Latest News
ਯੂ ਪੀ ਵਿੱਚ ਪੁਲਸ ਮੁਕਾਬਲਿਆਂ ਦਾ ਸੱਚ

Published on 01 Oct, 2018 11:04 AM.


ਬੀਤੇ 28 ਸਤੰਬਰ ਦੀ ਰਾਤ ਨੂੰ ਲਖਨਊ ਦੇ ਇਲਾਕੇ ਗੋਮਤੀ ਨਗਰ ਵਿੱਚ ਕਥਿਤ ਤੌਰ 'ਤੇ ਗੱਡੀ ਨਾ ਰੋਕਣ ਉੱਤੇ ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੇ ਏਰੀਆ ਮੈਨੇਜਰ ਵਿਵੇਕ ਤਿਵਾੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਮਿਲੇ ਵੇਰਵਿਆਂ ਮੁਤਾਬਕ ਵਿਵੇਕ ਤਿਵਾੜੀ ਪਿਛਲੇ ਸ਼ੁੱਕਰਵਾਰ ਦੀ ਰਾਤ ਨੂੰ ਆਈ ਫੋਨ ਦੀ ਲਾਂਚਿੰਗ ਤੋਂ ਬਾਅਦ ਆਪਣੀ ਇੱਕ ਸਹਿ-ਕਰਮੀ ਸਨਾ ਨਾਲ ਆਪਣੇ ਘਰ ਜਾ ਰਹੇ ਸਨ। ਪੁਲਸ ਮੁਖੀ ਦਾ ਬਿਆਨ ਹੈ ਕਿ ਨਾਕੇ ਉੱਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਗੱਡੀ ਰੋਕਣ ਲਈ ਕਿਹਾ, ਪਰ ਵਿਵੇਕ ਨੇ ਗੱਡੀ ਨਹੀਂ ਰੋਕੀ, ਜਿਸ ਕਾਰਨ ਕਾਂਸਟੇਬਲ ਨੇ ਗੋਲੀ ਚਲਾ ਦਿੱਤੀ। ਗੋਲੀ ਵਿਵੇਕ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਸੀ, ਜਿਹੜੀ ਅਗਲੇ ਸ਼ੀਸ਼ੇ ਨੂੰ ਤੋੜ ਕੇ ਵਿਵੇਕ ਦੇ ਗਲ ਵਿੱਚ ਲੱਗੀ। ਜੇਕਰ ਵਿਵੇਕ ਭੱਜਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਗੋਲੀ ਗੱਡੀ ਦੇ ਟਾਇਰ ਵਿੱਚ ਮਾਰੀ ਜਾ ਸਕਦੀ ਸੀ। ਇਸ ਲਈ ਇਹ ਸਿੱਧੇ ਤੌਰ 'ਤੇ ਪੁਲਸ ਕਾਂਸਟੇਬਲ ਵੱਲੋਂ ਕੀਤਾ ਗਿਆ ਕਤਲ ਸੀ।
ਯੂ ਪੀ ਵਿੱਚ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹੇ ਕਤਲ ਰੋਜ਼ ਦੀ ਕਹਾਣੀ ਬਣ ਚੁੱਕੇ ਹਨ। ਪੁਲਸ ਦੀ ਭਾਸ਼ਾ ਵਿੱਚ ਇਨ੍ਹਾਂ ਨੂੰ 'ਐਨਕਾਊਂਟਰ' ਕਿਹਾ ਜਾਂਦਾ ਹੈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਇੱਕ ਜਨਵਰੀ 2005 ਤੋਂ 31 ਅਕਤੂਬਰ 2017, ਯਾਨੀ 12 ਸਾਲਾਂ ਵਿੱਚ ਯੂ ਪੀ ਵਿੱਚ 455 ਪੁਲਸ ਮੁਕਾਬਲੇ ਹੋਏ ਸਨ, ਪਰ ਯੋਗੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੇ 11 ਮਹੀਨਿਆਂ ਵਿੱਚ ਹੀ ਯੂ ਪੀ ਵਿੱਚ 1200 ਪੁਲਸ ਮੁਕਾਬਲੇ ਹੋ ਚੁੱਕੇ ਹਨ।
ਇਨ੍ਹਾਂ ਮੁਕਾਬਲਿਆਂ ਦੀ ਸੱਚਾਈ ਜਾਣਨ ਲਈ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ 'ਸਿਟੀਜ਼ਨ ਅਗੇਂਸਟ ਹੇਟ' ਵੱਲੋਂ ਕੁਝ ਚੋਣਵੇਂ ਮੁਕਾਬਲਿਆਂ ਦੀ ਪੜਤਾਲ ਕੀਤੀ ਗਈ ਸੀ। ਸੰਸਥਾ ਵੱਲੋਂ ਪੇਸ਼ ਰਿਪੋਰਟ ਅਨੁਸਾਰ 26 ਜਨਵਰੀ 2018 ਨੂੰ ਮੁਕੇਸ਼ ਰਾਜਭਰ ਨਾਂਅ ਦੇ ਇੱਕ ਨੌਜਵਾਨ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਉਸ ਦੇ ਭਰਾ ਦਾ ਦੋਸ਼ ਹੈ ਕਿ ਮੁਕੇਸ਼ ਨੂੰ ਇੱਕ ਦਿਨ ਪਹਿਲਾਂ ਪੁਲਸ ਨੇ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਤੀਹ ਅਕਤੂਬਰ 2017 ਨੂੰ ਸੁਮਿਤ ਗੁੱਜਰ ਨਾਂਅ ਦੇ ਵਿਅਕਤੀ ਨੂੰ ਬਾਗਪਤ ਵਿਖੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਪੁਲਸ ਨੇ ਪਹਿਲਾਂ ਗ੍ਰਿਫ਼ਤਾਰ ਕੀਤਾ, ਫਿਰ ਥਾਣੇ ਵਿੱਚ ਉਸ ਦੀ ਪਿਟਾਈ ਕੀਤੀ ਅਤੇ ਬਾਅਦ ਵਿੱਚ ਐਨਕਾਊਂਟਰ ਕਰ ਦਿੱਤਾ। ਰਾਮ ਜੀ ਪਾਸੀ ਨਾਂਅ ਦੇ ਵਿਅਕਤੀ ਨੂੰ 14 ਸਤੰਬਰ 2017 ਨੂੰ ਆਜ਼ਮਗੜ੍ਹ ਵਿੱਚ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਉਸ ਦੇ ਭਰਾ ਦਾ ਦੋਸ਼ ਹੈ ਕਿ ਪੁਲਸ ਕਈ ਦਿਨਾਂ ਤੋਂ ਉਸ ਨੂੰ ਮੁਕਾਬਲੇ ਵਿੱਚ ਮਾਰ ਦੇਣ ਦੀਆਂ ਧਮਕੀਆਂ ਦੇ ਰਹੀ ਸੀ। ਇਟਾਵਾ ਪੁਲਸ ਨੇ 18 ਸਤੰਬਰ 2017 ਨੂੰ ਆਦੇਸ਼ ਯਾਦਵ ਨਾਂਅ ਦੇ ਵਿਅਕਤੀ ਨੂੰ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ। ਪਰਵਾਰ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਦਰਖਾਸਤ ਵਿੱਚ ਇਸ ਮੁਕਾਬਲੇ ਨੂੰ ਫ਼ਰਜ਼ੀ ਦੱਸਿਆ ਹੈ। ਆਜ਼ਮਗੜ੍ਹ ਪੁਲਸ ਨੇ 3 ਅਗਸਤ 2017 ਨੂੰ ਜੈਹਿੰਦ ਨਾਂਅ ਦੇ ਨੌਜਵਾਨ ਨੂੰ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਦੇ ਪਿਤਾ ਦਾ ਦੋਸ਼ ਹੈ ਕਿ ਪੁਲਸ ਸਾਦੇ ਕੱਪੜਿਆਂ ਵਿੱਚ ਉਨ੍ਹਾਂ ਦੇ ਘਰ ਆਈ ਤੇ ਜੈਹਿੰਦ ਨੂੰ ਨਾਲ ਲੈ ਗਈ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਮਾਰੇ ਜਾਂ ਜ਼ਖ਼ਮੀ ਹੋਣ ਵਾਲੇ ਬਹੁਤੇ ਵਿਅਕਤੀ ਦਲਿਤ ਤੇ ਮੁਸਲਮਾਨ ਭਾਈਚਾਰੇ ਦੇ ਹਨ। ਰਿਪੋਰਟ ਮੁਤਾਬਕ ਹਰ ਜ਼ਿਲ੍ਹਾ ਪੁਲਸ ਮੁਖੀ ਤੇ ਯੂ ਪੀ ਐੱਸ ਟੀ ਐੱਫ਼ ਨੂੰ ਮੁਕਾਬਲਿਆਂ ਰਾਹੀਂ ਮਾਰੇ ਜਾਣ ਵਾਲੇ ਵਿਅਕਤੀਆਂ ਦੀਆਂ ਬਾਕਾਇਦਾ ਲਿਸਟਾਂ ਭੇਜੀਆਂ ਗਈਆਂ ਹਨ। ਇਨ੍ਹਾਂ ਲਿਸਟਾਂ ਮੁਤਾਬਕ ਇਹ ਮੁਕਾਬਲੇ ਐਲਾਨੀਆਂ ਕੀਤੇ ਜਾਂਦੇ ਹਨ। ਇਸ ਸੰਬੰਧੀ ਪੁਲਸ ਨੂੰ ਖੁੱਲ੍ਹੇ ਹੱਥ ਦਿੱਤੇ ਗਏ ਹਨ। ਇਸ ਦਾ ਹੀ ਸਿੱਟਾ ਹੈ ਕਿ ਬੀਤੀ 18 ਜਨਵਰੀ ਨੇ ਮਥੁਰਾ ਪੁਲਸ ਨੇ ਇੱਕ ਬੱਚੇ ਨੂੰ ਹੀ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਿਨਾਂ ਇੱਕ ਟੀ ਵੀ ਚੈਨਲ ਨੇ ਖੁਫ਼ੀਆ ਕੈਮਰੇ ਰਾਹੀਂ ਯੂ ਪੀ ਦੇ ਕੁਝ ਪੁਲਸ ਵਾਲਿਆਂ ਨੂੰ ਬੇਨਕਾਬ ਕੀਤਾ ਸੀ, ਜਿਹੜੇ ਇਕਬਾਲ ਕਰ ਰਹੇ ਸਨ ਕਿ ਉਹ ਫਿਰੌਤੀ ਲੈ ਕੇ ਵੀ ਕਤਲ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਮੁਕਾਬਲਿਆਂ ਵਜੋਂ ਦਿਖਾ ਦਿੰਦੇ ਹਨ। ਰਿਟਾਇਰਡ ਆਈ ਪੀ ਐੱਸ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਆਈ ਜੀ ਐੱਸ ਆਰ ਦਾਰਾਪੁਰੀ ਨੇ ਬੀ ਬੀ ਸੀ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ 90 ਫ਼ੀਸਦੀ ਐਨਕਾਊਂਟਰ ਫ਼ਰਜ਼ੀ ਤੇ ਰਾਜ ਵੱਲੋਂ ਵਿਉਂਤੇ ਹੁੰਦੇ ਹਨ। ਉਨ੍ਹਾ ਕਿਹਾ, ''ਜਦੋਂ ਰਾਜ ਵੱਲੋਂ ਤੈਅ ਐਨਕਾਊਂਟਰ ਹੁੰਦੇ ਹਨ ਤਾਂ ਮਰਨ ਵਾਲਿਆਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਸੱਤਾਧਾਰੀਆਂ ਦੇ ਕੰਮ ਦੇ ਨਹੀਂ ਹੁੰਦੇ।'' ਉਨ੍ਹਾ ਅੱਗੇ ਕਿਹਾ, ''ਮੇਰੀ ਜਾਣਕਾਰੀ ਅਨੁਸਾਰ ਐਨਕਾਊਂਟਰਾਂ ਵਿੱਚ ਜਿੰਨੇ ਲੋਕ ਮਾਰੇ ਗਏ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਮੁਸਲਮਾਨਾਂ, ਅੱਤ ਪਛੜਿਆਂ ਤੇ ਦਲਿਤਾਂ ਦੀ ਹੈ।''
ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਯੂ ਪੀ 'ਚ ਪੁਲਸ ਮੁਕਾਬਲਿਆਂ ਨੂੰ ਕਤਲ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਇਹ ਐਕਸਟ੍ਰਾ ਜੁਡੀਸ਼ੀਅਲ ਹੱਤਿਆਵਾਂ ਹਨ।
ਤਾਜ਼ਾ ਘਟਨਾ ਵਿੱਚ ਮਾਰਿਆ ਜਾਣ ਵਾਲਾ ਸੰਪੰਨ ਬ੍ਰਾਹਮਣ ਪਰਵਾਰ ਦਾ ਵਿਅਕਤੀ ਹੈ। ਇਸ ਮੌਤ ਦਾ ਹਰ ਕਿਸੇ ਨੂੰ ਦੁੱਖ ਹੋਣਾ ਚਾਹੀਦਾ ਹੈ। ਇਸ ਘਟਨਾ ਵਿਰੁੱਧ ਮੀਡੀਆ ਨੇ ਵੀ ਠੀਕ ਰੋਲ ਨਿਭਾਇਆ ਹੈ, ਪਰ ਯੋਗੀ ਰਾਜ ਵਿੱਚ ਹੁਣ ਤੱਕ 60 ਨੌਜਵਾਨ ਪੁਲਸ ਮੁਕਾਬਲਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਵਿੱਚੋਂ ਕਿੰਨੇ ਬੇਦੋਸ਼ੇ ਸਨ, ਇਸ ਬਾਰੇ ਜਾਣਨ ਦੀ ਕਿਸੇ ਨੇ ਜ਼ਰੂਰਤ ਨਹੀਂ ਸਮਝੀ। ਯੂ ਪੀ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਗਲੀ ਵਾਰੀ ਉਸ ਦੀ ਵੀ ਹੋ ਸਕਦੀ ਹੈ। ਇਸ ਲਈ ਇਹ ਆਵਾਜ਼ ਉੱਠਣੀ ਚਾਹੀਦੀ ਹੈ ਕਿ ਯੂ ਪੀ ਵਿੱਚ ਪੁਲਸੀ ਬਰਬਰਤਾ ਬੰਦ ਹੋਣੀ ਚਾਹੀਦੀ ਹੈ। ਅਪਰਾਧੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਨਿਆਂ ਪਾਲਿਕਾ ਨੂੰ ਹੈ, ਇਹ ਪੁਲਸ ਨੂੰ ਨਹੀਂ ਦਿੱਤਾ ਜਾ ਸਕਦਾ। ਜੇਕਰ ਇਸ ਵਰਤਾਰੇ ਨੂੰ ਰੋਕਿਆ ਨਾ ਗਿਆ ਤਾਂ ਪਤਾ ਨਹੀਂ ਕਿੰਨੇ ਹੋਰ ਬੇਕਸੂਰ ਪੁਲਸੀ ਗੋਲੀ ਦਾ ਸ਼ਿਕਾਰ ਹੋ ਜਾਣਗੇ।

1228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper