Latest News
ਰਾਜਸੀ ਕੁੜੱਤਣ ਅਤੇ ਅਗਲੀ ਚੋਣ

Published on 21 Sep, 2018 11:10 AM.


ਰਾਜਨੀਤੀ ਵਿੱਚ ਕੁੜੱਤਣਾਂ ਤਾਂ ਬਹੁਤ ਵਾਰੀ ਵੇਖੀਆਂ ਗਈਆਂ ਹਨ, ਪਰ ਇਸ ਵਾਰੀ ਲੋਕ ਸਭਾ ਚੋਣਾਂ ਆਉਂਦੀਆਂ ਵੇਖ ਕੇ ਜਿਸ ਤਰ੍ਹਾਂ ਦੀ ਕੁੜੱਤਣ ਸਾਰੇ ਦੇਸ਼ ਵਿੱਚ ਵੇਖੀ ਜਾਣ ਲੱਗੀ ਹੈ, ਉਹ ਆਪਣੀ ਮਿਸਾਲ ਆਪ ਹੋਵੇਗੀ।
ਅਸੀਂ ਹਾਲੇ ਇੱਕ ਦਿਨ ਪਹਿਲਾਂ ਇਹ ਪੜ੍ਹਿਆ ਹੈ ਕਿ ਇੱਕ ਥਾਂ ਭਾਸ਼ਣ ਕਰਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਨਾਅਰਾ ਪੇਸ਼ ਕਰ ਛੱਡਿਆ ਕਿ 'ਗਲੀ ਗਲੀ ਮੇਂ ਸ਼ੋਰ ਹੈ, ਦੇਸ਼ ਕਾ ਚੌਕੀਦਾਰ ਚੋਰ ਹੈ'। ਇਸ ਤੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਏਨੀ ਕੌੜ ਮਨਾਈ ਕਿ ਉਹ ਉਸ ਦੇ ਨਾਨਕੇ-ਦਾਦਕੇ ਇੱਕ ਵਾਰੀ ਫਿਰ ਚੇਤੇ ਕਰਾਉਣ ਲੱਗ ਪਏ ਹਨ ਅਤੇ ਉਸ ਦੇ ਬਾਪ ਦੇ ਵਕਤ ਦੇ ਸਕੈਂਡਲ ਤੱਕ ਪੇਸ਼ ਕਰਦੇ ਫਿਰਦੇ ਹਨ। ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਆਖਣ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਵਿੱਚ ਗੁਸਤਾਖੀ ਕੀਤੀ ਹੈ। ਸ਼ਾਇਦ ਉਨ੍ਹਾਂ ਨੂੰ ਇਹ ਗੱਲ ਚੇਤੇ ਨਹੀਂ ਰਹੀ ਕਿ ਰਾਹੁਲ ਗਾਂਧੀ ਦਾ ਬਾਪ ਰਾਜੀਵ ਗਾਂਧੀ ਵੀ ਪ੍ਰਧਾਨ ਮੰਤਰੀ ਹੁੰਦਾ ਸੀ ਤੇ ਉਸ ਦੇ ਖਿਲਾਫ ਰਾਹੁਲ ਗਾਂਧੀ ਦੇ ਭਾਸ਼ਣ ਵਿੱਚ 'ਚੌਕੀਦਾਰ'’ਵਾਲਾ ਇਸ਼ਾਰਾ ਕਰਨ ਵਾਂਗ ਨਹੀਂ, ਸਿੱਧਾ ਨਾਂਅ ਲੈ ਕੇ 'ਗਲੀ-ਗਲੀ ਮੇਂ ਸ਼ੋਰ ਹੈ, ਰਾਜੀਵ ਗਾਂਧੀ ਚੋਰ ਹੈ'’ ਦਾ ਨਾਅਰਾ ਸਭ ਤੋਂ ਪਹਿਲਾਂ ਭਾਜਪਾ ਦੇ ਲੀਡਰਾਂ ਨੇ ਚੁੱਕਿਆ ਸੀ। ਡਾਕਟਰ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਹੁੰਦਾ ਸੀ, ਜਿਸ ਦੇ ਮੂੰਹ ਉੱਤੇ ਲੋਕ ਸਭਾ ਵਿੱਚ ਹੱਦੋਂ ਬਾਹਰੇ ਬੇਇੱਜ਼ਤੀ ਕਰਨ ਵਾਲੇ ਸ਼ਬਦ ਵਰਤੇ ਜਾਂਦੇ ਸਨ, ਪਰ ਉਸ ਨੇ ਕਦੀ ਭਾਜੀ ਮੋੜਨ ਦੀ ਗੱਲ ਨਹੀਂ ਸੀ ਕੀਤੀ। ਇਹ ਖੇਡ ਏਨੀ ਅੱਗੇ ਵਧ ਚੁੱਕੀ ਹੈ ਕਿ ਇਸ ਨੂੰ ਰੋਕ ਲੱਗਣ ਦੀ ਸੰਭਾਵਨਾ ਨਹੀਂ ਰਹੀ।
ਸਥਿਤੀ ਦਾ ਦੂਸਰਾ ਪੱਖ ਸਾਡੇ ਪੰਜਾਬ ਦੀ ਰਾਜਨੀਤੀ ਦਾ ਹੈ। ਏਥੇ ਵੀ ਸੁਖਾਵੇਂ ਬੋਲ ਨਹੀਂ ਸੁਣਦੇ। ਕਾਂਗਰਸ ਤੇ ਅਕਾਲੀ ਦਲ ਦੋਵਾਂ ਦੇ ਆਗੂ ਇੱਕ ਦੂਸਰੇ ਦੇ ਪੋਤੜੇ ਫੋਲਣ ਦੇ ਰਾਹ ਪਏ ਦਿਖਾਈ ਦੇਂਦੇ ਹਨ। ਇੱਕ ਦਿਨ ਕਾਂਗਰਸ ਵਾਲੇ ਅਕਾਲੀਆਂ ਦੇ ਆਗੂਆਂ ਦੀਆਂ ਸੱਚੇ ਸੌਦੇ ਵਾਲੇ ਬਾਬੇ ਅੱਗੇ ਖੜਿਆਂ ਦੀਆਂ ਫੋਟੋ ਪੱਤਰਕਾਰਾਂ ਨੂੰ ਦਿਖਾਉਂਦੇ ਹਨ ਤੇ ਦੂਸਰੇ ਦਿਨ ਅਕਾਲੀ ਆਗੂ ਏਸੇ ਕਿਸਮ ਦਾ ਤਮਾਸ਼ਾ ਲਾ ਬੈਠਦੇ ਹਨ। ਮਿਹਣਿਆਂ ਦੀ ਹਰ ਹੱਦ ਪਾਰ ਕੀਤੀ ਜਾ ਰਹੀ ਹੈ।
ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਡੇਰਾ ਸੱਚਾ ਸੌਦਾ ਬਹੁਤ ਵੱਡਾ ਮੁੱਦਾ ਬਣਿਆ ਪਿਆ ਹੈ। ਕਦੀ ਏਸੇ ਪੰਜਾਬ ਵਿੱਚ ਨਿਰੰਕਾਰੀ ਸੰਪਰਦਾ ਵਾਲਿਆਂ ਦੇ ਬਾਰੇ ਹਰ ਕਿਸਮ ਦੀ ਸ਼ਬਦਾਵਲੀ ਵਰਤੀ ਜਾਂਦੀ ਸੀ ਤੇ ਜਦੋਂ ਹਾਲਾਤ ਬਦਲ ਗਏ ਤਾਂ ਜਿਹੜੇ ਲੋਕ ਉਨ੍ਹਾਂ ਦੇ ਖਿਲਾਫ ਬੋਲਦੇ ਰਹੇ ਸਨ, ਉਹੀ ਉਨ੍ਹਾਂ ਦੇ ਸਤਸੰਗ ਵਿੱਚ ਵੋਟਾਂ ਮੰਗਣ ਲਈ ਹੱਥ ਜੋੜੀ ਖੜੇ ਦਿੱਸਦੇ ਹਨ। ਉਸ ਦੇ ਬਾਅਦ ਪਿਆਰਾ ਸਿੰਘ ਭਨਿਆਰਾ ਵਾਲਾ ਦੇ ਖਿਲਾਫ ਇੱਕ ਲੰਮੀ ਮੁਹਿੰਮ ਚਲਾਈ ਗਈ ਤੇ ਵਿੱਚ-ਵਿਚਾਲੇ ਨੂਰਮਹਿਲੀਆਂ ਵਾਲੇ ਡੇਰਾ ਦਿਵਿਆ ਜਯੋਤੀ ਦੇ ਖਿਲਾਫ ਵੀ ਬਹੁਤ ਕੁਝ ਕਿਹਾ-ਸੁਣਿਆ ਜਾਂਦਾ ਰਿਹਾ। ਕੁਝ ਸਮੇਂ ਬਾਅਦ ਭਨਿਆਰਾ ਵਾਲੇ ਦੇ ਸੇਵਕਾਂ ਕੋਲ ਵੀ ਲੀਡਰ ਫਿਰ ਵੋਟਾਂ ਮੰਗਣ ਜਾਣ ਲੱਗੇ ਤੇ ਨੂਰਮਹਿਲੀਆਂ ਦੇ ਡੇਰੇ ਨੂੰ ਵੀ ਲੀਡਰਾਂ ਦੀਆਂ ਕਾਰਾਂ ਅਜੇ ਤੱਕ ਜਾਂਦੀਆਂ ਦਿੱਸ ਪੈਂਦੀਆਂ ਹਨ। ਕੋਈ ਕਿਸੇ ਕੋਲ ਵੋਟਾਂ ਮੰਗਣ ਜਾਵੇ ਜਾਂ ਨਾ ਜਾਵੇ, ਲੋਕਤੰਤਰ ਵਿੱਚ ਇਸ ਦਾ ਹੱਕ ਸਾਰਿਆਂ ਨੂੰ ਹੈ, ਪਰ ਜਾਣ ਦੀ ਲੋੜ ਤਾਂ ਵੋਟਰਾਂ ਕੋਲ ਹੈ, ਵੋਟਾਂ ਦੇ ਪਰਾਗੇ ਦਾ ਸੌਦਾ ਮਾਰਨ ਵਾਲੇ ਸਾਧਾਂ ਕੋਲ ਜਾਣ ਦਾ ਕੋਈ ਮਤਲਬ ਨਹੀਂ। ਇਸ ਦੇ ਬਾਵਜੂਦ ਸਭ ਸਿਆਸੀ ਧਿਰਾਂ ਨਾਲ ਜੁੜੇ ਆਗੂ ਇਹ ਕੁਝ ਕਰਦੇ ਰਹਿੰਦੇ ਹਨ। ਅਸੂਲੀ ਤੌਰ ਉੱਤੇ ਇਹ ਖੇਡ ਗਲਤ ਹੈ।
ਪਿਛਲੇ ਗਿਆਰਾਂ ਸਾਲਾਂ ਤੋਂ ਡੇਰਾ ਸੱਚਾ ਸੌਦਾ ਇਸ ਵਿਵਾਦ ਦਾ ਵਿਸ਼ਾ ਬਣਿਆ ਪਿਆ ਹੈ ਕਿ ਫਲਾਣਾ ਓਥੇ ਵੋਟਾਂ ਮੰਗਣ ਗਿਆ ਸੀ ਤੇ ਉਸ ਦੇ ਖਿਲਾਫ ਧਾਰਮਿਕ ਸਜ਼ਾ ਲਾ ਦੇਣੀ ਚਾਹੀਦੀ ਹੈ। ਜਿਹੜੇ ਲੋਕ ਅੱਜ ਇਹ ਮੰਗ ਕਰਦੇ ਹਨ ਕਿ ਓਥੇ ਜਾ ਕੇ ਵੋਟਾਂ ਮੰਗਣ ਵਾਲਿਆਂ ਨੂੰ ਸਜ਼ਾ ਲਾਉਣੀ ਚਾਹੀਦੀ ਹੈ, ਚਾਰ ਦਿਨ ਬਾਅਦ ਉਹ ਖੁਦ ਓਸੇ ਡੇਰੇ ਵਿੱਚ ਹੱਥ ਜੋੜੀ ਖੜੇ ਦਿੱਸਦੇ ਹਨ ਤੇ ਚਾਰ ਹੋਰ ਦਿਨ ਲੰਘ ਜਾਣ ਤੋਂ ਬਾਅਦ ਸਜ਼ਾ ਲਵਾਉਣ ਦੀ ਕਮੇਟੀ ਦੇ ਪ੍ਰਧਾਨ ਬਣੇ ਦਿਖਾਈ ਦੇਂਦੇ ਹਨ। ਸਿਰਸਾ ਵਾਲੇ ਡੇਰਾ ਸੱਚਾ ਸੌਦਾ ਵੱਲ ਜਿਹੜਾ ਜਾਵੇ, ਉਸ ਨੂੰ ਤਾਂ ਗਲਤ ਗਿਣਿਆ ਜਾਂਦਾ ਹੈ, ਪਰ ਪੰਜਾਬ ਵਿੱਚ ਕਈ ਕਿਸਮ ਦੇ ਵਿਵਾਦਾਂ ਵਿੱਚ ਫਸੇ ਹੋਰ ਡੇਰੇ ਵੀ ਹਨ, ਜਿਨ੍ਹਾਂ ਵਿੱਚ ਇਹੋ ਆਗੂ ਵੋਟਾਂ ਮੰਗਣ ਜਾਂਦੇ ਹਨ, ਉਨ੍ਹਾਂ ਬਾਰੇ ਕੋਈ ਰੋਸ ਨਹੀਂ ਕਰਦਾ। ਜਿਸ ਡੇਰੇ ਦੇ ਮਿਹਣੇ ਦੇਣ ਨਾਲ ਇਸ ਵੇਲੇ ਪੰਜਾਬ ਦੀ ਰਾਜਨੀਤੀ ਭਖੀ ਪਈ ਹੈ, ਉਸ ਡੇਰੇ ਦੇ ਮੁਖੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਬੇਸ਼ੱਕ ਅਦਾਲਤ ਨੇ ਦੇ ਦਿੱਤੀ ਹੈ, ਉਸ ਡੇਰੇ ਜਾਂ ਉਸ ਦੇ ਪੈਰੋਕਾਰਾਂ ਨੂੰ ਕਿਸੇ ਨੇ ਗੈਰ ਕਾਨੂੰਨੀ ਐਲਾਨ ਨਹੀਂ ਕੀਤਾ। ਪੰਜਾਬ ਵਿੱਚ ਹੋਰਨਾਂ ਡੇਰਿਆਂ ਉੱਤੇ ਜਾਣ ਤੇ ਵੋਟਾਂ ਮੰਗਣ ਨਾਲ ਰਾਜਨੀਤੀ ਵਾਸਤੇ ਧਰਮ ਦੀ ਦੁਰਵਰਤੋਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤੇ ਸਿਰਫ ਇੱਕ ਡੇਰੇ ਦੇ ਮਿਹਣੇ ਮਾਰਨ ਨਾਲ ਏਦਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਵੇਂ ਪਾਣੀਪਤ ਦੀ ਅਗਲੀ ਲੜਾਈ ਉਸ ਇਕੱਲੇ ਡੇਰੇ ਦੇ ਮੁੱਦੇ ਉੱਤੇ ਲੜੀ ਜਾਣੀ ਹੈ। ਕਿਸੇ ਨੂੰ ਲੋਕਾਂ ਦੇ ਮਸਲਿਆਂ ਦੀ ਚਿੰਤਾ ਹੀ ਨਹੀਂ ਤੇ ਸਿਰਫ ਇੱਕ ਡੇਰੇ ਨਾਲ ਜੁੜੀ ਹੋਈ ਰਾਜਨੀਤੀ ਸਾਡੇ ਪੰਜਾਬ ਨੂੰ ਦੇਸ਼ ਦੀ ਉਸ ਰਾਜਨੀਤੀ ਤੋਂ ਵੀ ਵੱਧ ਕੁੜੱਤਣ ਵਾਲਾ ਬਣਾਈ ਜਾਂਦੀ ਹੈ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚੋਰ ਆਖੀ ਜਾਵੇ ਜਾਂ ਦੁਨੀਆ ਤਿਆਗ ਚੁੱਕੇ ਕਿਸੇ ਪ੍ਰਧਾਨ ਮੰਤਰੀ ਨੂੰ ਕੋਈ ਚੋਰ-ਚੋਰ ਕਹੀ ਜਾਂਦਾ ਹੋਵੇ, ਦੇਸ਼ ਦੇ ਲੋਕ ਗੌਲਣ ਤੋਂ ਵੀ ਹਟਦੇ ਜਾਂਦੇ ਹਨ। ਇਹੋ ਜਿਹਾ ਮਾਹੌਲ ਹੀ ਬਣਿਆ ਰਹੇਗਾ ਤਾਂ ਅਗਲੀ ਚੋਣ ਚੰਗੀ ਨਹੀਂ ਹੋਣ ਲੱਗੀ।
- ਜਤਿੰਦਰ ਪਨੂੰ

1429 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper