ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪਾਰਟੀ ਨੂੰ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਨ੍ਹਾਂ 2011-12 ਦੇ ਆਪਣੇ ਅਮਦਨ ਕਰ ਰਿਟਰਨ ਦੀ ਫਾਈਲ ਨੂੰ ਦੁਬਾਰਾ ਖੋਲ੍ਹੇ ਜਾਣ ਨੂੰ ਚੁਣੌਤੀ ਦਿੱਤੀ ਸੀ। ਦਿੱਲੀ ਹਾਈ ਕੋਰਟ ਨੇ ਸਾਫ਼ ਕੀਤਾ ਕਿ ਆਮਦਨ ਕਰ ਵਿਭਾਗ ਕੋਲ ਇਹ ਅਧਿਕਾਰ ਹੈ ਕਿ ਉਹ ਟੈਕਸ ਸੰਬੰਧੀ ਕਾਰਵਾਈ ਨੂੰ ਫਿਰ ਤੋਂ ਖੋਲ੍ਹ ਸਕਦਾ ਹੈ।
ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਆਪਣੀਆਂ ਸ਼ਿਕਾਇਤਾਂ ਲੈ ਕੇ ਆਮਦਨ ਕਰ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਦਾਲਤ ਦਾ ਇਹ ਫੈਸਲਾ ਸੋਮਵਾਰ ਨੂੰ ਉਸ ਸਮੇਂ ਆਇਆ, ਜਦ ਕਾਂਗਰਸ ਦੀ ਅਗਵਾਈ 'ਚ ਕਈ ਵਿਰੋਧੀ ਪਾਰਟੀਆਂ ਨੇ ਸਰਕਾਰ ਖਿਲਾਫ਼ ਭਾਰਤ ਬੰਦ ਕੀਤਾ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਚਾਰ 'ਚ ਡੁੱਬੀ ਹੋਈ ਹੈ। ਸੋਮਵਾਰ ਨੂੰ ਜਸਟਿਸ ਐੱਸ ਰਵਿੰਦਰ ਭੱਟ ਅਤੇ ਜਸਟਿਸ ਏ ਕੇ ਚਾਵਲਾ ਦੀ ਬੈਂਚ ਨੇ ਕਿਹਾ, 'ਪਟੀਸ਼ਨਾਂ ਖਾਰਜ ਕੀਤੀਆਂ ਜਾਂਦੀਆਂ ਹਨ।'
ਬੈਂਚ ਨੇ ਕਾਂਗਰਸ ਨੇਤਾ ਆਸਕਰ ਫਰਨਾਡੇਜ਼ ਦੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ, ਉਨ੍ਹਾ ਵੀ 2011-12 ਦੇ ਆਪਣੇ ਕਰ ਨਿਰਧਾਰਣ ਦੀ ਫਾਈਲ ਦੁਬਾਰਾ ਖੋਲ੍ਹੇ ਜਾਣ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ 'ਚ ਕਾਂਗਰਸ ਪ੍ਰਧਾਨ ਅਤੇ ਯੂ ਪੀ ਏ ਦੀ ਚੇਅਰਪਰਸਨ 'ਤੇ ਹਮਲਾ ਬੋਲਿਆ।