ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਫੌਜ ਨੂੰ ਇਸ ਸਮੇਂ 400 ਤੋਂ ਵੀ ਜ਼ਿਆਦਾ ਤੋਪਾਂ ਦੀ ਜ਼ਰੂਰਤ ਹੈ। ਇਸ 'ਚ ਉਹ ਆਧੁਨਿਕ ਤੋਪਾਂ ਸ਼ਾਮਲ ਹਨ, ਜਿਨ੍ਹਾਂ ਨੂੰ ਭਾਰਤ-ਪਾਕਿਸਤਾਨ ਅਤੇ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਜਾਵੇਗਾ। ਇਹ ਹਰ ਮੌਸਮ ਲਈ ਹਨ, ਜਿਸ 'ਚ ਜ਼ਿਆਦਾ ਉਚਾਈ ਤੋਂ ਲੈ ਕੇ ਰੇਗਿਸਤਾਨ ਜਾਂ ਫਿਰ ਪਹਾੜ ਤੋਂ ਲੈ ਕੇ ਬਰਫ਼ੀਲੇ ਪਹਾੜਾਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ।
ਭਾਰਤੀ ਫੌਜ ਦੇ ਬੇੜੇ 'ਚ ਸ਼ਾਮਲ ਹੋ ਰਹੀਆਂ ਸਾਰੀਆਂ ਤੋਪਾਂ ਮੇਕ ਇਨ ਇੰਡੀਆ ਦੇ ਤਹਿਤ ਤਿਆਰ ਕੀਤੀਆਂ ਜਾ ਰਹੀਆਂ ਹਨ। ਭਾਰਤ ਫੌਜ ਨੂੰ 145 ਤੋਪਾਂ ਮਿਲਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਨੂੰ ਕਿਹਾ ਗਿਆ ਹੈ। ਮਈ 2018 'ਚ ਧਨੁਸ਼ 155/45 ਕੈਲੀਬਰ ਵਾਲੀ ਤੋਪ ਦਾ ਯੂਜ਼ਰ ਟਰਾਈਲ ਪੋਖਰਣ 'ਚ ਹੋ ਚੁੱਕਾ ਹੈ। ਆਰਡੀਨੈਂਸ ਫੈਕਟਰੀ ਬੋਰਡ ਨੂੰ ਕਿਹਾ ਗਿਆ ਹੈ ਕਿ 114 ਤੋਪਾਂ ਨੂੰ ਜਲਦ ਤੋਂ ਜਲਦ ਤਿਆਰ ਕਰਕੇ ਭਾਰਤੀ ਫੌਜ ਨੂੰ ਸੌਂਪਿਆ ਜਾਵੇ।
ਕੇ-9 ਵਰਜ 155 ਐੱਮ ਐੱਮ/52 ਕੈਲੀਬਰ ਦੀ ਹੋਵਿਟਜ਼ਰ ਤੋਪ ਹੈ, ਇਸ ਨੂੰ ਸਾਊਥ ਕੋਰੀਆ ਤਿਆਰ ਕਰਕੇ 100 ਦੀ ਗਿਣਤੀ 'ਚ ਭਾਰਤੀ ਫੌਜ ਨੂੰ ਦੇਵੇਗਾ। ਇਸ ਲਈ ਮੇਕ ਇਨ ਇੰਡੀਆ ਤਹਿਤ ਐੱਨ ਐੱਨ ਟੀ ਕੰਪਨੀ ਸਾਂਝੀਦਾਰੀ ਤਹਿਤ 2019 ਨਵੰਬਰ ਤੱਕ ਇਸ ਨੂੰ ਤਿਆਰ ਕਰਕੇ ਦੇਵੇਗੀ। ਪਹਿਲੀਆਂ 10 ਤੋਪਾਂ ਨਵੰਬਰ 2018 ਤੱਕ ਆਉਣੀਆਂ ਹਨ। ਇਸ ਤੋਂ ਬਾਅਦ 40 ਤੋਪਾਂ 2019 ਦੇ ਨਵੰਬਰ ਮਹੀਨੇ ਤੱਕ ਅਤੇ ਇਸ ਤੋਂ ਬਾਅਦ 2020 ਤੱਕ ਭਾਰਤੀ ਫੌਜ ਨੂੰ ਮਿਲਣਗੀਆਂ।
ਅਮਰੀਕਾ ਦੇ ਨਾਲ ਬਹੁਤ ਹਲਕੇ ਭਾਰ ਵਾਲੀਆਂ 145 ਹੋਵਿਟਜ਼ਰ ਤੋਪਾਂ ਐੱਮ 777 ਦੇ ਸੌਦੇ ਤੋਂ ਬਾਅਦ ਦੋ ਤੋਪਾਂ ਭਾਰਤ ਆ ਚੁੱਕੀਆਂ ਹਨ। ਉਥੇ ਹੀ 2019 ਦੇ ਮਾਰਚ ਤੋਂ ਲੈ ਕੇ 2021 ਦੇ ਜੂਨ ਦੇ ਵਿਚਕਾਰ ਹਰ ਮਹੀਨੇ 5-5 ਤੋਪਾਂ ਆਉਣਗੀਆਂ। ਅਲਟਰਾ ਲਾਈਟ ਹੋਵਿਟਜ਼ਰ ਤੋਪਾਂ ਨੂੰ ਭਾਰਤ 'ਚ ਚੀਨ ਦੀ ਸੀਮਾ ਦੇ ਨਜ਼ਦੀਕ ਅਤੇ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੇ ਉਚਾਈ ਵਾਲੇ ਖੇਤਰਾਂ 'ਚ ਤਾਇਨਾਤ ਕੀਤਾ ਜਾਵੇਗਾ।
ਏ ਟੀ ਏ ਜੀ ਐੱਸ ਡੀ ਆਰ ਡੀ ਓ ਦੁਆਰਾ ਤਿਆਰ ਕੀਤੀ ਜਾ ਰਹੀ ਆਰਟਿਲਰੀ ਗੰਨ ਹੈ। ਭਾਰਤ ਫੋਰਜ਼ ਦੇ ਨਾਲ ਮਿਲ ਕੇ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਰੇਂਜ 45 ਕਿਲੋਮੀਟਰ ਹੈ ਅਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਸਾਨੀ ਨਾਲ ਇਸ ਨੂੰ ਲਿਜਾਇਆ ਜਾ ਸਕਦਾ ਹੈ। ਰੱਖਿਆ ਮੰਤਰਾਲੇ ਮੁਤਾਬਕ ਇਸ ਪ੍ਰੋਜੈਕਟ 'ਤੇ ਤੇਜ਼ੀ ਲਿਆਉਣ ਦੇ ਨਾਲ ਛੇਤੀ ਹੀ 2019 ਦੇ ਖ਼ਤਮ ਹੋਣ ਤੋਂ ਪਹਿਲਾਂ ਭਾਰਤੀ ਫੌਜ 'ਚ ਸ਼ਾਮਲ ਕਰਨ ਨੂੰ ਕਿਹਾ ਗਿਆ ਹੈ।