Latest News
ਯੂ ਪੀ ਦੇ 2 ਬਾਲ ਆਸ਼ਰਮਾਂ 'ਚੋਂ 24 ਬੱਚੇ ਗੁੰਮ

Published on 14 Sep, 2018 11:28 AM.


ਵਾਰਾਨਸੀ (ਨਵਾਂ ਜ਼ਮਾਨਾ ਸਰਵਿਸ)
ਦੇਵਰਿਆ ਦੇ ਬਾਲ ਆਸ਼ਰਮ 'ਚ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਯੂ ਪੀ 'ਚ ਦੋ ਬਾਲ ਆਸ਼ਰਮਾਂ 'ਚੋਂ 24 ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ 'ਚ ਵੀ ਬਾਲ ਆਸ਼ਰਮ ਵਿੱਚੋਂ ਬੱਚੇ ਗੁਆਚੇ ਹਨ। ਸੂਬੇ ਦੇ ਦੋ ਵਿਸ਼ੇਸ਼ ਆਸ਼ਰਮਾਂ ਵਾਰਾਨਸੀ ਦੇ ਲਕਸ਼ਮੀ ਸ਼ਿਸ਼ੂ ਗ੍ਰਹਿ ਅਤੇ ਮੀਰਜਾਪੁਰ ਦੇ ਮਹਾਂਦੇਵ ਸ਼ਿਸ਼ੂ ਗ੍ਰਹਿ 'ਚੋਂ ਬੱਚਿਆਂ ਦੇ ਗੁਆਚ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਮਾਮਲੇ 'ਤੇ ਐਕਸ਼ਨ ਲੈਂਦੇ ਹੋਏ 15 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ, ਜਿਸ ਦੇ ਬਾਅਦ ਦੋਵਾਂ ਜ਼ਿਲ੍ਹਿਆ 'ਚ ਡੀ ਐੱਮ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਸੈਂਟਰ ਅਡਾਪਸ਼ਨ ਰਿਸਰਚ ਏਜੰਸੀ (ਸੀ ਏ ਆਰ ਏ) ਦੇ ਚਾਈਲਡ ਅਡਾਪਸ਼ਨ ਰਿਸਰਚ ਇਨਫ਼ਰਮੇਸ਼ਨ ਐਂਡ ਗਾਈਡੈਂਸ ਤੋਂ ਮਿਲੇ 3 ਸਾਲ ਦੇ ਬਿਓਰੇ ਤੋਂ ਬਾਅਦ ਇਹ ਕਦਮ ਉਠਾਇਆ ਹੈ। ਸੰਸਥਾ ਦੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਵਾਰਾਨਸੀ 'ਚ 7 ਅਤੇ ਮੀਰਜਾਪੁਰ 'ਚ 17 ਬੱਚਿਆਂ ਨੂੰ ਨਾ ਤਾਂ ਅਡਾਪਟ ਕੀਤਾ ਗਿਆ ਅਤੇ ਨਾ ਹੀ ਉਹ ਬਾਲ ਆਸ਼ਰਮ 'ਚ ਪਾਏ ਗਏ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ 'ਚ ਐਡੀਸ਼ਨਲ ਸੈਕਟਰੀ ਅਜੈ ਤਿਰਕੇ ਨੇ ਯੂ ਪੀ ਦੇ ਬਾਲ ਵਿਕਾਸ ਵਿਭਾਗ ਦੀ ਚੀਫ਼ ਸੈਕਟਰੀ ਰੇਣੂਕਾ ਕੁਮਾਰ ਨੂੰ 21 ਅਗਸਤ ਨੂੰ ਇਕ ਪੱਤਰ ਲਿਖਿਆ ਸੀ। ਇਸ 'ਚ ਉਨ੍ਹਾ ਕਿਹਾ ਕਿ ਲਕਸ਼ਮੀ ਸ਼ਿਸ਼ੂ ਗ੍ਰਹਿ 'ਚ 3 ਬੱਚਿਆਂ ਦੇ ਵੇਰਵੇ ਮਿਲੇ ਹਨ ਅਤੇ ਪਤਾ ਚੱਲਿਆ ਹੈ ਕਿ 15 ਬੱਚਿਆਂ ਨੂੰ ਇਥੇ ਲਿਆਂਦਾ ਗਿਆ, ਪਰ ਇਸ ਦੌਰਾਨ ਕੋਈ ਅਡਾਪਸ਼ਨ ਨਹੀਂ ਹੋਇਆ।
ਵਿਭਾਗ ਨੇ ਖ਼ਤ 'ਚ ਕਿਹਾ ਹੈ, 'ਕੇਅਰਿੰਗਜ਼ ਮੁਤਾਬਕ ਇਸ ਬਾਲ ਆਸ਼ਰਮ 'ਚ 16 ਅਪ੍ਰੈਲ ਨੂੰ 8 ਬੱਚੇ ਮਿਲੇ ਸਨ, ਜਦੋਂ ਕਿ 7 ਬੱਚਿਆਂ ਦਾ ਕੋਈ ਰਿਕਾਰਡ ਨਹੀਂ। ਇਸੇ ਤਰ੍ਹਾਂ ਮੀਰਜਾਪੁਰ ਦੇ ਮਹਾਂਦੇਵ ਸ਼ਿਸੂ ਘਰ ਨੂੰ ਦਿਖਾਇਆ ਕਿ ਇੱਥੇ 38 ਬੱਚੇ ਦਾਖਲ ਹੋਏ , ਜਦੋਂ ਕਿ ਇਸ ਦੌਰਾਨ 15 ਬੱਚਿਆਂ ਨੂੰ ਅਡਾਪਟ ਕੀਤਾ ਗਿਆ। 16 ਅਪ੍ਰੈਲ ਨੂੰ ਇੱਥੇ 6 ਬੱਚੇ ਮੌਜੂਦ ਸਨ।' ਖ਼ਤ 'ਚ ਕਿਹਾ ਗਿਆ ਹੈ ਕਿ ਬਾਕੀ 17 ਬੱਚਿਆਂ ਬਾਰੇ 'ਚ ਨਾ ਤਾਂ ਕੋਈ ਵੇਰਵਾ ਮਿਲਿਆ ਅਤੇ ਨਾ ਹੀ ਉਹ ਸ਼ਿਸ਼ੂ ਗ੍ਰਹਿ 'ਚ ਮਿਲੇ।

108 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper