Latest News
ਮੀਂਹ ਨੇ ਕੇਰਲ 'ਚ ਮਚਾਈ ਤਬਾਹੀ, 24 ਮੌਤਾਂ

Published on 09 Aug, 2018 09:36 AM.


ਥਿਰੂਵਨੰਥਾਪੁਰਮ, (ਨਵਾਂ ਜ਼ਮਾਨਾ ਸਰਸਿਵ)
ਕੇਰਲ 'ਚ ਕੁਦਰਤ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਅੱਜ ਸਵੇਰ ਤੋਂ ਹੋਈ ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਹਾਲਾਤ ਏਨੇ ਭਿਆਨਕ ਹਨ ਕਿ ਕੋਚੀਨ ਏਅਰਪੋਰਟ ਨੂੰ ਬੰਦ ਕਰਨਾ ਪਿਆ। ਉਧਰ ਚੇਨੱਈ ਤੋਂ ਐਨ ਡੀ ਆਰ ਐਫ ਦੀਆਂ ਚਾਰ ਟੀਮਾਂ ਨੂੰ ਕੇਰਲ ਲਈ ਰਵਾਨਾ ਕੀਤਾ ਗਿਆ ਹੈ। ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨੇ ਆਪਾਤ ਮੀਟਿੰਗ ਬੁਲਾਈ ਹੈ।
ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀ ਆਈ ਏ ਐਲ) ਨੇ ਪੇਰੀਅਰ ਨਦੀ 'ਚ ਵੱਧ ਰਹੇ ਪਾਣੀ ਨੂੰ ਦੇਖਦੇ ਹੋਏ ਹਵਾਈ ਅੱਡਾ ਖੇਤਰ ਨੂੰ ਜਲਮਗਨ ਹੋਣ ਦੇ ਸ਼ੱਕ ਤਹਿਤ ਇੱਥੇ ਜਹਾਜ਼ਾਂ ਦੀ ਲੈਂਡਿੰਗ ਰੋਕ ਦਿੱਤੀ ਗਈ। ਸੀ ਆਈ ਏ ਐੱਲ ਹਵਾਈ ਅੱਡਾ ਨਦੀ ਦੇ ਨਜ਼ਦੀਕ ਹੈ। ਸੀ ਆਈ ਏ ਐੱਲ ਦੇ ਬੁਲਾਰੇ ਨੇ ਕਿਹਾ ਕਿ ਸਾਵਧਾਨੀ ਵਰਤਦੇ ਹੋਏ ਇੱਥੇ ਹਵਾਈ ਉਡਾਣਾਂ ਅਤੇ ਜਹਾਜ਼ਾਂ ਦਾ ਉਤਰਨਾ ਬੰਦ ਕਰ ਦਿੱਤਾ ਗਿਆ ਹੈ।
ਮੀਂਹ ਕਾਰਨ ਕਈ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ।
ਕਈ ਜਗ੍ਹਾ ਰੇਲਵੇ ਲਾਈਨਾਂ ਟੁੱਟ ਗਈਆਂ ਅਤੇ ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਕੋਚੀਨ ਹਵਾਈ ਅੱਡੇ ਦੇ ਕੋਲ ਇੱਕ ਨਹਿਰ ਦਾ ਪਾਣੀ ਵਧਣ ਤੋਂ ਬਾਅਦ ਇਨਰਾਕੁਲਮ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹਵਾਈ ਅੱਡੇ ਦੀ ਸਥਿਤੀ ਦੀ ਸਮੀਖਿਆ ਕੀਤੀ।
ਰਾਹਤ ਅਤੇ ਬਚਾਅ ਕਰਨ ਵਾਲੀਆਂ ਟੀਮਾਂ ਅਨੁਸਾਰ ਇਡੁੱਕੀ 'ਚ ਜ਼ਮੀਨ ਖਿਸਕਣ ਨਾਲ 11 ਲੋਕ, ਮੁਲਪੁਰਮ 'ਚ 5, ਵਾਇਨਾਡ 'ਚ 3, ਕੰਨੌਰ 'ਚ ਦੋ ਦੀ ਮੌਤ ਹੋ ਗਈ ਹੈ। ਇਡੁੱਕੀ ਦੇ ਅਡੀਮਾਲੀ ਸ਼ਹਿਰ 'ਚ ਇੱਕ ਹੀ ਪਰਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ।
ਪੁਲਸ ਅਤੇ ਸਥਾਨਕ ਲੋਕਾਂ ਨੇ ਮਲਬੇ 'ਚੋਂ ਦੋ ਲੋਕਾਂ ਨੂੰ ਜਿਊਂਦਾ ਬਾਹਰ ਕੱਢਿਆ। ਇਦਾਮਾਲਯਰ ਬੰਨ੍ਹ ਤੋਂ ਅੱਜ ਸਵੇਰੇ ਕਰੀਬ 600 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਪਾਣੀ ਦਾ ਪੱਧਰ 169.95 ਮੀਟਰ ਪਹੁੰਚ ਗਿਆ। ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ 'ਚ ਜ਼ਿਆਦਾ ਬਾਰਸ਼ ਅਤੇ ਹੜ੍ਹ ਕਾਰਨ ਰਾਸ਼ਟਰੀ ਆਫਤ ਪ੍ਰਬੰਧਨ ਬਲ (ਐੱਨ ਡੀ ਆਰ ਐੱਫ) ਦਾ ਇੱਕ ਦਲ ਕੋਝੀਕੋਡ ਪਹੁੰਚ ਗਿਆ ਹੈ। ਕੇਂਦਰ ਤੋਂ ਉਤਰ ਕੇਰਲ ਲਈ ਦੋ ਟੀਮਾਂ ਭੇਜਣ ਲਈ ਕਿਹਾ ਗਿਆ ਹੈ। ਮੀਂਹ ਕਾਰਨ ਇਡੁੱਕੀ, ਕੋਲਮ ਅਤੇ ਕੁਝ ਹੋਰ ਜ਼ਿਲ੍ਹਿਆਂ 'ਚ ਸਿੱਖਿਆ ਸੰਸਥਾਨਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

909 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper