Latest News
ਆਪ ਪਾਰਟੀ ਦੀਆਂ ਭੱਜੀਆਂ ਬਾਹੀਂ

Published on 18 Sep, 2018 10:24 AM.


ਇਸ ਸੋਮਵਾਰ ਦੇ ਦਿਨ ਇਹ ਖਬਰ ਲੋਕਾਂ ਨੂੰ ਬੜੀ ਅਚਾਨਕ ਮਿਲੀ ਕਿ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਕਹੇ ਉੱਤੇ ਪੰਜਾਬ ਦੀ ਪਾਰਟੀ ਦਾ ਇੱਕ ਉੱਚ ਪੱਧਰੀ ਵਫਦ ਆਪਣੇ ਸਾਬਕਾ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਮਿਲਣ ਲਈ ਗਿਆ ਹੈ। ਇਨ੍ਹਾਂ ਵਿੱਚ ਪਾਰਟੀ ਦਾ ਅੱਜ ਕੱਲ੍ਹ ਦਾ ਪੰਜਾਬ ਦਾ ਮੁਖੀ ਡਾਕਟਰ ਬਲਬੀਰ ਸਿੰਘ ਵੀ ਸੀ ਤੇ ਅਸੈਂਬਲੀ ਗਰੁੱਪ ਦਾ ਨਵਾਂ ਬਣਾਇਆ ਮੁਖੀ ਹਰਪਾਲ ਸਿੰਘ ਚੀਮਾ ਵੀ ਤੇ ਕੁਝ ਹੋਰ ਲੋਕ ਵੀ। ਮੁੱਦਾ ਸਿਰਫ ਇੱਕੋ ਸੀ ਕਿ ਛੋਟੇਪੁਰ ਨੂੰ ਇੱਕ ਵਾਰ ਫਿਰ ਇਸ ਪਾਰਟੀ ਦੇ ਨੇੜੇ ਲਿਆਂਦਾ ਜਾਵੇ ਤੇ ਇਸ ਮਕਸਦ ਲਈ ਉਸ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਜੋ ਪਿੱਛੇ ਹੋ ਗਿਆ, ਉਸ ਨੂੰ ਭੁਲਾ ਕੇ ਅੱਗੇ ਵਧਣ ਦੀ ਲੋੜ ਹੈ। ਇਹ ਏਨਾ ਸੌਖਾ ਕੰਮ ਨਹੀਂ ਸੀ।
ਬਾਅਦ ਵਿੱਚ ਜਿਹੜੀ ਖਬਰ ਆਈ, ਉਸ ਦਾ ਅੰਦਾਜ਼ਾ ਅਗੇਤਾ ਹੀ ਹੋ ਸਕਦਾ ਸੀ। ਸੁੱਚਾ ਸਿੰਘ ਛੋਟੇਪੁਰ ਨੇ ਇਸ ਵਫਦ ਦੇ ਮੈਂਬਰਾਂ ਨੂੰ ਆਇਆਂ ਨੂੰ ਪੂਰਾ ਬਣਦਾ ਮਾਣ ਦਿੱਤਾ, ਪਰ ਬੀਤੇ ਸਮੇਂ ਦੀਆਂ ਭੁੱਲਾਂ ਨੂੰ ਭੁਲਾ ਕੇ ਫਿਰ ਪਾਰਟੀ ਨਾਲ ਜੁੜਨ ਵਾਲੇ ਮੁੱਦੇ ਉੱਤੇ ਉਸ ਨੇ ਕਿਹਾ ਕਿ ਇੱਕ ਦਮ ਹਾਮੀ ਨਹੀਂ ਭਰੀ ਜਾਣੀ। ਉਸ ਨੇ ਸਾਫ ਕਿਹਾ ਕਿ ਉਸ ਦੇ ਖਿਲਾਫ ਜਿੱਦਾਂ ਦਾ ਫੈਸਲਾ ਉਸ ਵਕਤ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਲਿਆ ਸੀ ਤੇ ਜਿਸ ਢੰਗ ਨਾਲ ਲਿਆ ਸੀ, ਉਸ ਨਾਲ ਪਾਰਟੀ ਦਾ ਵੀ ਨੁਕਸਾਨ ਹੋਇਆ ਸੀ, ਪੰਜਾਬ ਦਾ ਵੀ ਅਤੇ ਸਭ ਤੋਂ ਵੱਧ ਸੱਟ ਉਸ ਦੇ ਸਨਮਾਨ ਨੂੰ ਵੱਜੀ ਸੀ। ਛੋਟੇਪੁਰ ਲਈ ਓਦੋਂ ਵਾਲੀ ਸੱਟ ਨੂੰ ਇੱਕ ਦਮ ਭੁਲਾਉਣਾ ਔਖਾ ਹੈ ਤੇ ਇਹ ਗੱਲ ਹਜ਼ਮ ਕਰਨੀ ਵੀ ਔਖੀ ਹੈ ਕਿ ਓਦੋਂ ਜਿਹੜੇ ਲੀਡਰਾਂ ਨੇ ਕਿਸੇ ਤੀਸਰੇ ਦੇ ਚੁੱਕੇ ਹੋਏ ਏਦਾਂ ਦੀਆਂ ਭੱਦੀਆਂ ਊਜਾਂ ਲਾ ਦਿੱਤੀਆਂ ਸਨ, ਉਹ ਪਾਸੇ ਰਹਿ ਜਾਣ ਤੇ ਪੰਜਾਬ ਦੀ ਪਾਰਟੀ ਦੇ ਕੁਝ ਲੀਡਰਾਂ ਰਾਹੀਂ ਛੋਟੇਪੁਰ ਨੂੰ ਮਨਾ ਕੇ ਵਾਪਸ ਲੈ ਆਂਦਾ ਜਾਵੇ। ਇਸ ਲਈ ਉਹ ਇਸ ਗੱਲ ਉੱਤੇ ਜ਼ੋਰ ਪਾਉਂਦਾ ਰਿਹਾ ਕਿ ਪਾਰਟੀ ਦੀ ਦਿੱਲੀ ਬੈਠੀ ਲੀਡਰਸ਼ਿਪ ਖੁਦ ਸਿੱਧੀ ਗੱਲਬਾਤ ਕਰੇ ਤੇ ਓਦੋਂ ਵਾਲੇ ਹਾਲਾਤ ਦੀ ਭੁੱਲ ਨੂੰ ਮੰਨਣ ਦੇ ਨਾਲ ਇਸ ਗੱਲ ਬਾਰੇ ਕੋਈ ਭਰੋਸਾ ਦੇਵੇ ਕਿ ਦੋਬਾਰਾ ਇਹ ਕੁਝ ਵਾਪਰੇਗਾ ਨਹੀਂ, ਕਿਉਂਕਿ ਓਦੋਂ ਵਾਲੇ ਲੀਡਰ ਅੱਜ ਵੀ ਹਾਈ ਕਮਾਂਡ ਵਿੱਚ ਹਨ।
ਪਾਰਟੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਕਈ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਦਾ ਇਸ ਪਾਰਟੀ ਨੂੰ ਨੁਕਸਾਨ ਹੁੰਦਾ ਰਿਹਾ ਹੈ। ਹਾਲੇ ਇਸ ਅਗਸਤ ਵਿੱਚ ਜਿਵੇਂ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਨੇਤਾ ਵਾਲੇ ਅਹੁਦੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਹਟਾਇਆ ਗਿਆ ਹੈ, ਉਹ ਵੀ ਤਾਂ ਇੱਕ ਭੁੱਲ ਸੀ। ਇਹੀ ਕੰਮ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਦੇ ਵਿੱਚ ਵੀ ਕੀਤਾ ਜਾ ਸਕਦਾ ਸੀ। ਅੱਜ ਵੀ ਪਾਰਟੀ ਵਿਧਾਇਕਾਂ ਦੀ ਬਹੁ-ਗਿਣਤੀ ਪਾਰਟੀ ਦੇ ਨਾਲ ਹੈ। ਜਦੋਂ ਬਹੁ-ਗਿਣਤੀ ਹਾਈ ਕਮਾਂਡ ਦੇ ਨਾਲ ਸੀ ਤਾਂ ਕਿਸੇ ਨਾਲ ਸਲਾਹ ਕੀਤੇ ਬਿਨਾਂ ਵਿਧਾਨ ਸਭਾ ਦੇ ਸਪੀਕਰ ਨੂੰ ਆਪਣੇ ਗਰੁੱਪ ਦਾ ਲੀਡਰ ਬਦਲਣ ਲਈ ਚਿੱਠੀ ਕੱਢਣ ਵਿੱਚ ਏਦਾਂ ਦੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ। ਵਿਧਾਇਕਾਂ ਦੀ ਮੀਟਿੰਗ ਸੱਦੀ ਜਾਣੀ ਬਣਦੀ ਸੀ।
ਅਸਲ ਵਿੱਚ ਇਸ ਪਾਰਟੀ ਦੇ ਬਾਰੇ ਪਾਰਟੀ ਦੇ ਅੰਦਰ ਵੀ ਅਤੇ ਬਾਹਰ ਵੀ ਇਹ ਪ੍ਰਭਾਵ ਬਣਦਾ ਜਾਂਦਾ ਹੈ ਕਿ ਸਿਰਫ ਦੋ ਜਾਂ ਤਿੰਨ ਆਗੂ ਆਪਣੇ ਆਪ ਨੂੰ ਹਾਈ ਕਮਾਂਡ ਸਮਝਦੇ ਹਨ ਤੇ ਬਾਕੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦੀ ਨਕਲ ਕਰ ਕੇ ਰਾਜਾਂ ਦੇ ਆਗੂ ਵੀ, ਖਾਸ ਕਰ ਕੇ ਪੰਜਾਬ ਦੇ ਆਗੂ ਵੀ, ਆਪਣੇ ਆਪ ਨੂੰ ਹੀ ਹਾਈ ਕਮਾਂਡ ਸਮਝਣ ਲੱਗ ਪਏ ਤੇ ਜਿਹੜਾ ਕੋਈ ਪਸੰਦ ਨਹੀਂ, ਉਸ ਨੂੰ ਖੂੰਜੇ ਲਾਉਣ ਦਾ ਕੰਮ ਸ਼ੁਰੂ ਕਰ ਲਿਆ। ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਦੋ ਲੀਡਰ ਹਾਈ ਕਮਾਂਡ ਨੇ ਉਚੇਚੇ ਪੰਜਾਬ ਦੇ ਇੰਚਾਰਜ ਬਣਾ ਕੇ ਭੇਜੇ ਸਨ, ਉਨ੍ਹਾਂ ਵਿੱਚੋਂ ਸੰਜੇ ਸਿੰਘ ਉੱਤੇ ਵੀ ਦੋਸ਼ ਲੱਗਦੇ ਸਨ, ਪਰ ਇੱਕ ਹੋਰ ਮੂਲੋਂ ਹੀ ਛੋਕਰਾ ਜਿਹਾ ਉਸ ਦੇ ਨਾਲ ਆਇਆ ਸੀ, ਉਹ ਤਾਂ ਨਿਰੀ ਬਦਨਾਮੀ ਦੀ ਪੰਡ ਸੀ। ਚੰਗੀ ਭਲੀ ਚੱਲ ਰਹੀ ਪੰਜਾਬ ਦੀ ਪਾਰਟੀ ਦਾ ਭੱਠਾ ਇਨ੍ਹਾਂ ਦੇ ਘੇਰੇ ਜੁੜੇ ਹੋਏ ਉਨ੍ਹਾਂ ਲੋਕਾਂ ਨੇ ਬਿਠਾਇਆ, ਜਿਹੜੇ ਕਿਸੇ ਵੀ ਤਰ੍ਹਾਂ ਇਸ ਪਾਰਟੀ ਦੇ ਨਾਲ ਰੱਖੇ ਜਾਣ ਲਈ ਫਿੱਟ ਨਹੀਂ ਸੀ ਬੈਠਦੇ। ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਸੀ ਡੀ ਵਾਲਾ ਮੁੱਦਾ ਵੀ ਇਨ੍ਹਾਂ ਨੇ ਉਭਾਰਿਆ ਸੀ। ਜਿਸ ਆਦਮੀ ਨੇ ਉਹ ਸੀ ਡੀ ਸਪਲਾਈ ਕਰ ਕੇ ਸੁੱਚਾ ਸਿੰਘ ਦੇ ਖਿਲਾਫ ਪਾਰਟੀ ਤੋਂ ਫੈਸਲਾ ਕਰਾਇਆ ਸੀ, ਓਸੇ ਨੇ ਫਿਰ ਹਾਈ ਕਮਾਂਡ ਦੇ ਭੇਜੇ ਹੋਏ ਦੋ ਜਣਿਆਂ ਦੇ ਖਿਲਾਫ ਵੀ ਇੱਕ ਸੀ ਡੀ ਸਾਰੇ ਪੰਜਾਬ ਦੇ ਵਰਕਰਾਂ ਵਿੱਚ ਪੁਚਾਉਣ ਦਾ ਕੰਮ ਕੀਤਾ ਸੀ।
ਪਾਰਟੀਆਂ ਵਿਸ਼ਵਾਸ ਦੇ ਆਸਰੇ ਚੱਲਦੀਆਂ ਹਨ। ਛੋਟੇਪੁਰ ਤੋਂ ਕੋਈ ਗਲਤੀ ਵੀ ਹੋਈ ਸੀ ਤਾਂ ਇਹ ਗੱਲ ਅੰਦਰ ਬਿਠਾ ਕੇ ਨਿਪਟਾਈ ਜਾ ਸਕਦੀ ਸੀ। ਜਿੱਦਾਂ ਦੀ ਖੇਹ ਉਡਾਈ ਗਈ, ਉਸ ਦਾ ਕੋਈ ਵੀ ਲਾਭ ਨਹੀਂ ਹੋਇਆ। ਇਸ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ ਤੇ ਇਹ ਸਬਕ ਹਾਈ ਕਮਾਂਡ ਨੂੰ ਸਿੱਖਣੇ ਪੈਣੇ ਹਨ, ਪੰਜਾਬ ਦੀ ਪਾਰਟੀ ਨੇ ਨਾ ਗਲਤੀ ਕੀਤੀ ਸੀ, ਨਾ ਕਿਸੇ ਗਲਤ ਕਾਰਵਾਈ ਦੀ ਉਹ ਭਾਈਵਾਲ ਗਿਣੀ ਜਾ ਸਕਦੀ ਸੀ। ਸਬਕ ਤਾਂ ਹਾਈ ਕਮਾਂਡ ਨੂੰ ਹੀ ਸਿੱਖਣਾ ਪੈਣਾ ਹੈ।
ਇਸ ਵੇਲੇ ਜਦੋਂ ਫਿਰ ਲੋਕ ਸਭਾ ਚੋਣਾਂ ਸਿਰ ਉੱਤੇ ਹਨ, ਪਾਰਟੀ ਲੀਡਰਸ਼ਿਪ ਨੇ ਕੱਢੇ ਗਏ ਤੇ ਛੱਡ ਗਏ ਉਨ੍ਹਾਂ ਲੋਕਾਂ ਦੇ ਨਾਲ ਤਾਲਮੇਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਹੜੇ ਲੋਕਾਂ ਵਿੱਚ ਕਾਫੀ ਵੱਡਾ ਆਧਾਰ ਰੱਖਦੇ ਹਨ। ਪਹਿਲ ਸੁੱਚਾ ਸਿੰਘ ਨੂੰ ਮਿਲ ਕੇ ਕੀਤੀ ਗਈ ਹੈ, ਜਿਸ ਦਾ ਹਾਲੇ ਸਾਰਥਿਕ ਸਿੱਟਾ ਨਹੀਂ ਨਿਕਲਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਸਿੱਟਾ ਹੀ ਨਹੀਂ ਨਿਕਲਣਾ। ਮੁੜ-ਮੁੜ ਯਤਨ ਕਰਨ ਦਾ ਸਿੱਟਾ ਨਿਕਲ ਵੀ ਸਕਦਾ ਹੈ। ਪੰਜਾਬੀ ਦਾ ਮੁਹਾਵਰਾ ਹੈ ਕਿ 'ਭੱਜੀਆਂ ਬਾਹੀਂ ਗਲ਼ ਦੇ ਵੱਲ ਨੂੰ' ਆਇਆ ਕਰਦੀਆਂ ਹਨ। ਆਮ ਆਦਮੀ ਪਾਰਟੀ ਦੀਆਂ ਬਾਹੀਂ ਵੀ ਇਸ ਵੇਲੇ ਭੱਜੀਆਂ ਪਈਆਂ ਹਨ। ਕੁਝ ਸਾਊ ਜਿਹੇ ਲੋਕ ਸੱਚਮੁੱਚ ਦੀ ਖੇਚਲ ਕਰਨ ਤਾਂ ਇਹ ਭੱਜੀਆਂ ਬਾਹੀਂ ਫਿਰ ਪਾਰਟੀ ਵੱਲ ਮੁੜ ਸਕਦੀਆਂ ਹਨ।
-ਜਤਿੰਦਰ ਪਨੂੰ

1416 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper