ਪੰਜਾਬ ਇਸ ਵਕਤ ਇੱਕ ਸਿਆਸੀ ਘਮਸਾਣ ਦਾ ਗਵਾਹ ਬਣਿਆ ਪਿਆ ਹੈ। ਇਸ ਵਿੱਚ ਇੱਕ ਪਾਸੇ ਸਰਕਾਰ ਦੀ ਵਾਗ ਸੰਭਾਲ ਰਹੀ ਕਾਂਗਰਸ ਪਾਰਟੀ ਹੈ, ਜਿਹੜੀ ਆਪਣੇ ਪੁਰਾਣੇ ਸਿਆਸੀ ਸ਼ਰੀਕ ਅਕਾਲੀ ਦਲ ਨੂੰ ਧਮਕੜੇ ਪਾਈ ਜਾਂਦੀ ਹੈ ਤੇ ਕੁਝ ਠੋਸ ਇਸ ਲਈ ਨਹੀਂ ਕਰ ਰਹੀ ਕਿ ਮਾਰੇ ਨਾਲੋਂ ਭਜਾਇਆ ਚੰਗਾ ਹੁੰਦਾ ਹੈ। ਦੂਸਰੇ ਪਾਸੇ ਅਕਾਲੀ ਦਲ ਦੀ ਇੱਕ ਪਰਵਾਰ ਉੱਤੇ ਆਧਾਰਤ ਉਹ ਲੀਡਰਸ਼ਿਪ ਹੈ, ਜਿਸ ਨੇ ਬਾਕੀ ਸਾਰੇ ਵੱਡੇ-ਛੋਟੇ ਅਕਾਲੀ ਆਗੂ ਆਪਣੀ ਜੇਬ ਦਾ ਮਾਲ ਸਮਝ ਕੇ ਨਿਗੂਣੇ ਕਰਨ ਤੋਂ ਝਿਜਕ ਨਹੀਂ ਸੀ ਵਿਖਾਈ ਤੇ ਅੱਜ ਕੱਲ੍ਹ ਫਿਰ ਉਨ੍ਹਾਂ ਪੁਰਾਣਿਆਂ ਨੂੰ ਅੱਗੇ ਲਾ ਕੇ ਆਪ ਉਨ੍ਹਾਂ ਦੇ ਓਹਲੀ ਤੁਰਦੀ ਹੋਈ ਲੋਕਾਂ ਵਿੱਚ ਜਾਣ ਦਾ ਯਤਨ ਕਰ ਰਹੀ ਹੈ। ਤੀਸਰੇ ਪਾਸੇ ਆਮ ਆਦਮੀ ਪਾਰਟੀ ਦੇ ਦੋਵੇਂ ਧੜੇ ਇਸ ਨਵੇਂ ਝਮੇਲੇ ਵਿੱਚ ਆਪੋ-ਆਪਣੀ ਹਾਜ਼ਰੀ ਲਵਾਉਣ ਲਈ ਇੱਕ ਦੂਸਰੇ ਨੂੰ ਪੈਰ ਮਿੱਧਦੇ ਜਾਪਦੇ ਹਨ। ਲੜਾਈ ਇਸ ਵਕਤ ਪੰਜਾਬ ਵਿੱਚ ਬੇਸ਼ੱਕ ਸਿਆਸੀ ਨਿਬੇੜਾ ਕਰਨ ਵਾਲੀ ਦਿੱਸ ਰਹੀ ਹੈ, ਪਰ ਇਸ ਦਾ ਖ਼ਾਸਾ ਓਨਾ ਸਿਆਸੀ ਨਹੀਂ, ਜਿੰਨਾ ਸਿੱਖੀ ਨਾਲ ਜੁੜ ਚੁੱਕਾ ਹੈ।
ਅਬੋਹਰ ਵਿੱਚ ਕੀਤੀ ਗਈ ਇੱਕ ਅਕਾਲੀ ਰੈਲੀ ਵਿੱਚ ਪੰਜਾਬ ਦੇ ਪੰਜ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਕੇ ਗੱਲ ਸਿਰੇ ਲਾ ਦਿੱਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਸੁਖਬੀਰ ਸਿੰਘ ਵਰਗੇ ਅਣਗਿਣਤ ਲੋਕਾਂ ਦੀ ਕੁਰਬਾਨੀ ਦੇ ਸਕਦੇ ਹਨ। ਉਨ੍ਹਾ ਤੋਂ ਸੁਖਬੀਰ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਵਰਗੇ ਅਣਗਿਣਤ ਲੋਕਾਂ ਦੀ ਕੁਰਬਾਨੀ ਦੀ ਮੰਗ ਕਿਸ ਨੇ ਕੀਤੀ ਸੀ, ਇਹ ਗੱਲ ਕੋਈ ਨਹੀਂ ਜਾਣਦਾ। ਮੰਗ ਸਿਰਫ਼ ਇਹ ਹੁੰਦੀ ਸੀ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਬਾਰੇ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਕਿ ਉਨ੍ਹਾ ਦੇ ਵਕਤ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਵਾਪਰਦੇ ਪਏ ਸਨ, ਓਦੋਂ ਇਨ੍ਹਾਂ ਪਿਓ-ਪੁੱਤ ਦੀ ਸਰਕਾਰ ਨੇ ਠੋਸ ਕਾਰਵਾਈ ਕਿਉਂ ਨਾ ਕੀਤੀ, ਜਿਸ ਦਾ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਤੇ ਸਿੱਖਾਂ ਨੂੰ ਜਜ਼ਬਾਤੀ ਕਰਨ ਲਈ ਕੁਰਬਾਨੀਆਂ ਦੇਣ ਦੀ ਪੁਰਾਣੀ ਮੁਹਾਰਨੀ ਛੋਹ ਲਈ ਹੈ। ਉਹ ਕਹਿ ਰਹੇ ਹਨ ਕਿ ਅਕਾਲੀ ਦਲ ਦੀ ਸਰਕਾਰ ਨੇ ਦੋਸ਼ੀਆਂ ਨੂੰ ਲੱਭਣ ਦਾ ਹਰ ਯਤਨ ਕੀਤਾ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵੀ ਬਣਾਇਆ ਸੀ, ਪਰ ਇਹ ਗੱਲ ਲੁਕਾ ਜਾਂਦੇ ਹਨ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਕੇ ਪਹਿਲਾਂ ਉਸ ਨੂੰ ਕੰਮ ਨਹੀਂ ਸੀ ਕਰਨ ਦਿੱਤਾ ਤੇ ਜਦੋਂ ਆਪਣੇ ਤੌਰ ਉੱਤੇ ਕੁਝ ਕੰਮ ਕਰ ਕੇ ਜਸਟਿਸ ਜ਼ੋਰਾ ਸਿੰਘ ਰਿਪੋਰਟ ਦੇਣ ਆਏ ਤਾਂ ਰਿਪੋਰਟ ਲੈਣ ਵਾਲਾ ਕੋਈ ਨਹੀਂ ਸੀ। ਸਿਰਫ਼ ਇਹ ਹੀ ਨਹੀਂ, ਅਗਲੀ ਗੱਲ ਇਹ ਹੈ ਕਿ ਆਪਣੇ ਬਣਾਏ ਹੋਏ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਵੀ ਮੁੱਖ ਮੰਤਰੀ ਬਾਦਲ ਤੇ ਉਨ੍ਹਾ ਦੇ ਪੁੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਪੜ੍ਹਨ ਦੀ ਲੋੜ ਨਹੀਂ ਸੀ ਸਮਝੀ ਤੇ ਖੂੰਜੇ ਸੁੱਟ ਕੇ ਤੁਰਦੇ ਬਣੇ ਸਨ। ਓਦੋਂ ਉਨ੍ਹਾਂ ਕੁਝ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਹੀਂ ਸੀ ਵੇਖਣੇ ਪੈਣੇ, ਜਿਹੜੇ ਕਾਂਗਰਸੀ ਸਰਕਾਰ ਦੇ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਵੇਖਣੇ ਪੈ ਗਏ ਹਨ। ਇਸ ਮੌਕੇ ਕੁਰਬਾਨੀਆਂ ਦੀ ਮੁਹਾਰਨੀ ਕੁਵੇਲੇ ਦਾ ਰਾਗ ਹੈ।
ਪਿਛਲੇ ਦਿਨੀਂ ਜੋ ਕੁਝ ਸਾਹਮਣੇ ਆਇਆ ਹੈ, ਉਸ ਨਾਲ ਅਕਾਲੀ ਦਲ ਲਈ ਪਹਿਲੀ ਵਾਰੀ ਏਦਾਂ ਦੇ ਹਾਲਾਤ ਬਣੇ ਹਨ ਕਿ ਉਸ ਦੀ ਲੀਡਰਸ਼ਿਪ ਪਿੰਡਾਂ ਵਿੱਚ ਵੜਨ ਤੋਂ ਤ੍ਰਹਿਕੀ ਪਈ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਨਿੱਜੀ ਐਬ ਕੱਢਣ ਤੇ ਪੇਸ਼ ਕਰਨ ਦਾ ਰਾਹ ਫੜ ਕੇ ਅਸਲੀ ਮੁੱਦਿਆਂ ਤੋਂ ਧਿਆਨ ਲਾਂਭੇ ਹਟਾਉਣ ਦਾ ਯਤਨ ਕਰਦੇ ਹਨ, ਜਦ ਕਿ ਅਕਾਲੀ ਦਲ ਦੇ ਅੰਦਰਲੇ ਹਾਲਾਤ ਇਹ ਹਨ ਕਿ ਪੁਰਾਣੇ ਅਕਾਲੀ ਆਗੂ ਇਨ੍ਹਾਂ ਪਿਓ-ਪੁੱਤ ਦੇ ਆਖੇ ਰੈਲੀਆਂ ਵਿੱਚ ਜਾਣ ਦੇ ਬਾਵਜੂਦ ਅੰਦਰੋਂ ਏਨੇ ਤਨਾਅ ਵਿੱਚ ਹਨ ਕਿ ਉਹ ਸਾਰੀਆਂ ਘਟਨਾਵਾਂ ਲਈ ਵਲਾਵੇਂ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾ ਰਹੇ ਹਨ। ਜਿਹੜੇ ਲੀਡਰ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਿਰਫ਼ ਹਾਂ ਵਿੱਚ ਹਾਂ ਮਿਲਾਇਆ ਕਰਦੇ ਸਨ, ਅਚਾਨਕ ਉਸ ਦੇ ਪੁੱਤਰ ਦੇ ਬਾਰੇ ਬਗ਼ਾਵਤੀ ਸੁਰਾਂ ਦਾ ਪ੍ਰਭਾਵ ਦੇਣ ਲੱਗ ਪਏ ਹਨ ਤਾਂ ਵੱਡੇ ਬਾਦਲ ਨੂੰ ਸਭ ਤੋਂ ਪਹਿਲਾਂ ਅੰਦਰ ਵੜ ਕੇ ਆਪਣੇ ਪੁੱਤਰ ਨੂੰ ਸਮਝਾਉਣਾ ਬਣਦਾ ਹੈ ਕਿ ਉਹ ਟਰਾਂਸਪੋਰਟ ਦੀ ਦੁਕਾਨਦਾਰੀ ਅਤੇ ਅਕਾਲੀ ਦਲ ਦੀ ਅਗਵਾਈ ਦਾ ਫ਼ਰਕ ਸਮਝਣਾ ਸਿੱਖ ਲਵੇ। ਨੇੜਿਓਂ ਜਾਣਨ ਦਾ ਦਾਅਵਾ ਕਰਨ ਵਾਲੇ ਲੋਕ ਇਹ ਆਖ ਰਹੇ ਹਨ ਕਿ ਜਦੋਂ ਸਮਝਾਉਣ ਦਾ ਮੌਕਾ ਸੀ, ਓਦੋਂ ਵੱਡੇ ਬਾਦਲ ਨੇ ਲੋੜ ਨਹੀਂ ਸੀ ਸਮਝੀ ਤੇ ਅੱਜ ਇਹੋ ਜਿਹਾ ਮੋੜ ਆ ਗਿਆ ਹੈ ਕਿ ਉਹ ਸਮਝਾਉਣਾ ਵੀ ਚਾਹੁਣ ਤਾਂ ਅੱਗੇ ਵਾਲਾ ਸਮਝਣ ਨੂੰ ਤਿਆਰ ਨਹੀਂ ਹੋਣਾ।
ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਇਸ ਵਕਤ ਜਿਸ ਮੋੜ ਉੱਤੇ ਖੜਾ ਹੈ, ਓਥੇ ਸਾਰੀਆਂ ਧਿਰਾਂ ਨੂੰ ਬੜਾ ਸੰਤੁਲਨ ਰੱਖ ਕੇ ਚੱਲਣ ਦੀ ਲੋੜ ਹੈ, ਹਾਕਮ ਧਿਰ ਨੂੰ ਵੀ ਅਤੇ ਬਾਕੀ ਸਭ ਧਿਰਾਂ ਨੂੰ ਵੀ। ਬਰਗਾੜੀ ਵਿੱਚ ਜਿਨ੍ਹਾਂ ਨੇ ਮੋਰਚਾ ਲਾਇਆ ਹੈ, ਉਹ ਆਪਣੀ ਕਿਸਮ ਦੇ ਲੋਕ ਹਨ, ਪਰ ਉਨ੍ਹਾਂ ਕੋਲ ਜਾਣ ਅਤੇ ਹਮਦਰਦੀਆਂ ਜਤਾਉਣ ਵਾਲਿਆਂ ਵਿੱਚ ਜਦੋਂ ਕਾਂਗਰਸ ਦੇ ਮੰਤਰੀ ਵੀ ਸ਼ਾਮਲ ਹੋ ਜਾਂਦੇ ਹਨ ਤੇ ਆਮ ਆਦਮੀ ਪਾਰਟੀ ਦੇ ਦੋਵਾਂ ਧੜਿਆਂ ਦੇ ਆਗੂ ਵੀ ਜ਼ਿਦੋ-ਜ਼ਿਦੀ ਗੇੜੇ ਮਾਰੀ ਜਾ ਰਹੇ ਹਨ ਤਾਂ ਇਸ ਨਾਲ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ। ਉਨ੍ਹਾਂ ਧਿਰਾਂ ਤੋਂ ਪੰਜਾਬ ਦੀ ਰਾਜਨੀਤੀ ਦੀ ਮੁੱਖ ਧਾਰਾ ਵੱਖਰੀ ਤੇ ਨਿਰਲੇਪ ਹੀ ਵਗਣੀ ਚਾਹੀਦੀ ਹੈ, ਇਹੋ ਜਿਹੀ ਕਿਸੇ ਧਿਰ ਦਾ ਸਿਆਸੀ ਵਹਿਣ ਦਾ ਕੇਂਦਰ ਬਣ ਜਾਣਾ ਸਾਡੇ ਸਰਹੱਦੀ ਰਾਜ ਪੰਜਾਬ ਦੇ ਭਵਿੱਖ ਲਈ ਲਾਹੇਵੰਦਾ ਨਹੀਂ ਹੋ ਸਕਣਾ। ਅਗਲੇ ਸਾਲ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਹਨ ਤੇ ਭਾਰਤ ਦੇ ਬਾਕੀ ਰਾਜਾਂ ਦੇ ਲੋਕ ਜਦੋਂ ਉਨ੍ਹਾਂ ਚੋਣਾਂ ਲਈ ਤਿਆਰੀਆਂ ਹੁੰਦੀਆਂ ਵੇਖਦੇ ਜਾਂ ਉਨ੍ਹਾਂ ਵਿੱਚ ਸਰਗਰਮੀ ਕਰਦੇ ਸੁਣੇ ਜਾਣ ਲੱਗੇ ਹਨ, ਓਦੋਂ ਪੰਜਾਬ ਦੇ ਲੋਕ ਸਿਰਫ਼ ਇੱਕ ਮੁੱਦੇ ਉੱਤੇ ਦੋਂਹ ਵੱਡੀਆਂ ਧਿਰਾਂ ਦੀ ਖਹਿਬਾਜ਼ੀ ਵਿੱਚ ਰੁੱਝੇ ਰਹਿਣਗੇ ਤਾਂ ਕੌਮੀ ਮਸਲਿਆਂ ਤੋਂ ਉਨ੍ਹਾਂ ਦਾ ਧਿਆਨ ਪਾਸੇ ਪੈ ਸਕਦਾ ਹੈ। ਅਗਲੀਆਂ ਪਾਰਲੀਮੈਂਟ ਚੋਣਾਂ ਪਹਿਲਾਂ ਵਰਗੀਆਂ ਨਹੀਂ, ਇਸ ਵਾਰੀ ਕੁਝ ਖ਼ਾਸ ਨੁਕਤਿਆਂ ਉੱਤੇ ਦੇਸ਼ ਵਾਸੀਆਂ ਦਾ ਫਤਵਾ ਸਾਬਤ ਹੋਣ ਵਾਲੀਆਂ ਹੋ ਸਕਦੀਆਂ ਹਨ, ਜਿਨ੍ਹਾਂ ਦਾ ਅਸਰ ਕਿਸੇ ਇੱਕ ਰਾਜ ਉੱਤੇ ਨਹੀਂ, ਸਾਰੇ ਦੇਸ਼ ਦੇ ਭਵਿੱਖ ਉੱਤੇ ਪੈ ਸਕਦਾ ਹੈ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਪੰਜਾਬ ਉਸ ਤੋਂ ਨਿਰਲੇਪ ਖੜਾ ਹੈ।
ਅਕਾਲੀ-ਕਾਂਗਰਸੀ ਦਾ ਭੇੜ ਪੰਜਾਬ ਦੇ ਲੋਕ ਪਿਛਲੇ ਸੱਤਰ ਸਾਲਾਂ ਤੋਂ ਹੁੰਦਾ ਵੇਖਦੇ ਆਏ ਹਨ ਤੇ ਇਨ੍ਹਾਂ ਦੋਵਾਂ ਦੀ ਅੰਦਰ ਦੀ ਸਾਂਝ ਵੀ ਕਈ ਵਾਰੀ ਬਾਹਰ ਆਉਂਦੀ ਰਹੀ ਹੈ, ਅੱਜ ਇਸ ਸਾਰੇ ਕੁਝ ਤੋਂ ਅੱਗੇ ਵੇਖਣ ਦੀ ਲੋੜ ਹੈ। ਏਸੇ ਲਈ ਅਸੀਂ ਇਹ ਸਮਝਦੇ ਹਾਂ ਕਿ ਆਪਣੇ ਨਿੱਜੀ ਮੁਫਾਦ ਲਈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਥ ਤੋਂ ਪੁੱਤਰ ਵਾਰਨ ਦੀ ਗੱਲ ਕੁਵੇਲੇ ਦਾ ਰਾਗ ਕਿਹਾ ਜਾ ਸਕਦਾ ਹੈ। ਇਹ ਬੋਲੀ ਇਸ ਵੇਲੇ ਉਨ੍ਹਾ ਨੂੰ ਨਹੀਂ ਬੋਲਣੀ ਚਾਹੀਦੀ। ਹਿੰਮਤ ਹੀ ਕਰਨੀ ਹੈ ਤਾਂ ਇਹ ਕਹਿਣ ਦੀ ਲੋੜ ਨਹੀਂ ਕਿ ਮੈਂ ਆਪਣਾ ਪੁੱਤਰ ਵਾਰ ਸਕਦਾ ਹਾਂ, ਸਗੋਂ ਇਹ ਖਿਲਾਰਾ ਪੈਣ ਵੇਲੇ ਦੀ ਉਹ ਹਕੀਕਤ ਦੱਸਣ ਦੀ ਲੋੜ ਸੀ, ਜਿਸ ਤੋਂ ਪਰਦਾ ਉਹ ਕਦੇ ਨਹੀਂ ਚੁੱਕ ਸਕਦੇ, ਕਿਉਂਕਿ ਏਨਾ ਕੰਮ ਕਰਨ ਨਾਲ 'ਜਾਹ ਜਾਂਦੀਏ' ਹੋ ਜਾਣ ਦਾ ਡਰ ਲੱਗਦਾ ਹੈ।
- ਜਤਿੰਦਰ ਪਨੂੰ