Latest News
ਮੁਜ਼ੱਫਰਪੁਰ ਕਾਂਡ; ਕਿਸੇ ਨੂੰ ਨਹੀਂ ਬਖ਼ਸ਼ਾਂਗੇ, ਗਾਲ੍ਹਾਂ ਦੇਣੀਆਂ ਤਾਂ ਦੇ ਦਿਓ : ਨਿਤਿਸ਼

Published on 05 Aug, 2018 10:55 AM.


ਪਟਨਾ (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਦੇ ਮੁਜ਼ੱਫਰਪੁਰ ਬਾਲਿਕਾ ਗ੍ਰਹਿ ਬਲਾਤਕਾਰ ਕਾਂਡ ਖਿਲਾਫ਼ ਨਿਤਿਸ਼ ਸਰਕਾਰ ਉਪਰ ਤੁਰੰਤ ਕਾਰਵਾਈ ਨਾ ਕਰਨ ਦੇ ਬਹੁਤ ਦੋਸ਼ ਲੱਗ ਰਹੇ ਹਨ। ਵਿਰੋਧੀ ਇਸ ਮੁੱਦੇ 'ਤੇ ਨਿਤਿਸ਼ ਸਰਕਾਰ ਉਪਰ ਲਗਾਤਾਰ ਹਮਲਾਵਰ ਹੈ। ਉਥੇ ਹੀ ਮੀਡੀਆ 'ਚ ਵੀ ਨਿਤਿਸ਼ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਕਿ ਏਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ੈਲਟਰ ਹੋਮ 'ਚ ਬੱਚੀਆਂ ਨਾਲ ਘਿਨੌਣਾ ਕੰਮ ਹੁੰਦਾ ਰਿਹਾ, ਪਰ ਸਰਕਾਰ ਨੂੰ ਇਸ ਦਾ ਪਤਾ ਤੱਕ ਨਹੀਂ ਚੱਲਿਆ।
ਇਸ ਮੁੱਦੇ 'ਤੇ ਆਲੋਚਨਾ ਝੱਲ ਰਹੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ਿਆ ਜਾਵੇਗਾ। ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਜ਼ੱਫਰਪੁਰ ਕਾਂਡ 'ਤੇ ਇੱਕ ਵਾਰ ਫਿਰ ਤੋਂ ਆਪਣੀ ਗੱਲ ਕਹੀ। ਉਹਨਾ ਕਿਹਾ ਕਿ ਜੋ ਗੜਬੜ ਕਰੇਗਾ, ਉਹ ਅੰਦਰ ਜਾਵੇਗਾ, ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ ਤੇ ਉਹ ਵੀ ਅੰਦਰ ਜਾਵੇਗਾ।
ਪਟਨਾ 'ਚ ਇੱਕ ਪ੍ਰੋਗਰਾਮ ਦੌਰਾਨ ਮੀਡੀਆ ਨੂੰ ਇਸ਼ਾਰਿਆਂ 'ਚ ਨਿਤਿਸ਼ ਕੁਮਾਰ ਨੇ ਕਿਹਾ, 'ਜ਼ਰਾ ਪਾਜ਼ੇਟਿਵ ਫੀਡ 'ਤੇ ਵੀ ਤੁਸੀਂ ਲੋਕ ਕ੍ਰਿਪਾ ਕਰਕੇ ਦੇਖੋ, ਇੱਕ ਅੱਧੀ ਨੈਗੇਟਿਵ ਚੀਜ਼ ਹੋ ਜਾਵੇ, ਉਸ ਨੂੰ ਲੈ ਕੇ ਚੱਲ ਰਹੇ ਹੋ, ਉਹ ਅੰਦਰ ਜਾਵੇਗਾ, ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ, ਉਹ ਵੀ ਅੰਦਰ ਜਾਵੇਗਾ। ਅਸੀਂ ਕਿਸੇ ਨੂੰ ਬਖ਼ਸ਼ਣ ਵਾਲੇ ਨਹੀਂ। ਅੱਜ ਤੱਕ ਨਹੀਂ ਕੀਤਾ ਕੋਈ ਸਮਝੌਤਾ, ਬਾਕੀ ਸਾਨੂੰ ਗਾਲ੍ਹਾਂ ਦੇਣੀਆਂ ਹਨ ਤਾਂ ਦੇ ਦਿਓ।'
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਕਾਂਡ 'ਤੇ ਪਹਿਲੀ ਵਾਰ ਨਿਤਿਸ਼ ਕੁਮਾਰ ਨੇ ਆਪਣੀ ਚੁੱਪੀ ਤੋੜੀ। ਨਿਤਿਸ਼ ਨੇ ਮੁਜ਼ੱਫਰਪੁਰ ਕਾਂਡ 'ਤੇ ਪਹਿਲੀ ਵਾਰ ਕਿਹਾ ਕਿ ਅਸੀਂ ਘਟਨਾ ਨਾਲ ਸ਼ਰਮਸਾਰ ਹੋ ਗਏ ਹਾਂ। ਸੀ ਬੀ ਆਈ ਜਾਂਚ ਕਰ ਰਹੀ ਹੈ, ਹਾਈ ਕੋਰਟ ਇਸ ਦੀ ਮਾਨੀਟਰਿੰਗ ਕਰ ਰਿਹਾ ਹੈ। ਮੁਜ਼ੱਫਰਪੁਰ ਬੱਚੀਆਂ ਨਾਲ ਬਲਾਤਕਾਰ ਦਾ ਮਾਮਲਾ ਬਿਹਾਰ ਵਿਧਾਨ ਸਭਾ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਗੂੰਜਿਆ ਹੈ। ਨਿਤਿਸ਼ ਕੁਮਾਰ ਨੇ ਕਿਹਾ, ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਇਸ ਮਾਮਲੇ 'ਚ ਨਰਮੀ ਨਹੀਂ ਵਰਤੀ ਜਾਵੇਗੀ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮੁਜ਼ੱਫਰਪੁਰ ਕਾਂਡ 'ਚ 44 ਬੱਚੀਆਂ 'ਚੋਂ 34 ਬੱਚੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਇਸ ਮਾਮਲੇ 'ਤੇ ਹਾਲੇ ਤੱਕ ਵਿਰੋਧੀ ਧਿਰ ਦਾ ਰਵੱਈਆ ਬਹੁਤ ਹਮਲਾਵਰ ਰਿਹਾ ਹੈ।

488 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper