Latest News
ਅੰਗਰੇਜ਼ਾਂ ਵੱਲੋਂ 150 ਸਾਲ ਪੁਰਾਣਾ ਪੁਲ ਅਜੇ ਵੀ ਕਾਇਮ ਤੇ 14 ਸਾਲ ਪਹਿਲਾਂ ਬਣਿਆ ਪੁਲ ਖਸਤਾ ਹੋਣ ਲੱਗਾ

Published on 22 Jul, 2018 11:13 AM.


ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਬੌਬੀ)-ਅੰਗਰੇਜ਼ਾਂ ਵੱਲੋਂ 150 ਸਾਲ ਪਹਿਲਾਂ ਸਰਹਿੰਦ ਨਹਿਰ 'ਤੇ ਚੂਨੇ ਨਾਲ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਪੁਲ ਅਜੇ ਵੀ ਪੂਰੀ ਤਰ੍ਹਾਂ ਕਾਇਮ ਹੈ, ਜਦਕਿ ਪੰਜਾਬ ਦੀ ਸਰਕਾਰ ਵੱਲੋਂ 14 ਸਾਲ ਪਹਿਲਾਂ ਉਸਦੇ ਨਾਲ ਹੀ ਇੱਕ ਹੋਰ ਚੌੜਾ ਪੁਲ ਬਣਾਇਆ ਗਿਆ, ਉਸਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ ਹੈ ਜੋ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ-ਨਵਾਂਸ਼ਹਿਰ ਦੀ ਮੇਨ ਸੜਕ ਨੂੰ ਜੋੜਨ ਵਾਸਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ 'ਤੇ ਇੱਕ ਵੱਡੇ ਪੁਲ ਦੀ ਉਸਾਰੀ ਕਰਵਾਈ ਗਈ ਸੀ, ਉੱਥੇ ਟ੍ਰੈਫਿਕ ਵੱਧਣ ਦੇ ਮੱਦੇਨਜ਼ਰ ਸਰਹਿੰਦ ਨਹਿਰ 'ਤੇ ਵੀ ਅੰਗਰੇਜ਼ਾਂ ਵੱਲੋਂ ਬਣਾਏ ਪੁਲ ਦੇ ਨਾਲ ਹੀ ਇੱਕ ਚੌੜੇ ਪੁਲ ਦੀ ਉਸਾਰੀ ਕਰਵਾਈ ਗਈ ਸੀ, ਜਿਸਦਾ ਨੀਂਹ ਪੱਥਰ 14 ਅਪ੍ਰੈਲ 2002 ਨੂੰ ਉਸ ਸਮੇਂ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਰੱਖਿਆ ਗਿਆ। ਇਸ ਪੁਲ ਨੂੰ ਬਣੇ ਅਜੇ ਸਿਰਫ 14 ਸਾਲ ਹੀ ਹੋਏ ਹਨ, ਜਿਸ ਦੌਰਾਨ ਇਹ ਪੁਲ ਦੀਆਂ ਇੱਕ-ਦੋ ਵਾਰ ਪਹਿਲਾਂ ਵੀ ਸਲੈਬਾਂ ਟੁੱਟ ਚੁੱਕੀਆਂ ਹਨ, ਜਿਸ ਨੂੰ ਵਿਭਾਗ ਵੱਲੋਂ ਲਿਪਾ-ਪੋਚੀ ਵਾਲੇ ਢੰਗ ਨਾਲ ਠੀਕ ਕਰਕੇ ਕੰਮ ਚੱਲਦਾ ਕਰ ਦਿੱਤਾ ਗਿਆ ਸੀ, ਪਰ ਇਸ ਸਾਰੇ ਪੁਲ ਦੀ ਇਹ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ ਤੇ ਪੁਲ ਦੇ ਦੋਵੇਂ ਕਿਨਾਰਿਆਂ ਵਾਲੇ ਪਾਸੇ ਪੱਕੇ ਰੱਖਣ ਲਈ ਵਿਭਾਗ ਵੱਲੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਦੋਵੇਂ ਪਾਸਿਓਂ ਮਿੱਟੀ ਖੁਰ ਕੇ ਵੱਡੀਆਂ ਦਰਾਰਾਂ ਬਣ ਰਹੀਆਂ ਹਨ ਜੇਕਰ ਇਨ੍ਹਾਂ ਨੂੰ ਸਮਾਂ ਰਹਿੰਦਿਆਂ ਠੀਕ ਨਾ ਕੀਤਾ ਗਿਆ ਤਾਂ ਪੁਲ ਕਦੇ ਵੀ ਭਾਰੀ ਬਾਰਿਸ਼ ਅਤੇ ਨਹਿਰ ਵਿੱਚ ਵਧੇ ਪਾਣੀ ਕਾਰਨ ਦੱਬਕੇ ਨਹਿਰ ਵਿਚ ਡਿੱਗ ਸਕਦਾ ਹੈ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਪੁਲ ਦੇ ਦੋਵੇਂ ਪਾਸੇ ਪੈਦਲ ਯਾਤਰੀਆਂ ਲਈ ਬਣਾਏ ਗਏ ਛੋਟੇ ਰਾਸਤਿਆਂ ਦੀ ਵੀ ਹਾਲਤ ਖਸਤਾ ਹੈ ਤੇ ਨਾ ਹੀ ਕੋਈ ਸਾਫ਼ ਕੀਤਾ ਗਿਆ ਹੈ। ਇਸ ਪੁਲ ਨੂੰ ਨੇੜ੍ਹਿਓਂ ਅਤੇ ਗਹੁ ਨਾਲ ਦੇਖਣ 'ਤੇ ਸਾਰੇ ਪੁਲ ਨੂੰ ਹੀ ਤਰੇੜਾਂ ਪਈਆਂ ਦਿਖਾਈ ਦੇ ਰਹੀਆਂ ਹਨ, ਜਦਕਿ ਇਸ ਪੁਲ ਦੇ ਨਾਲ ਹੀ ਕੁਝ ਦੂਰੀ 'ਤੇ 1857 ਦੇ ਕਰੀਬ ਅੰਗਰੇਜ਼ ਸਰਕਾਰ ਵੱਲੋਂ ਬਣਾਏ ਗਏ ਪੁਲ ਦੀ ਕਾਮਯਾਬੀ ਆਪਣੇ ਆਪ ਕਹਿ ਰਹੀ ਹੈ, ਇਹ ਪੁਰਾਣਾ ਪੁਲ ਉਸ ਸਮੇਂ ਦੀ ਤਕਨੀਕ ਅਨੁਸਾਰ ਡਾਟਾਂ ਲਗਾ ਕੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਹੀ ਦੱਸ ਰਹੀ ਹੈ ਕਿ ਪੂਰੀ ਇਮਾਨਦਾਰੀ ਨਾਲ ਪੁਲ ਦਾ ਨਿਰਮਾਣ ਕਰਵਾਇਆ ਹੋਇਆ ਹੈ। ਅੰਗਰੇਜ਼ਾਂ ਵੱਲੋਂ ਬਣਾਏ ਇਸ ਪੁਲ ਦੇ ਦੋਵੇਂ ਕਿਨਾਰਿਆਂ ਦੇ ਦੋਨੇ ਪਾਸੇ ਪਾਣੀ ਦੇ ਤੇਜ਼ ਵਹਾਅ ਤੋਂ ਖੁਰਨ ਤੋਂ ਰੋਕਣ ਲਈ ਚੌੜ੍ਹੇ ਪੱਕੇ ਚੌਂਤਰੇ ਬਣਾਏ ਗਏ ਹਨ, ਜਿਹੜੇ ਕਿ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਨੂੰ ਰੋਕ ਕੇ ਪਾਣੀ ਦੀ ਗਤੀ ਘੱਟ ਕਰ ਪੁਲ ਥੱਲਿਓ ਗੁਜ਼ਰਨ ਵਿੱਚ ਸਹਾਈ ਹੁੰਦੀ ਹੈ ਜਦਕਿ ਇਹ ਤਕਨੀਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਗਏ ਪੁਲ ਲਈ ਨਹੀਂ ਵਰਤੀ ਗਈ। ਪਤਾ ਨਹੀਂ ਇਹ ਤਕਨੀਕ ਬਾਰੇ ਵਿਭਾਗ ਦੇ ਅਧਿਕਾਰੀਆਂ ਦਾ ਹੀ ਧਿਆਨ ਨਹੀਂ ਗਿਆ ਜਾਂ ਫਿਰ ਉਨ੍ਹਾਂ ਨੇ ਜਾਣਬੁੱਝ ਕੇ ਇਸਨੂੰ ਅੱਖੋ-ਪਰੋਖੇ ਕਰ ਦਿੱਤਾ, ਪਰ ਅੱਜ ਦੇ ਸਮੇਂ ਅਨੁਸਾਰ ਹਾਲਾਤ ਇਹ ਬਣ ਗਏ ਹਨ ਕਿ ਇਹ ਪੁਲ ਜਿਆਦਾ ਸਮਾਂ ਨਹੀਂ ਚੱਲੇਗਾ। ਜੇਕਰ ਵਿਭਾਗ ਵੱਲੋਂ ਸਮੇ ਤੋਂ ਪਹਿਲਾਂ ਇਸਦੀ ਪੁਖਤਾ ਮੁਰੰਮਤ ਨਾ ਕਰਵਾਈ ਤਾਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਵਿਭਾਗ ਦੇ ਐਸ.ਡੀ.ਓ ਨੂੰ ਭੇਜ ਕੇ ਗੜ੍ਹੀ ਪੁਲ ਦਾ ਮੌਕਾ ਦੇਖਣਗੇ ਅਤੇ ਜੇਕਰ ਪੁਲ ਦੀ ਮੁਰੰਮਤ ਕਰਵਾਉਣ ਦੀ ਜ਼ਰੂਰਤ ਹੋਈ ਤਾਂ ਉਸ ਨੂੰ ਤੁਰੰਤ ਕਰਵਾ ਦਿੱਤਾ ਜਾਵੇਗਾ।

2212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper