Latest News
ਵਕਤ ਗੁਆਏ ਬਿਨਾਂ ਚੱਲਣਾ ਪਵੇਗਾ

Published on 23 Jul, 2018 11:26 AM.


ਪਾਰਲੀਮੈਂਟ ਵਿੱਚ ਭਰੋਸੇ ਦੇ ਵੋਟ ਵਾਲੀ ਕਾਰਵਾਈ ਸਮਾਪਤ ਹੋਣ ਤੋਂ ਸਿਰਫ ਇੱਕ ਦਿਨ ਦੇ ਫਰਕ ਨਾਲ ਕਾਂਗਰਸ ਪਾਰਟੀ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਇਸ ਗੱਲ ਵਾਸਤੇ ਕੀਤੀ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਕਿਹੋ ਜਿਹਾ ਪੈਂਤੜਾ ਅਪਣਾਇਆ ਜਾਣਾ ਚਾਹੀਦਾ ਹੈ? ਨਵੇਂ ਪਾਰਟੀ ਪ੍ਰਧਾਨ ਤੇ ਨਵੀਂ ਬਣਾਈ ਗਈ ਵਰਕਿੰਗ ਕਮੇਟੀ ਜਦੋਂ ਇਸ ਮੁੱਦੇ ਬਾਰੇ ਵਿਚਾਰ ਕਰਨ ਲੱਗੇ ਤਾਂ ਆਮ ਸੁਰ ਸਰਬ ਸਹਿਮਤੀ ਵਾਲੀ ਦਿਖਾਈ ਦਿੱਤੀ ਸੀ। ਆਪਣੀ ਹਾਲਤ ਦਾ ਪਾਰਟੀ ਨੂੰ ਕੋਈ ਭੁਲੇਖਾ ਨਹੀਂ ਸੀ, ਇਸ ਕਰ ਕੇ ਕੋਈ ਵੱਡੀ ਪੁਲਾਂਘ ਪੁੱਟਣ ਦਾ ਦਾਅਵਾ ਕਰਨ ਦੀ ਥਾਂ ਆਪਣੀ ਹਸਤੀ ਮੁਤਾਬਕ ਇਹ ਕਿਹਾ ਕਿ ਡੇਢ ਕੁ ਸੌ ਸੀਟਾਂ ਤਾਂ ਆਪਣੇ ਸਿਰ ਲੈ ਜਾਵਾਂਗੇ ਤੇ ਰਾਜਾਂ ਵਿੱਚ ਭਾਈਵਾਲਾਂ ਨਾਲ ਇਹੋ ਜਿਹੀ ਸੁਰ ਮਿਲਾ ਕੇ ਗੱਠਜੋੜ ਬਣਾਇਆ ਜਾਵੇਗਾ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਜੁਗਾੜ ਕੀਤਾ ਜਾ ਸਕੇ। ਚੋਣ-ਸਾਥੀ ਕਿਸ ਰਾਜ ਵਿੱਚ ਕਿਸ ਨੂੰ ਬਣਾਉਣਾ ਹੈ, ਇਸ ਦੇ ਕੋਈ ਫੌਰੀ ਸੰਕੇਤ ਦੇਣ ਦੀ ਥਾਂ ਇਸ ਕੰਮ ਲਈ ਇੱਕ ਹੋਰ ਕਮੇਟੀ ਬਣਾਉਣ ਦਾ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇ ਦਿੱਤਾ ਗਿਆ। ਰਾਜਨੀਤਕ ਪੱਖੋਂ ਵੀ ਆਪਣੇ ਪੈਂਤੜੇ ਵਿੱਚ ਮੁੱਖ ਗੱਲ ਇਹ ਰੱਖਣੀ ਸਾਰੇ ਆਗੂਆਂ ਨੂੰ ਠੀਕ ਲੱਗੀ ਕਿ ਦੇਸ਼ ਦੇ ਧਰਮ ਨਿਰਪੱਖ ਢਾਂਚੇ ਦੀ ਰਾਖੀ ਹੀ ਇਨ੍ਹਾਂ ਚੋਣਾਂ ਦਾ ਮੁੱਖ ਏਜੰਡਾ ਹੋਵੇਗਾ।
ਇੱਕ ਗੱਲ ਬੜੇ ਚਿਰ ਤੋਂ ਚਰਚਾ ਦਾ ਵਿਸ਼ਾ ਸੀ ਕਿ ਪਾਰਟੀ ਦੇ ਕੁਝ ਲੋਕ ਇਸ ਹੱਦ ਤੱਕ ਬੇਲਗਾਮ ਹਨ ਕਿ ਕਿਸੇ ਵਕਤ ਕੁਝ ਵੀ ਬੋਲ ਸਕਦੇ ਹਨ ਤੇ ਇਸ ਨਾਲ ਆਮ ਕਰ ਕੇ ਪਾਰਟੀ ਦਾ ਨੁਕਸਾਨ ਹੁੰਦਾ ਹੈ। ਵਰਕਿੰਗ ਕਮੇਟੀ ਮੀਟਿੰਗ ਵਿੱਚ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਬਾਰੇ ਇਸ ਵਾਰੀ ਕਾਫੀ ਕੌੜ ਨਾਲ ਕਿਹਾ ਕਿ ਇਸ ਤਰ੍ਹਾਂ ਕੰਮ ਨਹੀਂ ਚੱਲ ਸਕਦਾ, ਹਰ ਕਿਸੇ ਨੂੰ ਸੰਭਲ ਕੇ ਬੋਲਣਾ ਚਾਹੀਦਾ ਹੈ। ਅਜੋਕੇ ਸੰਦਰਭ ਵਿੱਚ ਇਹ ਜ਼ਰੂਰੀ ਵੀ ਹੈ। ਗੁਜਰਾਤ ਦੀਆਂ ਚੋਣਾਂ ਵਿੱਚ ਇੱਕ ਵਾਰੀ ਮਣੀ ਸ਼ੰਕਰ ਅਈਅਰ ਇਸ ਤਰ੍ਹਾਂ ਦੀ ਬਦ-ਜ਼ਬਾਨੀ ਕਰ ਕੇ ਪਾਰਟੀ ਦੀ ਚੜ੍ਹੀ ਹੋਈ ਮੁਹਿੰਮ ਦਾ ਭੱਠਾ ਬਿਠਾਉਣ ਦੀ ਗਲਤੀ ਕਰ ਗਿਆ ਤੇ ਪਿੱਛੋਂ ਸ਼ਸ਼ੀ ਥਰੂਰ ਦਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।
ਕਾਂਗਰਸ ਪਾਰਟੀ ਦਾ ਵਾਸਤਾ ਉਸ ਪਾਰਟੀ ਤੇ ਉਸ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਾਲ ਹੈ, ਜਿਨ੍ਹਾਂ ਨੂੰ ਹਰ ਗੱਲ ਨੂੰ ਮਰੋੜਾ ਦੇਣਾ ਤੇ ਆਪਣੀ ਲੋੜ ਮੁਤਾਬਕ ਵਰਤਣਾ ਆਉਂਦਾ ਹੈ। ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਪ੍ਰਿਅੰਕਾ ਗਾਂਧੀ ਨੇ ਸਿਰਫ ਇਹ ਕਿਹਾ ਸੀ ਕਿ ਨਰਿੰਦਰ ਮੋਦੀ ਜਿੱਦਾਂ ਦੀ ਨੀਵੇਂ ਪੱਧਰ ਦੀ ਗੱਲ ਕਰ ਰਹੇ ਹਨ, ਹੈਰਾਨੀ ਹੋ ਰਹੀ ਹੈ ਕਿ ਉਹ ਭਾਰਤ ਵਰਗੇ ਦੇਸ਼ ਦੀ ਅਗਵਾਈ ਕਰਨਾ ਚਾਹੁੰਦੇ ਹਨ। ਨਰਿੰਦਰ ਮੋਦੀ ਨੇ ਇਹ ਗੱਲ ਉਛਾਲਦੇ ਵਕਤ ਇਹ ਸ਼ੋਸ਼ਾ ਛੱਡ ਦਿੱਤਾ ਕਿ ਮੇਰੀ ਗੱਲ ਨੂੰ ਨੀਵੇਂ ਪੱਧਰ ਦੀ ਨਹੀਂ ਕਿਹਾ, ਮੇਰੀ ਜਾਤ ਨੂੰ ਨੀਵੀਂ ਕਿਹਾ ਹੈ। ਆਪਣੇ ਏਸੇ ਸ਼ੋਸ਼ੇ ਨੂੰ ਉਹ ਫਿਰ ਕਈ ਦਿਨ ਹਰ ਰਾਜ ਵਿੱਚ ਹਰ ਮੰਚ ਉੱਤੋਂ ਪੇਸ਼ ਕਰਦੇ ਰਹੇ ਸਨ। ਪਿਛਲੇ ਹਫਤੇ ਲੋਕ ਸਭਾ ਸਮਾਗਮ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ ਕਿ ਪ੍ਰਧਾਨ ਮੰਤਰੀ ਦਾ ਕਿਸਾਨਾਂ ਦੇ ਭਲੇ ਦਾ ਬਿਆਨ ਵੀ ਕਿਸਾਨਾਂ ਉੱਤੇ ਜੁਮਲਾ ਸਟਰਾਈਕ ਹੀ ਜਾਪਦਾ ਹੈ। 'ਸਟਰਾਈਕ' ਕਿਉਂਕਿ ਭਾਰਤੀ ਫੌਜ ਦੇ 'ਸਰਜੀਕਲ ਸਟਰਾਈਕ' ਨਾਲ ਜੋੜਿਆ ਜਾ ਚੁੱਕਾ ਸ਼ਬਦ ਜਾਪਦਾ ਹੈ, ਇਸ ਲਈ ਪ੍ਰਧਾਨ ਮੰਤਰੀ ਨੇ ਕਿਸਾਨੀ ਦਾ ਮੁੱਦਾ ਛੱਡ ਕੇ ਰਾਹੁਲ ਗਾਂਧੀ ਦੇ ਮੂੰਹੋਂ ਨਿਕਲੇ ਇਸ ਇੱਕੋ ਸ਼ਬਦ ਨੂੰ ਚੁੱਕ ਕੇ ਇਹ ਦੁਹਾਈ ਚੁੱਕ ਦਿੱਤੀ ਕਿ 'ਮੈਨੂੰ ਗਾਲ੍ਹਾਂ ਕੱਢ ਲਓ, ਭਾਰਤ ਦੀ ਫੌਜ ਨੂੰ ਨਾ ਕੱਢੋ।'’ਏਦਾਂ ਦੇ ਸ਼ਬਦੀ ਮਰੋੜੇ ਦੇਣ ਵਾਲੀ ਸਿਆਸੀ ਧਿਰ ਨਾਲ ਜਦੋਂ ਵਾਹ ਪਿਆ ਹੋਵੇ ਤਾਂ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੇ ਆਗੂਆਂ ਨੂੰ ਆਪਣੇ ਭਾਸ਼ਣਾਂ ਅਤੇ ਬਿਆਨਾਂ ਦਾ ਹਰ ਸ਼ਬਦ ਤੋਲ ਕੇ ਪੇਸ਼ ਕਰਨਾ ਪੈਣਾ ਹੈ।
ਦੂਸਰੀ ਸਮੱਸਿਆ ਬਣਨ ਵਾਲੇ ਗੱਠਜੋੜ ਦੇ ਭਾਈਵਾਲਾਂ ਦੀ ਹੈ। ਇਸ ਬਾਰੇ ਤਸਵੀਰ ਸਪੱਸ਼ਟ ਨਹੀਂ ਹੈ। ਕਈ ਥਾਂ ਕਾਂਗਰਸ ਆਪਣੇ ਸਿਰ ਏਨੀ ਮਜ਼ਬੂਤ ਹੈ ਕਿ ਉਹ ਕਿਸੇ ਹੋਰ ਨਾਲ ਸੀਟਾਂ ਵੰਡਣ ਨੂੰ ਤਿਆਰ ਨਹੀਂ ਹੋਵੇਗੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਹੈ। ਭਾਈਵਾਲ ਇਸ ਗੱਲ ਤੋਂ ਵਿੱਟਰ ਸਕਦੇ ਹਨ। ਜਦੋਂ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਤਾਂ ਕਾਂਗਰਸ ਲੀਡਰਸ਼ਿਪ ਨੂੰ ਇੰਦਰਾ ਗਾਂਧੀ ਦਾ ਵਕਤ ਯਾਦ ਕਰਨਾ ਚਾਹੀਦਾ ਹੈ। ਉਹ ਸੌਖੇ ਦਿਨਾਂ ਵਿੱਚ ਵੀ ਜਦੋਂ ਕਿਸੇ ਧਿਰ ਨਾਲ ਸਮਝੌਤਾ ਕਰਦੀ ਸੀ ਤਾਂ ਆਪਣੀ ਚੜ੍ਹਤ ਵਾਲੇ ਕਈ ਰਾਜਾਂ ਵਿੱਚ ਵੀ ਉਨ੍ਹਾਂ ਦੇ ਲਈ ਕੁਝ ਸੀਟਾਂ ਕੱਢ ਲਿਆ ਕਰਦੀ ਸੀ। ਹਰ ਰਾਜ ਵਿੱਚ ਇੱਕੋ ਜਿਹਾ ਫਾਰਮੂਲਾ ਕੰਮ ਨਹੀਂ ਕਰਦਾ ਹੁੰਦਾ। ਕਈ ਰਾਜਾਂ ਵਿੱਚ ਉਹ ਅਸਲੋਂ ਛੋਟੀਆਂ ਪਾਰਟੀਆਂ ਨਾਲ ਵੀ ਇਸ ਕਰ ਕੇ ਗੱਠਜੋੜ ਦੀ ਸਾਂਝ ਪਾ ਲਿਆ ਕਰਦੀ ਸੀ ਕਿ ਜਿਹੜੀਆਂ ਸੀਟਾਂ ਮਾਮੂਲੀ ਫਰਕ ਨਾਲ ਹਾਰ ਸਕਦੀਆਂ ਹਨ, ਉਹ ਵੀ ਇਨ੍ਹਾਂ ਛੋਟੇ ਦਲਾਂ ਦੀਆਂ ਥੋੜ੍ਹੀਆਂ ਵੋਟਾਂ ਨਾਲ ਪਾਰ ਲੱਗ ਸਕਦੀਆਂ ਹਨ।
ਅਜੋਕੀ ਕਾਂਗਰਸ ਲੀਡਰਸ਼ਿਪ ਨੇ ਗਲਤ ਸਲਾਹਕਾਰਾਂ ਦੇ ਆਖੇ ਲੱਗ ਕੇ ਪਿਛਲੇ ਸਮੇਂ ਵਿੱਚ ਬਹੁਤ ਸਾਰਾ ਨੁਕਸਾਨ ਕਰਵਾ ਲਿਆ ਹੈ। ਅਗਲੀਆਂ ਚੋਣਾਂ ਵਿੱਚ ਇਸ ਗੱਲੋਂ ਸਮਝਦਾਰੀ ਦੀ ਲੋੜ ਹੈ। ਉਹ ਦਿਨ ਪਿੱਛੇ ਰਹਿ ਗਏ ਕਿ ਕਾਮਰੇਡਾਂ ਨੂੰ ਅਮਰੀਕਾ ਨਾਲ ਐਟਮੀ ਸਮਝੌਤਾ ਕੀਤੇ ਜਾਣ ਦੀ ਚਿੜ ਸੀ ਤੇ ਕਾਂਗਰਸ ਪਾਰਟੀ ਇਹ ਸਮਝ ਬੈਠੀ ਸੀ ਕਿ ਉਨ੍ਹਾਂ ਤੋਂ ਬਗੈਰ ਵੀ ਸਰ ਸਕਦਾ ਹੈ। ਅਜੋਕੇ ਦੌਰ ਵਿੱਚ ਸਾਰੀਆਂ ਧਰਮ ਨਿਰਪੱਖ ਧਿਰਾਂ ਦੇ ਸਾਹਮਣੇ ਨਵਾਂ ਏਜੰਡਾ ਹੈ। ਨਵੇਂ ਹਾਲਾਤ ਵਿੱਚ ਨਵੇਂ ਸਿਰਿਓਂ ਸਭ ਨੂੰ ਸੋਚਣਾ ਪੈਣਾ ਤੇ ਹਾਲਾਤ ਮੁਤਾਬਕ ਉੱਨੀ-ਇੱਕੀ ਵਾਲਾ ਲੈਣ-ਦੇਣ ਕਰਦੇ ਹੋਏ ਚੋਣਾਂ ਦੇ ਲਈ ਕਮਰਕੱਸੇ ਕਰਨੇ ਪੈਣੇ ਹਨ। ਸਮਾਂ ਇਸ ਵੇਲੇ ਮਸਾਂ ਅੱਠ ਕੁ ਮਹੀਨੇ ਦਾ ਬਚਿਆ ਹੈ। ਕੈਲੰਡਰ ਦੀਆਂ ਤਰੀਕਾਂ ਦੀ ਚਾਲ ਨੂੰ ਕਿਸੇ ਨੇ ਰੋਕ ਨਹੀਂ ਸਕਣਾ ਤੇ ਜੱਕੋ-ਤੱਕੇ ਵਿੱਚ ਲੰਘ ਗਿਆ ਸਮਾਂ ਫਿਰ ਹੱਥ ਨਹੀਂ ਆਉਣਾ। ਇਸ ਲਈ ਮਿਲਦੇ ਵਿਚਾਰਾਂ ਵਾਲੀਆਂ ਸਾਰੀਆਂ ਧਿਰਾਂ ਨੂੰ ਵਕਤ ਗੁਆਏ ਬਿਨਾਂ ਜਲਦੀ ਕਦਮ ਪੁੱਟਣੇ ਪੈਣਗੇ।
-ਜਤਿੰਦਰ ਪਨੂੰ

1467 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper