ਤਲਵੰਡੀ ਸਾਬੋ, (ਜਗਦੀਪ ਗਿੱਲ)
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੰਡ ਭਾਵੇਂ ਰਸਮੀ ਤੌਰ 'ਤੇ ਹਾਲੇ ਤੱਕ ਨਹੀਂ ਵੀ ਹੋਈ, ਪਰ ਅਮਲਾਂ ਵਿੱਚ ਵੰਡੇ ਜਾਣ ਤੋਂ ਕੋਈ ਕਸਰ ਬਾਕੀ ਰਹਿ ਗਈ ਹੋਵੇ, ਅਜਿਹਾ ਨਜ਼ਰੀਂ ਨਹੀਂ ਪੈ ਰਿਹਾ।
ਆਮ ਆਦਮੀ ਪਾਰਟੀ ਪੰਜਾਬ ਦੇ ਤਾਜ਼ਾ ਹਾਲਾਤ ਦੇ ਚੱਲਦਿਆਂ ਜਦੋਂ ਭਗਵੰਤ ਸਿੰਘ ਮਾਨ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਤੇ ਉਹ ਸਵਾਈ ਪ੍ਰਧਾਨਗੀ ਦੀ ਰਸਮੀ ਤੌਰ 'ਤੇ ਕਲਗ਼ੀ ਲੱਗਣ ਤੋਂ ਪਹਿਲਾਂ ਹੀ ਜਿਵੇਂ ਸੁਖਪਾਲ ਖਹਿਰਾ ਤੇ ਉਸ ਦੇ ਪੰਜਾਬ ਵਾਲੇ ਧੜੇ ਵਿਰੁੱਧ ਡਟ ਗਏ ਹਨ, ਉਸ ਤੋਂ ਆਪ ਪੰਜਾਬ ਦੀ ਹਾਲਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਉਸ ਦੋਗਾਣੇ ਵਰਗੀ ਜਾਪ ਰਹੀ ਹੈ, ਜਿਸ ਵਿੱਚ 'ਅੱਧੀ ਤੇਰੀ ਆਂ ਮੁਲਾਹਜ਼ੇਦਾਰਾ ਅੱਧੀ ਆਂ ਮੈਂ ਅਮਲੀ ਦੀ' ਵਰਗੀ ਪੰਗਤੀ ਸੁਣਨ ਨੂੰ ਮਿਲਦੀ ਹੈ ।
ਸਿਆਸਤ ਦੀ ਸੋਝੀ ਰੱਖਣ ਵਾਲੇ ਪਾਰਖੂ ਲੋਕਾਂ ਅਨੁਸਾਰ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਤੇ ਜਗਮੀਤ ਬਰਾੜ ਅਤੇ ਕੁਝ ਹੋਰਨਾਂ ਲੋਕਾਂ ਨੂੰ ਪਾਰਟੀ ਅੰਦਰ ਨਾ ਵੜਨ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਆਪਣੀ ਲੀਡਰੀ ਅਤੇ ਪੰਜਾਬ ਵਿੱਚ ਜੇਕਰ ਦਾਅ ਲੱਗੇ ਤਾਂ ਫਿਰ ਸਭ ਤੋਂ ਵੱਡੀ ਕੁਰਸੀ ਦਾ ਜੁਗਾੜ ਬਣਾ ਕੇ ਰੱਖਿਆ ਹੋਇਆ ਸੀ ਪ੍ਰੰਤੂ ਹੁਣ ਖਹਿਰਾ ਅਤੇ ਕੰਵਰ ਸੰਧੂ ਵਰਗਿਆਂ ਵਾਲਾ ਕੰਡਾ ਨਿਕਲ ਜਾਣ ਪਿੱਛੋਂ ਤਾਂ ਗਲੀਆਂ ਹੋਵਣ ਸੁੰਨੀਆਂ ਵਿਚ ਮਿਰਜ਼ਾ ਯਾਰ ਫਿਰੇ ਵਾਲਾ ਹਾਲ ਹੀ ਹੋਇਆ ਪਿਆ ਜਾਪ ਰਿਹਾ ਹੈ। ਮਾਨ ਦੇ ਬੀਤੇ ਦਿਨੀਂ ਚੁੱਪ ਤੋੜਨ ਪਿੱਛੋਂ ਉਸ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਉਸ ਵੀਡੀਓ ਦੇ ਹੇਠਾਂ ਪੰਜਾਬੀਆਂ ਵੱਲੋਂ ਕਿਹੜੇ ਕੁਮੈਂਟ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਨੱਬੇ ਫੀਸਦੀ ਤੋਂ ਵੱਧ ਹਿੱਸਾ ਸਰਦਾਰ ਮਾਨ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਦਾ ਜਾਪਦਾ ਹੈ ।ਉਂਜ ਵੀ ਪੰਜਾਬ ਦੇ ਲੋਕਾਂ ਵੱਲੋਂ ਇਹ ਸਵਾਲ ਸਰਦਾਰ ਮਾਨ ਤੋਂ ਵੱਡੀ ਪੱਧਰ 'ਤੇ ਪੁੱਛਿਆ ਜਾ ਰਿਹਾ ਹੈ ਕਿ ਮਾਨ ਕਿਹਾ ਕਰਦੇ ਸੀ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ, ਪ੍ਰੰਤੂ ਹੁਣ ਇਕਦਮ ਪਾਰਟੀ ਕਿਵੇਂ ਵੱਡੀ ਹੋ ਗਈ ।ਉਧਰ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਵਿਧਾਇਕਾਂ ਵੱਲੋਂ ਬਠਿੰਡਾ ਵਿਖੇ ਕਨਵੈਨਸ਼ਨ ਕਰਕੇ ਆਪ ਪੰਜਾਬ ਦਾ ਸਮੁੱਚਾ ਢਾਂਚਾ ਭੰਗ ਕਰਨ ਤੋਂ ਬਾਅਦ ਆਪ ਦੀ ਦਿੱਲੀ ਲੀਡਰਸ਼ਿਪ ਅਤੇ ਉਸ ਦੇ ਪੰਜਾਬ ਵਾਲੇ ਬਗਲ ਬੱਚਿਆਂ ਖਿਲਾਫ ਪੰਜਾਬ ਦੀ ਜਵਾਨੀ ਵਿੱਚ ਜੋ ਗੁੱਸਾ ਉਬਾਲੇ ਮਾਰ ਰਿਹਾ ਹੈ, ਉਸ ਦੀਆਂ ਤਾਜ਼ਾ ਮਿਸਾਲਾਂ ਵੀ ਮਹਿਲ ਕਲਾਂ, ਭੁੱਚੋ ਕਲਾਂ ਅਤੇ ਹੋਰ ਵੀ ਕਈ ਹਲਕਿਆਂ ਤੋਂ ਸਾਹਮਣੇ ਆ ਚੁੱਕੀਆਂ ਹਨ ।
ਸਰਦਾਰ ਮਾਨ ਅਨੁਸਾਰ ਖਹਿਰਾ ਸਾਹਿਬ ਦੇ ਵਿਰੋਧੀ ਆਗੂ ਵਜੋਂ ਕੁਰਸੀ ਖੁਸ ਜਾਣ ਦੇ ਮਾਮਲੇ ਨੂੰ ਦਿੱਲੀ ਪੰਜਾਬ ਦਾ ਯੁੱਧ ਬਣਾ ਧਰਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਆਪ ਦੇ ਦਿੱਲੀ ਅਤੇ ਪੰਜਾਬ ਵਾਲੇ ਧੜਿਆਂ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਹੁਣੇ ਕੋਈ ਕਾਹਲਾ ਸਿੱਟਾ ਕੱਢਣਾ ਭਾਵੇਂ ਔਖਾ ਹੈ, ਪ੍ਰੰਤੂ ਇਨ੍ਹਾਂ ਧੜਿਆਂ ਦੇ ਆਉਣ ਵਾਲੀ ਪਾਰਲੀਮੈਂਟ ਚੋਣ ਤੱਕ ਸ਼ਾਇਦ ਇਸ ਤੋਂ ਵੀ ਅੱਗੇ ਵਿਧਾਨ ਸਭਾਈ ਚੋਣਾਂ ਤੱਕ ਇੱਕ ਦੂਸਰੇ ਦੇ ਖਿਲਾਫ਼ ਸਰ੍ਹੋਂ ਦੇ ਸਾਗ ਵਾਂਗ ਰਿਝਦੇ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਧਰ ਕੁਝ ਸੁਚੇਤ ਲੋਕਾਂ ਦਾ ਮੰਨਣਾ ਹੈ ਕਿ ਅਸਲ ਮਸਲਾ ਖਹਿਰਾ ਸਾਹਿਬ ਦੇ ਵਿਰੋਧੀ ਆਗੂ ਬਣੇ ਰਹਿਣ ਜਾਂ ਨਾ ਰਹਿਣ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਨਾਲ ਆਉਂਦੀਆਂ ਚੋਣਾਂ ਵਿੱਚ ਕੀਤੇ ਜਾਣ ਵਾਲੇ ਸੰਭਾਵੀ ਚੋਣ ਸਮਝੌਤੇ ਦਾ ਹੈ ਜਿਸ ਦਾ ਰਾਹ ਪੱਧਰਾ ਕਰਨ ਲਈ ਹੀ ਸ਼ਾਇਦ ਆਪ ਦੀ ਕੇਂਦਰੀ ਲੀਡਰਸ਼ਿਪ ਨੂੰ ਖਹਿਰੇ ਵਰਗੇ ਖਾੜਕੂ ਜਰਨੈਲ ਦੀ ਬਲੀ ਦੇਣ ਲਈ ਮਜਬੂਰ ਹੋਣਾ ਪਿਆ ਹੈ।ਕੁਝ ਵੀ ਹੋਵੇ ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਪੰਜਾਬ ਵਿਚ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡੀ ਗਈ ਹੈ। ਕਿਹੜਾ ਧੜਾ ਕਿਤਨੇ ਪਾਣੀ ਵਿੱਚ ਹੈ, ਇਹ ਨਕਸ਼ਾ ਹਾਲੇ ਕੁਝ ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋ ਸਕੇਗਾ ।ਆਉਣ ਵਾਲੇ ਦਿਨਾਂ ਵਿੱਚ ਖਹਿਰਾ ਤੇ ਭਗਵੰਤ ਧੜਿਆਂ ਵਿਚਕਾਰ ਰੱਸਾਕਸ਼ੀ ਹੋਰ ਵੀ ਵਧ ਜਾਵੇ ਤਾਂ ਹੈਰਾਨੀ ਨਹੀਂ ਹੋਵੇਗੀ।