Latest News
ਰਾਖਵਾਂਕਰਨ ਰੁਜ਼ਗਾਰ ਦੀ ਗਰੰਟੀ ਨਹੀਂ : ਗਡਕਰੀ

Published on 05 Aug, 2018 10:37 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਵਿੱਚ ਮਰਾਠਾ ਰਾਖਵੇਂਕਰਨ ਦੇ ਚੱਲ ਰਹੇ ਅੰਦੋਲਨ ਸੰਬੰਧੀ ਬੋਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਖਵਾਂਕਰਨ ਹਾਸਲ ਕਰ ਨੌਕਰੀ ਮਿਲਣ ਦੀ ਕੋਈ ਗਰੰਟੀ ਨਹੀਂ, ਕਿਉਂਕਿ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਗਡਕਰੀ ਨੇ ਕਿਹਾ ਕਿ ਮੰਨ ਲਓ ਰਾਖਵਾਂਕਰਨ ਦੇ ਵੀ ਦਿੱਤਾ, ਪਰ ਨੌਕਰੀਆਂ ਹੀ ਨਹੀਂ ਹਨ। ਇਸ ਪਿੱਛੇ ਉਨ੍ਹਾ ਕਾਰਨ ਦੱਸਦਿਆਂ ਕਿਹਾ ਕਿ ਬੈਂਕਾਂ ਵਿੱਚ ਆਈ ਟੀ ਕਾਰਨ ਨੌਕਰੀਆਂ ਘੱਟ ਹੋਈਆਂ ਹਨ। ਸਰਕਾਰੀ ਭਰਤੀ ਵੀ ਰੁਕੀ ਹੋਈ ਹੈ। ਰੁਜ਼ਗਾਰ ਦੇ ਮੌਕੇ ਹੈ ਹੀ ਨਹੀਂ।
ਉਨ੍ਹਾ ਕਿਹਾ ਕਿ 'ਬੈਕਵਰਡ' ਸ਼ਬਦ ਇੱਕ ਟੈਗ ਬਣ ਗਿਆ ਹੈ, ਜਿਸ ਲਈ ਲੱਗਭੱਗ ਦੇਸ਼ ਦੇ ਸਾਰੇ ਤਬਕੇ ਦਾਅਵਾ ਕਰਦੇ ਹਨ। ਹਰ ਕੋਈ ਕਹਿੰਦਾ ਹੈ ਕਿ ਮੈਂ ਬੈਕਵਰਡ ਹਾਂ। ਉਨ੍ਹਾ ਕਿਹਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਬ੍ਰਾਹਮਣ ਸ਼ਕਤੀਸ਼ਾਲੀ ਹਨ ਤੇ ਉਹ ਸਿਆਸਤ ਵਿੱਚ ਵੀ ਕਾਫੀ ਸਰਗਰਮ ਹਨ, ਪਰ ਫਿਰ ਵੀ ਉਹ ਬੈਕਵਰਡ ਹੋਣ ਦਾ ਦਾਅਵਾ ਕਰਦੇ ਹਨ।
ਉਨ੍ਹਾ ਸਲਾਹ ਦਿੰਦਿਆਂ ਕਿਹਾ ਕਿ ਰਾਖਵਾਂਕਰਨ ਬੰਦੇ ਦੀ ਮਾਲੀ ਹਾਲਤ ਦੇ ਆਧਾਰ 'ਤੇ ਦੇਣਾ ਚਾਹੀਦਾ ਹੈ ਨਾ ਕਿ ਉਸ ਦੇ ਧਰਮ ਜਾਂ ਜਾਤ ਦੇ ਆਧਾਰ 'ਤੇ। ਹਰ ਤਬਕੇ ਦੇ ਲੋਕਾਂ ਵਿੱਚ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਕੋਲ ਪਹਿਨਣ ਲਈ ਕੱਪੜੇ ਤੇ ਖਾਣ ਲਈ ਭੋਜਨ ਨਹੀਂ ਹੁੰਦਾ। ਉਨ੍ਹਾ ਕਿਹਾ ਕਿ ਗਰੀਬ, ਗਰੀਬ ਹੁੰਦਾ ਹੈ, ਉਸ ਦੀ ਕੋਈ ਜਾਤੀ, ਪੰਥ ਜਾਂ ਭਾਸ਼ਾ ਨਹੀਂ ਹੁੰਦੀ।
ਗੌਰਤਲਬ ਹੈ ਕਿ ਮਹਾਰਾਸ਼ਟਰ 'ਚ 16 ਫੀਸਦੀ ਰਾਖਵੇਂਕਰਨ ਦੀ ਮੰਗ ਸੰਬੰਧੀ ਮਰਾਠਾ ਭਾਈਚਾਰੇ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਦੇਸ਼ ਵਿੱਚ ਕਈ ਥਾਈਂ ਹਿੰਸਕ ਘਟਨਾਵਾਂ ਵੀ ਹੋਈਆਂ ਹਨ। ਕਈ ਥਾਵਾਂ 'ਤੇ ਨੌਜਵਾਨਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਵੀ ਕੀਤੀ ਹੈ।

407 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper