Latest News
ਆਜ਼ਾਦ ਰਿਹਾਅ; ਭਾਜਪਾ ਨੂੰ ਹਰਾਉਣ ਦਾ ਸੱਦਾ

Published on 14 Sep, 2018 11:27 AM.


ਸਹਾਰਨਪੁਰ
(ਨਵਾਂ ਜ਼ਮਾਨਾ ਸਰਵਿਸ)
ਭੀਮ ਆਰਮੀ ਦੇ ਸੰਸਥਾਪਕ ਚੰਦਰ ਸ਼ੇਖਰ ਆਜ਼ਾਦ ਉਰਫ਼ ਰਾਵਣ ਨੂੰ ਵੀਰਵਾਰ ਅੱਧੀ ਰਾਤ ਰਿਹਾਅ ਕਰ ਦਿੱਤਾ ਗਿਆ।
ਚੰਦਰ ਸ਼ੇਖਰ ਨੇ ਜੇਲ੍ਹ ਤੋਂ ਬਾਹਰ ਇਕੱਠੇ ਹੋਏ ਆਪਣੇ ਸਮਰੱਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਵਿੱਚ ਭਾਜਪਾ ਨੂੰ ਹਰਾਵਾਂਗੇ। ਭਾਜਪਾ ਨੂੰ ਹਰਾਉਣ ਵਾਲੀ ਹਰ ਪਾਰਟੀ ਨਾਲ ਅਸੀਂ ਗਠਜੋੜ ਕਰਾਂਗੇ।
ਚੰਦਰ ਸ਼ੇਖਰ ਨੂੰ ਪਿਛਲੇ ਸਾਲ ਸਹਾਰਨਪੁਰ ਵਿੱਚ ਹੋਏ ਜਾਤੀ ਦੰਗਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉਤੇ ਐੱਨ ਐੱਸ ਏ ਲਾਗੂ ਕੀਤਾ ਗਿਆ ਸੀ, ਪਰ ਅਚਾਨਕ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ। ਭੀਮ ਆਰਮੀ ਦਾ ਪੱਛਮੀ ਯੂ ਪੀ ਵਿੱਚ ਵੱਡਾ ਪ੍ਰਭਾਵ ਹੈ। ਭੀਮ ਆਰਮੀ ਨੂੰ ਇਸ ਖੇਤਰ ਵਿੱਚ ਦਲਿਤਾਂ ਤੇ ਮੁਸਲਮਾਨਾਂ ਨੂੰ ਇਕਮੁੱਠ ਕਰਨ ਵਿੱਚ ਸਫ਼ਲਤਾ ਮਿਲੀ ਹੈ। ਭਾਜਪਾ ਆਗੂ ਮੰਨਦੇ ਹਨ ਕਿ ਕੈਰਾਨਾ ਤੇ ਨੂਰਪੁਰ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਭੀਮ ਆਰਮੀ ਕਾਰਨ ਹੀ ਉਸ ਨੂੰ ਹਾਰ ਝੱਲਣੀ ਪਈ ਸੀ। ਰਿਹਾਈ ਤੋਂ ਬਾਅਦ ਭੀਮ ਆਰਮੀ ਪ੍ਰਮੁੱਖ ਨੇ ਜਲੂਸ ਦੀ ਸ਼ਕਲ ਵਿੱਚ ਆਪਣੇ ਪਿੰਡ ਛੁੱਟ ਮੁੱਲਪੁਰ ਪਹੁੰਚ ਕੇ ਕਿਹਾ ਕਿ ਪੁਲਸ ਗੋਲੀ ਚਲਾਏ, ਲਾਠੀਆਂ ਮਾਰੇ ਜਾਂ ਜੇਲ੍ਹ ਭੇਜੇ, ਅਸੀਂ ਹੱਕ ਲਈ ਲੜਾਂਗੇ, ਡਰਾਂਗੇ ਨਹੀਂ।
ਇਸ ਦੌਰਾਨ ਚੰਦਰ ਸ਼ੇਖਰ ਨੇ ਕਿਹਾ ਕਿ ਭਾਜਪਾ ਦੀ ਯੋਗੀ ਸਰਕਾਰ ਡਰ ਗਈ ਸੀ, ਕਿਉਂਕਿ ਸੁਪਰੀਮ ਕੋਰਟ ਵਿੱਚ ਕੱਲ੍ਹ ਹੀ ਮੇਰੇ ਕੇਸ ਦੀ ਸੁਣਵਾਈ ਹੋਣੀ ਸੀ, ਜਿਥੇ ਉਸ ਨੂੰ ਮੂੰਹ ਦੀ ਖਾਣੀ ਪੈਣੀ ਸੀ। ਇਸੇ ਲਈ ਸਰਕਾਰ ਨੂੰ ਉਸ ਨੂੰ ਰਿਹਾਅ ਕਰਨਾ ਪਿਆ। ਉਨ੍ਹਾ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਭਾਜਪਾ ਜਲਦੀ ਹੀ ਕੋਈ ਬਹਾਨਾ ਖੜਾ ਕਰਕੇ ਮੈਨੂੰ ਫਿਰ ਜੇਲ੍ਹ ਭੇਜ ਦੇਵੇਗੀ। ਮੈਂ ਆਪਣੇ ਸਮੱਰਥਕਾਂ ਨੂੰ ਅਪੀਲ ਕਰਦਾ ਕਿ ਉਹ 2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਮਰਕੱਸੇ ਕਰ ਲੈਣ।

137 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper