ਅਹਿਮਦਾਬਾਦ
(ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਦਿੱਲੀ ਦੇ ਬੁਰਾੜੀ ਕਾਂਡ ਵਰਗਾ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਨੇ ਇੱਕੋ ਸਮੇਂ ਆਤਮਹੱਤਿਆ ਕਰ ਲਈ। ਪੂਰੀ ਘਟਨਾ ਦੇ ਪਿੱਛੇ ਤੰਤਰ ਮੰਤਰ ਦਾ ਮਾਮਲਾ ਨਿਕਲ ਕੇ ਆ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਵਾਰ 'ਚ ਮੁਖੀਆ ਕੁਣਾਲ ਤ੍ਰਿਵੇਦੀ ਆਪਣੇ ਪਰਵਾਰ ਦੇ ਨਾਲ ਨਰੋਦਾ ਦੇ ਅਵਨੀ ਸਕਾਈ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਬੁਰਾੜੀ ਕਾਂਡ ਦੀ ਤਰ੍ਹਾਂ ਘਰ ਦੇ ਮੁਖੀਏ 45 ਸਾਲਾ ਕੁਣਾਲ ਨੇ ਖੁਦ ਨੂੰ ਫਾਂਸੀ ਲਾਈ ਸੀ, ਜਦਕਿ ਉਸ ਦੀ ਪਤਨੀ ਕਵਿਤਾ ਅਤੇ 16 ਸਾਲਾ ਬੇਟੀ ਸ਼ਰੀਨ ਦੀ ਲਾਸ਼ ਘਰ 'ਚ ਪਈ ਮਿਲੀ। ਪੁਲਸ ਮੁਤਾਬਿਕ ਕਵਿਤਾ ਅਤੇ ਉਸ ਦੀ ਲੜਕੀ ਸ਼ਰੀਨ ਨੇ ਜ਼ਹਿਰੀਲੀ ਦਵਾ ਪੀ ਕੇ ਖੁਦਕੁਸ਼ੀ ਕਰ ਲਈ, ਜਦਕਿ ਘਰ ਦੀ ਬਜ਼ੁਰਗ ਔਰਤ ਮਤਲਬ ਕੁਣਾਲ ਦੀ ਮਾਂ ਬੇਹੋਸ਼ੀ ਦੀ ਹਾਲਤ 'ਚ ਪਾਈ ਗਈ। ਉਸ ਨੇ ਵੀ ਜ਼ਹਿਰੀਲੀ ਦਵਾ ਪੀ ਲਈ ਸੀ, ਹਾਲਾਂਕਿ ਉਸ 'ਤੇ ਦਵਾਈ ਦਾ ਅਸਰ ਜ਼ਿਅਦਾ ਨਹੀਂ ਹੋਇਆ। ਫ਼ਿਲਹਾਲ ਉਹ ਹਸਪਤਾਲ 'ਚ ਭਰਤੀ ਹੈ। ਪਿਛਲੇ 24 ਘੰਟਿਆਂ ਤੋਂ ਉਸ ਦਾ ਘਰ ਬੰਦ ਸੀ। ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਫੋਨ ਕਰ ਰਹੇ ਸਨ, ਪਰ ਕੋਈ ਫੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਇਸ ਲਈ ਉਸ ਦੇ ਰਿਸ਼ਤੇਦਾਰ ਅਤੇ ਹੋਰ ਪਰਵਾਰ ਵਾਲੇ ਪੁਲਸ ਨੂੰ ਲੈ ਕੇ ਉਥੇ ਪਹੁੰਚੇ। ਕਮਰੇ ਅੰਦਰ ਦਾਖਲ ਹੁੰਦੇ ਹੀ ਸਾਰਿਆਂ ਦੇ ਹੋਸ਼ ਉਡ ਗਏ। ਅੰਦਰ ਕੁਣਾਲ ਫਾਂਸੀ 'ਤੇ ਲਟਕ ਰਿਹਾ ਸੀ, ਜਦਕਿ ਉਸ ਦੀ ਪਤਨੀ ਫਰਸ਼ 'ਤੇ ਅਤੇ ਲੜਕੀ ਬਿਸਤਰੇ 'ਤੇ ਮ੍ਰਿਤਕ ਪਈ ਸੀ।
ਪੁਲਸ ਨੂੰ ਜਾਂਚ ਦੌਰਾਨ ਉਨ੍ਹਾਂ ਦੇ ਕਮਰੇ 'ਚੋਂ ਇੱਕ ਖੁਦਕੁਸ਼ੀ ਨੋਟ ਮਿਲਿਆ, ਜਿਸ 'ਚ ਲਿਖਿਆ ਹੈ, 'ਮੰਮੀ ਤੁਸੀਂ ਮੈਨੂੰ ਕਦੀ ਵੀ ਸਮਝ ਨਹੀਂ ਸਕੇ, ਮੈਂ ਕਈ ਵਾਰ ਇਸ ਕਾਲੀ ਸ਼ਕਤੀ ਦੇ ਬਾਰੇ ਦੱਸਿਆ ਸੀ, ਪਰ ਤੁਸੀਂ ਕਦੇ ਵੀ ਉਸ ਨੂੰ ਨਹੀਂ ਮੰਨਿਆ ਅਤੇ ਸ਼ਰਾਬ ਨੂੰ ਉਸ ਦਾ ਕਾਰਨ ਦੱਸਿਆ।' ਖੁਦਕੁਸ਼ੀ ਨੋਟ 'ਚ ਇਹ ਵੀ ਲਿਖਿਆ ਕਿ ਉਹ ਕਦੇ ਵੀ ਆਤਮਹੱਤਿਆ ਨਹੀਂ ਕਰ ਸਕਦੇ, ਪਰ ਕਾਲੀ ਸ਼ਕਤੀ ਕਾਰਨ ਖੁਦਕੁਸ਼ੀ ਕਰ ਰਹੇ ਹਾਂ।