Latest News
ਅਮਰੀਕਾ ਤੇ ਕੋਲੰਬੀਆ ਮੈਨੂੰ ਮਾਰਨਾ ਚਾਹੁੰਦੈ : ਮਾਦੁਰੋ

Published on 05 Aug, 2018 10:52 AM.


ਕਰਾਕਸ
(ਨਵਾਂ ਜ਼ਮਾਨਾ ਸਰਵਿਸ)
ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸ਼ਨੀਵਾਰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਉਹ ਵਾਲ-ਵਾਲ ਬਚ ਗਏ। ਲਾਈਵ ਟੀ ਵੀ 'ਤੇ ਭਾਸ਼ਣ ਦੌਰਾਨ ਨਿਕੋਲਸ ਦੇ ਨਜ਼ਦੀਕ ਧਮਾਕਾ ਸਮਗਰੀ ਨਾਲ ਭਰੇ ਕੁਝ ਡਰੋਨ ਡਿੱਗੇ ਸਨ। ਹੁਣ ਖੁਦ ਮਾਦੁਰੋ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਗੁਆਂਢੀ ਦੇਸ਼ ਕੋਲੰਬੀਆਂ ਅਤੇ ਅਮਰੀਕਾ 'ਚ ਮੌਜੂਦ ਅਗਿਆਤ ਫਾਈਨਾਂਸਰਾਂ ਦਾ ਹੱਥ ਹੈ। ਹਮਲੇ ਤੋਂ ਬਾਅਦ ਮਾਦੁਰੋ ਨੇ ਕਿਹਾ, ਇਹ ਹਮਲਾ ਮੈਨੂੰ ਮਾਰਨ ਲਈ ਕੀਤਾ ਗਿਆ ਸੀ, ਉਨ੍ਹਾਂ ਅੱਜ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ।' ਮਾਦੁਰੋ ਨੇ ਗੁਆਂਢੀ ਦੇਸ਼ ਕੋਲੰਬੀਆ ਅਤੇ ਅਮਰੀਕਾ 'ਚ ਮੌਜੂਦ ਕੁਝ ਫਾਈਨਾਂਸਰਾਂ 'ਤੇ ਹੱਤਿਆ ਦੀ ਕੋਸ਼ਿਸ ਦਾ ਦੋਸ਼ ਲਾਇਆ ਤਾਂ ਉਥੇ ਹੀ ਕੁਝ ਅਧਿਕਾਰੀਆਂ ਨੇ ਇਸ ਦੇ ਪਿੱਛੇ ਵੈਨੇਜ਼ੂਏਲਾ ਦੀ ਵਿਰੋਧੀ ਪਾਰਟੀ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਇਸ ਦੌਰਾਨ ਕੋਲੰਬੀਆ ਨੇ ਹਮਲੇ ਦੇ ਪਿੱਛੇ ਆਪਣੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਹੈ। ਕੋਲੰਬੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਛਾਣ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਏ ਐੱਫ ਪੀ ਨੂੰ ਦੱਸਿਆ ਕਿ ਮਾਦੁਰੋ ਦੇ ਦੋਸ਼ ਬੇਬੁਨਿਆਦ ਹਨ।
ਲਾਈਵ ਟੀ ਵੀ 'ਤੇ ਭਾਸ਼ਣ ਦੌਰਾਨ ਨਿਕੋਲਸ ਦੇ ਨਜ਼ਦੀਕ ਧਮਾਕਾਖੇਜ ਸਮਗਰੀ ਨਾਲ ਭਰੇ ਕੁਝ ਡਰੋਨ ਡਿੱਗੇ ਦਿਖਾਈ ਦਿੰਦੇ ਹਨ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ, ਜਦ ਮਾਦੁਰੋ ਰਾਜਧਾਨੀ ਕਰਾਕਸ 'ਚ ਸੈਂਕੜੇ ਸਿਪਾਹੀਆਂ ਦੇ ਸਾਹਮਣੇ ਭਾਸ਼ਣ ਦੇ ਰਹੇ ਸਨ। ਹਾਲਾਂਕਿ ਰਾਸ਼ਟਰਪਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਇਸ ਬਾਰੇ ਵੈਨੇਜ਼ੂਏਲਾ ਦੇ ਸੂਚਨਾ ਮੰਤਰੀ ਜਾਰਜ ਰੋਡ੍ਰਿਗਜ ਨੇ ਕਿਹਾ ਕਿ ਇਹ ਹਮਲਾ ਮਾਦੁਰੋ 'ਤੇ ਕੀਤਾ ਗਿਆ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ 7 ਲੋਕ ਜ਼ਖ਼ਮੀ ਹੋ ਗਏ। ਜਿਸ ਪਰੇਡ 'ਚ ਮਾਦੁਰੋ ਭਾਸ਼ਣ ਦੇ ਰਹੇ ਸਨ, ਉਹ ਸੰਵਿਧਾਨਕ ਅਸੰਬਲੀ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਕੀਤੀ ਗਈ ਸੀ।
ਖਸਤਾ ਹਾਲ ਅਰਥ-ਵਿਵਸਥਾ, ਲੰਮੇ ਸਮੇਂ ਤੋਂ ਚੱਲੇ ਆ ਰਹੇ ਰਾਜਨੀਤਕ ਸੰਕਟ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਹੋ ਚੁੱਕੇ ਵੈਨੇਜ਼ੂਏਲਾ 'ਚ ਮਾਦੁਰੋ ਨੇ ਸੱਤਾ ਸੰਭਾਲੀ ਹੋਈ ਹੈ। ਵੈਨੇਜ਼ੂਏਲਾ ਨੂੰ ਵੱਡੇ ਤੇਲ ਨਿਰਯਾਤ ਦੇਸ਼ਾਂ 'ਚੋਂ ਇੱਕ ਮੰਨਿਆ ਜਾਂਦਾ ਹੈ।
ਇੱਕ ਸਾਲ ਪਹਿਲਾਂ ਦੇਸ਼ 'ਚ ਮਾਦੁਰੋ ਦੀ ਸੱਤਾ ਖਿਲਾਫ਼ 4 ਮਹੀਨੇ ਤੱਕ ਸੜਕਾਂ 'ਤੇ ਪ੍ਰਦਰਸ਼ਨ ਹੋਇਆ ਸੀ। ਇਸ ਦੇ ਖਿਲਾਫ਼ ਫੌਜ ਨੇ ਸਖ਼ਤ ਕਾਰਵਾਈ ਕਰਕੇ ਅੰਦੋਲਨ ਨੂੰ ਕੁਚਲ ਦਿੱਤਾ, ਜਿਸ 'ਚ 125 ਲੋਕਾਂ ਦੀ ਜਾਨ ਗਈ ਸੀ। ਇਸ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਕਾਰਨ ਸੰਵਿਧਾਨਕ ਅਸੰਬਲੀ ਦਾ ਗਠਨ ਵੀ ਸੀ, ਜਿਸ ਨੂੰ ਨੈਸ਼ਨਲ ਅਸੰਬਲੀ ਦੀਆਂ ਤਾਕਤਾਂ ਨੂੰ ਘੱਟ ਕਰਨ ਦੇ ਮਕਸਦ ਨਾਲ ਬਣਾਇਆ ਗਿਆ।
ਸੁਪਰੀਮ ਕੋਰਟ ਨੇ ਨੈਸ਼ਨਲ ਅਸੰਬਲੀ ਨੂੰ ਭੰਗ ਐਲਾਨਿਆ। ਹਾਲਾਂਕਿ ਇਹ ਫਿਰ ਵੀ ਸੰਚਾਲਿਤ ਹੁੰਦੀ ਰਹੀ। ਇਸ ਦੇ ਫੈਸਲੇ ਰੱਦ ਕਰ ਦਿੱਤੇ ਜਾਂਦੇ ਰਹੇ। ਅਮਰੀਕਾ ਅਤੇ ਹੋਰ ਦੇਸ਼ ਲਗਾਤਾਰ ਕਹਿੰਦੇ ਆਏ ਹਨ ਕਿ ਵੈਨੇਜ਼ੂਏਲਾ 'ਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਸਾਲ ਵਿਰੋਧੀ ਧਿਰ ਦੇ ਬਾਈਕਾਟ ਤੋਂ ਬਾਅਦ ਹੋਈਆਂ ਚੋਣਾਂ 'ਚ ਮਾਦੁਰੋ ਨੂੰ ਇੱਕ ਵਾਰ ਫਿਰ 6 ਸਾਲ ਲਈ ਕੰਮਕਾਜ ਕਰਨ ਦਾ ਮੌਕਾ ਮਿਲਿਆ ਹੈ।

444 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper