Latest News
ਪਰਾਲੀ ਦੀ ਸੁਚੱਜੀ ਸੰਭਾਲ ਨਾਲ ਸੁਖਪਾਲ ਸਿੰਘ ਨੇ ਘਟਾਏ ਖੇਤੀ ਖਰਚੇ

Published on 19 Jul, 2018 11:53 AM.


ਦੋਦਾ (ਵਕੀਲ ਬਰਾੜ)-ਜ਼ਿਲ੍ਹੇ ਦੇ ਬਹੁਤ ਸਾਰੇ ਪ੍ਰਗਤੀਸ਼ੀਲ ਕਿਸਾਨ ਖੇਤੀਬਾੜੀ  ਵਿਭਾਗ ਵੱਲੋਂ ਸੁਝਾਈਆਂ ਤਕਨੀਕਾਂ ਨਾਲ ਖੇਤੀ ਕਰਕੇ ਜ਼ਿਲ੍ਹੇ ਤਾ ਨਾਂਅ ਰੌਸ਼ਨ ਕਰ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਚੱਕ ਕਾਲਾ ਸਿੰਘ ਵਾਲਾ ਦਾ ਸੁਖਪਾਲ ਸਿੰਘ, ਜਿਸ ਨੇ ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਆਪਣੇ ਖੇਤੀ ਖਰਚੇ ਘਟਾਏ ਹਨ ਅਤੇ ਭਰਪੂਰ ਫ਼ਸਲ ਲੈ ਰਿਹਾ ਹੈ। ਸੁਖਪਾਲ ਸਿੰਘ ਨੇ ਸਫ਼ਲਤਾ ਦੀ ਕਹਾਣੀ ਦੱਸਦਿਆਂ ਕਿਹਾ ਕਿ ਪਿਛਲੇ ਸਾਲ ਉਸਨੇ 60 ਏਕੜ ਝੋਨੇ ਦੀ ਕਟਾਈ ਸੁਪਰ ਐੈਸ ਐਮ ਐਸ ਕੰਬਾਇਨ ਨਾਲ ਕਰਾਈ ਸੀ। ਇਸ ਮਸ਼ੀਨ ਨੇ ਪਰਾਲੀ ਨੂੰ ਬਰੀਕ ਟੁਕੜਿਆਂ ਵਿਚ ਕੱਟ ਕੇ ਖੇਤ ਵਿਚ ਇਕਸਾਰ ਖਿਲਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਬਿਨਾਂ ਖੇਤ ਵਾਹੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਦਿੱਤੀ। ਉਸਨੇ ਦੱਸਿਆ ਕਿ ਕਣਕ ਦੀ ਵੀ ਚੰਗੀ ਫ਼ਸਲ ਹੋਈ ਹੈ ਹੁਣ ਜਦ ਉਸਨੇ ਦੁਬਾਰਾ ਝੋਨਾ/ਬਾਸਮਤੀ ਲਾਇਆ ਤਾਂ ਉਸਦੀ ਫ਼ਸਲ ਵਿਚ ਫੁੱਟ ਰੋਟ ਦੀ ਬਿਮਾਰੀ ਨਹੀਂ ਹੋਈ। ਉਸ ਅਨੁਸਾਰ ਜ਼ਮੀਨ ਵਿਚ ਪਰਾਲੀ ਮਿਲਾਉਣ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਵਿਚ ਵਾਧਾ ਹੋਇਆ ਅਤੇ ਨਤੀਜੇ ਵਜੋਂ ਜਮੀਨ ਦੀ ਉਪਜਾਊ ਸ਼ਕਤੀ ਵਧੀ, ਜਿਸ ਕਾਰਨ ਫ਼ਸਲ ਭਰਪੂਰ ਅਤੇ ਬਿਮਾਰੀ ਰਹਿਤ ਹੋਈ। ਸੁਖਪਾਲ ਸਿੰਘ ਨੇ ਕਿਸਾਨਾਂ ਨਾਲ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸ ਵੱਲੋਂ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਖੇਤੀ ਕੀਤੀ ਜਾਂਦੀ ਹੈ, ਜਿਸ ਕਾਰਨ ਉਸਦੇ ਖੇਤੀ ਖਰਚੇ ਘਟੇ ਹਨ। ਸੁਖਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਵਨ, ਪਾਣੀ ਅਤੇ ਧਰਤੀ ਦੀ ਰਾਖੀ ਕਰਨ ਦਾ ਸੁਨੇਹਾ ਗੁਰਬਾਣੀ ਵਿਚ ਦਿੱਤਾ ਹੈ, ਇਸ ਲਈ ਉਨ੍ਹਾਂ ਦੀਆਂ ਸਿਖਿਆਵਾਂ 'ਤੇ ਚੱਲਦਿਆ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਪਰਾਲੀ ਸਾੜਨ ਨਾਲ ਧਰਤੀ ਅਤੇ ਹਵਾ ਦੋਨਾਂ ਨੂੰ ਨੂਕਸਾਨ ਹੁੰਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਅਗਲੀ ਫ਼ਸਲ 'ਤੇ ਕੋਈ ਮਾੜਾ ਅਸਰ ਨਹੀਂ ਹੁੰਦਾ, ਸਗੋਂ ਇਸ ਨਾਲ ਖਰਚੇ ਘਟਦੇ ਹਨ ਅਤੇ ਜ਼ਮੀਨ ਦੀ ਸਿਹਤ ਸੁਧਾਰ ਹੁੰਦਾ ਹੈ।

5277 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper