Latest News
ਪੰਜਾਬ ਵਿੱਚ ਵੱਸਦੇ ਲੋਕਾਂ ਨੂੰ ਅਮਨ ਦਾ ਮਾਹੌਲ ਚਾਹੀਦੈ

Published on 08 Aug, 2018 10:59 AM.


ਪੰਜਾਬ ਵਿੱਚ ਬਿਨਾਂ ਸ਼ੱਕ ਕੋਈ ਖ਼ਾਸ ਚਰਚਾ ਨਹੀਂ ਹੋ ਰਹੀ, ਬਾਕੀ ਦੁਨੀਆ ਦੇ ਪੰਜਾਬੀਆਂ ਵਿੱਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ 'ਰੈਫਰੈਂਡਮ-2020'’ ਦੇ ਨਾਂਅ ਦਾ ਇੱਕ ਮੁੱਦਾ ਚਰਚਾ ਵਿੱਚ ਹੈ। ਇਸ ਬਾਰੇ ਭਾਰਤ ਦੀ ਸਰਕਾਰ ਨੇ ਬ੍ਰਿਟੇਨ ਸਰਕਾਰ ਨੂੰ ਪਹੁੰਚ ਕੀਤੀ ਸੀ ਕਿ ਉਸ ਦੀ ਰਾਜਧਾਨੀ ਲੰਡਨ ਦੇ ਇੱਕ ਚੌਕ ਵਿੱਚ ਇਸ ਮਹੀਨੇ ਦੀ ਬਾਰਾਂ ਤਰੀਕ ਨੂੰ ਜਿਹੜਾ ਇਕੱਠ ਕੀਤਾ ਜਾਣਾ ਹੈ, ਉਹ ਭਾਰਤ ਵਿਰੋਧੀ ਸਰਗਰਮੀ ਹੈ ਤੇ ਉਸ ਨੂੰ ਰੋਕਣ ਲਈ ਬਣਦੇ ਕਦਮ ਚੁੱਕੇ ਜਾਣ। ਅੱਗੋਂ ਉਨ੍ਹਾਂ ਨੇ ਕਹਿ ਦਿੱਤਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਾਰਨ ਏਦਾਂ ਕਰਨਾ ਸੰਭਵ ਨਹੀਂ। ਉਸ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਦੇ ਆਗੂ ਵੀ ਇਸ ਇਕੱਠ ਦੀ ਹਮਾਇਤ ਕਰਦੇ ਪਏ ਹਨ। ਭਾਰਤ ਦੀ ਅੱਜ ਵਾਲੀ ਸਰਕਾਰ ਦੇ ਉਸ ਦੇਸ਼ ਨਾਲ ਉਹੋ ਜਿਹੇ ਰਿਸ਼ਤੇ ਵੀ ਨਹੀਂ, ਜਿੱਦਾਂ ਦੇ ਕਦੀ ਇੰਦਰਾ ਗਾਂਧੀ ਅਤੇ ਮਾਰਗਰੇਟ ਥੈਚਰ ਦੇ ਦੌਰ ਵਿੱਚ ਹੋਇਆ ਕਰਦੇ ਸਨ। ਇਸ ਕਾਰਨ ਇਹ ਕਦਮ ਚੁੱਕ ਸਕਣਾ ਸਰਕਾਰ ਲਈ ਸੌਖਾ ਨਹੀਂ ਰਹਿ ਜਾਂਦਾ।
ਜਿੱਥੋਂ ਤੱਕ ਇਸ ਸਾਰੀ ਸਰਗਰਮੀ ਦਾ ਸੰਬੰਧ ਹੈ, ਇਸ ਦਾ ਸੱਦਾ ਅਮਰੀਕਾ ਵਿੱਚੋਂ ਚੱਲਦੀ ਇੱਕ ਸੰਸਥਾ ਨੇ ਦਿੱਤਾ ਤੇ ਬ੍ਰਿਟੇਨ ਵਿੱਚ ਬੈਠੇ ਕੁਝ ਲੋਕਾਂ ਨੇ ਇਸ ਨੂੰ ਅੱਗੇ ਵਧਾਇਆ ਹੈ। ਸਿੱਖਾਂ ਦੇ ਨਾਂਅ ਉੱਤੇ ਇਸ ਵੇਲੇ ਸੰਸਾਰ ਵਿੱਚ ਹਜ਼ਾਰਾਂ ਹੀ ਜਥੇਬੰਦੀਆਂ ਤੇ ਸੰਗਠਨ ਚੱਲਦੇ ਹਨ ਤੇ ਹਰ ਕੋਈ ਆਪਣੇ ਢੰਗ ਨਾਲ ਚੱਲ ਰਿਹਾ ਹੈ। ਉਂਜ ਸਿੱਖਾਂ ਦਾ ਮੂਲ ਤੇ ਮੁੱਢਲਾ ਖੇਤਰ ਭਾਰਤ ਵਿਚਲਾ ਪੰਜਾਬ ਹੈ ਤੇ ਇਸ ਪੰਜਾਬ ਵਿੱਚੋਂ ਕੋਈ ਇੱਕ ਧਿਰ ਵੀ ਇਹੋ ਜਿਹੀ ਨਹੀਂ ਸੁਣੀ ਜਾ ਰਹੀ, ਜਿਹੜੀ ਇਹੋ ਜਿਹੇ ਰੈਫਰੈਂਡਮ ਦੇ ਪੱਖ ਵਿੱਚ ਮੁਹਿੰਮ ਚਲਾਉਣ ਰੁੱਝੀ ਹੋਵੇ। ਸਾਰਿਆਂ ਤੋਂ ਤੱਤੇ ਸੁਭਾਅ ਦੇ ਆਗੂ ਗਿਣੇ ਜਾਣ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਜਦੋਂ ਉਸ ਨੇ ਇਸ ਬਾਰੇ ਆਪਣੇ ਵਿਚਾਰ ਰੱਖੇ ਤਾਂ ਉਸ ਦੀ ਇੰਜ ਲਾਹ-ਪਾਹ ਕੀਤੀ ਗਈ ਹੈ, ਜਿਵੇਂ ਉਹ ਵੀ ਦੁਸ਼ਮਣ ਹੋ ਗਿਆ ਹੋਵੇ। ਅਮਰੀਕਾ ਤੋਂ ਉੱਠੀ ਇਸ ਧਿਰ ਨਾਲ ਜੁੜੇ ਇੱਕ ਸਿੱਖ ਆਗੂ, ਜਿਸ ਨੂੰ ਭਾਰਤੀ ਏਜੰਸੀਆਂ ਇਸ ਦੇਸ਼ ਵਿੱਚ ਹੋਏ ਕੁਝ ਕਤਲਾਂ ਨਾਲ ਜੋੜ ਕੇ ਵੇਖਦੀਆਂ ਹਨ ਤੇ ਜਿਸ ਦੀ ਹਵਾਲਗੀ ਦਾ ਕੇਸ ਵੀ ਚੱਲਦਾ ਰਿਹਾ ਹੈ, ਵੱਲੋਂ ਪਿਛਲੇ ਦਿਨੀਂ ਪਾਕਿਸਤਾਨੀ ਮੂਲ ਦੇ ਕੁਝ ਲੋਕਾਂ ਨਾਲ ਸਾਂਝੇ ਮੰਚ ਤੋਂ ਵਿਚਾਰ ਪੇਸ਼ ਕੀਤੇ ਜਾਣ ਪਿੱਛੋਂ ਕਈ ਧਿਰਾਂ ਪਿੱਛੇ ਹਟੀਆਂ ਹਨ। ਬਾਦਲ ਅਕਾਲੀ ਦਲ ਆਪਣੇ ਸੌ ਐਬਾਂ ਤੇ ਵਿਰੋਧਾਂ ਦੇ ਬਾਵਜੂਦ ਅਜੇ ਤੱਕ ਸਿੱਖਾਂ ਵਿੱਚ ਸਭ ਤੋਂ ਵੱਡੀ ਧਿਰ ਮੰਨਿਆ ਜਾਂਦਾ ਹੈ ਤੇ ਇਸ ਨਾਲ ਜੁੜੇ ਹੋਏ ਬ੍ਰਿਟੇਨ ਦੇ ਆਗੂਆਂ ਨੇ ਇਸ ਮੁਹਿੰਮ ਦਾ ਖੁੱਲ੍ਹਾ ਵਿਰੋਧ ਕਰਨ ਦੇ ਬਿਆਨ ਤੱਕ ਜਾਰੀ ਕਰ ਦਿੱਤੇ ਹਨ।
ਇਹੀ ਨਹੀਂ, ਕੁਝ ਸਿੱਖ ਪ੍ਰਚਾਰਕਾਂ ਨੇ ਵੀ ਇਹੋ ਜਿਹੀਆਂ ਮੁਹਿੰਮਾਂ ਨੂੰ ਬੇਲੋੜੀਆਂ ਤੇ ਅਮਲ ਵਿੱਚ ਪੰਜਾਬ ਦੇ ਨਾਲ ਸਿੱਖਾਂ ਦਾ ਵੀ ਨੁਕਸਾਨ ਕਰਨ ਵਾਲੀਆਂ ਕਿਹਾ ਹੈ। ਕਿਸੇ ਵੀ ਜਾਣੀ-ਪਛਾਣੀ ਸਿੱਖ ਸੰਸਥਾ ਵੱਲੋਂ ਹਮਾਇਤ ਨਹੀਂ ਕੀਤੀ ਜਾ ਰਹੀ। ਫਿਰ ਵੀ ਮੁਹਿੰਮ ਵਿਦੇਸ਼ਾਂ ਵਿੱਚੋਂ ਚਲਾਈ ਜਾ ਰਹੀ ਹੈ। ਵਿਚਾਰਾਂ ਦੇ ਪ੍ਰਗਟਾਵੇ ਦਾ ਯੁੱਗ ਹੋਣ ਕਾਰਨ ਓਥੋਂ ਵਾਲੀਆਂ ਸਰਕਾਰਾਂ ਆਮ ਕਰ ਕੇ ਇਸ ਨੂੰ ਰੋਕਦੀਆਂ ਨਹੀਂ, ਪਰ ਇਸ ਵਿੱਚੋਂ ਕੁਝ ਵੀ ਨਿਕਲਣਾ ਨਹੀਂ। ਇਨ੍ਹਾਂ ਬੇਲੋੜੀਆਂ ਹਰਕਤਾਂ ਨਾਲ ਕਈ ਨਵੀਂ ਤਰ੍ਹਾਂ ਦੇ ਭਰਮ ਫੈਲ ਸਕਦੇ ਹਨ। ਸਿੱਖ ਭਾਈਚਾਰੇ ਨੂੰ ਇਸ ਦਾ ਕੋਈ ਲਾਭ ਨਹੀਂ ਹੋਣ ਲੱਗਾ। ਇਸ ਲਈ ਆਮ ਸਿੱਖ ਅਤੇ ਪੰਜਾਬ ਵਿਚਲੇ ਸਿੱਖ ਆਗੂ ਇਸ ਨਾਲ ਕੋਈ ਸਹਿਮਤੀ ਦਿਖਾਉਣ ਦੀ ਲੋੜ ਨਹੀਂ ਸਮਝਦੇ।
ਜਿਹੜੀ ਗੱਲ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਸਮਝ ਪੈਂਦੀ ਹੈ, ਉਹ ਇਹ ਕਿ ਪਹਿਲਾਂ ਵੀ ਇੱਕ ਸਮੇਂ ਏਦਾਂ ਦੀਆਂ ਸੁਰਾਂ ਵਿਦੇਸ਼ਾਂ ਤੋਂ ਕੱਢੀਆਂ ਗਈਆਂ ਤੇ ਫਿਰ ਪੰਜਾਬ ਤੱਕ ਪਹੁੰਚੀਆਂ ਸਨ। ਬਾਹਰ ਬੈਠਿਆਂ ਨੂੰ ਕੋਈ ਫ਼ਰਕ ਨਹੀਂ ਸੀ ਪਿਆ ਤੇ ਪੰਜਾਬ ਦਾ ਨੁਕਸਾਨ ਬਹੁਤ ਹੋਇਆ ਸੀ। ਇਸ ਦਾ ਵਿਕਾਸ ਦਾ ਪਹੀਆ ਰੁਕ ਗਿਆ ਸੀ। ਕਈ ਸਾਲ ਪੰਜਾਬ ਵਿੱਚ ਰਾਤਾਂ ਨੂੰ ਸੜਕਾਂ ਸੁੰਨਸਾਨ ਰਹੀਆਂ ਤੇ ਦਿਨੇ ਵੀ ਪੇਂਡੂ ਰਾਹਾਂ ਉੱਤੇ ਜਾਣ ਵੇਲੇ ਆਮ ਲੋਕ ਝਿਜਕਿਆ ਕਰਦੇ ਸਨ। ਹਾਲਾਤ ਦਾ ਵਹਿਣ ਬਹੁਤ ਲੰਮਾ ਚੱਲਦਾ ਰਿਹਾ ਤੇ ਇਸ ਦੌਰਾਨ ਜਵਾਨੀ ਗੁੰਮਰਾਹ ਹੋ ਕੇ ਏਦਾਂ ਦੀ ਔਝੜ ਦਾ ਸੇਕ ਝੱਲਣ ਲੱਗ ਪਈ, ਜਿਸ ਨਾਲ ਇਸ ਰਾਜ ਵਿੱਚ ਹਜ਼ਾਰਾਂ ਘਰ ਬਰਬਾਦ ਹੋ ਗਏ ਅਤੇ ਓਦੋਂ ਵਾਲਾ ਸੇਕ ਝੱਲ ਚੁੱਕੇ ਘਰਾਂ ਦੇ ਨੁਕਸਾਨ ਦੀ ਪੂਰਤੀ ਅੱਜ ਤੱਕ ਵੀ ਨਹੀਂ ਹੋਈ। ਨੁਕਸਾਨ ਆਰਥਿਕ ਵੀ ਸੀ, ਜਾਨੀ ਵੀ ਅਤੇ ਸਾਰਿਆਂ ਤੋਂ ਵੱਧ ਨੁਕਸਾਨ ਪੰਜਾਬੀਅਤ ਦੇ ਅਕਸ ਦਾ ਹੋਇਆ ਸੀ। ਦੂਸਰੇ ਰਾਜਾਂ ਨਾਲ ਕਾਰੋਬਾਰੀ ਰਿਸ਼ਤੇ ਵੀ ਪ੍ਰਭਾਵਤ ਹੋਏ ਅਤੇ ਪੰਜਾਬੋਂ ਬਾਹਰਲੇ ਰਾਜਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਲਈ ਓਥੋਂ ਦੇ ਸਮਾਜ ਵਿੱਚ ਪਹਿਲਾਂ ਦੇ ਸਮਿਆਂ ਵਾਂਗ ਆਮ ਸੰਬੰਧਾਂ ਨੂੰ ਬਹਾਲ ਕਰਨ ਵਿੱਚ ਕਈ ਸਾਲ ਲੱਗ ਗਏ ਸਨ। ਇਹ ਸਭ ਭੁਗਤਣ ਵਾਲਿਆਂ ਨੂੰ ਪਤਾ ਹੈ।
ਪੰਜਾਬ ਦਾ ਕੋਈ ਵੀ ਬਾਸ਼ਿੰਦਾ ਬਾਹਰਲੇ ਕਿਸੇ ਦੇਸ਼ ਵਿੱਚ ਭਾਵੇਂ ਕਿਸੇ ਵੀ ਤਰੀਕੇ ਚਲਾ ਗਿਆ ਹੋਵੇ ਅਤੇ ਉਸ ਨੇ ਅੱਡਾ ਜਮਾਉਣ ਲਈ ਕੋਈ ਵੀ ਢੰਗ ਵਰਤਿਆ ਹੋਵੇ, ਅਸੀਂ ਉਸ ਬਾਰੇ ਕਿੰਤੂ ਕਰਨ ਦੇ ਪੱਖ ਵਿੱਚ ਕਦੇ ਨਹੀਂ ਰਹੇ ਅਤੇ ਸਦਾ ਉਨ੍ਹਾਂ ਦੀ ਸੁੱਖ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਇਹ ਸੁੱਖ ਪੰਜਾਬ ਦਾ ਹਰ ਵਾਸੀ ਮੰਗਦਾ ਹੈ। ਅੱਗੋਂ ਬਾਹਰ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਕਿ ਜਿੱਥੇ-ਜਿੱਥੇ ਵੱਸਦੇ ਹਨ, ਪਿੱਛੇ ਪੰਜਾਬ ਦੀ ਸੁੱਖ ਮੰਗਿਆ ਕਰਨ। ਜਿਹੜੀਆਂ ਸੁਰਾਂ ਬਾਹਰੋਂ ਬੈਠ ਕੇ ਕੱਢੀਆਂ ਜਾ ਰਹੀਆਂ ਹਨ, ਇਹ ਪੰਜਾਬ ਵਿੱਚ ਵੱਸਦੇ ਲੋਕਾਂ ਦੀ ਚਿੰਤਾ ਵਧਾ ਰਹੀਆਂ ਹਨ। ਉਹ ਆਪਣੇ ਵਸੇਬੇ ਵਾਲੇ ਪੰਜਾਬ ਵਿੱਚ ਅਮਨ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਲੋੜ ਵਿੱਚੋਂ ਇਹ ਲੋੜ ਨਿਕਲਦੀ ਹੈ ਕਿ ਵਿਦੇਸ਼ ਵਿੱਚ ਬੈਠ ਕੇ ਹੁੰਦੀਆਂ ਏਦਾਂ ਦੀਆਂ ਸਰਗਰਮੀਆਂ ਨੂੰ ਸ਼ਹਿ ਨਾ ਦਿੱਤੀ ਜਾਵੇ, ਜਿਹੜੀਆਂ ਕੱਲ੍ਹ ਨੂੰ ਕਿਸੇ ਮੋੜ ਉੱਤੇ ਕਿਸੇ ਸਮੇਂ ਵੀ ਬਾਤ ਦਾ ਬਤੰਗੜ ਬਣਨ ਦਾ ਕਾਰਨ ਬਣ ਸਕਦੀਆਂ ਹੋਣ। ਸੁੱਖ ਮੰਗਣ ਵਿੱਚ ਹੀ ਸਭ ਦਾ ਭਲਾ ਹੈ।

1829 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper