Latest News
ਪਾਕਿਸਤਾਨ ਦੀਆਂ ਚੋਣਾਂ ਤੇ ਭਾਰਤ-ਪਾਕਿ ਸੰਬੰਧ

Published on 26 Jul, 2018 11:22 AM.


ਅੰਗਰੇਜ਼ੀ ਹਾਕਮਾਂ ਦੀ ਸਾਜ਼ਿਸ਼ ਦੇ ਨਤੀਜੇ ਵਜੋਂ ਭਾਰਤ ਨਾਲੋਂ ਕੱਟ ਕੇ ਬਣਾਏ ਗਏ ਦੇਸ਼ ਪਾਕਿਸਤਾਨ ਦੇ ਲੋਕਾਂ ਦਾ ਚੋਣ ਫਤਵਾ ਲੱਗਭਗ ਸਾਹਮਣੇ ਆ ਚੁੱਕਾ ਹੈ। ਵੱਡੀਆਂ ਤਿੰਨ ਸਿਆਸੀ ਧਿਰਾਂ ਵਿੱਚੋਂ ਕ੍ਰਿਕਟ ਮੈਦਾਨ ਤੋਂ ਸਿਆਸਤ ਦੇ ਵੱਲ ਆਏ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇ-ਇਨਸਾਫ ਪਾਰਟੀ ਬਾਕੀਆਂ ਤੋਂ ਅੱਗੇ ਨਿਕਲ ਗਈ ਹੈ। ਮੁਲਕ ਦੀ ਕੌਮੀ ਅਸੈਂਬਲੀ ਦੀਆਂ ਸਿੱਧੀ ਚੋਣ ਨਾਲ ਭਰੀਆਂ ਜਾਣ ਵਾਲੀਆਂ ਦੋ ਸੌ ਬਹੱਤਰ ਸੀਟਾਂ ਵਿੱਚੋਂ ਉਸ ਨੂੰ ਸਰਕਾਰ ਬਣਾਉਣ ਲਈ ਇੱਕ ਸੌ ਸੈਂਤੀ ਚਾਹੀਦੀਆਂ ਸਨ, ਪਰ ਏਨੀਆਂ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਪਹਿਲਾਂ ਬੜੀ ਚੜ੍ਹਤ ਵਾਲੇ ਪ੍ਰਭਾਵ ਦੇਂਦੀ ਇਹ ਪਾਰਟੀ ਅੰਤ ਨੂੰ ਮਸਾਂ ਸਵਾ ਸੌ ਸੀਟਾਂ ਦੇ ਨੇੜੇ-ਤੇੜੇ ਆ ਕੇ ਬਰੇਕਾਂ ਮਾਰ ਗਈ ਹੈ। ਅਦਾਲਤੀ ਹੁਕਮ ਨਾਲ ਗੱਦੀ ਤੋਂ ਉਠਾਏ ਗਏ ਤੇ ਫਿਰ ਜੇਲ੍ਹ ਭੇਜੇ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਬਹੁਤ ਵੱਡੀ ਸੱਟ ਪਈ ਅਤੇ ਉਹ ਸੱਠਾਂ ਦੇ ਆਸ-ਪਾਸ ਅਟਕ ਗਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਅਦਾਲਤੀ ਹੁਕਮ ਦੇ ਨਾਲ ਭਗੌੜਾ ਕਰਾਰ ਦਿੱਤੇ ਗਏ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਪਾਰਟੀ ਇਸ ਦੇ ਵੀ ਅੱਧ ਤੱਕ ਸੁੰਗੜਦੀ ਦਿਖਾਈ ਦੇਂਦੀ ਹੈ। ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਦੇਸ਼ ਦੀ ਅਗਵਾਈ ਇਮਰਾਨ ਖਾਨ ਨੂੰ ਮਿਲਣੀ ਤੈਅ ਹੈ।
ਜਦੋਂ ਇਨ੍ਹਾਂ ਚੋਣਾਂ ਲਈ ਹਾਲੇ ਬਿਗਲ ਹੀ ਵੱਜਿਆ ਸੀ, ਉਸੇ ਵਕਤ ਇਹ ਗੱਲ ਚੱਲ ਪਈ ਸੀ ਕਿ ਪਾਕਿਸਤਾਨ ਦੀ ਫੌਜ ਦੀ ਪਹਿਲੀ ਪਸੰਦ ਇਮਰਾਨ ਖਾਨ ਹੈ ਤੇ ਉਹ ਇਸ ਨੂੰ ਕਿਸੇ ਤਰ੍ਹਾਂ ਜਿਤਾਉਣ ਲਈ ਹਰ ਹੱਦ ਟੱਪ ਸਕਦੀ ਹੈ। ਇਸ ਦੌਰਾਨ ਇੱਕ ਵਾਰੀ ਓਦੋਂ ਕੁਝ ਭੁਲੇਖੇ ਪੈਣ ਲੱਗ ਪਏ ਸਨ, ਜਦੋਂ ਫੌਜ ਦੀ ਦੂਸਰੀ ਪਸੰਦ ਵਾਲੇ ਹਾਫਿਜ਼ ਸਈਦ ਨੇ ਪਾਰਟੀ ਬਣਾਈ ਤੇ ਫਿਰ ਕਿਸੇ ਬੇਗਾਨੀ ਪਾਰਟੀ ਦੇ ਝੰਡੇ ਹੇਠ ਆਪਣੇ ਬੰਦੇ ਖੜੇ ਕੀਤੇ ਅਤੇ ਇਸਲਾਮ ਦੇ ਨਾਂਅ ਉੱਤੇ ਚੋਣਾਂ ਰਾਹੀਂ ਦਹਿਸ਼ਤਗਰਦੀ ਨੂੰ ਨਵੀਂ ਛਤਰੀ ਦੇਣ ਦੇ ਰਾਹ ਪੈ ਗਿਆ ਸੀ। ਕੁਝ ਲੋਕ ਸੋਚਦੇ ਸਨ ਕਿ ਉਹ ਨਹੀਂ, ਅਸਲ ਵਿੱਚ ਉਸ ਦੇ ਪਿੱਛੇ ਖੜੋ ਕੇ ਫੌਜ ਇਸ ਚੋਣ ਵਿੱਚ ਹਿੱਸਾ ਲੈਣ ਲੱਗੀ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਵੀ ਸੀ। ਬਾਅਦ ਵਿੱਚ ਫੌਜ ਨੇ ਇਹ ਸਮਝ ਲਿਆ ਕਿ ਹਾਫਿਜ਼ ਦੇ ਪੱਲੇ ਬਹੁਤਾ ਕੁਝ ਹੈ ਨਹੀਂ ਤੇ ਇਮਰਾਨ ਖਾਨ ਅਸਲੀ ਪਿਆਦਾ ਬਣ ਕੇ ਫਾਇਦਾ ਕਰ ਸਕਦਾ ਹੈ, ਜਿਸ ਨੇ ਦੋ ਕੁ ਦਹਾਕੇ ਪਹਿਲਾਂ ਫੌਜੀ ਰਾਜ ਪਲਟਾ ਹੋਣ ਵੇਲੇ ਇਕੱਲੇ ਰਹਿ ਕੇ ਵੀ ਦੇਸ਼ ਵਿੱਚ ਫੌਜੀ ਰਾਜ ਲਾਗੂ ਕੀਤੇ ਜਾਣ ਦਾ ਸਵਾਗਤ ਕੀਤਾ ਸੀ। ਇਸ ਕਰ ਕੇ ਉਸ ਨੂੰ ਜਿਤਾਉਣ ਲਈ ਪਾਕਿਸਤਾਨੀ ਫੌਜ ਨੇ ਬਾਕੀ ਸਭ ਪਾਰਟੀਆਂ ਵਿਚਲੇ ਆਪਣੇ ਇਸ਼ਾਰਿਆਂ ਉੱਤੇ ਨੱਚਣ ਵਾਲੇ ਬੰਦਿਆਂ ਤੋਂ ਅਸਤੀਫੇ ਦਿਵਾਏ ਤੇ ਉਨ੍ਹਾਂ ਸਾਰਿਆਂ ਨੂੰ ਇੱਕੋ ਨਿਸ਼ਾਨ 'ਫੌਜੀ ਜੀਪ' ਨਾਲ ਚੋਣ ਮੈਦਾਨ ਵਿੱਚ ਡਟ ਜਾਣ ਲਈ ਕਹਿ ਦਿੱਤਾ ਸੀ। ਮਕਸਦ ਸਿਰਫ ਇਹ ਸੀ ਕਿ ਇਹੋ ਜਿਹੇ ਪਿਆਦੇ ਏਨੇ ਕੁ ਜਿਤਾ ਲੈਣ ਲਈ ਜ਼ੋਰ ਲਾਇਆ ਜਾਵੇ ਕਿ ਰਾਜ ਸੱਤਾ ਦਾ ਪਾਸਕੂ ਫੌਜ ਦੇ ਹੱਥ ਆ ਜਾਵੇ। ਇਸ ਮਕਸਦ ਵਿੱਚ ਫੌਜ ਦੇ ਜਰਨੈਲ ਕਾਮਯਾਬ ਰਹੇ ਹਨ। ਇਮਰਾਨ ਖਾਨ ਦੀਆਂ ਸੀਟਾਂ ਲੋੜ ਜੋਗੀਆਂ ਨਹੀਂ ਆਈਆਂ ਤੇ ਉਹ ਫੌਜੀ ਜੀਪ ਵਾਲੇ ਬੰਦੇ ਇਸ ਵਕਤ ਉਸ ਦੇ ਨਾਲ ਖੜੋਣ ਤੋਂ ਇਲਾਵਾ ਬਾਅਦ ਵਿੱਚ ਵੀ ਉਸ ਦੀ ਨਕੇਲ ਖਿੱਚਣ ਦਾ ਕੰਮ ਕਰਦੇ ਰਹਿਣਗੇ।
ਖੁਦ ਇਮਰਾਨ ਖਾਨ ਪਠਾਣ ਪਰਵਾਰ ਦਾ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੈਦਾ ਹੋਇਆ ਤੇ ਏਥੇ ਪੜ੍ਹਨ ਪਿੱਛੋਂ ਇੰਗਲੈਂਡ ਤੋਂ ਡਿਗਰੀ ਲੈਣ ਕਾਰਨ ਵਲੈਤੀ ਕਲਚਰ ਵਾਲਾ ਵਾਰਸ ਹੈ। ਦੋ ਵਾਰੀ ਬ੍ਰਿਟੇਨ ਦੀਆਂ ਈਸਾਈ ਕੁੜੀਆਂ ਅਤੇ ਦੋ ਵਾਰੀ ਪਾਕਿਸਤਾਨ ਦੀਆਂ ਮੁਸਲਿਮ ਕੁੜੀਆਂ ਨਾਲ ਘਰ ਵਸਾ ਚੁੱਕਾ ਹੈ। ਬ੍ਰਿਟੇਨ ਵਾਲੀ ਪਹਿਲੀ ਪਤਨੀ ਨੂੰ ਜਨਤਕ ਤੌਰ ਉੱਤੇ ਉਸ ਨੇ ਕਦੀ ਪਤਨੀ ਨਹੀਂ ਮੰਨਿਆ, ਪਰ ਉਸ ਦੀ ਧੀ ਨੂੰ ਬਾਅਦ ਵਿੱਚ ਆਪਣੀ ਧੀ ਮੰਨ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਉਹ ਪਿਛੋਕੜ ਵੱਲੋਂ ਕੋਈ ਕੱਟੜਪੰਥੀ ਨਹੀਂ ਜਾਪਦਾ। ਉਹ ਪਾਕਿਸਤਾਨ ਦਾ ਇੱਕੋ ਰਾਜਸੀ ਆਗੂ ਹੈ, ਜਿਸ ਨੇ ਕਈ ਵਾਰੀ ਆਵਾਜ਼ ਉਠਾਈ ਹੋਈ ਹੈ ਕਿ ਬੰਗਲਾ ਦੇਸ਼ ਵਿੱਚ ਕੀਤੇ ਗਏ ਜ਼ੁਲਮਾਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜਦੋਂ ਬੰਗਲਾ ਦੇਸ਼ ਵਿੱਚ ਉਸ ਵੇਲੇ ਪਾਕਿਸਤਾਨੀ ਫੌਜ ਦੇ ਕਾਰਿੰਦੇ ਬਣ ਕੇ ਲੋਕਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਾਲਿਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਣ ਲੱਗਦੀ ਹੈ ਤਾਂ ਕਾਤਲਾਂ ਦੀ ਹਮਾਇਤ ਵੀ ਇਹੋ ਕਰਦਾ ਹੈ। ਇਸ ਪੱਖ ਤੋਂ ਵੇਖਣ ਨਾਲ ਉਹ ਆਪਣੀ ਸੋਚ ਤੇ ਪਹੁੰਚ ਦੇ ਪੱਖ ਤੋਂ ਕਿਸੇ ਸੰਤੁਲਨ ਵਾਲਾ ਨਹੀਂ ਜਾਪਦਾ। ਅੱਤਵਾਦੀਆਂ ਨਾਲ ਗੱਲਬਾਤ ਦਾ ਪੱਖ ਵੀ ਲੈਂਦਾ ਹੈ ਤੇ ਇੱਕ-ਦੋ ਧੜਿਆਂ ਨਾਲ ਦੁਸ਼ਮਣੀ ਵੀ ਰੱਖੀ ਫਿਰਦਾ ਹੈ। ਕਿਸੇ ਪੱਖ ਤੋਂ ਵੀ ਇੱਕਸਾਰਤਾ ਨਹੀਂ ਲੱਭਦੀ।
ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ। ਇਸ ਪੱਖੋਂ ਨਵਾਜ਼ ਸ਼ਰੀਫ ਵੀ ਭਾਰਤ ਨਾਲ ਸੰਬੰਧਾਂ ਵਿੱਚ ਕਸ਼ਮੀਰ ਦਾ ਕਿੱਲਾ ਕਈ ਵਾਰੀ ਗੱਡ ਦੇਂਦਾ ਰਿਹਾ ਸੀ। ਜਨਰਲ ਜ਼ਿਆ ਉਲ ਹੱਕ ਵੇਲੇ ਇਹ ਮੁੱਦਾ ਏਨਾ ਉਛਾਲ ਦਿੱਤਾ ਗਿਆ ਸੀ ਕਿ ਉਸ ਦੇ ਬਾਅਦ ਰਾਜਨੀਤੀ ਵਿੱਚ ਆਇਆ ਹਰ ਰਾਜਸੀ ਆਗੂ ਇਹ ਸਮਝ ਲੈਂਦਾ ਹੈ ਕਿ ਆਪਣੇ ਦੇਸ਼ ਦੇ ਲੋਕਾਂ ਦਾ ਸਾਥ ਕਾਇਮ ਰੱਖਣਾ ਹੈ ਤਾਂ ਕਸ਼ਮੀਰ-ਕਸ਼ਮੀਰ ਕੂਕਣ ਨਾਲ ਬੁੱਤਾ ਸਰ ਜਾਂਦਾ ਹੈ, ਹੋਰ ਕੁਝ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਮਰਾਨ ਖਾਨ ਇਹ ਵੀ ਕਰ ਸਕਦਾ ਹੈ।
ਨਿੱਜੀ ਤੌਰ ਉੱਤੇ ਉਹ ਜਿੱਦਾਂ ਦਾ ਵੀ ਹੋਵੇ, ਉਸ ਪਾਕਿਸਤਾਨ ਦੇ ਲੋਕਾਂ ਦੀ ਬਾਕੀਆਂ ਤੋਂ ਅਗੇਤ ਵਾਲੀ ਪਸੰਦ ਦਾ ਆਗੂ ਬਣ ਕੇ ਉੱਭਰਿਆ ਹੈ। ਲੋਕਾਂ ਦੇ ਫਤਵੇ ਦਾ ਸਵਾਗਤ ਕਰਨਾ ਬਣਦਾ ਹੈ। ਇਸ ਮੌਕੇ ਇਹ ਆਸ ਕਰਨੀ ਚਾਹੀਦੀ ਹੈ ਕਿ ਉਹ ਭਾਰਤ ਨਾਲ ਸੰਬੰਧਾਂ ਦੇ ਸੁਧਾਰ ਲਈ ਯਤਨ ਕਰੇਗਾ, ਪਰ ਆਸ ਦੀ ਹੱਦ ਰੱਖਣੀ ਚਾਹੀਦੀ ਹੈ। ਉਹ ਜਿਹੜੀ ਫੌਜ ਦੇ ਜਰਨੈਲਾਂ ਨਾਲ ਨੇੜਤਾ ਲਈ ਜਾਣਿਆ ਜਾਂਦਾ ਹੈ, ਉਨ੍ਹਾਂ ਨੂੰ ਵੀ ਚੇਤੇ ਰੱਖਣਾ ਪੈਣਾ ਹੈ। ਅਸੀਂ ਪੰਜਾਬੀ ਲੋਕ ਸਰਹੱਦ ਨਾਲ ਲੱਗਦੇ ਖਿੱਤੇ ਵਿੱਚ ਰਹਿਣ ਵਾਲੇ ਹੋਣ ਕਾਰਨ ਹਮੇਸ਼ਾ ਤੋਂ ਅਮਨ ਦੀ ਕਾਮਨਾ ਕਰਦੇ ਰਹੇ ਹਾਂ ਅਤੇ ਇਸ ਵਕਤ ਵੀ ਕਰਨਾ ਚਾਹੁੰਦੇ ਹਾਂ। ਕੱਲ੍ਹ ਦੀ ਗੱਲ ਕੱਲ੍ਹ ਨੂੰ ਵੇਖੀ ਜਾਵੇਗੀ, ਅੱਜ ਦੀ ਘੜੀ ਆਸ ਦੀ ਕੰਨੀ ਹੀ ਫੜਨੀ ਠੀਕ ਹੈ।
-ਜਤਿੰਦਰ ਪਨੂੰ

2175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper