Latest News
ਪੰਜਾਬ ਦੇ ਸਿਆਸੀ ਆਗੂਆਂ ਨੂੰ ਵਾਹਵਾ ਸੰਭਲ ਕੇ ਚੱਲਣਾ ਚਾਹੀਦੈ

Published on 03 Oct, 2018 11:06 AM.


ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਇਸ ਵੇਲੇ ਆ ਰਹੇ ਐਤਵਾਰ ਉੱਤੇ ਲੱਗੀਆਂ ਹੋਈਆਂ ਹਨ। ਕਾਰਨ ਇਸ ਦਾ ਇਹ ਕਿ ਉਸ ਦਿਨ ਵੱੱਖ-ਵੱਖ ਥਾਂਈਂ ਤਿੰਨ ਏਦਾਂ ਦੇ ਆਪਸ ਵਿੱਚ ਟਕਰਾਉਂਦੀ ਰਾਜਨੀਤੀ ਦੇ ਪ੍ਰੋਗਰਾਮ ਹੋਣਗੇ, ਜਿਹੜੇ ਸਿਰਫ਼ ਪੰਜਾਬ ਦੇ ਨਹੀਂ, ਦੇਸ਼ ਦੇ ਲੋਕਾਂ ਦਾ ਧਿਆਨ ਵੀ ਖਿੱਚਣ ਵਾਲੇ ਹਨ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਕਾਰਨ ਇਨ੍ਹਾਂ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ। ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਅਮਨ-ਕਾਨੂੰਨ ਦੀ ਚਿੰਤਾ ਕਰਨ ਵਾਲੇ ਸਵਾਲ ਵੀ ਪੈਦਾ ਹੋ ਜਾਂਦੇ ਹਨ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਦੋਂ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ, ਅਕਾਲੀ ਪਾਰਟੀ ਦੇ ਆਗੂ Àਥੇ ਹੁੰਦੀ ਬਹਿਸ ਦਾ ਸਾਹਮਣਾ ਕਰਨ ਦੀ ਥਾਂ ਬਾਹਰ ਨਿਕਲ ਗਏ ਸਨ। ਜਿਹੋ ਜਿਹੀ ਬਹਿਸ ਓਥੇ ਹੋਈ, ਉਸ ਨਾਲ ਅਕਾਲੀਆਂ ਦੀ ਆਮ ਲੋਕਾਂ ਵਿੱਚ ਭੰਡੀ ਬਹੁਤ ਹੋਈ ਸੀ ਤੇ ਜਿਹੜਾ ਪ੍ਰਭਾਵ ਬਣ ਗਿਆ ਸੀ, ਉਸ ਤੋਂ ਆਪਣੀ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਦਾ ਡਿੱਗਦਾ ਮਨੋਬਲ ਸੰਭਾਲਣ ਲਈ ਵੱਡੇ ਬਾਦਲ ਨੇ ਰੈਲੀਆਂ ਦਾ ਮੁੱਢ ਬੰਨ੍ਹਿਆ ਸੀ। ਅਬੋਹਰ ਵਿੱਚ ਕਰਵਾਈ ਪਹਿਲੀ ਰੈਲੀ ਦੇ ਬਾਅਦ ਦੂਸਰੀ ਫ਼ਰੀਦਕੋਟ ਵਾਲੀ ਰੈਲੀ ਵਿੱਚ ਜਿਸ ਤਰ੍ਹਾਂ ਦੇ ਭਾਸ਼ਣ ਕੀਤੇ ਗਏ, ਉਸ ਨਾਲ ਕਾਂਗਰਸ ਵਿੱਚ ਵੀ ਗਰਮੀ ਆਉਣ ਲੱਗ ਪਈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਉਹ ਫ਼ਰੀਦਕੋਟ ਦਾ ਜਵਾਬ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚ ਜਾ ਕੇ ਰੈਲੀ ਕਰਨਗੇ। ਅਕਾਲੀ ਦਲ ਨੇ ਇਸ ਨਾਲ ਸਿੱਧਾ ਭੇੜ ਭਿੜਨ ਲਈ ਇਹ ਕਹਿ ਦਿੱਤਾ ਕਿ ਤੁਸੀਂ ਲੰਬੀ ਵਿੱਚ ਰੈਲੀ ਕਰੋ, ਅਸੀਂ ਤੁਹਾਡੇ ਪਟਿਆਲੇ ਵਿੱਚ ਓਸੇ ਦਿਨ ਰੈਲੀ ਕਰਾਂਗੇ। ਇੰਜ ਇੱਕੋ ਦਿਨ ਇੱਕ ਦੂਸਰੀ ਤੋਂ ਉਲਟ ਦਿਸ਼ਾਵਾਂ ਵੱਲ ਕਾਫਲੇ ਲਿਜਾਣ ਅਤੇ ਰੈਲੀਆਂ ਕਰਨ ਦਾ ਇੱਕ ਰਾਜਸੀ ਗਾੜ੍ਹ ਪਾਉਣ ਵਾਲਾ ਏਦਾਂ ਦਾ ਪ੍ਰੋਗਰਾਮ ਬਣ ਗਿਆ, ਜਿਸ ਵੱਲ ਹਰ ਕਿਸੇ ਦਾ ਧਿਆਨ ਜਾਣਾ ਸੁਭਾਵਕ ਸੀ।
ਦੂਸਰੇ ਪਾਸੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਾਲੇ ਅਹੁਦੇ ਤੋਂ ਹਟਾਏ ਜਾਣ ਪਿੱਛੋਂ ਆਪਣੀ ਪਾਰਟੀ ਨਾਲ ਕੁਝ ਫਾਸਲਾ ਪਾਈ ਬੈਠੇ ਸੁਖਪਾਲ ਸਿੰਘ ਖਹਿਰਾ ਨੇ ਕੁਝ ਦਿਨ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ। ਕਹਿਣ ਵਾਸਤੇ ਆਲ ਪਾਰਟੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਤੋਂ ਟੁੱਟੇ ਹੋਏ ਖਹਿਰਾ ਗਰੁੱਪ ਤੇ ਲੁਧਿਆਣੇ ਦੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੋਂ ਸਿਵਾ ਵੰਨ-ਸੁਵੰਨੇ ਸੰਗਠਨਾਂ ਦੇ ਲੋਕ ਹੀ ਆਏ ਸਨ, ਪਾਰਟੀ ਸ਼ਾਇਦ ਕੋਈ ਨਹੀਂ ਸੀ ਆਈ, ਪਰ ਮੀਟਿੰਗ ਨੇ ਇੱਕ ਫ਼ੈਸਲਾ ਕਰ ਲਿਆ ਕਿ ਕੋਟਕਪੂਰੇ ਤੋਂ ਬਰਗਾੜੀ ਤੱਕ ਮਾਰਚ ਕਰਨਾ ਹੈ। ਉਨ੍ਹਾਂ ਦਾ ਮਾਰਚ ਵੀ ਸੱਤ ਅਕਤੂਬਰ ਦੇ ਓਸੇ ਦਿਨ ਹੀ ਹੋਣਾ ਹੈ, ਜਿਸ ਦਿਨ ਕਾਂਗਰਸ ਨੇ ਲੰਬੀ ਵਿੱਚ ਤੇ ਅਕਾਲੀ ਦਲ ਨੇ ਪਟਿਆਲੇ ਵਿੱਚ ਰੈਲੀ ਕਰਨੀ ਹੈ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਪਾਰਟੀਆਂ ਨੇ ਇਹ ਦਿਨ ਇਸ ਲਈ ਚੁਣ ਲਿਆ ਹੈ ਕਿ ਅਸੀਂ ਇਹ ਐਲਾਨ ਕੀਤਾ ਸੀ, ਤਾਂ ਕਿ ਉਹ ਸਾਡੇ ਪ੍ਰੋਗਰਾਮ ਦਾ ਭੱਠਾ ਬਿਠਾ ਸਕਣਾ। ਮਿਲਦਾ ਦਿਨ ਹੋਣ ਕਾਰਨ ਇਹ ਕਹਿਣ ਦਾ ਸੁਖਪਾਲ ਸਿੰਘ ਨੂੰ ਹੱਕ ਵੀ ਹੈ।
ਜਿਹੜੀ ਗੱਲ ਸਭ ਤੋਂ ਵੱਧ ਧਿਆਨ ਮੰਗਦੀ ਹੈ, ਉਹ ਇਹ ਕਿ ਇੱਕੋ ਦਿਨ ਇਹ ਸਾਰੇ ਪ੍ਰੋਗਰਾਮ ਹੋਣ ਨਾਲ ਅਕਾਲੀ ਦਲ ਦੇ ਵਰਕਰਾਂ ਨੇ ਜਦੋਂ ਪਟਿਆਲੇ ਵੱਲ ਨੂੰ ਜਾਣਾ ਹੈ ਤੇ ਕਾਂਗਰਸ ਵਾਲਿਆਂ ਨੇ ਓਧਰੋਂ ਲੰਬੀ ਵੱਲ ਨੂੰ ਸ਼ੂਟਾਂ ਵੱਟਣੀਆਂ ਹਨ ਤਾਂ ਇੱਕ ਦੂਸਰੇ ਦੇ ਕੋਲ ਦੀ ਇੱਕੋ ਸੜਕ ਤੋਂ ਲੰਘਣਾ ਪੈਣਾ ਹੈ। ਦੋਵਾਂ ਵਿਚਾਲੇ ਕੋਟਕਪੂਰਾ-ਬਰਗਾੜੀ ਦਾ ਉਹ ਰੂਟ ਵੀ ਆਉਣਾ ਹੈ, ਜਿਸ ਉੱਤੇ ਓਸੇ ਦਿਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਇੱਕ ਵੱਖਰੀ ਤਰ੍ਹਾਂ ਦਾ ਮਾਰਚ ਹੋਣਾ ਹੈ। ਇਹ ਸਾਰੇ ਕਾਫਲੇ ਸੜਕ ਤੋਂ ਲੰਘਦੇ ਜਦੋਂ ਇੱਕ ਦੂਸਰੇ ਦੇ ਕੋਲ ਦੀ ਗੁਜ਼ਰਨਗੇ ਤਾਂ ਪੇਂਡੂ ਬਰਾਤਾਂ ਵੱਲੋਂ ਰਾਹ ਵਿੱਚ ਇੱਕ ਦੂਸਰੇ ਨਾਲ ਰੁਪਈਏ ਵਟਾਉਣ ਦੀ ਰਸਮ ਨਹੀਂ ਕਰਨ ਲੱਗੇ, ਇੱਕ ਦੂਸਰੇ ਦੇ ਖ਼ਿਲਾਫ਼ ਗਰਮਾ-ਗਰਮ ਨਾਅਰੇ ਵੀ ਲਾ ਸਕਦੇ ਹਨ। ਪੰਜਾਬ ਦੀ ਪੁਲਸ ਜਿੰਨੀ ਵੀ ਸੁਰੱਖਿਆ ਦਾ ਦਾਅਵਾ ਕਰਦੀ ਰਹੇ, ਹਰ ਸੜਕ ਅਤੇ ਹਰ ਗੱਡੀ ਉੱਤੇ ਏਨੇ ਮੁਲਾਜ਼ਮ ਤਾਇਨਾਤ ਨਹੀਂ ਕਰ ਸਕਦੀ ਕਿ ਕਿਸੇ ਤਰ੍ਹਾਂ ਭਿੜਨ ਦੀ ਸਥਿਤੀ ਬਣਦੀ ਦਿੱਸ ਪਵੇ ਤਾਂ ਉਸ ਨੂੰ ਖੜੇ ਪੈਰ ਰੋਕ ਸਕੇ। ਹਾਲਾਤ ਇਸ ਵਕਤ ਇਸ ਤਰ੍ਹਾਂ ਦੇ ਹਨ ਕਿ ਛੋਟੀ ਜਿਹੀ ਚੰਗਿਆੜੀ ਵੀ ਕਿਸੇ ਵੱਡੇ ਭਾਂਬੜ ਦਾ ਕਾਰਨ ਬਣ ਸਕਦੀ ਹੈ ਤੇ ਏਦਾਂ ਦੇ ਹਾਲਾਤ ਦਾ ਲਾਹਾ ਲੈਣ ਵਾਸਤੇ ਕੋਈ ਤੀਸਰੀ ਦੇਸੀ ਜਾਂ ਵਿਦੇਸ਼ ਦੇ ਇਸ਼ਾਰੇ ਉੱਤੇ ਲੱਗੀ ਹੋਈ ਧਿਰ ਵੀ ਚੰਗਿਆੜਾ ਸੁੱਟਣ ਵਾਲਾ ਕੰਮ ਆਰਾਮ ਨਾਲ ਕਰ ਸਕਦੀ ਹੈ।
ਇਹ ਮੌਕਾ ਬਹੁਤ ਸੰਭਲ ਕੇ ਚੱਲਣ ਵਾਲਾ ਹੈ। ਪਹਿਲੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੁਲਸ ਦੀ ਹੈ ਕਿ ਉਹ ਇਹੋ ਜਿਹੇ ਮੌਕੇ ਕਿਸੇ ਵੀ ਕਿਸਮ ਦੀ ਢਿੱਲ ਨਾ ਰਹਿਣ ਦੇਵੇ ਤੇ ਏਨੇ ਪੱਕੇ ਪ੍ਰਬੰਧ ਕਰਨ ਵੱਲ ਧਿਆਨ ਦੇਵੇ ਕਿ ਕਿਸੇ ਤਰ੍ਹਾਂ ਕੋਈ ਮਾੜੀ ਜਾਂ ਫਿਰ ਅਣਸੁਖਾਵੀਂ ਸਥਿਤੀ ਪੈਦਾ ਨਾ ਹੋ ਸਕੇ। ਦੂਸਰੀ ਜ਼ਿੰਮੇਵਾਰੀ ਇਨ੍ਹਾਂ ਪਾਰਟੀਆਂ ਦੀ ਹੈ। ਪੰਜਾਬ ਵੱਸਦਾ ਰਹੇ ਅਤੇ ਪੰਜਾਬ ਵਿੱਚ ਅਮਨ ਕਾਇਮ ਰਹੇ ਤਾਂ ਇਨ੍ਹਾਂ ਦੀ ਲੀਡਰੀ ਵੀ ਚੱਲਦੀ ਰਹੇਗੀ, ਕੁਰਸੀਆਂ ਦੀ ਲੜਾਈ ਦਾ ਅਖਾੜਾ ਵੀ ਮਘਦਾ ਰਹੇਗਾ, ਪਰ ਜੇ ਲੋਕ ਹੀ ਬਦਅਮਨੀ ਦੀ ਮਾਰ ਹੇਠ ਆ ਗਏ ਤਾਂ ਰਾਜਸੀ ਅਖਾੜੇ ਵੀ ਸਲ੍ਹਾਬੇ ਜਾਣਗੇ। ਸਾਡੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਬਾਰਾਂ ਸਾਲ ਇਹੋ ਜਿਹੇ ਵੇਖੇ ਹੋਏ ਹਨ, ਜਿਨ੍ਹਾਂ ਦਾ ਚੇਤਾ ਵੀ ਕਰਨ ਨੂੰ ਉਹ ਤਿਆਰ ਨਹੀਂ। ਲੀਡਰਾਂ ਨੂੰੰ ਉਹ ਦਿਨ ਬੇਸ਼ੱਕ ਯਾਦ ਨਾ ਰਹਿਣ, ਜਿਨ੍ਹਾਂ ਨੇ ਵੇਖੇ ਤੇ ਭੁਗਤੇ ਹੋਏ ਹਨ, ਉਨ੍ਹਾਂ ਲੋਕਾਂ ਨੂੰ ਉਨ੍ਹਾਂ ਹਾਲਾਤ ਦਾ ਸੁਫ਼ਨਾ ਵੀ ਆ ਜਾਵੇ ਤਾਂ ਰਾਤੀਂ ਨੀਂਦ ਉੱਡ ਜਾਂਦੀ ਹੈ। ਰੈਲੀਆਂ ਕਰਨ ਵਾਲੇ ਆਗੂਆਂ ਨੂੰ ਏਸੇ ਲਈ ਵਾਹਵਾ ਸੰਭਲ ਕੇ ਚੱਲਣਾ ਚਾਹੀਦਾ ਹੈ।
- ਜਤਿੰਦਰ ਪਨੂੰ

1298 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper