Latest News
ਲਾਮਿਸਾਲ ਭਾਰਤ ਬੰਦ ਨੇ ਮਹਾਂ-ਗੱਠਜੋੜ ਦਾ ਮੁੱਢ ਬੰਨ੍ਹਿਆ

Published on 10 Sep, 2018 11:00 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੈਟਰੋਲ ਅਤੇ ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੇ ਵਿਰੋਧ 'ਚ ਵਿਰੋਧੀ ਦਲਾਂ ਦੇ ਭਾਰਤ ਬੰਦ ਨੂੰ ਸੋਮਵਾਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਹਾਲਾਂਕਿ ਕਈ ਸੂਬਿਆਂ 'ਚ ਹਿੰਸਕ ਪ੍ਰਦਰਸ਼ਨ ਵੀ ਹੋਏ। ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ 'ਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਅਤੇ ਗੱਡੀਆਂ ਦੀ ਤੋੜ-ਫੋੜ ਕੀਤੀ। ਰੇਲ ਗੱਡੀਆਂ ਰੋਕੀਆਂ ਗਈਆਂ ਅਤੇ ਕਈ ਜਗ੍ਹਾ ਜਬਰਦਸਤੀ ਦੁਕਾਨ ਵੀ ਬੰਦ ਕਰਾਈਆਂ ਗਈਆਂ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ 'ਤੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੂੰ ਘੇਰਨ ਲਈ ਕਾਂਗਰਸ ਵੱਲੋਂ ਬੁਲਾਏ ਗਏ 'ਭਾਰਤ ਬੰਦ' ਦੇ ਤਹਿਤ ਸੋਮਵਾਰ ਨੂੰ 21 ਤੋਂ ਜ਼ਿਆਦਾ ਵਿਰੋਧੀ ਦਲਾਂ ਦੇ ਨੇਤਾਵਾਂ ਵੱਲੋਂ ਰਾਜਘਾਟ ਤੋਂ ਰਾਮਲੀਲ੍ਹਾ ਮੈਦਾਨ ਵੱਲ ਮਾਰਚ ਕੀਤਾ ਗਿਆ। ਰਾਮਲੀਲ੍ਹਾ ਮੈਦਾਨ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇੱਕ ਪੈਟਰੋਲ ਪੰਪ 'ਤੇ ਰੁਕੇ, ਉਨ੍ਹਾ ਦੇ ਨਾਲ ਸੋਨੀਆ ਗਾਂਧੀ ਵੀ ਮੌਜੂਦ ਸੀ। ਅਸਲ 'ਚ ਕਾਂਗਰਸ ਨੂੰ ਇਹ ਪਤਾ ਹੈ ਕਿ ਉਹ ਇਕੱਲੇ ਭਾਜਪਾ ਨੂੰ ਟੱਕਰ ਦੇਣ ਦੀ ਸਥਿਤੀ 'ਚ ਨਹੀਂ, ਇਸ 'ਚ ਮਹਾਂਗਠਬੰਧਨ ਦੇ ਜ਼ਰੀਏ ਭਗਵਾਂਦਲ ਨੂੰ ਟੱਕਰ ਦੇਣ ਦੀ ਉਸ ਦੀ ਰਣਨੀਤੀ ਹੈ। ਕਾਂਗਰਸ ਇਸ ਬੰਦ ਜ਼ਰੀਏ ਇਹ ਵੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਸ ਦੀ ਛਤਰੀ ਹੇਠ ਸਾਰੇ ਵਿਰੋਧੀ ਦਲ ਹਨ।
ਰਾਮਲੀਲ੍ਹਾ ਮੈਦਾਨ 'ਚ ਪ੍ਰਦਰਸ਼ਨ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨ ਸੀ ਪੀ ਤੋਂ ਸ਼ਰਦ ਪਵਾਰ, ਆਰ ਜੇ ਡੀ ਤੋਂ ਜੈਪ੍ਰਕਾਸ਼ ਨਰਾਇਣ ਯਾਦਵ, ਲੋਕਤੰਤਰਿਕ ਜਨਤਾ ਦਲ ਤੋਂ ਸ਼ਰਦ ਯਾਦਵ, ਆਮ ਆਦਮੀ ਪਾਰਟੀ ਤੋਂ ਸੰਜੈ ਸਿੰਘ ਸਮੇਤ ਡੀ ਐੱਮ ਕੇ ਅਤੇ ਕਈ ਹੋਰ ਵਿਰੋਧੀ ਦਲਾਂ ਦੇ ਨੇਤਾ ਵੀ ਸ਼ਾਮਲ ਹੋਏ।
ਕੈਲਾਸ਼ ਤੋਂ ਵਾਪਸ ਆਏ ਰਾਹੁਲ ਨੇ ਰਾਮਲੀਲ੍ਹਾ ਮੈਦਾਨ 'ਚ ਧਰਨੇ ਵਿੱਚ ਇੱਕ ਵਾਰ ਫਿਰ ਭਾਜਪਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾ ਕਿਹਾ ਕਿ ਮੋਦੀ ਜਿੱਥੇ ਜਾਂਦੇ ਹਨ, ਲੋਕਾਂ ਨੂੰ ਤੋੜਦੇ ਹਨ। ਪੈਟਰੋਲ-ਡੀਜ਼ਲ ਦੇ ਭਾਅ ਵਧ ਗਏ ਹਨ, ਪਰ ਪ੍ਰਧਾਨ ਮੰਤਰੀ ਕੁਝ ਨਹੀਂ ਬੋਲਦੇ। 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਉਨ੍ਹਾਂ ਦਾ ਵਾਅਦਾ ਕਿੱਥੇ ਗਿਆ? ਅੱਜ ਗੈਸ ਸਿਲੰਡਰ 800 ਰੁਪਏ ਦਾ ਹੋ ਗਿਆ ਹੈ। ਦੇਸ਼ ਜੋ ਸੁਣਨਾ ਚਾਹੁੰਦਾ ਹੈ, ਉਸ ਬਾਰੇ ਮੋਦੀ ਕੁਝ ਨਹੀਂ ਬੋਲਦੇ।
ਰਾਹੁਲ ਨੇ ਕਿਹਾ, 'ਕਿਸਾਨ ਅਤੇ ਮਜ਼ਦੂਰ ਨੂੰ ਰਸਤਾ ਨਹੀਂ ਦਿਖਾਈ ਦੇ ਰਿਹਾ। ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੁੰਦਾ। ਸੰਸਦ 'ਚ ਰਾਫ਼ੇਲ ਸਮਝੌਤੇ 'ਤੇ ਸਵਾਲ ਉਠਦੇ ਹਨ, ਪਰ ਪ੍ਰਧਾਨ ਮੰਤਰੀ ਉਸ ਦਾ ਜਵਾਬ ਨਹੀਂ ਦਿੰਦੇ। ਨੋਟਬੰਦੀ ਦੇ ਕਾਰਨ ਛੋਟੇ-ਛੋਟੇ ਰੁਜ਼ਗਾਰ ਅਤੇ ਛੋਟੇ-ਛੋਟੇ ਦੁਕਾਨਦਾਰਾਂ ਨੂੰ ਨਸ਼ਟ ਕਰ ਦਿੱਤਾ ਹੈ। ਉਲਟਾ ਸਾਰੇ ਲੋਕਾਂ ਦਾ ਕਾਲਾ ਧਨ ਚਿੱਟਾ ਹੋ ਗਿਆ। ਨੋਟਬੰਦੀ ਨਾਲ ਕੋਈ ਫਰਕ ਨਹੀਂ ਪਿਆ। ਜੀ ਐੱਸ ਟੀ 'ਤੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਰਾਹੁਲ ਨੇ ਕਿਹਾ, 'ਸੋਚ ਇੱਕ ਟੈਕਸ ਦੀ ਸੀ, ਪੰਜ ਵੱਖ-ਵੱਖ ਟੈਕਸ ਦੇ ਦਿੱਤੇ ਗਏ। ਮੋਦੀ ਸਰਕਾਰ ਨੇ ਵਾਅਦੇ ਹੀ ਪੂਰੇ ਨਹੀਂ ਕੀਤੇ।'
ਛੋਟੇ ਕਾਰੋਬਾਰੀ ਦੇ ਕੋਲ ਜਾਓਗੇ ਤਾਂ ਤੁਹਾਨੂੰ ਸੱਚਾਈ ਪਤਾ ਚੱਲੇਗੀ। ਉਨ੍ਹਾ ਕਿਹਾ, 'ਅਸੀਂ ਸਭ ਇੱਕ ਸਾਥ ਮਿਲ ਕੇ ਭਾਜਪਾ ਨੂੰ ਹਰਾਉਣ ਜਾ ਰਹੇ ਹਾਂ। ਜੋ ਦੁੱਖ ਦੇਸ਼ ਦੀ ਜਨਤਾ ਦੇ ਦਿਲ 'ਚ ਹੈ, ਉਹ ਸਾਡੇ ਸਾਰਿਆਂ ਦੇ ਦਿਲ 'ਚ ਹੈ। ਅਸੀਂ ਸਭ ਇੱਕ ਸਾਥ ਮਿਲ ਕੇ ਭਾਜਪਾ ਨੂੰ ਹਰਾਉਣ ਦਾ ਕੰਮ ਕਰਾਂਗੇ।'
ਰਾਹੁਲ ਨੇ ਕਿਹਾ 70 ਸਾਲਾਂ 'ਚ ਰੁਪਇਆ ਏਨਾ ਕਮਜ਼ੋਰ ਨਹੀਂ ਹੋਇਆ, ਪੈਟਰੋਲ, ਡੀਜ਼ਲ, ਐੱਲ ਪੀ ਜੀ ਦੀਆਂ ਕੀਮਤਾਂ ਵਧ ਰਹੀਆਂ ਹਨ, ਪਰ ਮੋਦੀ ਇੱਕ ਸ਼ਬਦ ਨਹੀਂ ਬੋਲਦੇ, ਲੋਕ ਜੋ ਸੁਣਨਾ ਚਾਹੁੰਦੇ ਹਨ, ਉਸ 'ਤੇ ਨਹੀਂ ਬੋਲਦੇ। 45 ਹਜ਼ਾਰ ਕਰੋੜ ਰੁਪਏ ਆਪਣੇ ਦੋਸਤ ਨੂੰ ਤੋਹਫ਼ੇ 'ਚ ਦਿੱਤੇ। ਇਹ ਜਨਤਾ ਦਾ ਪੈਸਾ ਸੀ, ਜੋ ਤੋਹਫ਼ੇ 'ਚ ਦਿੱਤਾ ਗਿਆ। ਮੋਦੀ ਸਰਕਾਰ ਨੂੰ ਲੋਕਾਂ ਦੀ ਨਹੀਂ, ਬਲਕਿ ਉਦਯੋਗਪਤੀਆਂ ਦੀ ਚਿੰਤਾ ਹੈ। ਉਨ੍ਹਾ ਕਿਹਾ ਕਿ ਗੈਸ ਦੀਆਂ ਕੀਮਤ 400 ਰੁਪਏ ਪ੍ਰਤੀ ਸਿਲੰਡਰ ਸੀ, ਹੁਣ 700 ਰੁਪਏ ਤੋਂ ਜ਼ਿਆਦਾ ਹਨ, ਪਰ ਮੋਦੀ ਜੀ ਚੁੱਪ ਹਨ। ਪੈਟਰੋਲ 80 ਤੋਂ ਜ਼ਿਆਦਾ, ਡੀਜ਼ਲ 80 ਤੋਂ ਕੁਝ ਘੱਟ। ਪ੍ਰਧਾਨ ਮੰਤਰੀ ਪਹਿਲਾਂ ਦੇਸ਼ ਭਰ 'ਚ ਘੁੰਮਦੇ ਸਨ, ਪਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਤੇ ਅੱਜਕੱਲ੍ਹ ਕੁਝ ਨਹੀਂ ਕਹਿੰਦੇ। ਮੋਦੀ ਕਹਿੰਦੇ ਸਨ ਕਿ 70 'ਚ ਜੋ ਨਹੀਂ ਹੋਇਆ, ਅਸੀਂ ਚਾਰ ਸਾਲਾਂ 'ਚ ਕਰਕੇ ਦਿਖਾਵਾਂਗੇ, ਸੱਚ ਹੈ ਕਿ ਚਾਰ ਸਾਲਾਂ 'ਚ ਜੋ ਹੋਇਆ, ਉਹ 70 ਸਾਲਾਂ 'ਚ ਨਹੀਂ ਹੋਇਆ।
ਕਾਂਗਰਸ ਮੁਤਾਬਕ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ), ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ (ਰਾਜਦ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਜਨਤਾ ਦਲ (ਐੱਸ), ਆਮ ਆਦਮ ਪਾਰਟੀ (ਆਪ) ਤੇਲਗੂ ਦੇਸਮ ਪਾਰਟੀ, ਰਾਸ਼ਟਰੀ ਲੋਕ ਦਲ, ਝਾਰਖੰਡ ਮੁਕਤੀ ਮੋਰਚਾ, ਨੈਸ਼ਨਲ ਕਾਨਫਰੰਸ, ਝਾਰਖੰਡ ਵਿਕਾਸ ਮੋਰਚਾ ਪ੍ਰਜਾਤਾਂਤ੍ਰਿਕ, ਏ ਆਈ ਯੂ ਡੀ ਐੱਫ, ਕੇਰਲ ਕਾਂਗਰਸ (ਐੱਮ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ ਅੱੈਸ ਪੀ), ਆਈ ਯੂ ਐੱਮ ਐੱਲ ਅਤੇ ਲੋਕਤਾਂਤ੍ਰਿਕ ਜਨਤਾ ਦਲ ਦੇ ਨੇਤਾ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

529 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper