ਤਲਵੰਡੀ ਸਾਬੋ, (ਜਗਦੀਪ ਗਿੱਲ)
ਆਮ ਆਦਮੀ ਪਾਰਟੀ, ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਵਿੱਚੋਂ ਹਰ ਕਿਸਮ ਦੀ ਕੁਰੱਪਸ਼ਨ ਦੇ ਖਿਲਾਫ ਬੇਕਿਰਕ ਸੰਘਰਸ਼ ਵਿੱਢਣ ਦਾ ਝੰਡਾ ਚੁੱਕ ਕੇ ਮੈਦਾਨ ਵਿੱਚ ਨਿੱਤਰੀ ਸੀ, ਦੇ ਪੰਜਾਬ ਦਾ ਦਿੱਲੀ ਹਾਈ ਕਮਾਂਡ ਦੀ ਅਗਵਾਈ ਵਾਲਾ ਇੱਕ ਉਹ ਧੜਾ, ਜਿਸ ਨੂੰ ਵਿਧਾਇਕਾਂ ਦੇ ਪੱਖ ਤੋਂ ਵੱਡਾ ਅਤੇ ਪੰਜਾਬੀਆਂ ਦੇ ਪੱਖ ਤੋਂ ਛੋਟਾ ਸਮਝਿਆ ਜਾ ਰਿਹਾ ਹੈ, ਅੱਜਕੱਲ੍ਹ ਆਪਣੀ ਉਮਰ ਦੇ ਸਭ ਤੋਂ ਵੱਧ ਵਦਾਣੀ ਸੱਟਾਂ ਵਾਲੇ ਦੌਰ ਵਿੱਚੋਂ ਗੁਜ਼ਰਦਾ ਨਜ਼ਰੀਂ ਪੈ ਰਿਹਾ ਹੈ।
ਸੁਖਪਾਲ ਖਹਿਰਾ ਸਮੇਤ ਸੱਤ ਵਿਧਾਇਕਾਂ ਦੀ ਅਗਵਾਈ ਵਿੱਚ ਬਠਿੰਡਾ ਕਨਵੈਨਸ਼ਨ ਵੱਲੋਂ ਆਪ ਪੰਜਾਬ ਦਾ ਸਾਰਾ ਜਥੇਬੰਦਕ ਢਾਂਚਾ ਭੰਗ ਕਰਨ ਅਤੇ ਪੰਜਾਬ ਨੂੰ ਸਿਆਸੀ ਖੁਦਮੁਖਤਿਆਰੀ ਸਮੇਤ ਹਜ਼ਾਰਾਂ ਦੇ ਇਕੱਠ ਵਿੱਚ ਛੇ ਵੱਡੇ ਨੀਤੀਗਤ ਮਤੇ ਪਾਸ ਕਰਨ ਦੇ ਚੱਲਦਿਆਂ ਹੁਣ ਇਕ ਵੱਡਾ ਪਟਾਕਾ ਇਹ ਪੈ ਗਿਆ ਹੈ ਕਿ ਆਪ ਪੰਜਾਬ ਦਾ ਸਾਬਕਾ ਤੇ ਸੰਭਾਵੀ ਪ੍ਰਧਾਨ ਭਗਵੰਤ ਮਾਨ, ਜਿਹੜਾ ਲੋਕ ਸਭਾ ਦੇ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਹੈ, ਦੀ ਇਕ ਆਡੀਓ ਵਾਇਰਲ ਹੋਈ ਹੈ, ਜਿਸ ਨੇ ਆਮ ਆਦਮੀ ਪਾਰਟੀ ਵਿੱਚ ਭੁਚਾਲ ਵਰਗੀ ਸਥਿਤੀ ਸਿਰਜ ਕੇ ਰੱਖ ਦਿੱਤੀ ਹੈ।
ਆਡੀਓ ਵਿੱਚ ਭਗਵੰਤ ਮਾਨ ਸ੍ਰੀ ਫੂਲਕਾ ਵਾਲੀ ਦਾਖਾ ਅਸੈਂਬਲੀ ਸੀਟ ਅਤੇ ਇੱਕ ਹੋਰ ਹਲਕੇ ਤੋਂ ਪਾਰਟੀ ਉਮੀਦਵਾਰਾਂ ਦਾ ਵਿਰੋਧ ਕਰਨ ਲਈ ਵਰਕਰਾਂ ਨੂੰ ਉਕਸਾ ਰਹੇ ਸੁਣੇ ਜਾ ਰਹੇ ਹਨ। ਅਜਿਹਾ ਕਰਦਿਆਂ ਉਹ ਆਡੀਓ ਵਿੱਚ ਅੱਗੋਂ ਬੋਲਣ ਵਾਲੇ ਵਰਕਰਾਂ ਨੂੰ ਕਹਿ ਰਹੇ ਹਨ ਕਿ ਮੇਰੀ ਕੇਜਰੀਵਾਲ ਅਤੇ ਹੋਰ ਵੱਡੇ ਨੇਤਾਵਾਂ ਨਾਲ ਗੱਲ ਹੋ ਚੁੱਕੀ ਹੈ, ਤੁਸੀਂ ਇਨ੍ਹਾਂ ਦਾ ਦੱਬ ਕੇ ਵਿਰੋਧ ਕਰੋ। ਫੋਨ ਵਾਰਤਾਲਾਪ ਵਿੱਚ ਬੋਲਣ ਵਾਲੇ ਵਰਕਰ ਜਦੋਂ ਅੱਗੋਂ ਕੇਜਰੀਵਾਲ ਨਾਲ ਸਿੱਧੀ ਗੱਲ ਕਰਵਾਉਣ ਜਾਂ ਇੱਕ ਰੈਲੀ ਦੀ ਸਟੇਜ ਉਪਰ ਉਨ੍ਹਾਂ ਨੂੰ ਕੁਝ ਸਮਾਂ ਦੇਣ ਦੀ ਮੰਗ ਕਰਦੇ ਹਨ ਤਾਂ ਭਗਵੰਤ ਮਾਨ ਖਿਝ ਕੇ ਕਹਿੰਦੇ ਹਨ, 'ਮੈਂ ਤੁਹਾਨੂੰ ਕਹਿੰਦਾਂ ਕਿ ਮੇਰੀ ਉੱਪਰ ਗੱਲ ਹੋ ਚੁੱਕੀ ਹੈ, ਹੋਰ ਮੈਂ ਤੁਹਾਨੂੰ ਕੀ ਪ੍ਰਨੋਟ ਭਰ ਕੇ ਦੇ ਮਾਂ..।' ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇਸ ਆਡੀਓ ਕਲਿੱਪ ਦੇ ਅਸਲੀ ਜਾਂ ਨਕਲੀ ਹੋਣ ਦੀ ਪੁਸ਼ਟੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਕਿਸੇ ਨਿਰਪੱਖ ਜਾਂਚ ਜਾਂ ਸੰਬੰਧਤਾਂ ਦੇ ਨਕਾਰਨ ਜਾਂ ਸਵੀਕਾਰਨ ਤੋਂ ਹੋਣੀ ਹੈ, ਪਰ ਹਾਲ ਦੀ ਘੜੀ ਉਕਤ ਆਡੀਓ ਕਲਿੱਪ ਨੂੰ ਲੈ ਕੇ ਪੰਜਾਬ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਹਲਕਿਆਂ ਵਿੱਚ ਜਿੱਡਾ ਵੱਡਾ ਭੜਥੂ ਦੇਖਿਆ ਜਾ ਰਿਹਾ ਹੈ, ਉਸ ਦਾ ਪਹਿਲਾਂ ਕਦੇ ਨਹੀਂ ਸੀ ਦੇਖਿਆ ਗਿਆ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਭਗਵੰਤ ਮਾਨ ਉੱਪਰ ਦਾਰੂ ਪੀਣ ਪੀ ਕੇ ਬਰਗਾੜੀ ਇਕੱਠ ਵਿੱਚ ਜਾਣ ਸਮੇਤ ਤਲਵੰਡੀ ਸਾਬੋ ਵਾਲੇ ਤਖਤ ਉਪਰ ਮੱਥਾ ਟੇਕ ਆਉਣ ਤੱਕ ਦੇ ਦੋਸ਼ ਵੀ ਲੱਗਦੇ ਰਹੇ ਹਨ, ਪਰ ਨਾ ਤਾਂ ਖੁਦ ਭਗਵੰਤ ਵੱਲੋਂ ਕਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ ਅਤੇ ਨਾ ਹੀ ਉਸ ਵੱਲੋਂ ਦੋਸ਼ ਲੱਗਣ ਮੌਕੇ ਆਪਣੇ ਆਪ ਦਾ ਕੋਈ ਡਾਕਟਰੀ ਮੁਲਾਹਜ਼ਾ ਕਰਵਾ ਕੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਵਰਗੀ ਕਦੇ ਕੋਈ ਹਿੰਮਤ ਕੀਤੀ ਸੁਣੀ ਗਈ ਹੈ।
ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਜੇਕਰ ਭਗਵੰਤ ਮਾਨ ਵੱਲੋਂ ਲੰਮੀ ਚੁੱਪ ਤੋਂ ਬਾਅਦ ਪ੍ਰੈੱਸ ਕਾਨਫਰੰਸ ਲਾ ਕੇ ਪਿਛਲੇ ਦਿਨੀਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਸਮੇਤ ਉਨ੍ਹਾਂ ਦੇ ਧੜੇ ਉਪਰ ਅੱਤ ਦੇ ਨਿੱਜੀ ਹਮਲੇ ਨਾ ਕੀਤੇ ਗਏ ਹੁੰਦੇ ਤਾਂ ਸ਼ਾਇਦ ਉਨ੍ਹਾ ਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਅਤੇ ਪਤਾ ਨਹੀਂ ਹਾਲੇ ਹੋਰ ਕਿੰਨਾ ਚਿਰ ਇਹ ਇਸੇ ਤਰ੍ਹਾਂ ਹੀ ਢੱਕੀ ਰਿੱਝੀ ਜਾਣੀ ਸੀ।
ਆਮ ਆਦਮੀ ਪਾਰਟੀ ਵਿਚਲੇ ਨੇਤਾਵਾਂ ਦਾ ਪਾਟਕ ਪਿਛਲੇ ਕਈ ਦਿਨਾਂ ਤੋਂ ਹੋਰ ਤੋਂ ਹੋਰ ਵਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪਾਟੀ ਹੋਈ ਇਸ ਪਾਰਟੀ ਦਾ ਊਠ ਕਿਸ ਕਰਵੱਟ ਬੈਠੇਗਾ, ਇਸ ਨੁਕਤੇ ਦੀ ਸਮਝ ਹਾਲੇ ਕੁਝ ਦਿਨਾਂ ਤੱਕ ਸ਼ਹੀਦ ਈਸੜੂ ਦੀਆਂ ਕਾਨਫਰੰਸਾਂ ਪਿੱਛੋਂ ਹੀ ਬਣ ਸਕੇਗੀ।