Latest News
ਪੂੰਜੀ ਬਾਜ਼ਾਰ ਦਾ ਗੰਭੀਰ ਹੁੰਦਾ ਸੰਕਟ

Published on 24 Sep, 2018 10:39 AM.


ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਤੋਂ ਲੈ ਕੇ ਨੀਤੀ ਆਯੋਗ ਦੇ ਉੱਪ-ਮੁਖੀ ਰਾਜੀਵ ਕੁਮਾਰ ਤੱਕ ਇਹ ਦਾਅਵੇ ਕਰਦੇ ਆ ਰਹੇ ਹਨ ਕਿ ਭਾਰਤੀ ਆਰਥਿਕਤਾ ਬਹੁਤ ਮਜ਼ਬੂਤ ਹੈ ਤੇ ਤੇਲ ਸੰਕਟ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਲਗਾਤਾਰ ਕਦਰ-ਘਟਾਈ ਤੋਂ ਬਹੁਤਾ ਚਿੰਤਤ ਹੋਣ ਦੀ ਲੋੜ ਨਹੀਂ। ਪਿਛਲੇ ਹਫ਼ਤੇ ਦੇ ਆਖ਼ਰੀ ਦਿਨਾਂ ਵਿੱਚ ਜਿਵੇਂ ਬੌਂਬੇ ਸਟਾਕ ਐਕਸਚੇਂਜ ਦੇ ਸੰਵੇਦੀ ਸੂਚਕ ਅੰਕਾਂ ਵਿੱਚ 1500 ਤੇ ਨਿਫ਼ਟੀ ਦੇ ਸੂਚਕ ਅੰਕਾਂ ਵਿੱਚ 370 ਦੀ ਕਮੀ ਆਈ ਹੈ, ਉਸ ਨੇ ਪੂੰਜੀ ਬਾਜ਼ਾਰ ਵਿੱਚ ਘਬਰਾਹਟ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਦੇਸ ਦੇ ਸਭ ਤੋਂ ਵੱਡੇ ਕੌਮੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਦੇ ਚੇਅਰਮੈਨ ਰਜਨੀਸ਼ ਕੁਮਾਰ ਇਹੋ ਭਰੋਸਾ ਦਿਵਾਉਣ ਵਿੱਚ ਲੱਗੇ ਹੋਏ ਹਨ ਕਿ ਸਾਡਾ ਦੇਸ ਲੇਹਮੈਨ ਬ੍ਰਦਰਜ਼ ਦੇ ਦੀਵਾਲੀਆ ਹੋਣ ਵਰਗੇ ਸੰਕਟ ਦਾ ਸਾਹਮਣਾ ਨਹੀਂ ਕਰ ਰਿਹਾ। ਅਸੀਂ ਮੌਜੂਦਾ ਸੰਕਟ ਦਾ ਟਾਕਰਾ ਕਰਨ ਦੇ ਸਮਰੱਥ ਹਾਂ।
ਗ਼ੈਰ-ਬੈਂਕਿੰਗ ਫਾਈਨੈਂਸ ਕੰਪਨੀ ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ (ਡੀ ਐੱਚ ਐੱਫ਼ ਐੱਲ) ਦੇ ਹਿੱਸਿਆਂ ਦੀ ਕੀਮਤ ਵਿੱਚ ਜਿਸ ਢੰਗ ਨਾਲ ਇੱਕੋ ਦਿਨ ਵਿੱਚ ਹੀ ਬਤਾਲੀ ਫ਼ੀਸਦੀ ਦੀ ਕਮੀ ਆਈ ਹੈ, ਉਸ ਕਾਰਨ ਦੂਜੀਆਂ ਗ਼ੈਰ-ਬੈਂਕਿੰਗ ਫਾਈਨੈਂਸ ਕੰਪਨੀਆਂ (ਐੱਨ ਬੀ ਐੱਫ਼ ਸੀ) ਇੰਡੀਆ ਬੁਲਜ਼ ਹਾਊਸਿੰਗ ਫਾਈਨੈਂਸ, ਐੱਲ ਆਈ ਸੀ ਹਾਊਸਿੰਗ ਫਾਈਨੈਂਸ, ਰੈਪਕੋ ਹਾਊਸਿੰਗ ਫਾਈਨੈਂਸ, ਐੱਲ ਐਂਡ ਟੀ ਫਾਈਨੈਂਸ, ਸ੍ਰੀਰਾਮ ਟਰਾਂਸਪੋਰਟ ਫਾਈਨੈਂਸ, ਬਜਾਜ ਫਾਈਨੈਂਸ ਆਦਿ ਦੇ ਹਿੱਸਿਆਂ ਵਿੱਚ ਵੀ ਕਮੀ ਵਾਪਰੀ ਹੈ।
ਏਥੇ ਹੀ ਬੱਸ ਨਹੀਂ, ਨਿੱਜੀ ਖੇਤਰ ਦੇ ਨਾਮਣੇ ਵਾਲੇ ਬੈਂਕ, ਯੈੱਸ ਬੈਂਕ, ਦੇ ਹਿੱਸੇ ਵੀ ਭਾਰੀ ਕਦਰ-ਘਟਾਈ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਇਨਫਰਾਸਟਰਕਚਰ ਲੀਜ਼ਿੰਗ ਐਂਡ ਫਾਈਨਾਨਸੀਅਲ ਸਰਵਿਸਜ਼ ਲਿਮਟਿਡ ਦੀਆਂ ਦੇਣਦਾਰੀਆਂ ਏਨੀਆਂ ਵਧ ਗਈਆਂ ਹਨ ਕਿ ਇਹ ਕੰਪਨੀ ਦੀਵਾਲੀਆ ਹੋਣ ਦੇ ਕਿਨਾਰੇ ਪਹੁੰਚ ਗਈ ਹੈ। ਇਸ ਸੰਕਟ ਨੇ ਜਿਹੜਾ ਨਵਾਂ ਰੂਪ ਧਾਰਨ ਕੀਤਾ ਹੈ, ਉਸ ਕਾਰਨ ਮਿਊਚਲ ਫ਼ੰਡ ਦਾ ਕਾਰੋਬਾਰ ਕਰਨ ਵਾਲੇ ਅਦਾਰੇ ਦੇਣਦਾਰੀਆਂ ਦੀ ਵਕਤ ਸਿਰ ਅਦਾਇਗੀ ਕਰਨ ਵਿੱਚ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ।
ਖ਼ਜ਼ਾਨੇ ਮੰਤਰਾਲੇ ਨੇ ਇਸ ਸੰਕਟ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ, ਪਰ ਰਿਜ਼ਰਵ ਬੈਂਕ ਆਫ਼ ਇੰਡੀਆ ਤੇ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਆਪਣੇ ਤੌਰ ਉੱਤੇ ਮਾਰਕੀਟ ਵਿੱਚ ਆਈ ਗਿਰਾਵਟ ਦੇ ਇਸ ਰੁਝਾਨ ਨੂੰ ਰੋਕਣ ਦੀਆਂ ਆਪਣੇ ਤੌਰ ਉੱਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਸਥਿਤੀ ਓਦੋਂ ਪੈਦਾ ਹੋਈ ਹੈ, ਜਦੋਂ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ ਤੇ ਦਰਾਮਦੀ-ਬਰਾਮਦੀ ਵਪਾਰ ਦਾ ਪਾੜਾ ਨਿਰੰਤਰ ਵਧ ਰਿਹਾ ਹੈ। ਪੂੰਜੀ ਬਾਜ਼ਾਰ ਦੇ ਵਿਸ਼ਲੇਸ਼ਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਪ੍ਰਕਾਰ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਤੇ ਈਰਾਨ ਤੋਂ ਕੱਚੇ ਤੇਲ ਦੀ ਬਰਾਮਦ ਉੱਤੇ ਅਮਰੀਕਾ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਹਨ, ਉਸ ਕਾਰਨ ਸਾਨੂੰ ਵਾਧੂ ਬਦੇਸ਼ੀ ਸਿੱਕਾ ਖ਼ਰਚ ਕਰਨਾ ਪਏਗਾ ਤੇ ਸਾਲ ਦੇ ਅੰਤ ਤੱਕ ਤੇਲ ਦੀ ਦਰਾਮਦ ਉੱਤੇ ਹੋਣ ਵਾਲਾ ਖ਼ਰਚਾ 140 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ।
ਪੂੰਜੀ ਬਾਜ਼ਾਰ ਦਾ ਇਹ ਸੰਕਟ ਉਸ ਸਮੇਂ ਉਜਾਗਰ ਰੂਪ ਵਿੱਚ ਸਾਹਮਣੇ ਆਇਆ ਹੈ, ਜਦੋਂ ਸਾਡਾ ਦੇਸ ਕੌਮੀ ਬੈਂਕਾਂ ਦੇ ਲਗਾਤਾਰ ਵਧ ਰਹੇ ਐੱਨ ਪੀ ਏ ਨੂੰ ਸੀਮਤ ਕਰਨ ਵਿੱਚ ਵੱਡੀ ਹੱਦ ਤੱਕ ਅਸਫ਼ਲ ਸਿੱਧ ਹੋਇਆ ਹੈ। ਸਰਕਾਰ ਨੂੰ ਤੇ ਕਾਰਪੋਰੇਟ ਜਗਤ ਨੂੰ ਇਸ ਸੰਕਟ ਦੇ ਹੱਲ ਲਈ ਫ਼ੌਰੀ ਤੌਰ ਉੱਤੇ ਕਦਮ ਪੁੱਟਣੇ ਹੋਣਗੇ, ਨਹੀਂ ਤਾਂ ਇਹ ਸਾਡੇ ਅਰਥਚਾਰੇ ਤੇ ਵਿਕਾਸ ਦੀ ਪ੍ਰਕਿਰਿਆ ਨੂੰ ਲੀਹੋਂ ਲਾਹ ਕੇ ਰੱਖ ਦੇਵੇਗਾ। ਪੂੰਜੀ ਬਾਜ਼ਾਰ ਵਿੱਚ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਲਈ ਕੇਂਦਰ ਸਰਕਾਰ ਨੂੰ ਬਿਨਾਂ ਸਮਾਂ ਗਵਾਏ ਹਰਕਤ ਵਿੱਚ ਆਉਣਾ ਚਾਹੀਦਾ ਹੈ।

1360 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper