Latest News
ਵਧਾਈ ਹੈ ਪੰਜਾਬ ਦੇ ਸੂਝਵਾਨ ਲੋਕਾਂ ਨੂੰ

Published on 08 Oct, 2018 10:59 AM.


ਬੀਤਿਆ ਐਤਵਾਰ ਪੰਜਾਬ ਵਿੱਚ ਇੱਕ ਨਵੇਂ ਸੱਤਾ ਸੰਘਰਸ਼ ਦਾ ਦਿਨ ਮੰਨਿਆ ਜਾਣ ਲੱਗਾ ਸੀ। ਸਮੁੱਚੇ ਮੀਡੀਏ ਦੇ ਲੋਕ ਇਹ ਗੱਲ ਕਹੀ ਜਾਂਦੇ ਸਨ ਕਿ ਇਹ ਪੰਜਾਬ ਦੀ ਰਾਜਨੀਤੀ ਦਾ 'ਸੁਪਰ ਸੰਡੇ' ਹੈ, ਜਿੱਥੋਂ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਦੇ ਲਈ ਵੀ ਕਈ ਗੱਲਾਂ ਨਿੱਖਰ ਕੇ ਸਾਹਮਣੇ ਆ ਸਕਦੀਆਂ ਹਨ। ਇਹ ਸਾਰਾ ਕੁਝ ਭਾਵੇਂ ਨਹੀਂ ਹੋਇਆ, ਪਰ ਕਾਫ਼ੀ ਕੁਝ ਏਦਾਂ ਦਾ ਹੋ ਗਿਆ ਹੈ, ਜਿਸ ਦਾ ਅਸਰ ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਤੱਕ ਦਿਖਾਈ ਦਿੰਦਾ ਰਹਿਣਾ ਹੈ।
ਰੈਲੀਆਂ ਦੀ ਰਾਜਨੀਤੀ ਦਾ ਇਹ ਦੌਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਓਦੋਂ ਛੋਹਿਆ ਸੀ, ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਕਾਰਨ ਦੋਵੇਂ ਪਿਤਾ-ਪੁੱਤਰ ਤੇ ਉਨ੍ਹਾਂ ਦੀ ਪਾਰਟੀ ਲੀਡਰਸ਼ਿਪ ਘਿਰੀ ਹੋਈ ਮਹਿਸੂਸ ਕਰਨ ਲੱਗ ਪਈ ਸੀ। ਕਾਂਗਰਸ ਪਾਰਟੀ ਨੇ ਜਵਾਬ ਦੇਣ ਦਾ ਐਲਾਨ ਕਰ ਦਿੱਤਾ, ਪਰ ਅਜੇ ਤਰੀਕ ਤੈਅ ਕਰਨ ਵਾਲੀ ਸੀ। ਓਨੀ ਦੇਰ ਨੂੰ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਦੇ ਸੱਦੇ ਉੱਤੇ ਇਕੱਠੇ ਹੋਏ ਕੁਝ ਸੰਗਠਨਾਂ ਨੇ ਸੱਤ ਅਕਤੂਬਰ ਨੂੰ ਕੋਟਕਪੂਰੇ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕਰ ਦਿੱਤਾ। ਇੱਕ ਦਿਨ ਬਾਅਦ ਕਾਂਗਰਸ ਪਾਰਟੀ ਨੇ ਵੀ ਲੰਬੀ ਵਿੱਚ ਆਪਣੀ ਰੈਲੀ ਕਰਨ ਲਈ ਇਹੋ ਦਿਨ ਮਿੱਥ ਲਿਆ। ਉਨ੍ਹਾਂ ਨਾਲ ਆਢਾ ਲੈਣ ਲਈ ਲੱਕ ਬੰਨ੍ਹੀ ਬੈਠੇ ਬਾਦਲ ਪਿਤਾ-ਪੁੱਤਰ ਨੇ ਵੀ ਓਸੇ ਦਿਨ ਪਟਿਆਲੇ ਵਿੱਚ ਰੈਲੀ ਰੱਖ ਲਈ। ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪਹਿਲਾਂ ਵੱਖਰੀ ਖਿਚੜੀ ਰਿੰਨ੍ਹਣੀ ਚਾਹੀ, ਪਰ ਗ਼ਲਤੀ ਇਹ ਹੋ ਗਈ ਕਿ ਉਹੀ ਸੱਤ ਅਕਤੂਬਰ ਦੀ ਤਰੀਕ ਰੱਖ ਬੈਠੇ ਤੇ ਫਿਰ ਜਿੰਨੀ ਕਾਹਲੀ ਵਿੱਚ ਰੱਖੀ ਸੀ, ਓਦੋਂ ਵੱਧ ਕਾਹਲੀ ਵਿੱਚ ਬਦਲ ਕੇ ਕੋਟਕਪੂਰੇ ਮਾਰਚ ਵਿੱਚ ਜਾਣ ਦਾ ਐਲਾਨ ਕਰ ਦਿੱਤਾ। ਬਰਗਾੜੀ ਮੋਰਚੇ ਵਾਲੇ ਲੋਕ ਵੀ ਇਸ ਨਾਲ ਹੋਰ ਤੇਜ਼ ਵਗਣ ਲੱਗ ਪਏ।
ਸਿਆਸੀ ਪ੍ਰੋਗਰਾਮ ਇੱਕ ਪਾਰਟੀ ਕਰੇ ਜਾਂ ਦੂਸਰੀ, ਇਹ ਬਹੁਤ ਹੁੰਦੇ ਰਹਿੰਦੇ ਹਨ ਤੇ ਪੰਜਾਬ ਦਾ ਪ੍ਰਸ਼ਾਸਨ ਏਨੀ ਚੌਕਸੀ ਰੱਖਣ ਜੋਗਾ ਹੈ ਕਿ ਉਹ ਭੁਗਤਾ ਲੈਂਦਾ ਹੈ। ਫਿਰ ਵੀ ਜਦੋਂ ਇੱਕੋ ਦਿਨ ਤਿੰਨ ਥਾਂਈਂ ਇੱਕ ਦੂਸਰੇ ਨਾਲ ਟਕਰਾਵੇਂ ਵਿਚਾਰਾਂ ਵਾਲੇ ਪ੍ਰੋਗਰਾਮ ਰੱਖੇ ਗਏ ਤਾਂ ਕਈ ਤਰ੍ਹਾਂ ਦੀ ਚਿੰਤਾ ਉਪਜਣੀ ਸੁਭਾਵਕ ਸੀ। ਖ਼ਾਸ ਕਰ ਕੇ ਇਹ ਗੱਲ ਫ਼ਿਕਰ ਪਾ ਰਹੀ ਸੀ ਕਿ ਤਿੰਨਾਂ ਥਾਂਵਾਂ ਵੱਲ ਜਾਂਦੇ ਕਾਫਲੇ ਜਿਹੜੀਆਂ ਸੜਕਾਂ ਤੋਂ ਲੰਘਣੇ ਹਨ, ਉਹ ਵੱਖੋ-ਵੱਖ ਨਹੀਂ, ਇੱਕੋ ਹਨ ਤੇ ਰੂਟ ਇੱਕ ਦੂਸਰੇ ਤੋਂ ਉਲਟ ਦਿਸ਼ਾ ਵੱਲ ਜਾਂਦੇ ਹਨ। ਕੋਟਕਪੂਰੇ ਦੇ ਮਾਰਚ ਦਾ ਦੋ ਮੁੱਖ ਧਿਰਾਂ ਦੇ ਵਿਚਾਲੜੇ ਖੇਤਰ ਵਿੱਚੋਂ ਨਿਕਲਣਾ ਇਸ ਚਿੰਤਾ ਵਿੱਚ ਹੋਰ ਵੀ ਵਾਧਾ ਕਰਨ ਵਾਲੀ ਗੱਲ ਬਣਦਾ ਜਾਂਦਾ ਸੀ। ਇਹ ਡਰ ਸੀ ਕਿ ਰਾਹਾਂ ਵਿੱਚ ਕਿਤੇ ਭੇੜ ਨਾ ਹੋ ਜਾਵੇ। ਕੁਝ ਥਾਂਈਂ ਇਹੋ ਜਿਹਾ ਭੇੜ ਹੋਣ ਦੀ ਨੌਬਤ ਵੀ ਆਈ, ਪਰ ਇਹ ਭੇੜ ਆਮ ਕਰ ਕੇ ਮਾਮੂਲੀ ਤੇ ਵਕਤੀ ਰਿਹਾ ਤੇ ਪ੍ਰਸ਼ਾਸਨ ਦੀ ਚੌਕਸੀ ਨਾਲ ਛੇਤੀ ਹੀ ਸੰਭਾਲ ਲਿਆ ਗਿਆ। ਜੇ ਕਿਤੇ ਇਸ ਵਿੱਚ ਜ਼ਰਾ ਵੀ ਢਿੱਲ ਹੋ ਜਾਂਦੀ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ।
ਅਗਲੀ ਗੱਲ ਇਨ੍ਹਾਂ ਰੈਲੀਆਂ ਵਿੱਚ ਕੀਤੇ-ਕਰਾਏ ਭਾਸ਼ਣਾਂ ਦੀ ਸੋਚ ਵਾਲੀ ਹੈ। ਕੋਟਕਪੂਰੇ ਤੋਂ ਬਰਗਾੜੀ ਨੂੰ ਗਿਆ ਮਾਰਚ ਕਈ ਗੱਲਾਂ ਤੋਂ ਚਿੰਤਾ ਪੈਦਾ ਕਰਨ ਵਾਲਾ ਬਣਿਆ ਹੈ। ਉਸ ਦੇ ਭਾਸ਼ਣਾਂ ਦੀ ਸੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੀਮਤ ਨਹੀਂ ਸੀ ਰਹੀ, ਇਸ ਤੋਂ ਅੱਗੇ ਵਧ ਕੇ ਕੁਝ ਤੱਤੇ ਭਾਸ਼ਣ ਕਾਫ਼ੀ ਦੂਰ ਦੀ ਖੇਡ ਦਾ ਇਸ਼ਾਰਾ ਕਰਦੇ ਨੋਟ ਕੀਤੇ ਗਏ ਹਨ। ਇਸ ਨਾਲ ਦਿੱਲੀ ਤੱਕ ਚਿੰਤਾ ਕੀਤੀ ਗਈ ਹੈ। ਕਾਂਗਰਸ ਪਾਰਟੀ ਵਿੱਚ ਗਿਆਨੀ ਜ਼ੈਲ ਸਿੰਘ ਦੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਦੇ ਹਿੱਤਾਂ ਵਾਲੇ ਏਜੰਡੇ ਨਾਲੋਂ ਪੰਥਕ ਏਜੰਡਾ ਭਾਰੂ ਹੋਣ ਕਾਰਨ ਵੀ ਕਈ ਸਿਆਸੀ ਧਿਰਾਂ ਖ਼ੁਸ਼ ਨਹੀਂ ਹਨ। ਬਾਦਲ ਅਕਾਲੀ ਦਲ ਦੀ ਪਟਿਆਲਾ ਰੈਲੀ ਵਿੱਚ ਇਸ ਵਾਰੀ ਪਹਿਲਾਂ ਤੋਂ ਵੱਖਰੇਵਾਂ ਇਹ ਨੋਟ ਕੀਤਾ ਗਿਆ ਕਿ ਨਾਲ ਬੈਠੇ ਭਾਜਪਾ ਵਾਲਿਆਂ ਨੂੰ ਖ਼ੁਸ਼ ਕਰਨ ਲਈ ਇਹ ਗੱਲ ਕਹੀ ਗਈ ਕਿ ਪੰਜਾਬ ਵਿੱਚ ਉਹ ਹੀ ਦਿਨ ਫਿਰ ਲਿਆਉਣ ਦਾ ਯਤਨ ਹੋ ਰਿਹਾ ਹੈ, ਜਦੋਂ ਇਸ ਰਾਜ ਵਿੱਚ 'ਪਹਿਲਾਂ ਵੱਢਾਂਗੇ ਮੋਨੇ ਤੇ ਪਿੱਛੋਂ ਵੱਢਾਂਗੇ ਝੋਨੇ' ਦੇ ਨਾਅਰੇ ਸੁਣੇ ਜਾਇਆ ਕਰਦੇ ਸਨ। ਪਹਿਲਾਂ ਤਾਂ ਬਾਦਲ ਪਿਤਾ-ਪੁੱਤਰ ਨੇ ਇਹ ਗੱਲ ਕਦੇ ਕਹੀ ਨਹੀਂ ਸੀ। ਏਦਾਂ ਦੇ ਨਾਅਰੇ ਲਾਉਣ ਵਾਲੇ ਕੁਝ ਲੋਕ ਇਸ ਵੇਲੇ ਅਕਾਲੀ ਦਲ ਵਿੱਚ ਅਹੁਦੇਦਾਰੀਆਂ ਮਾਣਦੇ ਪਏ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਅਕਾਲੀ ਦਲ ਦੇ ਇੱਕ ਵਿਧਾਇਕ ਨੇ ਜਦੋਂ ਵਿਧਾਨ ਸਭਾ ਵਿੱਚ ਇਹ ਕਿਹਾ ਸੀ ਕਿ 'ਮੈਂ ਅੱਤਵਾਦੀ ਸਾਂ, ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ'’ ਤਾਂ ਓਥੇ ਬੈਠੇ ਬਾਦਲ ਪਿਤਾ-ਪੁੱਤਰ ਨੂੰ ਇਹ ਚੁਭਿਆ ਨਹੀਂ ਸੀ। ਉਸ ਵਕਤ ਦੇ ਮੁੱਖ ਮੰਤਰੀ ਬਾਦਲ ਨੇ ਸਿਰਫ਼ ਓਦੋਂ ਹੀ ਚੁੱਪ ਤੋੜੀ ਸੀ, ਜਦੋਂ ਨਾਲ ਬੈਠੇ ਇੱਕ ਭਾਜਪਾ ਮੰਤਰੀ ਨੇ ਉੱਠ ਕੇ ਕਿਹਾ ਸੀ ਕਿ 'ਮੇਰਾ ਬਾਪ ਅੱਤਵਾਦੀਆਂ ਨੇ ਮਾਰਿਆ ਸੀ, ਜੇ ਇਹ ਅੱਤਵਾਦੀ ਹੈ ਤਾਂ ਇਹੋ ਜਿਹੇ ਬੰਦੇ ਨਾਲ ਬੈਠ ਸਕਣਾ ਮੇਰੇ ਲਈ ਸੌਖਾ ਨਹੀਂ'। ਫਿਰ ਵੀ ਵੱਡੇ ਬਾਦਲ ਨੇ ਸਿਰਫ਼ ਪੋਚਾ ਫੇਰਿਆ ਸੀ, ਆਪਣੇ ਮੈਂਬਰ ਨੂੰ ਝਾੜਿਆ ਜਾਂ ਉਸ ਦੀ ਨਿਖੇਧੀ ਕਰਨ ਦਾ ਕੋਈ ਸ਼ਬਦ ਨਹੀਂ ਸੀ ਕਿਹਾ ਤੇ ਭਾਜਪਾ ਵਾਲੇ ਚੁੱਪ ਕੀਤੇ ਰਹੇ ਸਨ।
ਸਭ ਨੂੰ ਪਤਾ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਵਕਤ ਸਭ ਦਾ ਧਿਆਨ ਓਧਰ ਹੈ। ਦੇਸ਼ ਦੀ ਸਮੁੱਚੀ ਰਾਜਨੀਤੀ ਜਦੋਂ ਪਾਰਲੀਮੈਂਟ ਚੋਣਾਂ ਦੇ ਗੇਅਰ ਵਿੱਚ ਪੈ ਚੁੱਕੀ ਹੋਵੇ ਤਾਂ ਪੰਜਾਬ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ ਅਤੇ ਉਹ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਚੋਣਾਂ ਨੇੜੇ ਦੇਸ਼ ਹਿੱਤ ਭੁਲਾ ਕੇ ਤੱਤੇ ਬਿਆਨ ਆਉਣੇ ਆਮ ਗੱਲ ਹੈ। ਐਤਵਾਰ ਦੀਆਂ ਦੋ ਰੈਲੀਆਂ ਅਤੇ ਇੱਕ ਮਾਰਚ ਵਿੱਚ ਵੀ ਇਹ ਕੁਝ ਸੁਣਨ ਨੂੰ ਮਿਲਿਆ ਹੈ। ਸ਼ੁਕਰ ਹੈ ਕਿ ਸੁੱਖ-ਸਾਂਦ ਰਹਿ ਗਈ ਹੈ। ਇਸ ਦਾ ਸਿਹਰਾ ਸਿਆਸੀ ਧਿਰਾਂ ਨੂੰ ਨਹੀਂ, ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਹ ਸੋਚ ਕੇ ਠਰ੍ਹੰਮਾ ਰੱਖਿਆ ਹੈ ਕਿ ਕਿਧਰੇ ਮੁੜ ਕੇ ਮਾੜੇ ਦਿਨ ਨਾ ਦੇਖਣੇ ਪੈ ਜਾਣ। ਇਹੋ ਜਿਹੀ ਸੂਝ ਲਈ ਵਧਾਈ ਹੈ ਪੰਜਾਬ ਦੇ ਲੋਕਾਂ ਨੂੰ।
-ਜਤਿੰਦਰ ਪਨੂੰ

1343 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper