Latest News
ਪੰਜਾਬ ਦਾ ਮੌਜੂਦਾ ਮਾਹੌਲ ਤੇ ਚੌਕਸੀ ਦੀ ਲੋੜ

Published on 16 Sep, 2018 10:42 AM.


ਐਨ ਓਦੋਂ, ਜਦੋਂ ਸਾਰੇ ਪੰਜਾਬ ਦੇ ਲੋਕਾਂ ਦਾ ਧਿਆਨ ਫਰੀਦਕੋਟ ਦੀ ਅਕਾਲੀ ਰੈਲੀ ਦੇ ਹੋਣ ਜਾਂ ਨਾ ਹੋਣ ਦੀ ਸਥਿਤੀ ਵੱਲ ਲੱਗਾ ਹੋਇਆ ਸੀ, ਜਲੰਧਰ ਦੇ ਬਾਹਰੀ ਹੱਦ ਵਾਲੇ ਮਕਸੂਦਾਂ ਥਾਣੇ ਉੱਤੇ ਬੰਬ ਸੁੱਟੇ ਜਾਣ ਦੀ ਘਟਨਾ ਵਾਪਰ ਗਈ। ਸੁਰੱਖਿਆ ਮਾਹਰ ਮੁੱਢਲੀ ਜਾਂਚ ਪਿੱਛੋਂ ਇਹ ਰਾਏ ਪ੍ਰਗਟ ਕਰਦੇ ਪਏ ਹਨ ਕਿ ਇਹ ਬੰਬ ਆਪਣੀ ਤਾਕਤ ਵੱਲੋਂ ਛੋਟੇ ਸਨ ਤੇ ਸੁੱਟਣ ਦੀ ਵੀ ਕਾਹਲੀ ਕੀਤੀ ਹੋਣ ਕਾਰਨ ਟਿਕਾਣੇ ਨਹੀਂ ਸੀ ਸੁੱਟੇ ਗਏ, ਜਿਸ ਕਰ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਰਕਾਰ ਦਾ ਇਸ ਵੱਲ ਫੌਰੀ ਤੌਰ ਉੱਤੇ ਸਾਰਾ ਧਿਆਨ ਹੋਣਾ ਚਾਹੀਦਾ ਸੀ, ਪਰ ਧਿਆਨ ਏਧਰ ਨਾ ਹੋ ਕੇ ਉਸ ਵੇਲੇ ਫਰੀਦਕੋਟ ਦੀ ਅਕਾਲੀ ਰੈਲੀ ਦੀ ਆਗਿਆ ਬਾਰੇ ਹਾਈ ਕੋਰਟ ਵਿੱਚ ਚੱਲਦੇ ਕੇਸ ਨੇ ਖਿੱਚ ਰੱਖਿਆ ਸੀ। ਇਹ ਬੇਲੋੜੀ ਕਸਰਤ ਸੀ। ਅਕਾਲੀਆਂ ਨੇ ਰੈਲੀ ਕਰਨੀ ਸੀ, ਕਰਨ ਦੇਣੀ ਚਾਹੀਦੀ ਸੀ ਤੇ ਜੇ ਵਿਰੋਧ ਹੀ ਕਰਨਾ ਸੀ ਤਾਂ ਜਿਵੇਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਬਠਿੰਡਾ ਦੀ ਅਕਾਲੀ ਰੈਲੀ ਦੇ ਮੁਕਾਬਲੇ ਵਿੱਚ ਕਾਂਗਰਸ ਪਾਰਟੀ ਨੇ ਓਸੇ ਥਾਂ ਰੈਲੀ ਕੀਤੀ ਸੀ, ਉਵੇਂ ਹੀ ਇਸ ਵਾਰ ਵੀ ਕਰ ਸਕਦੇ ਸਨ। ਰੈਲੀ ਰੋਕਣ ਦੀ ਬੇਲੋੜੀ ਕਸਰਤ ਨੇ ਸਰਕਾਰ ਤੇ ਇਸ ਦੀਆਂ ਏਜੰਸੀਆਂ ਦਾ ਧਿਆਨ ਦੋ ਦਿਨ ਉਸ ਪਾਸੇ ਲਾਈ ਰੱਖਿਆ ਤੇ ਇਸ ਦੌਰਾਨ ਜੋ ਕੁਝ ਦੂਸਰੇ ਪਾਸੇ ਵਾਪਰਦਾ ਰਿਹਾ, ਉਸ ਦੇ ਵੱਲ ਬਣਦਾ ਧਿਆਨ ਦਿੱਤਾ ਹੀ ਨਹੀਂ ਸੀ ਜਾ ਸਕਿਆ।
ਬਾਅਦ ਦੀਆਂ ਖਬਰਾਂ ਨੂੰ ਜਦੋਂ ਇੱਕ ਦੂਸਰੀ ਨਾਲ ਜੋੜਿਆ ਜਾ ਰਿਹਾ ਹੈ ਤਾਂ ਇਸ ਤੋਂ ਕਾਫੀ ਖਤਰਨਾਕ ਸੰਕੇਤ ਮਿਲਦੇ ਹਨ ਤੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਹੋਏ ਲੋਕ ਇਸ ਬਾਰੇ ਖੁੱਲ੍ਹ ਕੇ ਕੋਈ ਗੱਲ ਵੀ ਕਰਨ ਤੋਂ ਝਿਜਕਦੇ ਹਨ।
ਪੰਜਾਬ ਦੇ ਲੋਕਾਂ ਨੇ ਇੱਕ ਇਹੋ ਜਿਹਾ ਮਾੜਾ ਦੌਰ ਵੇਖਿਆ ਹੋਇਆ ਹੈ, ਜਿਸ ਵਿੱਚ ਬਾਰਾਂ ਸਾਲ ਲੋਕੀਂ ਘਰਾਂ ਅੰਦਰ ਤੜੇ ਰਹਿਣ ਲਈ ਮਜਬੂਰ ਹੁੰਦੇ ਸਨ। ਸੂਰਜ ਨਿਕਲਣ ਤੋਂ ਪਹਿਲਾਂ ਲੋਕ ਘਰੋਂ ਨਹੀਂ ਸਨ ਨਿਕਲਦੇ ਤੇ ਸ਼ਾਮ ਪੈਣ ਤੋਂ ਪਹਿਲਾਂ ਘਰੀਂ ਪੁੱਜਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ। ਫਿਰ ਸਮਾਂ ਬਦਲਿਆ ਤੇ ਪੰਜਾਬ ਅਗਲੇ ਕਦਮ ਪੁੱਟਣ ਲੱਗਾ ਸੀ। ਇਸ ਦੇ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇਹੋ ਜਿਹੀਆਂ ਕੁੜੱਤਣਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਵਿੱਚ ਖਾਸ ਤੌਰ ਉੱਤੇ ਸਿੱਖਾਂ ਦੇ ਜਜ਼ਬਾਤ ਨੂੰ ਭੜਕਾਉਣ ਦੇ ਐਨ ਉਹੋ ਯਤਨ ਸ਼ੁਰੂ ਹੋ ਗਏ ਹਨ, ਜਿਹੜੇ ਪੈਂਤੀ ਸਾਲ ਪਹਿਲਾਂ ਹੋਏ ਸਨ। ਪੁਰਾਣੇ ਦੌਰ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਪਾਸੇ ਤੇ ਨਵੀਂ ਬਣਾਈ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਾਂਗਰਸ ਪਾਰਟੀ ਦੇ ਟਕਰਾਅ ਵਿੱਚ ਐਨ ਉਸ ਤੋਂ ਉਲਟ ਦੂਸਰੇ ਪਾਸੇ ਦੀ ਭੜਕਾਊ ਭਾਸ਼ਣਬਾਜ਼ੀ ਕਰਦੇ ਹੁੰਦੇ ਸਨ। ਸਰਕਾਰ ਕਾਂਗਰਸ ਦੀ ਸੀ ਤੇ ਵੱਧ ਭੜਕਾਊ ਭਾਜਪਾ ਵਾਲੇ ਬੋਲਦੇ ਹੁੰਦੇ ਸਨ। ਅੱਜ ਫਿਰ ਉਹੋ ਜਿਹੀ ਸਥਿਤੀ ਹੈ, ਪਰ ਭਾਜਪਾ ਦੀ ਥਾਂ ਆਮ ਆਦਮੀ ਪਾਰਟੀ ਵਾਲੇ ਕੁਝ ਆਗੂ ਹਨ। ਪਿਛਲੇ ਦਿਨਾਂ ਵਿੱਚ ਡੇਰਾ ਸੱਚਾ ਸੌਦਾ ਤੇ ਬਰਗਾੜੀ ਦਾ ਕਾਂਡ ਲੈ ਕੇ ਇੱਕ ਪਾਸੇ ਅਕਾਲੀ ਦਲ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਏਨੀ ਤਿੱਖੀ ਬੋਲੀ ਬੋਲਦੇ ਰਹੇ ਹਨ ਕਿ ਕਾਂਗਰਸ ਵਾਲੇ ਵੀ ਉਨ੍ਹਾਂ ਤੋਂ ਪਛੜ ਗਏ ਹਨ। ਸਿਆਸੀ ਟਕਰਾਅ ਦਾ ਇਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਹੈ, ਜਿਸ ਵਿੱਚ ਫਿਰ ਤਿੱਖੀ ਬੋਲੀ ਬੋਲਣ ਵਾਲਿਆਂ ਦੀ ਚੜ੍ਹਤ ਦੇ ਕਾਰਨ ਪੰਜਾਬ ਦੇ ਸਿਵਲ ਤੇ ਪੁਲਸ ਪ੍ਰਸ਼ਾਸਨ ਦਾ ਧਿਆਨ ਹੋਰ ਸੁਰੱਖਿਆ ਜ਼ਿੰਮੇਵਾਰੀਆਂ ਤੋਂ ਵੱਧ ਏਦਾਂ ਦੇ ਟਕਰਾਵਾਂ ਵੱਲ ਲੱਗਦਾ ਜਾ ਰਿਹਾ ਹੈ।
ਸਥਿਤੀ ਦਾ ਦੂਸਰਾ ਪਾਸਾ ਇਹ ਹੈ ਕਿ ਵਿਦੇਸ਼ਾਂ ਵਿੱਚੋਂ ਕੁਝ ਖਾਸ ਤਰ੍ਹਾਂ ਦੇ ਲੋਕ ਇਸ ਮਾਹੌਲ ਵਿੱਚ ਆਪਣੀ ਕਿਸਮ ਦਾ ਦਖਲ ਦੇਣ ਲਈ ਸਾਰੀ ਵਾਹ ਲਾ ਰਹੇ ਹਨ। ਉਹ ਕਿਸੇ ਵੀ ਤਰ੍ਹਾਂ ਦਾ ਓਹਲਾ ਰੱਖੇ ਬਿਨਾਂ ਪੰਜਾਬ ਵਿੱਚ ਆਪਣੀ ਸਰਗਰਮੀ ਬਾਰੇ ਖੁੱਲ੍ਹ ਕੇ ਬੋਲਦੇ ਸੁਣਦੇ ਹਨ। ਮਕਸੂਦਾਂ ਥਾਣੇ ਉੱਤੇ ਬੰਬ ਸੁੱਟੇ ਜਾਣ ਦੀ ਘਟਨਾ ਦੀ ਜ਼ਿੰਮੇਵਾਰੀ ਵੀ ਇੱਕ ਜਥੇਬੰਦੀ ਨੇ ਐਨ ਓਸੇ ਤਰ੍ਹਾਂ ਪ੍ਰੈੱਸ ਨੋਟ ਜਾਰੀ ਕਰ ਕੇ ਲਈ ਹੈ, ਜਿਵੇਂ ਤੀਹ ਕੁ ਸਾਲ ਪਹਿਲਾਂ ਲਈ ਜਾਂਦੀ ਸੀ। ਇਸ ਨਾਲ ਇਸ ਰਾਜ ਦੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਸ਼ੰਕਿਆਂ ਤੋਂ ਵਧ ਕੇ ਡਰ ਵਾਲੇ ਖਿਆਲ ਆਉਣ ਲੱਗੇ ਹਨ ਕਿ ਮਹਿੰਗੇ ਭਾਅ ਪੰਜਾਬ ਨੂੰ ਹਾਸਲ ਹੋਇਆ ਅਮਨ ਖਤਰੇ ਵਿੱਚ ਨਾ ਪੈ ਜਾਂਦਾ ਹੋਵੇ। ਇਹੋ ਜਿਹਾ ਖਤਰਾ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵੇਲੇ ਮੌੜ ਮੰਡੀ ਦੇ ਬੰਬ ਧਮਾਕੇ ਦੇ ਵਕਤ ਵੀ ਮਹਿਸੂਸ ਕੀਤਾ ਗਿਆ ਸੀ, ਜਿਸ ਬਾਰੇ ਬਾਅਦ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਕਿਸੇ ਡੇਰੇ ਵਾਲੀ ਧਾੜ ਦਾ ਕੰਮ ਸੀ। ਇਸ ਵਾਰੀ ਮਕਸੂਦਾਂ ਵਿੱਚ ਜੋ ਕੁਝ ਹੋਇਆ ਹੈ, ਇਹ ਵੀ ਕਿਸੇ ਧਿਰ ਦੀ ਸ਼ਰਾਰਤ ਹੋ ਸਕਦਾ ਹੈ ਜਾਂ ਕਿਸੇ ਧਿਰ ਦੀ ਆਪਣੀ ਹੋਂਦ ਵਿਖਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਇਹ ਸੰਭਾਵਨਾ ਵੀ ਰੱਦ ਕਰਨ ਵਾਲੀ ਨਹੀਂ ਕਿ ਸੱਚਮੁੱਚ ਕੁਝ ਪੁਰਾਣੀ ਕਿਸਮ ਦਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਇਹ ਕੋਸ਼ਿਸ਼ ਅਸਫਲ ਹੋ ਗਈ ਹੋਵੇ।
ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਕੋਈ ਢਿੱਲ ਵਰਤੀ ਜਾਵੇ। ਸਰਕਾਰ ਅਤੇ ਸਰਕਾਰੀ ਏਜੰਸੀਆਂ ਨੂੰ ਪੂਰੀ ਤਰ੍ਹਾਂ ਆਪਣੇ ਫਰਜ਼ਾਂ ਦਾ ਖਿਆਲ ਰੱਖਦੇ ਹੋਏ ਹਰ ਨੁਕਤੇ ਤੋਂ ਇਸ ਘਟਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਰੀਆਂ ਘਟਨਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ। ਨਿਕਲਣ ਨੂੰ ਕੱਲ੍ਹ ਨੂੰ ਕੋਈ ਜੁਗਨੂੰ ਵੀ ਨਿਕਲ ਸਕਦਾ ਹੈ, ਪਰ ਜਾਂਚ ਚਿੰਗਾੜੀ ਸਮਝ ਕੇ ਕਰਨੀ ਪਵੇਗੀ। ਪੰਜਾਬ ਦੇ ਲੋਕਾਂ ਨੂੰ ਵੀ ਇਸ ਮੌਕੇ ਚੌਕਸ ਰਹਿਣਾ ਅਤੇ ਆਪਣੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜਦੋਂ ਕਿਸੇ ਰਾਜ ਵਿੱਚ ਇਸ ਤਰ੍ਹਾਂ ਦੇ ਸਿਆਸੀ ਟਕਰਾਅ ਦਾ ਮਾਹੌਲ ਹੋਵੇ ਤਾਂ ਕਈ ਤਾਕਤਾਂ ਬਾਹਰੋਂ ਚਾਬੀ ਘੁੰਮਾਉਣ ਦੇ ਯਤਨ ਕਰਨ ਲੱਗਦੀਆਂ ਹਨ ਤੇ ਸਾਡੇ ਗਵਾਂਢ ਉਹ ਦੇਸ਼ ਹੈ, ਜਿਸ ਦੀਆਂ ਏਜੰਸੀਆਂ ਨੇ ਕਦੀ ਮੌਕਾ ਗੁਆਇਆ ਹੀ ਨਹੀਂ। ਚੌਕਸੀ ਬੜੀ ਜ਼ਰੂਰੀ ਹੈ।
-ਜਤਿੰਦਰ ਪਨੂੰ

1356 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper