Latest News
ਸਰਦਾਰ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

Published on 12 Sep, 2018 11:16 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਬੁੱਧਵਾਰ ਨੂੰ ਆਪਣੇ ਚਮਕਦਾਰ ਕੈਰੀਆ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਪਿਛਲੇ 12 ਸਾਲਾ 'ਚ ਉਹ ਕਾਫ਼ੀ ਹਾਕੀ ਖੇਡ ਚੁੱਕੇ ਹਨ ਅਤੇ ਹੁਣ ਨੌਜਵਾਨਾਂ ਲਈ ਜਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ। ਸਰਦਾਰ ਨੇ ਕਿਹਾ ਕਿ ਉਨ੍ਹਾਂ ਨੇ ਏਸ਼ੀਆਈ ਖੇਡਾਂ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਇਹ ਫੈਸਲਾ ਕੀਤਾ, ਜਿਸ 'ਚ ਭਾਰਤ ਆਪਣੇ ਖਿਤਾਬ ਦਾ ਬਚਾਅ ਕਰਨ 'ਚ ਅਸਫ਼ਲ ਰਿਹਾ ਅਤੇ ਉਸ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਸਰਦਾਰ ਦੀ ਉਮਰ ਵੀ ਵੱਧ ਰਹੀ ਹੈ ਅਤੇ ਹੁਣ ਉਨ੍ਹਾਂ ਦੇ ਖੇਡ 'ਚ ਪਹਿਲਾਂ ਵਰਗੀ ਫੁਰਤੀ ਦੇਖਣ ਨੂੰ ਨਹੀਂ ਮਿਲਦੀ, ਜਿਸ 'ਚ ਏਸ਼ੀਆਈ ਖੇਡਾਂ ਦੌਰਾਨ ਉਨ੍ਹਾਂ ਦੇ ਪ੍ਰਰਦਰਸ਼ਨ ਦੀ ਬਹੁਤ ਆਲੋਚਕਨਾ ਹੋਈ।
ਸਾਬਕਾ ਕਪਤਾਨ ਨੇ ਕਿਹਾ, ਹਾਂ ਮੈਂ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਕੈਰੀਅਰ 'ਚ ਬਹੁਤ ਹਾਕੀ ਖੇਡੀ ਹੈ। 12 ਸਾਲ ਦਾ ਸਮਾਂ ਬਹੁਤ ਲੰਮਾਂ ਹੁੰਦਾ ਹੈ। ਹੁਣ ਭਵਿੱਖ ਦੀ ਪੀੜੀ ਨੂੰ ਜਿੰਮੇਵਾਰੀ ਸੰਭਾਲਣ ਦਾ ਸਮੇਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ 'ਚ ਆਪਣੇ ਪਰਵਾਰ, ਹਾਕੀ ਇੰਡੀਆ ਅਤੇ ਆਪਣੇ ਦੋਸਤਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਹਾਕੀ ਤੋਂ ਅੱਗੇ ਦੇ ਬਾਰੇ 'ਚ ਸੋਚਣ ਦਾ ਸਹੀ ਸਮੇਂ ਆ ਗਿਆ ਹੈ। ਦਿਲਚਸਪ ਗੱਲ ਹੈ ਕਿ ਜਕਾਰਤਾ 'ਚ ਏਸ਼ੀਆ ਖੇਡਾਂ ਦੌਰਾਨ ਸਰਦਾਰ ਨੇ ਕਿਹਾ ਸੀ ਕਿ ਉਨ੍ਹਾਂ ਅੰਦਰ ਬਹੁਤ ਹਾਕੀ ਬਚੀ ਹੈ ਅਤੇ ਉਨ੍ਹਾਂ ਨੇ 2020 ਤੋਕਿਓ 'ਚ ਆਪਣਾ ਆਖਰੀ ਓਲੰਪਿਕ ਖੇਡਣ ਦੀ ਇੱਛਾ ਪ੍ਰਗਟ ਕੀਤੀ ਸੀ।
ਹਾਕੀ ਇੰਡੀਆ ਨੇ ਬੁੱਧਵਾਰ ਨੂੰ ਰਾਸ਼ਟਰੀ ਕੈਂਪ ਲਈ 25 ਮੈਂਬਰੀ ਕੋਰ ਗਰੁੱਪ ਦਾ ਐਲਾਨ ਕੀਤਾ ਜਿਸ 'ਚ ਉਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਕੀਤਾ ਸੀ। ਜਿਸ ਨਾਲ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਸੰਨਿਆਸ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ। ਕੈਂਪ ਦੀ ਟੀਮ ਤੋਂ ਬਾਹਰ ਕੀਤੇ ਜਾਣ ਬਾਰੇ 'ਚ ਪੁੱਛਣ 'ਤੇ ਸਰਦਾਰ ਨੇ ਇਸ ਸਵਾਲ ਨੂੰ ਟਾਲਦੇ ਹੋਏ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸੰਨਿਆਸ ਦਾ ਅਧਿਕਾਰਿਤ ਐਲਾਨ ਕਰਨਗੇ।

400 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper