Latest News
ਮੁਕਾਬਲੇ 'ਚ 8 ਅੱਤਵਾਦੀ ਢੇਰ

Published on 13 Sep, 2018 11:19 AM.


ਸ੍ਰੀਨਗਰ/ਜੰਮੂ
(ਨਵਾਂ ਜ਼ਮਾਨਾ ਸਰਵਿਸ)
ਜੰਮੂ ਕਸ਼ਮੀਰ 'ਚ ਅੱਜ ਫੌਜ ਨੇ ਅੱਤਵਾਦੀਆਂ 'ਤੇ ਵੱਡੇ ਹਮਲੇ ਕੀਤੇ ਅਤੇ ਇੱਕ ਹੀ ਦਿਨ 'ਚ 8 ਅੱਤਵਾਦੀਆਂ ਨੂੰ ਮਾਰ ਮੁਕਾਇਆ। ਘਾਟੀ ਦੇ ਰਿਯਾਸ਼ੀ ਜ਼ਿਲ੍ਹੇ 'ਚ ਹੋਏ ਮੁਕਾਬਲੇ ਵਿੱਚ ਸੁਰੱਖਿਆਬਲਾਂ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ। ਇਸ ਮੁਕਾਬਲੇ 'ਚ ਨਗਰੋਟਾ ਦੇ ਪੁਲਸ ਉਪ ਕਮਿਸ਼ਨਰ ਸਮੇਤ 12 ਸੁਰੱਖਿਆਬਲ ਜਖ਼ਮੀ ਹੋ ਗਏ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ 'ਚ ਸੋਪੋਰ ਦੇ ਅਰਮਪੋਰ ਇਲਾਕੇ 'ਚ ਦੋ ਅੱਤਵਾਦੀ ਮਾਰ ਮੁਕਾਏ। ਜੰਮੂ-ਕਸ਼ਮੀਰ 'ਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਵੀਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸੋਪੋਰ ਨਗਰ 'ਚ ਆਰਮਪੋਰਾ ਇਲਾਕੇ ਦੇ ਚਿੰਕੀਪੋਰਾ 'ਚ ਵੀਰਵਾਰ ਸਵੇਰੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚਿੰਕੀਪੋਰਾ ਦੇ ਅਭਿਆਨ 'ਚ ਦੋ ਅੱਤਵਾਦੀ ਮਾਰੇ ਗਏ।
ਪੁਲਸ ਮੁਤਾਬਕ ਰਾਸ਼ਟਰੀ ਰਾਈਫ਼ਲ (ਆਰ ਆਰ) ਸੂਬਾ ਪੁਲਸ ਦੇ ਵਿਸ਼ੇਸ਼ ਅਭਿਆਨ ਸਮੂਹ (ਐੱਸ ਓ ਜੀ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ ਆਰ ਪੀ ਅੱੈਫ) ਦੇ ਜਵਾਨਾਂ ਸਮੇਤ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਵੇਰੇ ਇਲਾਕੇ ਨੂੰ ਘੇਰ ਲਿਆ। ਪੁਲਸ ਨੇ ਕਿਹਾ ਕਿ ਘੇਰਾਬੰਦੀ ਸਖ਼ਤ ਹੋਣ 'ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਜਨਰਲ ਅਫ਼ਸਰ ਕਮਾਂਡਿੰਗ (ਜੀ ਓ ਸੀ) ਮੇਜਰ ਜਨਰਲ ਅਰਵਿੰਦ ਭਾਟੀਆ ਨੇ ਕਿਹਾ ਕਿ ਰਿਆਸੀ ਜ਼ਿਲ੍ਹੇ 'ਚ ਇੱਕ ਅਭਿਆਨ 'ਚ ਦੋ ਹੋਰ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਸੂਬੇ 'ਚ ਹਾਲ ਹੀ 'ਚ ਪਾਕਿਸਤਾਨ ਤੋਂ ਘੁਸਪੈਠ ਹੋਈ ਸੀ।
ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੇ ਨਜ਼ਦੀਕ ਕਕਰਿਆਲ ਪਿੰਡ 'ਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਵਿੱਚ ਪੁਲਸ ਦੇ 8 ਜਵਾਨ ਜ਼ਖ਼ਮੀ ਹੋ ਗਏ। ਮ੍ਰਿਤਕ ਅੱਤਵਾਦੀਆਂ 'ਚ ਉਹ ਤਿੰਨ ਅੱਤਵਾਦੀ ਵੀ ਸ਼ਾਮਲ ਹਨ, ਜਿਨ੍ਹਾਂ ਊਧਮਪੁਰ ਜ਼ਿਲ੍ਹੇ 'ਚ ਜੰਮੂ ਕਸ਼ਮੀਰ ਰਾਜ ਮਾਰਗ 'ਤੇ ਇੱਕ ਸੀ ਆਰ ਪੀ ਐੱਫ ਜਵਾਨ ਅਤੇ ਫਾਰੈੱਸਟ ਗਾਰਡ 'ਤੇ ਫਾਇਰਿੰਗ ਕੀਤੀ ਸੀ। ਇੱਜਰ ਦੇ ਜੰਗਲਾਂ ਅਤੇ ਨਜ਼ਦੀਕ ਦੇ ਇਲਾਕੇ 'ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਾਉਣ ਲਈ ਫੌਜ, ਪੁਲਸ ਅਤੇ ਸੀ ਆਰ ਪੀ ਐੱਫ ਨੇ ਡਰੋਨ, ਹੈਲੀਕਾਪਟਰ ਅਤੇ ਹੋਰ ਨਿਗਰਾਨੀ ਯੰਤਰਾਂ ਦਾ ਇਸਤੇਮਾਲ ਕੀਤਾ। ਅੱਤਵਾਦੀਆਂ 'ਤੇ ਹਮਲਾ ਕਰਨ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਲਿਆ ਗਿਆ। ਇਸ ਤੋਂ ਪਹਿਲਾਂ ਇੱਕ ਪਿੰਡ ਵਾਸੀ ਨੇ ਦੱਸਿਆ ਸੀ ਕਿ ਰਾਤ 10 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਅੱਤਵਾਦੀ ਖਾਣ-ਪੀਣ ਦੀਆਂ ਚੀਜ਼ਾਂ ਦਾ ਥੈਲਾ ਲਈ ਉਸ ਦੇ ਘਰ 'ਚ ਵੜ ਗਏ, ਆਪਣੇ ਕੱਪੜੇ ਬਦਲੇ, ਬਿਸਕੁੱਟ ਅਤੇ ਪਾਣੀ ਦੀਆਂ ਬੋਤਲਾਂ ਉਥੋਂ ਲੈ ਗਏ।
ਨਗਰੋਟਾ-ਇੱਜਰ ਕੋਟਲੀ ਦੇ ਵਿਚਕਾਰ ਰਾਸ਼ਟਰੀ ਰਾਜ ਮਾਰਗ 'ਤੇ ਆਵਾਜ਼ਾਈ ਬੰਦ ਕਰ ਦਿੱਤੀ ਗਈ। ਇਲਾਕੇ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ। ਪੁਲਸ ਨੇ ਬੁੱਧਵਾਰ ਨੂੰ ਹਿਰਾਸਤ ਵਿੱਚ ਲਏ ਟਰੱਕ ਚਾਲਕ ਅਤੇ ਸਹਾਇਕ ਕੋਲੋਂ ਇੱਕ ਏ ਕੇ 47 ਰਾਈਫ਼ਲ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਲਾਗੇ ਭਾਰਤ 'ਚ ਦਾਖ਼ਲ ਕਰਨ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ। ਇੱਕ ਰੱਖਿਆ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੇ ਰੰਗਘਰ ਨਾਲਾ 'ਚ ਫੌਜ ਨੇ ਕੁਝ ਗਤੀਵਿਧੀਆਂ ਦੇਖੀਆਂ ਅਤੇ ਪੁੰਛ ਸੈਕਟਰ ਨਾਲ ਪਾਕਿਸਤਾਨੀ ਨਾਗਰਿਕ ਨੂੰ ਫੜਿਆ।
ਬੁਲਾਰੇ ਦੱਸਿਆ ਕਿ ਉਸ ਦੀ ਪਛਾਣ ਉਮਰ ਯੂਸਫ਼ (23) ਪੁੱਤਰ ਮੁਹੰਮਦ ਯੂਸਫ਼ ਦੇ ਰੂਪ 'ਚ ਕੀਤੀ ਗਈ ਹੈ। ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੀ ਹਜ਼ਾਰਾ ਤਹਿਸੀਲ ਦਾ ਰਹਿਣ ਵਾਲਾ ਹੈ। ਉਨ੍ਹਾ ਦੱਸਿਆ ਕਿ ਉਹ ਰੰਗਘਰ ਨਾਲਾ ਇਲਾਕੇ 'ਚ ਘੁੰਮ ਰਿਹਾ ਸੀ ਅਤੇ ਬੁੱਧਵਾਰ ਰਾਤ ਉਸ ਨੇ ਕੰਟਰੋਲ ਰੇਖਾ ਪਾਰ ਕਰ ਲਈ ਸੀ।

141 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper