Latest News
ਅਕਾਲੀ ਦਲ ਦਾ ਸੰਕਟ ਹੋਰ ਵਧ ਸਕਦੈ

Published on 30 Sep, 2018 10:11 AM.


ਅਕਾਲੀ ਰਾਜਨੀਤੀ ਵਿੱਚ ਇਸ ਵਕਤ ਪ੍ਰਕਾਸ਼ ਸਿੰਘ ਬਾਦਲ ਤੋਂ ਹਟ ਕੇ ਬਾਕੀ ਸਾਰਿਆਂ ਤੋਂ ਸੀਨੀਅਰ ਗਿਣੇ ਜਾਣ ਵਾਲੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੱਲ੍ਹ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਾਰਲੀਮੈਂਟ ਦੇ ਉਤਲੇ ਸਦਨ ਰਾਜ ਸਭਾ ਦੇ ਮੈਂਬਰ ਵੀ ਹਨ। ਢੀਂਡਸਾ ਦਾ ਪੁੱਤਰ ਪਰਮਿੰਦਰ ਸਿੰਘ ਇਸ ਵਕਤ ਵਿਧਾਇਕ ਹੈ। ਉਹ ਅਕਾਲੀ-ਭਾਜਪਾ ਸਰਕਾਰ ਦਾ ਵਿੱਤ ਮੰਤਰੀ ਵੀ ਰਹਿ ਚੁੱਕਾ ਹੈ। ਢੀਂਡਸਾ ਦਾ ਪਾਰਟੀ ਤੋਂ ਅਸਤੀਫਾ ਅਕਾਲੀ ਦਲ ਲਈ ਝੰਜੋੜ ਦੇਣ ਵਾਲੀ ਵੱਡੀ ਸੱਟ ਹੈ।
ਇੱਕ ਸਮਾਂ ਇਹੋ ਜਿਹਾ ਸੀ, ਜਦੋਂ ਸੁਖਬੀਰ ਸਿੰਘ ਬਾਦਲ ਦਾ ਕਿਸੇ ਨੂੰ ਨਾਂਅ ਤੱਕ ਵੀ ਨਹੀਂ ਸੀ ਪਤਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਇੱਕ ਇਹੋ ਜਿਹੀ ਟੀਮ ਦਾ ਆਗੂ ਮੰਨਿਆ ਜਾਂਦਾ ਸੀ, ਜਿਸ ਵਿੱਚ ਸੁਖਦੇਵ ਸਿੰਘ ਢੀਂਡਸਾ ਵਰਗੇ ਟਕਸਾਲੀ ਆਗੂ ਸਿਰਮੌਰ ਸਮਝੇ ਜਾਂਦੇ ਸਨ। ਇਨ੍ਹਾਂ ਵਿੱਚ ਬਲਵਿੰਦਰ ਸਿੰਘ ਭੂੰਦੜ ਵੀ ਹੁੰਦਾ ਸੀ, ਕੁਲਦੀਪ ਸਿੰਘ ਵਡਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ, ਸੇਵਾ ਸਿੰਘ ਸੇਖਵਾਂ ਅਤੇ ਜਥੇਦਾਰ ਤੋਤਾ ਸਿੰਘ ਵੀ। ਓਦੋਂ ਕਿਸੇ ਨੇ ਕਦੀ ਬੀਬੀ ਜਗੀਰ ਕੌਰ ਦਾ ਨਾਂਅ ਵੀ ਇਸ ਪਾਰਟੀ ਵਿੱਚ ਨਹੀਂ ਸੀ ਸੁਣਿਆ, ਉਹ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਵਿੱਚ ਹੁੰਦੀ ਸੀ। ਯੂਥ ਦਲ ਦੇ ਨਾਂਅ ਉੱਤੇ ਜਿਹੜੀ ਧਾੜ ਪਿਛਲੇ ਦਸਾਂ ਸਾਲਾਂ ਵਿੱਚ ਓਦੋਂ ਵਾਲੇ ਆਗੂਆਂ ਦੇ ਸਿਰ ਉੱਤੇ ਸਵਾਰ ਕੀਤੀ ਗਈ, ਇਸ ਧਾੜ ਵਾਲੇ ਕਿਸੇ ਚਿਹਰੇ ਦੀ ਕਦੇ ਕਿਸੇ ਨੇ ਸ਼ਕਲ ਨਹੀਂ ਸੀ ਡਿੱਠੀ, ਪਰ ਬਾਅਦ ਵਿੱਚ ਇਹ ਔਖੇ ਦੌਰ ਦੀਆਂ ਜੇਲ੍ਹਾਂ ਕੱਟ ਚੁੱਕੇ ਆਗੂਆਂ ਨੰ ਸਿੰਗਾਂ ਉੱਤੇ ਚੁੱਕਣ ਵਾਲਾ ਵਿਹਾਰ ਕਰਨ ਲੱਗ ਪਈ ਸੀ। ਇਸ ਤੋਂ ਪੁਰਾਣੇ ਸਾਰੇ ਅਕਾਲੀ ਆਗੂ ਅੰਦਰੋ-ਅੰਦਰੀ ਔਖੇ ਸਨ।
ਬਹੁਤਾ ਵਿਗਾੜ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਦੇ ਵਕਤ ਪਿਆ, ਜਦੋਂ ਧਾਰਮਿਕ ਪਦਵੀਆਂ ਵਾਲੇ ਪੁਰਸ਼ਾਂ ਵਜੋਂ ਵੀ ਉਹ ਲੋਕ ਅੱਗੇ ਲਾਏ ਗਏ, ਜਿਨ੍ਹਾਂ ਦੀ ਇੱਕੋ ਯੋਗਤਾ ਇਹ ਸੀ ਕਿ ਉਹ ਮਾਰ-ਖੋਰੀ ਧਾੜ ਵਾਲੇ ਕਾਕਿਆਂ ਦੇ ਪਰਵਾਰਾਂ ਵਿੱਚੋਂ ਸਨ। ਉਸ ਵੇਲੇ ਹੀ ਸਿਆਸੀ ਗਿਣਤੀਆਂ ਦੇ ਨਾਲ ਮਾਇਆ ਨੂੰ ਮਾਂਜਾ ਮਾਰਨ ਦੇ ਚੱਕਰ ਵਿੱਚ ਸੱਚੇ ਸੌਦੇ ਵਾਲੇ ਡੇਰੇ ਨਾਲ ਇੱਕ ਸਮੇਂ ਮੁਆਫੀਨਾਮੇ ਦਾ ਸੌਦਾ ਮਾਰਿਆ ਗਿਆ ਤੇ ਫਿਰ ਜਦੋਂ ਉਹ ਪੁੱਠਾ ਪੈ ਗਿਆ ਤਾਂ ਮੌਕਾ ਸੰਭਾਲਣ ਦੇ ਚੱਕਰ ਵਿੱਚ ਬਹਿਬਲ ਕਲਾਂ ਵਾਲਾ ਕਾਂਡ ਕਰ ਬੈਠੇ। ਗ਼ਲਤੀ ਕੀਤੀ ਤਾਂ ਸੰਭਾਲਣੀ ਨਹੀਂ ਸੀ ਆਈ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਕੇ ਉਸ ਦੀ ਰਿਪੋਰਟ ਵੀ ਖੂੰਜੇ ਸੁੱਟ ਕੇ ਤੁਰਦੇ ਬਣੇ। ਨਵੀਂ ਸਰਕਾਰ ਦੇ ਬਣਾਏ ਜਾਂਚ ਕਮਿਸ਼ਨ ਦੀ ਰਿਪੋਰਟ ਨਾਲ ਕਸੂਤੇ ਫਸ ਗਏ। ਬਹੁਤ ਸਾਰੇ ਅਕਾਲੀ ਆਗੂ ਦੱਬੀ ਜ਼ਬਾਨ ਵਿੱਚ ਇਹ ਮੰਨਦੇ ਸਨ ਕਿ ਉਹ ਸਾਰਾ ਕੁਝ ਠੀਕ ਨਹੀਂ ਸੀ ਹੋਇਆ ਤੇ ਅਗਲੀ ਗ਼ਲਤੀ ਹੋਰ ਹੋ ਗਈ, ਜਦੋਂ ਵਿਧਾਨ ਸਭਾ ਵਿੱਚ ਇਹ ਜਾਂਚ ਰਿਪੋਰਟ ਪੇਸ਼ ਹੋਣ ਵੇਲੇ ਓਥੋਂ ਨੱਸ ਕੇ ਬਾਹਰ ਆ ਗਏ।
ਜਾਣਕਾਰ ਆਖਦੇ ਹਨ ਕਿ ਉਸ ਦੇ ਬਾਅਦ ਹੋਈ ਕੋਰ ਕਮੇਟੀ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਕੁਝ ਹੋਰਨਾਂ ਨੇ ਜਦੋਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀ ਤਾਂ ਸੁਖਬੀਰ ਸਿੰਘ ਬਾਦਲ ਨੇ ਸਫ਼ਾਈ ਦੇਣ ਦੀ ਥਾਂ ਆਪਣੇ ਪਿਓ ਦੀ ਉਮਰ ਵਾਲੇ ਇਨ੍ਹਾਂ ਆਗੂਆਂ ਨੂੰ ਡਾਂਟਣ ਵਾਂਗ ਵਿਹਾਰ ਕੀਤਾ ਸੀ। ਖ਼ੁਦ ਵੱਡੇ ਬਾਦਲ ਨੇ ਵੀ ਪੁੱਤਰ ਦਾ ਪੱਖ ਲਿਆ ਤੇ ਉਮਰ ਭਰ ਦੇ ਸਾਥੀਆਂ ਦਾ ਦਰਦ ਸਮਝਣ ਅਤੇ ਯੋਗ ਪੈਂਤੜਾ ਲੱਭਣ ਲਈ ਉਨ੍ਹਾਂ ਦਾ ਸਾਥ ਲੈਣ ਦੀ ਥਾਂ ਉਨ੍ਹਾਂ ਨੂੰ ਸੁਖਬੀਰ ਸਿੰਘ ਦੀ ਗੱਲ ਮੰਨਣ ਲਈ ਸਮਝਾਉਣੀਆਂ ਦੇ ਛੱਡੀਆਂ ਸਨ। ਇਸ ਤੋਂ ਅਵਾਜ਼ਾਰ ਉਨ੍ਹਾਂ ਆਗੂਆਂ ਨੇ ਆਪਣੀ ਗੱਲ ਪ੍ਰੈੱਸ ਵਿੱਚ ਕਹਿ ਦਿੱਤੀ। ਸੁਖਦੇਵ ਸਿੰਘ ਢੀਂਡਸਾ ਨੇ ਹੀ ਨਹੀਂ, ਜਥੇਦਾਰ ਤੋਤਾ ਸਿੰਘ ਤੇ ਅਵਤਾਰ ਸਿੰਘ ਮੱਕੜ ਵਰਗਿਆਂ ਵੀ ਪ੍ਰੈੱਸ ਵਿੱਚ ਇਹ ਗੱਲ ਕਹੀ ਕਿ ਵਿਧਾਨ ਸਭਾ ਵਿੱਚੋਂ ਇਸ ਤਰ੍ਹਾਂ ਉੱਠ ਕੇ ਆਉਣਾ ਗ਼ਲਤ ਸੀ। ਉਨ੍ਹਾਂ ਨੇ ਜਦੋਂ ਇਹ ਗੱਲ ਕਹੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਤਾਂ ਇਹ ਵੀ ਅਸਲ ਵਿੱਚ ਸੁਖਬੀਰ ਸਿੰਘ ਨੂੰ ਵਲਾਵਾਂ ਪਾ ਕੇ ਕਹਿਣ ਵਾਂਗ ਸੀ ਕਿ ਆਹ ਜਿਹੜੀ ਧਾੜ ਨਾਲ ਜੋੜੀ ਪਈ ਹੈ, ਇਸ ਨੂੰ ਪਾਸੇ ਕਰਨ ਦਾ ਫ਼ੈਸਲਾ ਲੈਣ ਦੀ ਲੋੜ ਹੈ। ਜਦੋਂ ਉਨ੍ਹਾਂ ਦੀ ਕੋਈ ਗੱਲ ਹੀ ਨਹੀਂ ਸੀ ਸੁਣੀ ਜਾ ਰਹੀ, ਉਨ੍ਹਾਂ ਨੂੰ ਕੁਝ ਤਾਂ ਫ਼ੈਸਲਾ ਕਰਨਾ ਪੈਣਾ ਸੀ। ਉਹ ਕਰਨ ਲੱਗ ਪਏ। ਅਬੋਹਰ ਵਿੱਚ ਜਦੋਂ ਰੈਲੀ ਕੀਤੀ ਸੀ, ਉਸ ਵਿੱਚ ਸੁਖਦੇਵ ਸਿੰਘ ਢੀਂਡਸਾ ਨਹੀਂ ਸੀ ਗਏ ਤਾਂ ਇਹ ਸੰਕੇਤ ਸਮਝਣਾ ਚਾਹੀਦਾ ਸੀ, ਪਰ ਬਾਦਲ ਬਾਪ-ਬੇਟੇ ਨੇ ਇਸ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ। ਫਿਰ ਫ਼ਰੀਦਕੋਟ ਦੀ ਰੈਲੀ ਵਿੱਚ ਵੀ ਉਹ ਨਹੀਂ ਸੀ ਗਏ। ਜਿਹੜੇ ਵੱਡੇ ਬਾਦਲ ਨੇ ਇੱਕ ਮੌਕੇ ਜਲੰਧਰ ਵਿੱਚ ਬਿਕਰਮ ਸਿੰਘ ਮਜੀਠੀਏ ਦਾ ਵਿਹਾਰ ਚੁਭਦਾ ਵੇਖ ਕੇ ਸ਼ਾਮ ਪੈਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦਾ ਰਾਹ ਫੜਿਆ ਤੇ ਓਥੋਂ ਜਾ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਰਾਤੋ-ਰਾਤ ਚੰਡੀਗੜ੍ਹ ਲੈ ਆਂਦਾ ਸੀ, ਉਸ ਨੇ ਸੁਖਦੇਵ ਸਿੰਘ ਢੀਂਡਸਾ ਦੀ ਇਸ ਕਰ ਕੇ ਪ੍ਰਵਾਹ ਨਹੀਂ ਸੀ ਕੀਤੀ ਕਿ ਯੂਥ ਬਰਗੇਡ ਢੀਂਡਸੇ ਹੁਰਾਂ ਨੂੰ ਕੁਝ ਨਹੀਂ ਸੀ ਸਮਝਦਾ। ਇਸ ਹਾਲਤ ਤੋਂ ਅਕੇਵਾਂ ਮਹਿਸੂਸ ਕਰ ਕੇ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਦਿਨ ਇਹ ਕੁਝ ਕਰਨਾ ਹੀ ਸੀ, ਜੋ ਆਖਰ ਨੂੰ ਕਰ ਦਿੱਤਾ ਹੈ।
ਅਕਾਲੀ ਦਲ ਦੀ ਅੰਦਰੂਨੀ ਸਥਿਤੀ ਦੇ ਜਾਣਕਾਰ ਆਖਦੇ ਹਨ ਕਿ ਇਹ ਅਜੇ ਪਹਿਲਾ ਅਸਤੀਫਾ ਹੈ, ਇਸ ਨਾਲ ਮਾਮਲਾ ਮੁੱਕਣ ਦੀ ਥਾਂ ਅੱਗੇ ਵੀ ਵਧ ਸਕਦਾ ਹੈ। ਬਹੁਤ ਸਾਰੇ ਟਕਸਾਲੀ ਅਕਾਲੀ ਆਗੂ ਅੰਦਰੋ-ਅੰਦਰ ਘੁੱਟੇ-ਵੱਟੇ ਬੈਠੇ ਹਨ ਅਤੇ ਆਪੋ ਵਿੱਚ ਸਲਾਹਾਂ ਕਰਦੇ ਸੁਣੇ ਜਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫਾ ਸ਼ੁਰੂਆਤ ਬਣ ਸਕਦਾ ਹੈ। ਇਸ ਵੇਲੇ ਅਕਾਲੀ ਦਲ ਸੰਕਟ ਵਿੱਚ ਹੈ, ਪਰ ਇਸ ਤੋਂ ਵੱਧ ਉਹ ਬਾਦਲ ਪਰਵਾਰ ਸੰਕਟ ਵਿੱਚ ਹੈ, ਜਿਹੜਾ ਇੱਕ ਸਦੀ ਪੁਰਾਣੀ ਪਾਰਟੀ ਦੇ ਅੰਦਰ ਪੈਦਾ ਹੋਏ ਇਨ੍ਹਾਂ ਸਾਰੇ ਸੰਕਟਾਂ ਦੀ ਜੜ੍ਹ ਸਮਝਿਆ ਜਾਂਦਾ ਹੈ। ਉਸ ਪਰਵਾਰ ਤੋਂ ਬਾਹਰਲੇ ਕਿਸੇ ਦੀ ਪੁੱਛ ਹੀ ਨਹੀਂ ਸੀ ਰਹੀ ਤੇ ਬਾਕੀ ਆਗੂ ਕਾਰਿੰਦੇ ਜਿਹੇ ਬਣਾ ਦਿੱਤੇ ਗਏ ਸਨ। ਇਸ ਨਾਲ ਅਕਾਲੀ ਦਲ ਦਾ ਸੰਕਟ ਹੋਰ ਵਧ ਸਕਦਾ ਹੈ।
-ਜਤਿੰਦਰ ਪਨੂੰ

1307 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper