Latest News
ਮਸਲਾ ਅਮਨ-ਕਨੂੰਨ ਦਾ

Published on 19 Sep, 2018 11:06 AM.


ਪੰਜਾਬ ਦੇ ਲੋਕਾਂ ਨੂੰ ਇਹ ਆਸ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਰਾਜ ਵਿੱਚ ਅਮਨ-ਕਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਅਜਿਹੇ ਕਦਮ ਜ਼ਰੂਰ ਪੁੱਟੇਗੀ ਕਿ ਲੋਕ ਨਿਰਭੈ ਹੋ ਕੇ ਆਪਣਾ ਜੀਵਨ ਨਿਰਬਾਹ ਕਰ ਸਕਣ। ਨਸ਼ਿਆਂ ਦੇ ਵਧਦੇ ਰੁਝਾਨ ਨੂੰ ਠੱਲ੍ਹਣ ਲਈ ਸਰਕਾਰ ਨੇ ਠੋਸ ਕਦਮ ਪੁੱਟੇ ਹਨ ਤੇ ਲੋਕਾਂ ਵੱਲੋਂ ਵੀ ਉਸ ਦੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਗੱਲ ਯਕੀਨੀ ਤੌਰ ਉੱਤੇ ਕਹੀ ਜਾ ਸਕਦੀ ਹੈ ਕਿ ਜੇ ਰਾਜ ਤੇ ਸਮਾਜ ਮਿਲ ਕੇ ਨਸ਼ਿਆਂ ਵਿਰੁੱਧ ਹੱਲਾ ਬੋਲਣ ਤਾਂ ਇਸ ਦੇ ਸਾਰਥਿਕ ਨਤੀਜੇ ਨਿਕਲ ਸਕਦੇ ਹਨ, ਪਰ ਰਾਜ ਦੇ ਲੋਕ ਦਿਨ-ਦਿਹਾੜੇ ਹੋਣ ਵਾਲੀਆਂ ਲੁੱਟਾਂ-ਖੋਹਾਂ ਨੂੰ ਰੋਕਣ ਵਿੱਚ ਸਰਕਾਰ ਦੀ ਬੇਅਮਲੀ ਨੂੰ ਵੇਖ ਕੇ ਨਿਰਾਸ਼ ਹੁੰਦੇ ਜਾ ਰਹੇ ਹਨ। ਉਹ ਆਪਣੇ ਆਪ ਨੂੰ ਅਸੁਰੱਖਿਅਤ ਤੇ ਬੇਸਹਾਰਾ ਸਮਝਣ ਲੱਗੇ ਹਨ।
ਹਾਲੇ ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਉੱਤੋ-ੜਿੱਤੀ ਹੋਏ ਚਾਰ ਬੰਬ ਧਮਾਕਿਆਂ ਦੀ ਖ਼ਬਰ ਸੁਣ ਕੇ ਲੋਕ ਚਿੰਤਾਤੁਰ ਸਨ ਕਿ ਉਨ੍ਹਾਂ ਨੂੰ ਦੂਜੇ ਹੀ ਦਿਨ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ ਅੰਮ੍ਰਿਤਸਰ ਦੇ ਭੀੜ-ਭੜੱਕੇ ਵਾਲੇ ਗੁਰੂ ਬਾਜ਼ਾਰ ਵਿੱਚ ਛੇ ਹਥਿਆਰਬੰਦ ਲੋਕ ਆਏ ਤੇ ਉਨ੍ਹਾਂ ਨੇ ਇੱਕ ਗਹਿਣਿਆਂ ਵਾਲੀ ਦੁਕਾਨ ਤੋਂ ਕਰੋੜਾਂ ਰੁਪਏ ਦੇ ਮੁੱਲ ਦੇ ਗਹਿਣੇ ਬੈਗਾਂ ਵਿੱਚ ਭਰੇ ਤੇ ਹਥਿਆਰ ਲਹਿਰਾਉਂਦੇ ਹੋਏ ਪੈਦਲ ਹੀ ਰਫ਼ੂ-ਚੱਕਰ ਹੋ ਗਏ। ਚਾਹੇ ਪੁਲਸ ਨੇ ਇਹ ਦਾਅਵਾ ਕੀਤਾ ਹੈ ਕਿ ਬਾਜ਼ਾਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਲੁਟੇਰਿਆਂ ਦੇ ਚਿਹਰੇ ਕੈਦ ਹੋ ਗਏ ਹਨ, ਪਰ ਹਾਲੇ ਤੱਕ ਪੁਲਸ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲੁਟੇਰਿਆਂ ਨੇ ਕੁਝ ਪਿੱਛਾ ਕਰਨ ਵਾਲੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਹਵਾ ਵਿੱਚ ਗੋਲੀਆਂ ਵੀ ਚਲਾਈਆਂ।
ਅੰਮ੍ਰਿਤਸਰ ਤੋਂ ਕਾਂਗਰਸ ਦੀ ਟਿਕਟ 'ਤੇ ਜਿੱਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਘਟਨਾ 'ਤੇ ਡਾਢੀ ਚਿੰਤਾ ਪ੍ਰਗਟਾਈ ਹੈ। ਉਹ ਇਸ ਲੁੱਟ ਵਿਰੁੱਧ ਧਰਨਾ ਦੇਣ ਵਾਲੇ ਸਰਾਫ਼ਾਂ ਦੇ ਇਕੱਠ ਵਿੱਚ ਵੀ ਸ਼ਾਮਲ ਹੋਏ। ਉਨ੍ਹਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਬਾਰੇ ਰਾਜ ਦੇ ਮੁੱਖ ਮੰਤਰੀ ਨੂੰ ਤਫ਼ਸੀਲ ਸਹਿਤ ਸੂਚਤ ਕਰਨਗੇ। ਨਾਲ ਹੀ ਉਨ੍ਹਾ ਨੇ ਕਿਹਾ ਕਿ ਪੁਲਸ ਵਿੱਚ ਕੁਝ ਅਜਿਹੀਆਂ ਕਾਲੀਆਂ ਭੇਡਾਂ ਹਨ, ਜਿਨ੍ਹਾਂ ਦੀ ਜਰਾਇਮ-ਪੇਸ਼ਾ ਲੋਕਾਂ ਨਾਲ ਮਿਲੀ-ਭੁਗਤ ਹੈ ਤੇ ਉਨ੍ਹਾਂ ਕੋਲੋਂ ਬਾਕਾਇਦਾ ਮਹੀਨਾ ਹਾਸਲ ਕਰਦੇ ਹਨ। ਉਨ੍ਹਾ ਨੇ ਧਰਨੇ ਵਿੱਚ ਜੁੜੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਉਹ ਤੇ ਉਨ੍ਹਾ ਦੀ ਸਰਕਾਰ ਇਨ੍ਹਾਂ ਕਾਲੀਆਂ ਭੇਡਾਂ ਨੂੰ ਜ਼ਰੂਰ ਨੰਗਿਆਂ ਕਰਨਗੇ ਤੇ ਅਜਿਹਾ ਮਾਹੌਲ ਸਿਰਜਣਗੇ ਕਿ ਕੋਈ ਜਰਾਇਮ-ਪੇਸ਼ਾ ਗਰੋਹ ਵਪਾਰੀਆਂ ਨੂੰ ਧਮਕੀ ਦੇ ਕੇ ਉਨ੍ਹਾਂ ਕੋਲੋਂ ਫਿਰੌਤੀਆਂ ਹਾਸਲ ਨਾ ਕਰ ਸਕੇ। ਸ੍ਰੀ ਔਜਲਾ ਨੇ ਜਿਹੜੇ ਦੋਸ਼ ਲਾਏ ਹਨ, ਉਹ ਬੜੇ ਗੰਭੀਰ ਹਨ। ਰਾਜ ਸਰਕਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸ੍ਰੀ ਔਜਲਾ ਨੇ ਇਹ ਗੱਲ ਵੀ ਕਹੀ ਹੈ ਕਿ ਪੰਜਾਬ ਪੁਲਸ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸ ਨੇ ਰਾਜ ਵਿੱਚੋਂ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਜੇ ਉਸ ਨੂੰ ਪਹਿਲਾਂ ਵਾਂਗ ਪੂਰੀ ਤਰ੍ਹਾਂ ਹਰਕਤ ਵਿੱਚ ਲਿਆਂਦਾ ਜਾਵੇ ਤਾਂ ਗਿਣਤੀ ਦੇ ਜਰਾਇਮ-ਪੇਸ਼ਾ ਲੋਕਾਂ ਤੇ ਡਕੈਤਾਂ ਨੂੰ ਸਹਿਜੇ ਹੀ ਨੱਥ ਪਾਈ ਜਾ ਸਕਦੀ ਹੈ।
ਰਾਜ ਸਰਕਾਰ ਨੂੰ ਅਮਨ-ਅਮਾਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ, ਤਾਂ ਜੁ ਲੋਕ ਨਿਰਭੈ ਹੋ ਕੇ ਜੀਵਨ ਬਸਰ ਕਰ ਸਕਣ।

1428 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper