Latest News
ਸ਼ਹਿਰੀ ਵਸੋਂ ਨੂੰ ਬਾਰਸ਼ਾਂ ਦੀ ਮਾਰ

Published on 16 Jul, 2018 11:40 AM.


ਸਾਡੇ ਮੌਜੂਦਾ ਹਾਕਮਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਦੇਸ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾ ਦਿੱਤਾ ਜਾਵੇਗਾ। ਇਸ ਸੰਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਾਲੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਸ਼ਹਿਰਾਂ ਦੇ ਨਾਂਅ ਵੀ ਦਿੱਤੇ ਗਏ ਹਨ, ਪਰ ਮਾਨਸੂਨ ਰੁੱਤ ਦੀ ਆਮਦ ਨਾਲ ਹੀ ਦੇਸ ਦੀ ਕੌਮੀ ਰਾਜਧਾਨੀ ਦਿੱਲੀ ਤੇ ਆਰਥਕ ਰਾਜਧਾਨੀ ਵਜੋਂ ਜਾਣੀ ਜਾਂਦੀ ਮਹਾਂਨਗਰੀ ਮੁੰਬਈ ਤੇ ਇਸ ਦੇ ਆਲੇ-ਦੁਆਲੇ ਵਸੇ ਨਗਰਾਂ ਦੇ ਵਸਨੀਕਾਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਤੇ ਖੱਡਿਆਂ ਵਾਲੀਆਂ ਸੜਕਾਂ ਕਾਰਨ ਜੋ ਮੁਸ਼ਕਲਾਂ ਝੱਲਣੀਆਂ ਪਈਆਂ ਤੇ ਪੈ ਰਹੀਆਂ ਹਨ, ਉਨ੍ਹਾਂ ਦਾ ਵੇਰਵਾ ਪੜ੍ਹ ਕੇ ਹੀ ਦਿਲ ਕੰਬ ਉੱਠਦਾ ਹੈ ਤੇ ਅਹਿਸਾਸ ਹੋਣ ਲੱਗਦਾ ਹੈ ਕਿ ਅਸੀਂ ਸ਼ਹਿਰਾਂ ਦਾ ਕਿਹੋ ਜਿਹਾ ਵਿਕਾਸ ਕਰ ਰਹੇ ਹਾਂ।
ਮੁੰਬਈ ਵਿੱਚ ਭਾਰੀ ਬਾਰਸ਼ਾਂ ਹੋਣ ਕਰ ਕੇ ਹਾਲਤ ਇਹ ਬਣ ਗਈ ਕਿ ਕਈ ਦਿਨਾਂ ਤੱਕ ਲੰਮੀ ਦੂਰੀ ਵਾਲੀਆਂ ਟਰੇਨਾਂ ਦੀ ਆਵਾਜਾਈ ਰੋਕਣੀ ਪਈ। ਸਥਾਨਕ ਰੇਲਾਂ ਦੀ ਆਵਾਜਾਈ ਵਿੱਚ ਵੀ ਵਿਘਨ ਪਿਆ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਬੜੋਦਾ ਤੋਂ ਆ ਰਹੀ ਐਕਸਪ੍ਰੈੱਸ ਟਰੇਨ ਸ਼ਹਿਰ ਵਿੱਚ ਦਾਖ਼ਲ ਹੋਈ ਤਾਂ ਪਲੇਟਫ਼ਾਰਮ 'ਤੇ ਏਨਾ ਪਾਣੀ ਭਰ ਚੁੱਕਾ ਸੀ ਕਿ ਮੁਸਾਫ਼ਰਾਂ ਨੂੰ ਜਾਨ ਦੇ ਲਾਲੇ ਪੈ ਗਏ, ਕਿਉਂਕਿ ਪਾਣੀ ਰੇਲ ਦੇ ਡੱਬਿਆਂ ਵਿੱਚ ਵੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਸੀ। ਰੇਲ ਤੇ ਸਿਵਲ ਪ੍ਰਸ਼ਾਸਨ ਨੇ ਮੁਸਾਫ਼ਰਾਂ ਦੇ ਬਚਾਅ ਕਾਰਜਾਂ ਤੋਂ ਹੱਥ ਖੜੇ ਕਰ ਦਿੱਤੇ ਤਾਂ ਐੱਨ ਡੀ ਆਰ ਐੱਫ਼ (ਆਪਦਾ ਪ੍ਰਬੰਧਨ ਫ਼ੋਰਸ) ਦੇ ਦਸਤਿਆਂ ਨੂੰ ਬੁਲਾਉਣਾ ਪਿਆ। ਫਿਰ ਕਿਧਰੇ ਜਾ ਕੇ ਮੁਸਾਫ਼ਰਾਂ ਦਾ ਸਾਹ ਵਿੱਚ ਸਾਹ ਆਇਆ ਤੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਕਈ ਦਿਨਾਂ ਤੱਕ ਸਕੂਲ-ਕਾਲਜ ਬੰਦ ਰਹੇ। ਸ਼ਹਿਰ ਵਿੱਚ ਪਾਣੀ ਏਨਾ ਜਮ੍ਹਾਂ ਹੋ ਗਿਆ ਕਿ ਘਰਾਂ, ਦੁਕਾਨਾਂ, ਥਾਣਿਆਂ ਤੇ ਸਰਕਾਰੀ ਦਫ਼ਤਰਾਂ ਤੱਕ ਵਿੱਚ ਦਾਖ਼ਲ ਹੋ ਗਿਆ। ਸ਼ਹਿਰ ਦੇ ਵਸਨੀਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਸੜਕਾਂ ਵਿੱਚ ਥਾਂ-ਥਾਂ ਪਏ ਖੱਡਿਆ ਕਾਰਨ ਹੋਈ। ਕਲਿਆਣ ਡੌਂਬਲੀ ਵਿੱਚ ਤਾਂ ਪੰਜ ਵਿਅਕਤੀਆਂ ਨੂੰ ਖੱਡਿਆਂ ਵਿੱਚ ਡਿੱਗਣ ਕਾਰਨ ਜਾਨ ਤੋਂ ਹੱਥ ਧੋਣੇ ਪਏ। ਕੁਝ ਲੋਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਜ਼ਮੀਨ 'ਤੇ ਡਿੱਗਣ ਕਰ ਕੇ ਉਨ੍ਹਾਂ ਦੀ ਲਪੇਟ ਵਿੱਚ ਆ ਕੇ ਜਾਨ ਗੁਆ ਬੈਠੇ।
ਏਥੇ ਇਹ ਗੱਲ ਵਰਨਣ ਯੋਗ ਹੈ ਕਿ ਮੁੰਬਈ ਦੀ ਮਹਾਂਨਗਰ ਕਾਰਪੋਰੇਸ਼ਨ ਦੇਸ ਦੀ ਸਭ ਤੋਂ ਵੱਧ ਅਮੀਰ ਕਾਰਪੋਰੇਸ਼ਨ ਹੈ। ਇਸ ਦਾ ਸਾਲਾਨਾ ਬੱਜਟ 35000 ਕਰੋੜ ਰੁਪਏ ਹੈ। ਇਸ ਕਾਰਪੋਰੇਸ਼ਨ ਵੱਲੋਂ ਆਪਣੇ ਨਾਗਰਿਕਾਂ ਨੂੰ ਪ੍ਰਾਪਤ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਹਾਲ ਇਹ ਹੈ ਕਿ ਸੁਪਰੀਮ ਕੋਰਟ ਦੇ ਮਾਣ ਯੋਗ ਜੱਜਾਂ ਨੂੰ ਇਹ ਟਿੱਪਣੀ ਕਰਨੀ ਪਈ ਹੈ ਕਿ ਇਸ ਦੇ ਕਰਤੇ-ਧਰਤੇ ਦੱਸਣ ਕਿ ਸੜਕਾਂ 'ਤੇ ਪਏ ਖੱਡਿਆਂ ਦੀ ਗਿਣਤੀ ਕਿੰਨੀ ਹੈ। ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਹਾਲ ਇਹ ਹੈ ਕਿ ਮਾਨਸੂਨ ਰੁੱਤ ਦੀਆਂ ਪਹਿਲੀਆਂ ਬਾਰਸ਼ਾਂ ਨਾਲ ਹੀ ਸੜਕਾਂ ਝੀਲਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ, ਜਿਸ ਕਰ ਕੇ ਰੇਲ ਤੇ ਸੜਕੀ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ।
ਸਾਡੇ ਦੇਸ ਦੀ ਕੌਮੀ ਰਾਜਧਾਨੀ ਦਿੱਲੀ ਦਾ ਹਾਲ ਵੀ ਮੁੰਬਈ ਨਾਲੋਂ ਬਿਹਤਰ ਨਹੀਂ। ਸ਼ਹਿਰ ਦੇ ਕੂੜੇ-ਕਚਰੇ ਦੇ ਡੰਪ ਏਨੇ ਉੱਚੇ ਹੋ ਗਏ ਹਨ ਕਿ ਉਹ ਕੁਤਬ ਮੀਨਾਰ ਦੀ ਉਚਾਈ ਨੂੰ ਵੀ ਮਾਤ ਦੇਣ ਲੱਗੇ ਹਨ। ਹੁਣ ਤਾਂ ਸ਼ਾਸਨ ਦੀ ਨਾ-ਅਹਿਲੀਅਤ ਕਾਰਨ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੂੰ ਵੀ ਇਸ ਦਾ ਨੋਟਿਸ ਲੈਣਾ ਪਿਆ। ਬਰਸਾਤ ਦੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਪ੍ਰਸ਼ਾਸਨ, ਮਹਾਂਨਗਰ ਵਿੱਚ ਮੌਜੂਦ ਤਿੰਨਾਂ ਹੀ ਮਿਊਂਸਪਲ ਕਾਰਪੋਰੇਸ਼ਨਾਂ, ਸੀਵਰੇਜ ਤੇ ਪੀ ਡਬਲਯੂ ਡੀ ਵਿਭਾਗ ਦੇ ਅਹਿਲਕਾਰਾਂ ਵੱਲੋਂ ਜਨਤਾ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਮੀਂਹ ਦੇ ਪਾਣੀ ਦੇ ਨਿਕਾਸ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ, ਪਰ ਮਾਨਸੂਨ ਦੀ ਪਹਿਲੀ ਬਾਰਸ਼ ਨੇ ਹੀ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਦੇਸ ਦੇ ਦੂਜੇ ਰਾਜਾਂ ਦੇ ਸ਼ਹਿਰਾਂ ਤੋਂ ਵੀ ਸਾਨੂੰ ਅਜਿਹੀਆਂ ਹੀ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲੀਆਂ ਹਨ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਤਾਂ ਬਾਰਸ਼ਾਂ ਕਾਰਨ ਇਹ ਹਾਲਤ ਬਣ ਗਈ ਕਿ ਨਾ ਡਿਪਟੀ ਕਮਿਸ਼ਨਰ ਦਾ ਦਫ਼ਤਰ ਪਾਣੀ ਦੀ ਮਾਰ ਤੋਂ ਬਚਿਆ, ਨਾ ਪੁਲਸ ਥਾਣੇ ਤੇ ਉੱਚ ਅਧਿਕਾਰੀਆਂ ਦੇ ਦਫ਼ਤਰ। ਕਈ ਥਾਂਈਂ ਤਾਂ ਜ਼ਿਲ੍ਹਾ ਹਸਪਤਾਲਾਂ ਵਿੱਚ ਬਾਰਸ਼ ਦਾ ਪਾਣੀ ਭਰ ਜਾਣ ਕਰ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਅਤੇ ਇਲਾਜ ਕਰਨ ਵਾਲੇ ਅਮਲੇ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਰਸਾਤੀ ਪਾਣੀ ਦੀ ਮਾਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਤੇ ਮਾਡਲ ਰਾਜ ਗੁਜਰਾਤ ਦੇ ਮੁੱਖ ਸ਼ਹਿਰ ਵੀ ਨਹੀਂ ਬਚ ਸਕੇ। ਇਹ ਹਾਲਤ ਉਸ ਸਮੇਂ ਹੈ, ਜਦੋਂ ਪਿਛਲੀ ਮਰਦਮ-ਸ਼ੁਮਾਰੀ ਅਨੁਸਾਰ ਦੇਸ ਦੀ ਇਕੱਤੀ ਫ਼ੀਸਦੀ ਵੱਸੋਂ ਹੀ ਸ਼ਹਿਰਾਂ ਵਿੱਚ ਰਹਿੰਦੀ ਹੈ। ਵਿਸ਼ਵ ਬੈਂਕ ਨੇ ਅਨੁਮਾਨ ਲਾਇਆ ਹੈ ਕਿ 2025 ਤੱਕ ਭਾਰਤ ਦੀ 55 ਫ਼ੀਸਦੀ ਆਬਾਦੀ ਸ਼ਹਿਰਾਂ ਵਿੱਚ ਨਿਵਾਸ ਕਰ ਰਹੀ ਹੋਵੇਗੀ। ਉਸ ਸਥਿਤੀ ਵਿੱਚ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਕਰ ਕੇ ਹੀ ਦਿਲ ਕੰਬ ਉੱਠਦਾ ਹੈ।
ਅਜਿਹੀ ਸਥਿਤੀ ਦੇ ਚੱਲਦਿਆਂ ਪ੍ਰਧਾਨ ਮੰਤਰੀ ਦਾ ਸਮਾਰਟ ਸਿਟੀ ਦਾ ਸੰਕਲਪ ਕਿਵੇਂ ਸਾਕਾਰ ਹੋਵੇਗਾ, ਇਸ ਦਾ ਜੁਆਬ ਉਹ ਖ਼ੁਦ ਹੀ ਦੇ ਸਕਦੇ ਹਨ।

1527 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper