Latest News
ਕੇਜਰੀਵਾਲ ਨੇ ਪੋਸਟ ਜ਼ਰੀਏ ਕੀਤਾ ਭਾਜਪਾ 'ਤੇ ਹਮਲਾ

Published on 08 Aug, 2018 11:04 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਤੇ ਮੁੱਖ ਮੰਤਰੀ ਕੇਜਰੀਵਾਲ ਨੇ ਮੁਜ਼ੱਫਰਪੁਰ ਅਤੇ ਦੇਵਰੀਆ 'ਚ ਸ਼ੈਲਟਰ ਘਰ 'ਚ ਬੱਚੀਆਂ ਦੇ ਸ਼ੋਸ਼ਣ ਦੀ ਘਟਨਾ ਤੋਂ ਬਾਅਦ ਇੱਕ ਪੋਸਟ ਜਾਰੀ ਕਰਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾ ਇੱਕ ਪੋਸਟਰ ਟਵੀਟ ਕੀਤਾ ਹੈ। ਇਸ ਪੋਸਟਰ 'ਚ ਇੱਕ ਔਰਤ ਦੇ ਹੱਥ 'ਚ ਇੱਕ ਤਖ਼ਤੀ ਹੈ, ਜਿਸ 'ਤੇ ਲਿਖਿਆ ਹੋਇਆ ਹੈ, 'ਸਾਨੂੰ ਗਊ ਦੇ ਬਰਾਬਰ ਸੁਰੱਖਿਆ ਦਿੱਤੀ ਜਾਵੇ'। ਉਥੇ ਹੀ ਇਸ ਪੋਸਟਰ 'ਚ ਔਰਤਾਂ ਦੇ ਨਾਲ ਹੋਣ ਵਾਲੇ ਅਪਰਾਧਾਂ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ ਦਿਖਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਟਵੀਟ 'ਤੇ ਵੀ ਇਸ ਪੋਸਟਰ ਨੂੰ ਸ਼ੇਅਰ ਕੀਤਾ ਹੈ।
ਜਾਣਕਾਰੀ ਹੈ ਕਿ ਦਿੱਲੀ 'ਚ ਔਰਤਾਂ ਦੀ ਸੁਰੱਖਿਆ ਦਾ ਇੱਕ ਬਹੁਤ ਵੱਡਾ ਮੁੱਦਾ ਹੈ। ਪਿਛਲੇ ਦਿਨੀਂ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਵੱਲੋਂ ਦਿੱਲੀ 'ਚ ਕਈ ਸਥਾਨਾਂ ਤੋਂ ਲੜਕੀਆਂ ਨੂੰ ਛੁਡਾਏ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਮਹਿਲਾ ਆਯੋਗ ਵੱਲੋਂ ਦਿੱਲੀ ਪੁਲਸ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਇਆ ਗਿਆ ਸੀ। ਭਾਜਪਾ ਨਾਲ ਜੁੜੇ ਸੰਗਠਨ ਸਮੇਂ-ਸਮੇਂ 'ਤੇ ਗਊ ਸੁਰੱਖਿਆ ਦੇ ਮੁੱਦੇ ਪੁਰਜ਼ੋਰ ਤਰੀਕੇ ਨਾਲ ਉਠਾਉਂਦੇ ਰਹਿੰਦੇ ਹਨ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਗਊ ਦੇ ਬਰਾਬਰ ਸੁਰੱਖਿਆ ਦੇਣ ਦੀ ਗੱਲ ਕਹੀ ਗਈ ਹੈ।
ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਦੇਵਰੀਆ ਅਤੇ ਬਿਹਾਰ ਦੇ ਮੁਜ਼ੱਫਰਪੁਰ 'ਚ ਬੱਚੀਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਇਸ ਸਮੇਂ ਰਾਜਨੀਤੀ ਦੇ ਕੇਂਦਰ ਬਣੀਆਂ ਹੋਈਆਂ ਹਨ। ਉੱਤਰ ਪ੍ਰਦੇਸ਼ 'ਚ ਜਿੱਥੇ ਭਾਜਪਾ ਦੀ ਸਰਕਾਰ ਹੈ, ਉਥੇ ਬਿਹਾਰ 'ਚ ਭਾਜਪਾ ਗਠਜੋੜ ਦੇ ਜ਼ਰੀਏ ਸਰਕਾਰ 'ਚ ਸ਼ਾਮਲ ਹੈ। ਇਸ 'ਚ ਬਿਹਾਰ ਦੀ ਪ੍ਰਮੁੱਖ ਵਿਰੋਧੀ ਪਾਰਟੀ ਆਰ ਜੇ ਡੀ ਅਤੇ ਉੱਤਰ ਪ੍ਰਦੇਸ਼ 'ਚ ਪ੍ਰਮੁੱਖ ਵਿਰੋਧੀ ਪਾਰਟੀ ਸਪਾ ਦੋਵਾਂ ਨੇ ਸੰਸਦ ਤੋਂ ਲੈ ਕੇ ਸੜਕ ਤੱਕ ਭਾਜਪਾ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਰੋਧੀ ਪਾਰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਔਰਤਾਂ ਦੀ ਸੁਰੱਖਿਆ ਨੂੰ ਇੱਕ ਵੱਡਾ ਮੁੱਦਾ ਬਣਾਉਣ ਦੀ ਤਿਆਰੀ 'ਚ ਹਨ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper