Latest News
ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਸਿੱਧੂ ਨੇ ਦਿੱਤਾ ਜਥੇਦਾਰ ਅਕਾਲ ਤਖਤ ਨੂੰ ਮੰਗ ਪੱਤਰ

Published on 14 Sep, 2018 11:31 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਬਾਦਲਾਂ ਦੇ ਕਰੜੇ ਆਲੋਚਕ ਨਵਜੋਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਬਰਗਾੜੀ, ਬਹਿਬਲ ਕਲਾਂ ਤੇ ਮਾਲੇਰਕੋਟਲਾ ਕਾਂਡ ਦੇ ਕਥਿਤ ਦੋਸ਼ੀਆਂ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਸਾਥੀਆਂ ਨੂੰ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗੈਰ-ਹਾਜ਼ਰੀ ਵਿੱਚ ਉਹਨਾਂ ਦੇ ਨਿੱਜੀ ਸਹਾਇਕ ਭਾਈ ਭੁਪਿੰਦਰ ਸਿੰਘ ਸਰਪੰਚ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮਈ 2007 ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਸਿੱਖ ਪੰਥ ਦੇ ਹਿਰਦਿਆਂ ਨੂੰ ਵਲੂੰਧਰਿਆ। ਮੋਰਚਾ ਲੱਗਾ ਤਾਂ ਇੱਕ ਸਿੱਖ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਹ ਕਾਂਡ ਬਾਦਲ ਸਰਕਾਰ ਵੇਲੇ ਵਾਪਰਿਆ। ਬਾਦਲ ਸਰਕਾਰ ਨੇ ਡੇਰਾ ਮੁਖੀ ਖਿਲਾਫ ਕੇਸ ਦਰਜ ਕਰ ਦਿੱਤਾ, ਪਰ ਗ੍ਰਿਫਤਾਰੀ ਨਾ ਕੀਤਾ। 2009 ਵਿੱਚ ਲੋਕ ਸਭਾ ਦੀਆ ਚੋਣਾਂ ਹੋਣੀਆ ਸਨ ਤਾਂ ਡੇਰਾ ਮੁਖੀ ਨਾਲ ਅਕਾਲੀਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਜਿਤਾਉਣ ਲਈ ਸਮਝੌਤਾ ਕੀਤਾ ਕਿ ਜੇਕਰ ਉਹ ਬੀਬੀ ਬਾਦਲ ਦੀ ਮਦਦ ਕਰਨਗੇ ਤਾਂ ਕੇਸ ਖਾਰਜ ਕਰ ਦਿੱਤਾ ਜਾਵੇਗਾ।
ਬੀਬੀ ਬਾਦਲ ਦੀ ਜਿੱਤ ਤੋਂ ਬਾਅਦ ਡੇਰਾ ਮੁਖੀ ਖਿਲਾਫ ਦਰਜ ਕੇਸ ਠੰਢੇ ਬਸਤੇ ਵਿੱਚ ਪਾ ਦਿੱਤਾ। 2012 ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆ ਤਾਂ ਬਾਦਲਾਂ ਨੇ ਫਿਰ ਡੇਰਾ ਮੁਖੀ ਦੇ ਕੇਸ ਦਾ ਰੌਲਾ ਪਾ ਦਿੱਤਾ ਤੇ ਪੁਲਸ ਨੇ ਅਦਾਲਤ ਵਿੱਚ ਲਿਖ ਕੇ ਦਿੱਤਾ ਕਿ ਕੇਸ ਦਰਜ ਕਰਾਉਣ ਵਾਲਾ ਤਾਂ ਮੌਕੇ 'ਤੇ ਹਾਜ਼ਰ ਹੀ ਨਹੀ ਸੀ।
2014 ਦੀਆ ਚੋਣਾਂ ਆ ਗਈਆਂ ਤਾਂ ਬੀਬੀ ਬਾਦਲ ਨੂੰ ਫਿਰ ਬਠਿੰਡਾ ਤੋਂ ਜਿਤਾਉੁਣ ਲਈ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਆਰੰਭ ਹੋਈ ਤੇ ਕੇਸ ਪੁਲਸ ਨੇ ਵਾਪਸ ਲੈ ਲਿਆ, ਤਾਂ ਕਿ ਬੀਬੀ ਬਾਦਲ ਫਿਰ ਬਠਿੰਡਾ ਤੋ ਜਿੱਤ ਸਕੇ। ਪੰਜਾਬ ਵਿੱਚ ਡੇਰਾ ਮੁਖੀ ਦੀ ਫਿਲਮ 'ਮੈਸੰਜਰ ਆਫ ਗੌਡ-2' ਚਲਾਉਣ ਲਈ ਡੇਰਾ ਮੁਖੀ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣੀ ਜ਼ਰੂਰੀ ਸੀ ਤੇ ਮੁਆਫੀ ਦਿਵਾਈ ਗਈ, ਪਰ ਸੰਗਤਾਂ ਵੱਲੋਂ ਮੋਰਚਾ ਖੋਲ੍ਹ ਦਿੱਤੇ ਜਾਣ ਨਾਲ 24 ਦਿਨ ਬਾਅਦ ਦਿੱਤੀ ਮੁਆਫੀ ਵਾਪਸ ਲੈ ਲਈ ਗਈ। ਸ੍ਰੀ ਸਿੱਧੂ ਨੇ ਕਿਹਾ ਕਿ ਉਹਨਾ ਨੂੰ ਜਥੇਦਾਰ ਅਕਾਲ ਤਖਤ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਕਾਰਵਾਈ ਜ਼ਰੂਰ ਕਰਨਗੇ, ਕਿਉਂਕਿ ਡੇਰਾ ਮੁਖੀ ਦੀ ਮੁਆਫੀ ਤੋਂ ਲੈ ਕੇ ਬੇਅਦਬੀਆਂ ਤੋਂ ਗੋਲੀ ਕਾਂਡ ਤੱਕ ਦੇ ਦੋਸ਼ਾਂ ਲਈ ਬਾਦਲ ਦੋਸ਼ੀ ਹਨ ਤੇ ਇਹਨਾਂ ਦੋਸ਼ਾਂ 'ਤੇ ਵਿਚਾਰ-ਚਰਚਾ ਕਰਕੇ ਬਾਦਲਾਂ ਨੂੰ ਤੁਰੰਤ ਪੰਥ ਵਿੱਚੋਂ ਛੇਕਿਆ ਜਾਵੇ, ਕਿਉਕਿ ਇਹਨਾਂ ਪੰਥ ਵਿੱਚ ਗਦਾਰਾਂ ਵਾਲੀ ਭੂਮਿਕਾ ਨਿਭਾਈ ਹੈ। ਉਹਨਾ ਕਿਹਾ ਕਿ ਬਾਦਲਾਂ ਨੇ ਪੰਥ ਦੇ ਨਾਂਅ 'ਤੇ ਹਮੇਸ਼ਾ ਹੀ ਸਿਆਸਤ ਨਹੀਂ, ਸਗੋਂ ਸੌਦਾਗਰੀ ਕੀਤੀ ਹੈ। ਉਹਨਾ ਮੰਗ ਕੀਤੀ ਕਿ ਪੰਥ ਵਿੱਚੋਂ ਛੇਕਣ ਦੀ ਕਾਰਵਾਈ ਮੁਕੰਮਲ ਕਰਕੇ ਸੰਗਤਾਂ ਦੇ ਨਾਂਅ ਆਦੇਸ਼ ਜਾਰੀ ਕੀਤਾ ਜਾਵੇ ਕਿ ਇਹਨਾਂ ਨਾਲ ਕਿਸੇ ਕਿਸਮ ਦੀ ਰੋਟੀ-ਬੇਟੀ ਦੀ ਸਾਂਝ ਨਾ ਰੱਖੀ ਜਾਵੇ। ਮੰਗ ਪੱਤਰ ਦੇਣ ਲਈ ਸ੍ਰੀ ਸਿੱਧੂ ਇਕੱਲੇ ਗਏ ਤੇ ਮੰਗ ਪੱਤਰ ਦੇ ਕੇ ਵਾਪਸ ਪਰਤ ਗਏ।

253 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper