Latest News
ਕਰੁਣਾਨਿਧੀ ਦੀ ਅੰਤਿਮ ਯਾਤਰਾ 'ਚ ਉਮੜਿਆ ਜਨਸੈਲਾਬ

Published on 08 Aug, 2018 11:04 AM.


ਚੇਨੱਈ, (ਨਵਾਂ ਜ਼ਮਾਨਾ ਸਰਵਿਸ)
ਮਹਾਨ ਦ੍ਰਵਿੜ ਨੇਤਾ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦਾ ਅੰਤਿਮ ਸੰਸਕਾ ਮਰੀਨਾ ਬੀਚ 'ਤੇ ਕਰ ਦਿੱਤਾ ਗਿਆ। ਉਨ੍ਹਾਂ ਦੇ ਸਰੀਰ ਨੂੰ ਰਾਜਾਜੀ ਹਾਲ ਤੋਂ ਮਰੀਨਾ ਬੀਚ ਤੱਕ ਅੰਤਿਮ ਯਾਤਰਾ ਰਾਹੀਂ ਲਿਜਾਇਆ ਗਿਆ। ਇਸ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਕਰੁਣਾਨਿਧੀ ਦੇ ਸਰੀਰ ਨੂੰ ਮਰੀਨਾ ਬੀਚ 'ਤੇ ਦਫ਼ਤਨਾਉਣ ਦੀ ਆਗਿਆ ਨਹੀਂ ਸੀ ਦਿੱਤੀ, ਜਿਸ ਤੋਂ ਬਾਅਦ ਦ੍ਰਮੁਕ ਦੇ ਹੱਕ 'ਚ ਅਦਾਲਤ ਨੇ ਫੈਸਲਾ ਦਿੱਤਾ। ਇਸ ਫੈਸਲੇ ਤੋਂ ਬਾਅਦ ਮਰੀਨਾ ਬੀਚ 'ਤੇ ਸੁਰੱਖਿਆ ਵਧਾ ਦਿੱਤੀ ਗਈ।
ਕਰੁਣਾਨਿਧੀ ਨੇ ਚੇਨੱਈ ਦੇ ਕਾਵੇਰੀ ਹਸਪਤਾਲ 'ਚ ਆਖਰੀ ਸਾਹ ਲਿਆ ਸੀ। ਕਰੁਣਾਨਿਧੀ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਦੇਸ਼ 'ਚ ਸੋਕ ਦੀ ਲਹਿਰ ਹੈ। ਕਰੁਣਾਨਿਧੀ ਦਾ ਸਰੀਰ ਅਤਿਮ ਦਰਸ਼ਨਾਂ ਲਈ ਚੇਨੱਈ ਦੇ ਰਾਜਾਜੀ ਹਾਲ 'ਚ ਰੱਖਿਆ ਗਿਆ ਸੀ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਡੀ ਐਮ ਕੇ ਸਮਰੱਥਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੁਲਸ ਵੀ ਹਾਈ ਅਲਰਟ 'ਤੇ ਰਹੀ।
ਕਰੁਣਾਨਿਧੀ ਦੀ ਅੰਤਿਮ ਯਾਤਰਾ ਜਿਸ ਤਰ੍ਹਾਂ ਮਰੀਨ ਬੀਚ ਵੱਲ ਵਧੀ।
ਲੋਕਾਂ ਦੀ ਭੀੜ ਵੀ ਵਧਦੀ ਗਈ। ਬਹੁਤ ਸਾਰੇ ਲੋਕ ਤਾਂ ਪਹਿਲਾਂ ਹੀ ਮਰੀਨਾ ਬੀਚ 'ਤੇ ਪਹੁੰਚ ਗਏ ਸਨ। ਭੀੜ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਭੀੜ 'ਚ ਭਗਦੜ ਪੈਦਾ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ ਸਨ।
ਨਰੇਂਦਰ ਮੋਦੀ, ਰਾਹੁਲ ਨੇ ਦਿੱਤੀ ਸ਼ਰਧਾਂਜਲੀ
ਦੱਖਣ ਦੀ ਰਾਜਨੀਤੀ ਦੇ ਪਿਤਾਮਾ ਕਹੇ ਜਾਣ ਵਾਲੇ ਡੀ ਐੱਮ ਕੇ ਪ੍ਰਮੁੱਖ ਐੱਮ ਕਰੁਣਾਨਿਧੀ ਹੁਣ ਇਸ ਦੁਨੀਆ 'ਚ ਨਹੀਂ ਰਹੇ। ਕਰੁਣਾਨਿਧੀ ਦਾ ਮੰਗਲਵਾਰ ਸ਼ਾਮ ਚੇਨੱਈ 'ਚ ਦੇਹਾਂਤ ਹੋ ਗਿਆ ਸੀ। ਕਰਨਾਟਕ ਸਰਕਾਰ ਨੇ ਇਸ ਸੰਬੰਧ 'ਚ ਦਿਨ ਦਾ ਰਾਜ ਸੋਗ ਐਲਾਨਿਆ ਸੀ। ਕਰੁਣਾਨਿਧੀ ਦਾ ਅੰਤਿਮ ਸੰਸਕਾਰ ਚੇਨੱਈ ਦੇ ਮਰੀਨਾ ਬੀਚ 'ਤੇ ਕੀਤਾ ਗਿਆ। ਉਸ ਦੇ ਦੇਹਾਂਤ ਦੇ ਨਾਲ ਹੀ ਦੇਸ਼ ਦੇ ਸਾਰੇ ਵੱਡੇ ਨੇਤਾਵਾਂ ਅਤੇ ਪ੍ਰਮੁੱਖ ਹਸਤੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਬੁੱਧਵਾਰ ਨੂੰ ਕਰੁਣਾਨਿਧੀ ਦੇ ਸਰੀਰ ਨੂੰ ਚੇਨੱਈ ਦੇ ਰਾਜਾਜੀ ਹਾਲ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਚੇਨੱਈ ਪਹੁੰਚ ਕੇ ਕਰੁਣਾਨਿਧੀ ਦੇ ਅੰਤਿਮ ਦਰਸ਼ਨ ਕੀਤੇ। ਉਨ੍ਹਾਂ ਨੇ ਉਥੇ ਪਹੁੰਚ ਕੇ ਕਰੁਣਾਨਿਧੀ ਦੇ ਲੜਕੇ ਸਟਾਲਿਨ ਅਤੇ ਬੇਟੀ ਕਨੀਮੋਝੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਾਜੀ ਹਾਲ 'ਚ ਐੱਮ ਕਰੁਣਾਨਿਧੀ ਦੇ ਸਰੀਰ 'ਤੇ ਫੁੱਲ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਦੇ ਨਾਲ ਤਮਿਲਨਾਡੂ ਕਾਂਗਰਸ ਪ੍ਰਧਾਨ ਐੱਸ ਤਿਰੂਨਵੁਕਰਸਰ ਵੀ ਸਨ।

931 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper