ ਬਣੀ ਪਈ ਹੈ। ਕੋਈ ਵਰਗ ਵੀ ਤਸੱਲੀ ਦੀ ਗੱਲ ਨਹੀਂ ਕਰ ਰਿਹਾ। ਬੀਤੇ ਦਿਨਾਂ ਤੋਂ ਨਸ਼ੀਲੇ ਪਦਾਰਥਾਂ ਦੇ ਖਿਲਾਫ ਜਿਹੜੀ ਮੁਹਿੰਮ ਆਰੰਭ ਕੀਤੀ ਗਈ ਹੈ, ਉਹ ਪਿਛਲੇ ਸਾਲ ਵੀ ਕੀਤੀ ਜਾ ਸਕਦੀ ਸੀ, ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਉਹ ਓਨੇ ਪ੍ਰਭਾਵ ਵਾਲੀ ਨਹੀਂ ਬਣ ਰਹੀ, ਜਿੰਨੀ ਪਹਿਲਾਂ ਬਣਨੀ ਸੀ। ਸਿਰਫ ਦੂਸਰਿਆਂ ਦੇ ਨੁਕਸ ਗਿਣ ਕੇ ਬੇੜੀ ਪਾਰ ਨਹੀਂ ਲੱਗ ਜਾਣੀ, ਕੰਮ ਉਨ੍ਹਾਂ ਨੂੰ ਵੀ ਕਰਨਾ ਪੈਣਾ ਹੈ।
-ਜਤਿੰਦਰ ਪਨੂੰ

1567 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper