Latest News
ਦੇਰੀ ਪਿੱਛੋਂ ਇਨਸਾਫ, ਉਹਦੇ ਅੱਗੇ ਵੀ ਅੜਿੱਕੇ

Published on 14 Sep, 2018 11:24 AM.


ਆਮ ਲੋਕਾਂ ਦੇ ਚੇਤਿਆਂ ਵਿੱਚੋਂ ਨਿਕਲ ਚੁੱਕਾ ਛੇ ਸਾਲ ਪੁਰਾਣਾ ਕੇਸ ਬਹੁਤ ਸਾਰੇ ਲੋਕਾਂ ਨੂੰ ਦੱਸਣ ਨਾਲ ਵੀ ਚੇਤੇ ਆਉਣਾ ਮੁਸ਼ਕਲ ਹੋ ਸਕਦਾ ਹੈ, ਪਰ ਇੱਕ ਵਕਤ ਇਹੋ ਜਿਹਾ ਸੀ, ਜਦੋਂ ਇਹ ਪੰਜਾਬ ਵਿੱਚ ਹਰ ਥਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਕਾਰਨ ਇਸ ਦਾ ਇਹ ਸੀ ਕਿ ਇੱਕ ਸਿਰੇ ਦਾ ਗੁੰਡਾ ਉਸ ਵਕਤ ਦੀ ਅਕਾਲੀ-ਭਾਜਪਾ ਸਰਕਾਰ ਚਲਾਉਣ ਵਾਲੇ ਬ੍ਰੀਗੇਡ ਦਾ ਥਾਪੜਾ ਲੈ ਕੇ ਯੂਥ ਆਗੂ ਅਖਵਾਉਂਦਾ ਸੀ ਤੇ ਇੱਕ ਦਿਨ ਫਰੀਦਕੋਟ ਵਰਗੇ ਸ਼ਹਿਰ ਵਿੱਚੋਂ ਦਿਨ ਦਿਹਾੜੇ ਇੱਕ ਸਾਊ ਪਰਵਾਰ ਦੀ ਧੀ ਨੂੰ ਅਗਵਾ ਕਰ ਕੇ ਲੈ ਗਿਆ ਤੇ ਗਲੀ ਦੇ ਮੋੜ ਉੱਤੇ ਖੜੋਤੇ ਪੁਲਸ ਵਾਲੇ ਵੇਖਦੇ ਰਹੇ ਸਨ। ਸ਼ਾਮ ਪੈਣ ਤੱਕ ਇਹ ਸੁਣਨ ਨੂੰ ਮਿਲ ਗਿਆ ਸੀ ਕਿ ਉਸ ਨੂੰ ਰੋਕਣਾ ਕੀ, ਪੁਲਸ ਦੀ ਇੱਕ ਐਸਕਾਰਟ ਗੱਡੀ ਉਸ ਬਦਮਾਸ਼ ਨੂੰ ਸ਼ੰਭੂ ਵਾਲਾ ਬੈਰੀਅਰ ਲੰਘ ਕੇ ਹਰਿਆਣੇ ਦੀ ਹੱਦ ਵਿੱਚ ਵੜਨ ਤੱਕ ਸੁਰੱਖਿਆ ਦੇ ਰਹੀ ਸੀ। ਸਾਰਾ ਸ਼ਹਿਰ ਉੱਬਲ ਪਿਆ ਸੀ। ਸਰਕਾਰ ਦੇ ਕੁਝ ਬਾਹਲੇ ਚਹੇਤੇ ਗਿਣੇ ਜਾਂਦੇ ਪੁਲਸ ਅਫਸਰ ਗੁੰਡੇ ਦਾ ਪਿੱਛਾ ਕਰਨ ਦੀ ਥਾਂ ਇਹ ਕਹਾਣੀਆਂ ਪ੍ਰੈੱਸ ਨੂੰ ਪਰੋਸਦੇ ਰਹੇ ਸਨ ਕਿ ਕੁੜੀ ਇਸ਼ਕ ਚੱਕਰ ਵਿੱਚ ਆਪ ਉਸ ਨਾਲ ਗਈ ਹੈ ਤੇ ਇਹ ਵੀ ਨਹੀਂ ਸਨ ਮੰਨ ਰਹੇ ਕਿ ਕੁੜੀ ਨਾਬਾਲਗ ਹੈ। ਜਦੋਂ ਲੋਕਾਂ ਦਾ ਰੋਹ ਹੱਦਾਂ ਪਾਰ ਕਰ ਗਿਆ ਤਾਂ ਜ਼ਿਲਾ ਪੁਲਸ ਦਾ ਮੁਖੀ ਬਦਲਿਆ ਗਿਆ ਤੇ ਦੂਸਰੇ ਦਿਨ ਗੋਆ ਵਿੱਚੋਂ ਦੋਵਾਂ ਨੂੰ ਫੜ ਲਿਆਉਣਾ ਪਿਆ ਸੀ।
ਮੌਕੇ ਦੀ ਸਰਕਾਰ ਦੀ ਸਰਪ੍ਰਸਤੀ ਦੀ ਸਿਖਰ ਇਹ ਵੀ ਸੀ ਕਿ ਵਾਪਸ ਲਿਆਂਦੀ ਕੁੜੀ ਨੂੰ ਨਾਬਾਲਗ ਹੋਣ ਕਾਰਨ ਕਾਨੂੰਨ ਦੇ ਮੁਤਾਬਕ ਮਾਂ-ਬਾਪ ਦੇ ਹਵਾਲੇ ਕਰਨ ਦੀ ਥਾਂ ਇੱਕ ਏਦਾਂ ਦੀ ਸਰਕਾਰੀ ਪਨਾਹ ਵਿੱਚ ਭੇਜਿਆ ਗਿਆ ਸੀ, ਜਿੱਥੇ ਅਪਰਾਧੀ ਦੇ ਸਮੱਰਥਕ ਜਾ ਕੇ ਕੁੜੀ ਉੱਤੇ ਦਬਾਅ ਪਾਉਂਦੇ ਰਹੇ ਸਨ ਕਿ ਨਿਸ਼ਾਨ ਸਿੰਘ ਨਾਂਅ ਦੇ ਗੁੰਡੇ ਦੇ ਪੱਖ ਵਿੱਚ ਬਿਆਨ ਦੇਵੇ। ਅਦਾਲਤ ਵਿੱਚ ਜਦੋਂ ਉਸ ਕੁੜੀ ਨੂੰ ਜੱਜ ਸਾਹਿਬ ਨੇ ਇਕੱਲੇ ਬੈਠ ਕੇ ਮਰਜ਼ੀ ਨਾਲ ਬਿਆਨ ਦੇਣ ਦਾ ਮੌਕਾ ਦਿੱਤਾ, ਸਾਰਾ ਕੁਝ ਸਪੱਸ਼ਟ ਹੋ ਗਿਆ ਤੇ ਉਸ ਦੇ ਬਾਅਦ ਨਿਸ਼ਾਨ ਸਿੰਘ ਨਾਂਅ ਦੇ ਯੂਥ ਲੀਡਰ ਨੂੰ ਸਜ਼ਾ ਹੋ ਗਈ। ਸਰਕਾਰ ਚਲਾਉਣ ਵਾਲੇ ਲੀਡਰਾਂ ਦੀ ਪੁਸ਼ਤ ਪਨਾਹੀ ਉਸ ਨੂੰ ਫੇਰ ਵੀ ਜਾਰੀ ਰਹੀ ਸੀ। ਸ਼ੁਕਰ ਹੈ ਕਿ ਅਦਾਲਤੀ ਸਿਸਟਮ ਦਬਾਅ ਤੋਂ ਬਚ ਕੇ ਨਿਆਂ ਕਰ ਸਕਿਆ।
ਇਸ ਦੇ ਬਾਅਦ ਪੀੜਤ ਪਰਵਾਰ ਨੇ ਮੁਆਵਜ਼ੇ ਦਾ ਕੇਸ ਕੀਤਾ, ਜਿਹੜਾ ਬਹੁਤ ਚਿਰ ਚੱਲਦਾ ਰਿਹਾ ਤੇ ਛੇ ਸਾਲ ਬਾਅਦ ਉਸ ਪਰਵਾਰ ਨੂੰ ਇਨਸਾਫ ਮਿਲਣ ਲੱਗਾ ਹੈ, ਪਰ ਅਪਰਾਧੀਆਂ ਦੇ ਹੱਥ ਕਿਸੇ ਵੀ ਆਦਮੀ ਦੀ ਸੋਚ ਦੀ ਹੱਦ ਤੋਂ ਲੰਮੇ ਦਿਖਾਈ ਦੇ ਰਹੇ ਹਨ। ਜਿਹੜੀ ਕੁੜੀ ਨਿਸ਼ਾਨ ਸਿੰਘ ਓਦੋਂ ਧੱਕੇ ਨਾਲ ਅਗਵਾ ਕਰ ਕੇ ਲੈ ਗਿਆ ਸੀ, ਜਦੋਂ ਉਹ ਜਨਤਕ ਰੋਹ ਦੇ ਦਬਾਅ ਹੇਠ ਪੁਲਸ ਨੇ ਗੋਆ ਤੋਂ ਬਰਾਮਦ ਕਰ ਕੇ ਲਿਆਂਦੀ ਤਾਂ ਉਹ ਉਸ ਵਕਤ ਤੱਕ ਗਰਭਵਤੀ ਹੋ ਚੁੱਕੀ ਸੀ। ਅਦਾਲਤ ਦੀ ਆਗਿਆ ਨਾਲ ਉਸ ਦਾ ਗਰਭਪਾਤ ਕਰਵਾਇਆ ਗਿਆ ਸੀ। ਨਿਸ਼ਾਨ ਸਿੰਘ ਨੂੰ ਦੋਹਰੀ ਉਮਰ ਕੈਦ ਹੋਈ ਸੀ ਤੇ ਉਸ ਦੀ ਮਾਂ ਸਣੇ ਕਈ ਹੋਰਨਾਂ ਦੋਸ਼ੀਆਂ ਨੂੰ ਬਣਦੀ ਸਜ਼ਾ ਅਦਾਲਤ ਨੇ ਕੀਤੀ ਸੀ। ਪਹਿਲਾਂ ਇੱਕੀ ਕੇਸਾਂ ਦੇ ਦਾਗੀ ਨਿਸ਼ਾਨ ਸਿੰਘ ਨੂੰ ਕੋਈ ਫਰਕ ਨਹੀਂ ਸੀ ਪਿਆ। ਉਸ ਨੂੰ ਕੋਈ ਫਰਕ ਨਹੀਂ ਪਿਆ ਤਾਂ ਹੈਰਾਨੀ ਦੀ ਗੱਲ ਨਹੀਂ, ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਦੇ ਵਿਹਾਰ ਵਿੱਚ ਵੀ ਫਰਕ ਪਿਆ ਦਿਖਾਈ ਨਹੀਂ ਦੇ ਰਿਹਾ। ਹਾਲੇ ਵੀ ਪੀੜਤ ਪਰਵਾਰ ਨੂੰ ਹੋਰ ਪੀੜਤ ਕੀਤਾ ਜਾ ਰਿਹਾ ਹੈ।
ਹਾਈ ਕੋਰਟ ਨੇ ਹੁਕਮ ਕੀਤਾ ਹੈ ਕਿ ਅਗਵਾ ਕੀਤੀ ਗਈ ਲੜਕੀ, ਜਿਸ ਨੂੰ ਇਸ ਘਟਨਾ ਤੋਂ ਬਾਅਦ ਉਸ ਦੀ ਸੁਰੱਖਿਆ ਦਾ ਪੱਖ ਸੋਚ ਕੇ ਕਿਸੇ ਦੂਸਰੇ ਦੇਸ਼ ਭੇਜ ਦਿੱਤਾ ਗਿਆ ਸੀ, ਦੇ ਪਰਵਾਰ ਨੂੰ ਨੱਬੇ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਹੁਕਮ ਤਾਂ ਜ਼ਿਲਾ ਪ੍ਰਸ਼ਾਸਨ ਨੇ ਲਾਗੂ ਕਰਨੇ ਹਨ ਤੇ ਇਸ ਕੰਮ ਵਿੱਚ ਫਿਰ ਪੁਲਸ ਦੀ ਮਦਦ ਦੀ ਲੋੜ ਪੈਣੀ ਹੈ। ਫਰੀਦਕੋਟ ਤੋਂ ਮਿਲਦੀਆਂ ਖਬਰਾਂ ਫਿਰ ਚਿੰਤਾ ਵਾਲੀਆਂ ਹਨ। ਪੀੜਤ ਕੁੜੀ ਦੇ ਬਾਪ ਨੂੰ ਪੁੱਛਗਿੱਛ ਦੇ ਨਾਂਅ ਉੱਤੇ ਕਈ ਘੰਟੇ ਪੁਲਸ ਦਫਤਰ ਵਿੱਚ ਬਿਠਾਏ ਜਾਣ ਦੀ ਗੱਲ ਕਿਸੇ ਦੇ ਸਮਝ ਨਹੀਂ ਪੈ ਸਕੀ। ਇਹ ਖਬਰ ਚੰਡੀਗੜ੍ਹ ਦੇ ਇੱਕ ਜ਼ਿੰਮੇਵਾਰ ਅਦਾਰੇ ਨੇ ਦਿੱਤੀ ਹੈ। ਅਸਲ ਕੰਮ ਤਾਂ ਇਹ ਹੈ ਕਿ ਕੋਰਟ ਦੇ ਹੁਕਮ ਮੁਤਾਬਕ ਨਿਸ਼ਾਨ ਸਿੰਘ ਤੇ ਉਸ ਦੇ ਪਰਵਾਰ ਦੀ ਜਾਇਦਾਦ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਉਸ ਵਿੱਚੋਂ ਪੀੜਤ ਪਰਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ। ਇਸ ਦੀ ਥਾਂ ਹੋਰ ਕੰਮ ਛੋਹੇ ਗਏ ਸੁਣੀਂਦੇ ਹਨ। ਆਖਰ ਪੁਲਸ ਆਪਣੇ ਵਿਹਾਰ ਵਿੱਚ ਤਬਦੀਲੀ ਕਿਉਂ ਨਹੀਂ ਲਿਆਉਂਦੀ, ਇਸ ਬਾਰੇ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ।
ਅੱਜ ਨਹੀਂ, ਕੱਲ੍ਹ ਸਹੀ, ਇਸ ਕੇਸ ਵਿੱਚ ਉਸ ਕੁੜੀ ਦੇ ਪਰਵਾਰ ਨੂੰ ਮੁਆਵਜ਼ਾ ਤਾਂ ਦੇਣਾ ਹੀ ਪੈਣਾ ਹੈ, ਨਾਲ ਇਹ ਗੱਲ ਫਿਰ ਲੋਕਾਂ ਦੇ ਮਨਾਂ ਵਿੱਚ ਨਵੇਂ ਸਿਰੇ ਤੋਂ ਤਾਜ਼ਾ ਹੋ ਗਈ ਹੈ ਕਿ ਓਦੋਂ ਦਾ ਰਾਜ ਕਿੱਦਾਂ ਦਾ ਸੀ ਤੇ ਉਸ ਦੇ ਯੂਥ ਲੀਡਰ ਕਿੱਦਾਂ ਦੇ ਸਨ, ਜਿਨ੍ਹਾਂ ਨੂੰ ਪੁਲਸ ਫੜਨ ਦੀ ਥਾਂ ਹਰਿਆਣੇ ਤੱਕ ਸੁਰੱਖਿਅਤ ਛੱਡਣ ਚਲੀ ਗਈ ਸੀ। ਉਹ ਇਕੱਲਾ ਵੀ ਨਹੀਂ ਸੀ, ਓਦਾਂ ਦੇ ਇੱਕ ਹੋਰ ਯੂਥ ਆਗੂ ਰਾਣੇ ਨੇ ਉਨ੍ਹਾਂ ਹੀ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਚੌਕ ਵਿਚਲੇ ਥਾਣੇ ਤੋਂ ਮਸਾਂ ਸੌ ਗਜ਼ ਦੂਰੀ ਉੱਤੇ ਇੱਕ ਥਾਣੇਦਾਰ ਦਾ ਕਤਲ ਕਰ ਕੇ ਉਸ ਵਕਤ ਦੇ ਇੱਕ ਮੰਤਰੀ ਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਦੀ ਹਿੰਮਤ ਕੀਤੀ ਸੀ ਤੇ ਥਾਣੇ ਦੀ ਛੱਤ ਉੱਤੇ ਖੜੋਤੀ ਪੁਲਸ ਇਹ ਕੁਝ ਵਾਪਰਦਾ ਵੇਖਦੀ ਰਹੀ ਸੀ। ਅੱਜ ਤਾਂ ਉਹ ਸਰਕਾਰ ਨਹੀਂ। ਜਿਹੜੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਇਸ ਲਈ ਹੈ ਕਿ ਲੋਕ ਪਿਛਲੇ ਰਾਜ ਵਿਚਲੀ ਬੁਰਛਾਗਰਦੀ ਤੋਂ ਤੰਗ ਆ ਗਏ ਸਨ ਤੇ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦੇ, ਉਸ ਸਰਕਾਰ ਦੇ ਹੁੰਦਿਆਂ ਵੀ ਉਸ ਪੀੜਤ ਲੜਕੀ ਦੇ ਪਰਵਾਰ ਨੂੰ ਮੁਆਵਜ਼ਾ ਦੇਣ ਦਾ ਕੰਮ ਅੜਿੱਕਿਆਂ ਦਾ ਸ਼ਿਕਾਰ ਹੋ ਰਿਹਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਇਹ ਚੇਤਾ ਹੋਵੇਗਾ ਕਿ ਓਦੋਂ ਫਰੀਦਕੋਟ ਵਿੱਚ ਇਸ ਕੇਸ ਵਿੱਚ ਪੁਲਸ ਅਤੇ ਸਰਕਾਰ ਦੇ ਖਿਲਾਫ ਧਰਨਾ ਦੇਣ ਵਾਸਤੇ ਉਹ ਖੁਦ ਵੀ ਗਏ ਸਨ ਤੇ ਜਿਸ ਦਿਨ ਧਰਨਾ ਦੇਣਾ ਸੀ, ਐਨ ਓਸੇ ਦਿਨ ਇਹ ਗੱਲ ਪੁਲਸ ਨੇ ਕਹੀ ਸੀ ਕਿ ਕੁੜੀ ਗੋਆ ਵਿੱਚ ਮਿਲ ਗਈ ਹੈ। ਜਿਸ ਮੁੱਖ ਮੰਤਰੀ ਦਾ ਆਪਣਾ ਸੰਬੰਧ ਵੀ ਇਸ ਕੇਸ ਵਿੱਚ ਰੋਸ ਕਰਨ ਦੀ ਪ੍ਰਕਿਰਿਆ ਨਾਲ ਰਿਹਾ ਸੀ, ਉਸ ਨੂੰ ਪੀੜਤਾਂ ਨੂੰ ਇਨਸਾਫ ਛੇਤੀ ਦਿਵਾਉਣਾ ਚਾਹੀਦਾ ਹੈ।
-ਜਤਿੰਦਰ ਪਨੂੰ

1389 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper